ਪੀ.ਏ.ਯੂ. ਵਿਖੇ ਹਾੜੀ ਦੀਆਂ ਫਸਲਾਂ ਬਾਰੇ ਰਾਜਪੱਧਰੀ ਵਰਕਸ਼ਾਪ ਕਰਵਾਈ

10/18/2018 4:01:02 PM

ਪੀਏਯੂ ਵਿਖੇ ਹਾੜੀ ਦੀਆਂ ਫਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਿਚ ਖੇਤੀਬਾੜੀ ਵਿਭਾਗ, ਪੰਜਾਬ ਦੇ ਨਿਰਦੇਸ਼ਕ, ਖੇਤੀ ਵਿਕਾਸ ਅਧਿਕਾਰੀਆਂ, ਜ਼ਿਲਾ ਖੇਤੀ ਅਧਿਕਾਰੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ, ਜ਼ਿਲਾ ਪਸਾਰ ਮਾਹਿਰਾਂ ਅਤੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਖੇਤੀ ਵਿਗਿਆਨੀਆਂ ਨੇ ਹਿੱਸਾ ਲਿਆ। 

ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਜੇ.ਐਸ. ਬੈਂਸ ਨੇ ਆਪਣੇ ਭਾਸ਼ਨ ਵਿਚ ਅਧਿਕਾਰੀਆਂ ਨੂੰ ਮਾਹਿਰਾਂ ਨਾਲ ਗੱਲਬਾਤ ਕਰਕੇ ਆਪਣੀਆਂ ਸਾਰੀਆਂ ਸ਼ੰਕਾਵਾਂ ਦੇ ਹੱਲ ਤਲਾਸ਼ ਕਰਨ ਲਈ ਕਿਹਾ। ਉਨ੍ਹਾਂ ਵਰਤਮਾਨ ਸਮੇਂ ਵਿਚ ਖੇਤੀ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਸਵਾਲਾਂ ਦੇ ਰੂਪ ਵਿਚ ਮਾਹਿਰਾਂ ਅੱਗੇ ਰੱਖਦਿਆਂ ਨਵੀਆਂ ਕਿਸਮਾਂ ਅਤੇ ਨਵੀਂ ਤਕਨਾਲੋਜੀ ਲਈ ਹੋਰ ਸ਼ਿੱਦਤ ਨਾਲ ਯਤਨ ਕਰਨ ਦੀ ਲੋੜ ਤੇ ਬਲ ਦਿੱਤਾ । ਪਿਛਲੇ ਸਮੇਂ ਵਿਚ ਹੋਏ ਰਿਕਾਰਡ ਉਤਪਾਦਨ ਉਪਰ ਤਸੱਲੀ ਪ੍ਰਗਟ ਕਰਦਿਆਂ ਡਾ. ਬੈਂਸ ਨੇ ਆਉਣ ਵਾਲੇ ਸਮੇਂ ਵਿਚ ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਦੇ ਯਤਨਾਂ ਲਈ ਪੀਏਯੂ ਦੀ ਸ਼ਲਾਘਾ ਕੀਤੀ ।

ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰ ਰਹੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਪੀਏਯੂ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਅਫਸਰਾਂ ਨੂੰ ਪਿਛਲੇ ਵਰ੍ਹੇ ਦੀਆਂ ਖੇਤੀ-ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ । ਉਨ੍ਹ੍ਹਾਂ ਨੇ ਪਿਛਲੇ ਦਿਨਾਂ ਵਿਚ ਪੀਏਯੂ ਨੂੰ ਮਿਲਣ ਵਾਲੀ ਸਿਖਰਲੀ ਰੈਂਕਿੰਗ ਅਤੇ ਸਰਦਾਰ ਪਟੇਲ ਸਰਵੋਤਮ ਖੇਤੀਬਾੜੀ ਸੰਸਥਾਨ ਪੁਰਸਕਾਰ ਨੂੰ ਯੂਨੀਵਰਸਿਟੀ ਦੇ ਮਾਹਿਰਾਂ, ਪਸਾਰ ਅਧਿਕਾਰੀਆਂ ਅਤੇ ਕਿਸਾਨਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਸਿੱਟਾ ਕਿਹਾ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਉਤਪਾਦਨ ਦਾ ਸਿਖਰਲਾ ਪੱਧਰ ਛੂਹ ਲਿਆ ਹੈ। ਹੁਣ ਮਸਲਾ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਧਾਰਨਾ ਹੌਲੀ-ਹੌਲੀ ਗਲਤ ਸਾਬਤ ਹੋ ਰਹੀ ਹੈ ਕਿ ਕਿਸਾਨ, ਮਾਹਿਰ ਦੀ ਗੱਲ ਨਹੀਂ ਸੁਣਦਾ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਕਿਸਾਨ ਨੇ 20 ਜੂਨ ਤੋਂ ਬਾਅਦ ਝੋਨਾ ਲਾਉਣ ਅਤੇ ਯੂਰੀਆ ਦੀ ਘੱਟ ਵਰਤੋਂ ਦੇ ਮੁੱਦੇ ਤੇ ਯੂਨੀਵਰਸਿਟੀ ਮਾਹਿਰਾਂ ਦੀਆਂ ਤਜਵੀਜ਼ਾਂ ਨੂੰ ਅਪਣਾ ਕੇ ਆਪਣੀ ਫਸਲ ਦੇ ਝਾੜ ਬਰਕਰਾਰ ਰੱਖੇ ਹਨ। ਫ਼ਸਲਾਂ ਦੀ ਗੱਲ ਕਰਦਿਆਂ ਸਾਨੂੰ ਇਸ ਦੇ ਆਰਥਿਕ, ਸਮਾਜਿਕ ਅਤੇ ਵਾਤਾਵਰਣਿਕ ਪ੍ਰ੍ਰਭਾਵਾਂ ਨੂੰ ਲਾਜ਼ਮੀ ਦੇਖਣਾ ਪਵੇਗਾ । ਉਨ੍ਹਾਂ ਨੇ ਰਵਾਇਤੀ ਫ਼ਸਲੀ ਚੱਕਰ ਘਟਾਉਣ ਲਈ ਛੋਟੇ-ਛੋਟੇ ਹਿੱਸਿਆਂ ਵਿਚ ਕੰਮ ਕਰਨ ਲਈ ਸਹਾਇਕ ਧੰਦਿਆਂ ਅਤੇ ਫਸਲੀ ਵਿਭਿੰਨਤਾ ਵਰਗੀਆਂ ਵਿਧੀਆਂ ਨੂੰ ਹੋਰ ਪਸਾਰਨ ਦੀ ਲੋੜ ਤੇ ਜ਼ੋਰ ਦਿੱਤਾ ।

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਵਿਕਸਤ ਕੀਤੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦਾ ਵੇਰਵਾ ਦਿੰਦਿਆਂ ਖੋਜ ਪ੍ਰੋਗਰਾਮ ਦਾ ਖਾਕਾ ਪੇਸ਼ ਕੀਤਾ। ਉਨ੍ਹਾਂ ਨੇ ਜਵੀ ਓਐਲ 12 ਦੀ ਕਿਸਮ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਇਕੋ ਵਾਢੇ ਵਾਲੀ ਇਹ ਕਿਸਮ ਹਾੜੀ ਦੇ ਮੌਸਮ ਦੇ ਹਰੇ ਚਾਰਿਆਂ ਲਈ ਚੰਗੀ ਕਿਸਮ ਹੈ। ਉਨ੍ਹਾਂ ਨੇ ਜ਼ਮੀਨਦੋਜ਼ ਤੁਪਕਾ ਸਿੰਚਾਈ ਦੀ ਪੀਏਯੂ ਦੀ ਤਕਨੀਕ ਬਾਰੇ ਵਿਸਥਾਰ ਵਿਚ ਗੱਲ ਕਰਦਿਆਂ ਦੱਸਿਆ ਕਿ ਕਣਕ, ਮੂੰਗੀ ਅਤੇ ਮੱਕੀ ਉਪਰ ਇਸ ਤਕਨੀਕ ਦੇ ਤਜ਼ਰਬੇ ਨੇ 30 ਪ੍ਰਤੀਸ਼ਤ ਦੇ ਆਸ-ਪਾਸ ਪਾਣੀ ਦੀ ਬਚਤ ਦੇ ਨਤੀਜੇ ਦਿਖਾਏ ਹਨ । ਇਸੇ ਤਰ੍ਹਾਂ ਨਦੀਨਨਾਸ਼ਕਾਂ ਦੀਆਂ ਸਿਫ਼ਾਰਸ਼ਾਂ ਵਿਚ ਸੁਧਾਰ ਬਾਰੇ ਗੱਲ ਕਰਦਿਆਂ ਡਾ. ਬੈਂਸ ਨੇ ਕਣਕ, ਕਮਾਦ ਅਤੇ ਛੋਲਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਪੈਦਾਵਾਰ ਅਤੇ ਸੁਰੱਖਿਆ ਤਕਨੀਕਾਂ ਅਤੇ ਫਾਰਮ ਮਸ਼ੀਨਰੀ ਬਾਰੇ ਵੀ ਚਰਚਾ ਕੀਤੀ। ਡਾ. ਬੈਂਸ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਧੁਨਿਕ ਖੇਤੀ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਹੀ ਖੋਜ ਦੇ ਪ੍ਰੋਗਰਾਮ ਨੂੰ ਦਿਸ਼ਾ ਦਿੱਤੀ ਜਾਂਦੀ ਹੈ । 

ਸਵਾਗਤੀ ਸ਼ਬਦ ਕਹਿੰਦਿਆਂ ਡੀਨ ਖੇਤੀਬਾੜੀ ਕਾਲਜ ਡਾ. ਸੁਰਿੰਦਰ ਸਿੰਘ ਕੁੱਕਲ ਨੇ ਇਸ ਵਰਕਸ਼ਾਪ ਦਾ ਮਹੱਤਵ ਦੱਸਿਆ। ਉਨ੍ਹਾਂ ਖੇਤੀ ਅਧਿਕਾਰੀਆਂ ਨੂੰ ਨਵੀਆਂ ਖੋਜਾਂ ਕਿਸਾਨਾਂ ਤਕ ਪਹੁੰਚਾਉਣ ਲਈ ਪ੍ਰੇਰਨਾ ਭਰੇ ਸ਼ਬਦ ਕਹੇ।  
ਸੈਸ਼ਨ ਦੇ ਅੰਤ ਤੇ ਸਭ ਦਾ ਧੰਨਵਾਦ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਸਭ ਤੋਂ ਵੱਡੀ     ਚੁਣੌਤੀ ਝੋਨੇ ਦੀ ਪਰਾਲੀ ਦਾ ਸਾੜਿਆ ਜਾਣਾ ਹੈ। ਉਨ੍ਹਾਂ ਖੇਤੀ ਮਾਹਿਰਾਂ, ਖੇਤੀ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਰਲ ਕੇ ਆਉਣ ਵਾਲੇ ਦਿਨਾਂ ਵਿਚ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ । ਇਸ ਲਈ ਉਨ੍ਹਾਂ ਨੇ ਸੰਬੰਧਤ ਮਸ਼ੀਨਰੀ ਪ੍ਰਤੀ ਕਿਸਾਨ ਨੂੰ ਜਾਗਰੂਕ ਕਰਨ ਲਈ ਖੇਤੀ ਅਫਸਰਾਂ ਅਤੇ ਜ਼ਿਲਾ ਪਸਾਰ ਮਾਹਿਰਾਂ ਨੂੰ ਹਦਾਇਤ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਫਸਲਾਂ ਦੀਆਂ ਕਿਸਮਾਂ ਅਤੇ ਪੈਦਾਵਾਰ ਸੁਰੱਖਿਆ ਤਕਨੀਕਾਂ ਬਾਰੇ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜੋ ਭਰਪੂਰ ਖਿੱਚ ਦਾ ਕੇਂਦਰ ਰਹੀਆਂ।

ਇਸ ਵਰਕਸ਼ਾਪ ਵਿਚ ਰਾਜ ਭਰ ਤੋਂ ਆਏ ਖੇਤੀ-ਅਧਿਕਾਰੀਆਂ, ਕ੍ਰਿਸ਼ੀ ਵਿਗਿਆਨੀਆਂ ਤੇ ਖੇਤੀ ਮਾਹਿਰਾਂ ਨੇ ਭਰਵੀਂ ਗਿਣਤੀ ਵਿਚ ਸ਼ਿਰਕਤ ਕੀਤੀ।ਇਸ ਤੋਂ ਬਾਅਦ ਸ਼ੁਰੂ ਹੋਏ ਤਕਨੀਕੀ ਸੈਸ਼ਨਾਂ ਵਿਚ ਵੱਖ-ਵੱਖ ਖਿੱਤਿਆਂ ਤੋਂ ਆਏ ਮਾਹਿਰਾਂ ਨੇ ਪੰਜਾਬ 'ਚ ਖੇਤੀ ਉਤਪਾਦਨ ਦੀ ਦਸ਼ਾ ਤੇ ਸਮੱਸਿਆਵਾਂ ਬਾਰੇ ਸਵਾਲ ਉਠਾਏ। ਪਹਿਲਾ ਸੈਸ਼ਨ ਕਣਕ, ਜੌਂ ਅਤੇ ਦਾਲਾਂ ਦੀ ਖੇਤੀ ਦੇ ਸੰਬੰਧ 'ਚ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ.ਜਸਵੀਰ ਸਿੰਘ ਬੈਂਸ ਨੇ ਕੀਤੀ। ਯੂਨੀਵਰਸਿਟੀ ਦੇ ਮਾਹਿਰਾਂ ਵਜੋਂ ਇਸ ਸੈਸ਼ਨ ਵਿਚ ਡਾ. ਵੀ ਐੱਸ ਸੋਹੂ, ਡਾ. ਸਰਵਜੀਤ ਸਿੰਘ ਅਤੇ ਡਾ. ਓ .ਪੀ. ਚੌਧਰੀ ਸ਼ਾਮਿਲ ਸਨ।

ਦੂਸਰੇ ਸੈਸ਼ਨ ਵਿਚ ਖੇਤੀ ਮਸ਼ੀਨਰੀ, ਨਵੀਆਂ ਫਸਲਾਂ ਅਤੇ ਮੱਕੀ ਬਾਰੇ ਵਿਚਾਰ ਹੋਈ ਇਸ ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਕਰ ਰਹੇ ਸਨ। ਉਠੇ ਸਵਾਲਾਂ ਦੇ ਜਵਾਬ ਦੇਣ ਲਈ ਯੂਨੀਵਰਸਿਟੀ ਦੇ ਮਾਹਿਰਾਂ ਵਜੋਂ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਰਿੰਗ ਵਿਭਾਗ ਦੇ ਮੁਖੀ ਡਾ ਮਨਜੀਤ ਸਿੰਘ, ਡਾ ਠਾਕੁਰ ਸਿੰਘ, ਡਾ ਵੀ ਐਸ ਹਾਂਸ ਅਤੇ ਡਾ ਜੇ ਐਸ ਚਾਵਲਾ ਹਾਜ਼ਰ ਸਨ।
 

ਤੀਸਰੇ ਤਕਨੀਕੀ ਸੈਸ਼ਨ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਪ੍ਰਧਾਨਗੀ ਕੀਤੀ। ਇਹ ਸੈਸ਼ਨ ਤੇਲਬੀਜ ਫਸਲਾਂ, ਜੰਗਲਾਤ ਅਤੇ ਖੇਤੀ ਆਰਥਿਕਤਾ ਤੇ ਕੇਂਦਰਿਤ ਸੀ। ਇਸ ਸੈਸ਼ਨ ਵਿਚ ਡਾ ਗੁਰਿੰਦਰ ਕੌਰ ਸਾਂਘਾ, ਡਾ ਆਰ ਆਈ ਐੱਸ ਗਿੱਲ, ਡਾ ਐੱਸ ਕੇ ਸੰਧੂ ਨੇ ਇਸ ਖੇਤਰ 'ਚ ਪੈਦਾ ਹੋਏ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਖੇਤੀ ਮਾਹਿਰਾਂ ਵੱਲੋਂ ਖੇਤੀ ਸੰਬੰਧੀ ਚਲੰਤ ਮਾਮਲਿਆਂ ਤੇ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ। 
 


neha meniya

Content Editor

Related News