ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : 'ਧਰਮ' ਲਈ ਸਰਬੰਸ ਵਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ

12/28/2022 5:18:51 PM

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਸਿੱਖੀ ਦੇ ਪ੍ਰਚਾਰ ਲਈ ਦੇਸ਼ ਦਾ ਭ੍ਰਮਣ ਕਰ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਵਿਖੇ ਠਹਿਰਾਇਆ ਅਤੇ ਆਪ ਅੱਗੇ ਆਸਾਮ ਵੱਲ ਚਲੇ ਗਏ ਸਨ। ਗੁਰੂ ਜੀ ਜਦੋਂ ਢਾਕਾ (ਬੰਗਲਾਦੇਸ਼) ਵਿਖੇ ਪਹੁੰਚੇ ਸਨ ਤਾਂ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ ਕੁੱਝ ਸਾਲਾਂ ਦੀ ਹੀ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਾਪਸ ਆ ਕੇ ਆਪਣੇ ਪੁੱਤਰ ਤੇ ਪਰਿਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਬੁਲਾ ਲਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਔਰੰਗਜੇਬ ਦਾ ਜਬਰ, ਜ਼ੁਲਮ ਤੇ ਅੱਤਿਆਚਾਰ ਸਭ ਹੱਦਾਂ ਬੰਨੇ ਟੱਪ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਲੋਕਾਂ ਨੂੰ ਢਾਰਸ ਦੇਣ ਦਾ ਕੰਮ ਕਰ ਰਹੇ ਸਨ। ਦੇਸ਼ ਦੇ ਬਾਦਸ਼ਾਹ ਔਰੰਗਜੇਬ ਨੇ ਉਸ ਵੇਲੇ ਦੇਸ਼ ਭਰ ਦੇ ਆਪਣੇ ਸਾਰੇ ਗਵਰਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਦੇ ਸਾਰੇ ਮੰਦਿਰ ਅਤੇ ਸਕੂਲ ਢਾਹ ਦਿੱਤੇ ਜਾਣ। ਇਨ੍ਹਾਂ ਹੁਕਮਾਂ ਨੂੰ ਸਾਰੇ ਗਵਰਨਰਾਂ ਵਲੋਂ ਬੜੀ ਸਖ਼ਤੀ ਨਾਲ ਲਾਗੂ ਕੀਤਾ ਜਾਣ ਲੱਗ ਪਿਆ। ਕਸ਼ਮੀਰ ਵਿਚ ਮੰਦਿਰ ਢਹਿਣ ਲੱਗੇ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗ ਪਿਆ। ਜਦੋਂ ਅੱਤਿਆਚਾਰ ਸਭ ਹੱਦਾਂ ਬੰਨੇ ਟੱਪ ਗਿਆ ਤਾਂ ਕਸ਼ਮੀਰੀ ਪੰਡਿਤਾਂ ਦਾ ਇਕ 16 ਮੈਂਬਰੀ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਇਸ ਜ਼ੁਲਮ ਦੇ ਵਿਰੁੱਧ ਫਰਿਆਦ ਕੀਤੀ ਜਾ ਸਕੇ।

ਕਸ਼ਮੀਰੀ ਪੰਡਿਤਾਂ ਨੇ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ, ਜਿਸ ਨੂੰ ਸੁਣਕੇ ਗੁਰੂ ਜੀ ਗੰਭੀਰ ਹੋ ਗਏ। ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਗੰਭੀਰ ਮੁਦਰਾ ਵਿਚ ਬੈਠੇ ਵੇਖਿਆ ਤਾਂ ਉਨ੍ਹਾਂ ਇਸ ਦਾ ਕਾਰਨ ਜਾਣਨਾ ਚਾਹਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇਨ੍ਹਾਂ ਲਾਚਾਰ ਪੰਡਿਤਾਂ ’ਤੇ ਜ਼ੁਲਮ ਹੋ ਰਿਹਾ ਹੈ, ਜਿਸ ਨੂੰ ਤਦ ਹੀ ਠੱਲ੍ਹ ਪੈ ਸਕਦੀ ਹੈ, ਜੇਕਰ ਕੋਈ ਮਹਾਬਲੀ ਆਪਣੀ ਕੁਰਬਾਨੀ ਦੇਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਰੰਤ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਬਲੀ ਹੋਰ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਹਿੰਦੋਸਤਾਨ ਵਿਚ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਉਮਰ ਵਿਚ ਹੀ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਤੋਰਿਆ। ਔਰੰਗਜੇਬ ਦੇ ਹੁਕਮ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ। 

ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਸ਼ਸਤਰ ਬੱਧ ਹੋਣ ਅਤੇ ਵਧੀਆ ਘੋੜੇ ਰੱਖਣ ਲਈ ਉਸੇ ਤਰ੍ਹਾਂ ਹੁਕਮ ਜਾਰੀ ਕਰ ਦਿੱਤਾ, ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੁੱਝ ਸਮੇਂ ਲਈ ਹਿਮਾਚਲ ਪ੍ਰਦੇਸ਼ ਵਿਚ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ’ਤੇ ਚਲੇ ਗਏ ਅਤੇ ਉਥੇ ਪਾਉਂਟਾ ਸਾਹਿਬ ਨਾਂਅ ਦਾ ਨਗਰ ਵਸਾਇਆ। ਇਥੇ ਹੀ ਗੁਰੂ ਜੀ ਨੇ ਕਾਫੀ ਸਾਰੀ ਬਾਣੀ ਦੀ ਰਚਨਾ ਕੀਤੀ ਅਤੇ ਭੰਗਾਣੀ ਦਾ ਯੁੱਧ ਵੀ ਪਾਉਂਟਾ ਸਾਹਿਬ ਦੇ ਨੇੜੇ ਹੀ ਲੜਨਾ ਪਿਆ। ਭੰਗਾਣੀ ਦਾ ਯੁੱਧ ਗੁਰੂ ਜੀ ਦਾ ਪਹਿਲਾ ਯੁੱਧ ਸੀ, ਜਿਸ ਵਿਚ ਬਿਨਾਂ ਯੁੱਧ ਸਿਖਲਾਈ ਵਿਅਕਤੀ ਹਿੰਦੋਸਤਾਨ ਦੇ ਬਾਦਸ਼ਾਹ ਅਤੇ ਬਾਈਧਾਰ ਦੇ ਰਾਜਿਆਂ ਦੀਆਂ ਫੌਜਾਂ ਨਾਲ ਲੜੇ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਗੁਰੂ ਜੀ ਮੁੜ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਏ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕ ਕੇ ਆਪਣਾ ਨਾਮ (ਗੁਰੂ) ਗੋਬਿੰਦ ਸਿੰਘ ਰੱਖਿਆ। ਬਚਪਨ ਦਾ ਆਪ ਜੀ ਦਾ ਨਾਂਅ ਗੋਬਿੰਦ ਰਾਇ ਸੀ। 

ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਵੀ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਲੜਾਈ ਝਗੜਾ ਜਾਰੀ ਰੱਖਿਆ ਪਰ ਜਿੱਤ ਹਮੇਸ਼ਾ ਗੁਰੂ ਜੀ ਦੀ ਹੀ ਹੁੰਦੀ ਰਹੀ। ਅਖੀਰ 1704 ਈਸਵੀ ਨੂੰ ਜਦੋਂ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹ ਛੱਡ ਦਿੱਤਾ ਤਾਂ ਮੁਗਲ ਫੌਜਾਂ ਨੇ ਪਿੱਛੋਂ ਹਮਲਾ ਕਰ ਦਿੱਤਾ, ਜਿਸ ਕਰਕੇ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਚਮਕੌਰ ਸਾਹਿਬ ਇਕ ਕੱਚੀ ਗੜ੍ਹੀ ਵਿਚ ਗੁਰੂ ਜੀ ਨੇ ਆਪਣੇ 40 ਸਿੰਘਾਂ ਸਮੇਤ 10 ਲੱਖ ਮੁਗਲ ਫੌਜ ਦਾ ਟਾਕਰਾ ਕੀਤਾ। ਇਥੇ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਏ। ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਦੇ ਸੂਬੇ ਵਜੀਰ ਖ਼ਾਨ ਦੇ ਹੁਕਮ ’ਤੇ ਜ਼ਿੰਦਾ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਆ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਗੁਰੂ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਨਰ ਸੰਪਾਦਨ ਕੀਤਾ ਅਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੱਖੋ ਵੱਖ ਰਾਗਾਂ ਵਿਚ ਦਰਜ ਕੀਤਾ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਚੋਂ ਸਾਨੂੰ ਇਕ ਗੱਲ ਬਹੁਤ ਪ੍ਰਮੁੱਖਤਾ ਨਾਲ ਪਤਾ ਚਲਦੀ ਹੈ ਕਿ ਆਪ ਜੀ ਦੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ। ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਫਕੀਰ ਆਪ ਜੀ ਦੇ ਪੱਕੇ ਮੁਰੀਦ ਸਨ ਅਤੇ ਹੋਰ ਤਾਂ ਹੋਰ ਪੀਰ ਜੀ ਨੇ ਗੁਰੂ ਜੀ ਦੀ ਭੰਗਾਣੀ ਦੇ ਯੁੱਧ ਵਿਚ ਵੀ ਮਦਦ ਕੀਤੀ ਸੀ। ਗੁਰੂ ਜੀ ਦੀ ਲੜਾਈ ਜ਼ੁਲਮ ਨਾਲ ਸੀ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ। ਗੁਰੂ ਜੀ ਦੀ ਬਾਣੀ ਵਿਚ ਵੀ ਸੱਚ ਲਈ ਲੜਨਾ ਤੇ ਮਜਲੂਮ ਦੀ ਰੱਖਿਆ ਕਰਨ ਦੀ ਸਿੱਖਿਆ ਮਿਲਦੀ ਹੈ। ਗੁਰੂ ਜੀ ਸ਼ੁਭ ਕਰਮਨ ਲਈ ਜ਼ਿੰਦਗੀ ਕੁਰਬਾਨ ਕਰਨ ਨੂੰ ਪਹਿਲ ਦਿੰਦੇ ਹਨ। ਆਪ ਜੀ ਦਾ ਫੁਰਮਾਨ ਹੈ:-

'ਦੇਹ ਸ਼ਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ॥
ਨ ਡਰੋ ਅਰਿ ਸੋ ਜਬ ਜਾਏ ਲਰੋ, ਨਿਸਚੈ ਕਰਿ ਆਪਨੀ ਜੀਤ ਕਰੋ॥'

ਸਤੰਬਰ 1707 ਈਸਵੀ ਵਿਚ ਆਪ ਦੱਖਣ ਵਿਚ ਮਹਾਰਾਸ਼ਟਰ ਦੇ ਨਾਂਦੇੜ ਨਾਮੀ ਸਥਾਨ ’ਤੇ ਚਲੇ ਗਏ, ਜਿੱਥੇ ਆਪ ਜੀ ਨੇ ਮਾਧੋ ਦਾਸ ਵੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ। ਇਥੇ 2 ਵਿਸ਼ਵਾਸਘਾਤੀ ਪਠਾਣਾਂ ਨੇ ਗੁਰੂ ਜੀ ’ਤੇ ਛੁਰੇ ਨਾਲ ਵਾਰ ਕਰ ਦਿੱਤਾ। ਗੁਰੂ ਜੀ ਨੇ ਆਪਣੀ ਤਲਵਾਰ ਨਾਲ ਇਕ ਪਠਾਣ ਨੂੰ ਤਾਂ ਮੌਕੇ ’ਤੇ ਹੀ ਮਾਰ ਦਿੱਤਾ, ਜਦਕਿ ਦੂਜਾ ਸਿੱਖਾਂ ਹੱਥੋਂ ਮਾਰਿਆ ਗਿਆ। ਆਪ ਜੀ ਦੇ ਜ਼ਖ਼ਮ ਕਾਫੀ ਗ਼ਹਿਰੇ ਸਨ ਤੇ 7 ਅਕਤੂਬਰ 1708 ਈਸਵੀ ਨੂੰ ਆਪ ਜੀ ਜੋਤਿ ਜੋਤ ਸਮਾ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ। ਆਪ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ, ਜਿਨ੍ਹਾਂ ਵਿਚ ਜਾਪ ਸਾਹਿਬ, ਸਵੱਈਏ, ਬਚਿੱਤਰ ਨਾਟਕ, ਵਾਰ ਸ੍ਰੀ ਭਗੌਤੀ ਜੀ ਕੀ (ਚੰਡੀ ਦੀ ਵਾਰ), ਅਕਾਲ ਉਸਤਤਿ, ਜਫਰਨਾਮਾ ਦੇ ਨਾਂ ਵਰਣਨਯੋਗ ਹਨ।

-ਗੁਰਪ੍ਰੀਤ ਸਿੰਘ ਨਿਆਮੀਆਂ


Harnek Seechewal

Content Editor

Related News