ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਸਮਾਜਿਕ ਸਰੋਕਾਰ

Wednesday, Jun 27, 2018 - 02:14 PM (IST)

ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਸਮਾਜਿਕ ਸਰੋਕਾਰ

ਜਿਸ ਰੀਤੀ-ਰਿਵਾਜ਼ਾਂ ਕਦਰਾਂ ਕੀਮਤਾਂ ਅਤੇ ਰੋਜ਼ਾਨਾ ਦੇ ਸੁਭਾਅ ਨੂੰ ਲੈ ਕੇ ਅਸੀਂ ਜੀਊਂਦੇ ਹਾਂ ਉਸਨੂੰ ਸਮਾਜਿਕ ਢਾਂਚਾ ਕਹਿੰਦੇ ਹਨ। ਸਮਾਜਿਕ ਢਾਂਚੇ ਵਿਚੋਂ ਸਮਾਜ ਉਪਜਦਾ ਹੈ। ਇਸੇ ਪ੍ਰਸੰਗ ਵਿਚ ਮਨੁੱਖ ਨੂੰ ਸਮਾਜਿਕ ਪ੍ਰਾਣੀ ਦਾ ਰੁਤਬਾ ਦਿੱਤਾ ਜਾਂਦਾ ਹੈ। ਇਸ ਰੁਤਬੇ ਅੰਦਰ ਮਨੁੱਖ ਨੂੰ ਜੀਉ ਅਤੇ ਜੀਊਣ ਦਿਉ ਹਰ ਬੰਦੇ ਦੇ ਸਿਧਾਂਤ ਅਨੁਸਾਰ ਚੱਲਣਾ ਪੈਂਦਾ ਹੈ। ਸਮਾਜਿਕ ਨਿਯਮਾਂਵਲੀ ਵਿਚ ਜੀਵਨ ਬਸਰ ਕਰਨਾ ਪੈਂਦਾ ਹੈ। ਇਸੇ ਲਈ ਸਮਾਜਿਕ ਕ੍ਰਾਂਤੀ ਅਤੇ ਸਮਾਨਤਾ ਲਈ ਗੁਰੂ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਦਾ ਸਿਧਾਂਤ ਦਿੱਤਾ ਸੀ।
ਸਮਾਜ ਅੰਦਰ ਕੰਮ ਅਤੇ ਪੂਜਾ ਨੂੰ ਲੈ ਕੇ ਕੁੱਝ ਸੁਲਝੇ ਅਤੇ ਅਣਸੁਲਝੇ ਸਵਾਲ ਹਨ। ਗੁਰਬਾਣੀ ਦੇ ਪਵਿੱਤਰ ਸ਼ਬਦਾਂ ਨੇ ਇਨ੍ਹਾਂ ਦੇ ਨਿਬੇੜੇ ਵੀ ਕੀਤੇ ਹਨ ਪਰ ਸਮਾਜਿਕ ਪ੍ਰਾਣੀ ਅਜੇ ਪੂਰੀ ਤਰ੍ਹਾਂ ਆਪਣੇ ਹਿਰਦੇ ਵਿਚ ਨਹੀਂ ਵਸਾ ਸਕੇ। ਗੁਰੂ ਸਾਹਿਬਾਨ ਨੇ ਪਰਾਏ ਹੱਕ ਖਾਣ ਤੋਂ ਵਰਜਿਆ ਸੀ। ਇਸ ਨਾਲ ਹੱਥੀਂ ਕਿਰਤ ਕਰਨ ਦੀ ਰੁਚੀ ਪੈਦਾ ਹੁੰਦੀ ਹੈ ਇਸ ਨਾਲ ਮਾਨਸਿਕ ਤਸੱਲੀ ਵੀ ਹੁੰਦੀ ਹੈ।ਇਸੇ ਪ੍ਰਸੰਗ ਵਿਚ ਹੱਥੀਂ ਕਿਰਤ ਕਰਨ ਦਾ ਹੁਕਮ ਦਿੱਤਾ ਸੀ। 
ਘਾਲਿ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਣਹਿ ਸੇਇਜ਼।
ਸਮਾਜ ਦੇ ਕੁੱਝ ਵਰਗ ਕੰਮ ਨੂੰ ਪੂਜਾ ਅਤੇ ਕੁੱਝ ਵਰਗ ਪੂਜਾ ਨੂੰ ਕੰਮ ਸਮਝਦੇ ਹਨ ਪਰ ਸਮਾਜ ਵਿਚ ਕਿਰਤ ਕਰਨੀ ਵੰਡ ਛਕਣੀ ਅਤੇ ਨਾਮ ਜਪਣ ਦਾ ਸਿਧਾਂਤ ਲਾਗੂ ਹੋ ਜਾਵੇ ਤਾਂ ਸਮਾਜਿਕ ਖੁਸ਼ਹਾਲੀ ਸੰਭਵ ਹੈ। ਜਦੋਂ ਤਕ ਪਵਿੱਤਰ ਗੁਰਬਾਣੀ ਆਪਣੇ ਅੰਦਰ ਵਸਾ ਕੇ ਅਮਲ ਨਹੀਂ ਕੀਤਾ ਜਾਂਦਾ ਉਦੋਂ ਤਕ ਸਮਾਜਿਕ ਖੱਜਲ     ਖੁਆਰੀ ਤੈਅ ਹੈ। ਸਮਾਜ ਵਿਚ ਪਾਟੋਧਾੜ, ਈਰਖਾ ਅਤੇ ਅਹਿੰਸਾ ਵਧਦੀ ਜਾਵੇਗੀ।ਇਕ ਹੋਰ ਦਿਲਚਸਪ ਪਹਿਲੂ ਹੈ ਕਿ ਪੂਜਾ ਲਈ ਕਿਰਤੀਕਾਮਾ ਮੂਰਤੀ ਘੜਦਾ ਹੈ। ਇਸ ਦੇ ਇਵਜ਼ ਵਜੋਂ     ਉਸਦੀ ਮਿਹਨਤ ਵਜੋਂ ਤੁਛਭੇਟਾ ਲੈਂਦਾ ਹੈ ਪਰ ਜਦੋਂ ਉਹ ਮੂਰਤੀ ਰੱਬ ਦਾ ਰੂਪ ਧਾਰਦੀ ਹੈ ਤਾਂ ਉਸ ਮੂਹਰੇ ਚੜਾਵਾ ਚੜਨਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਸ਼ਰਧਾ ਮਿਹਨਤ ਨਾਲੋਂ ਉੱਪਰ ਹੈ। ਬਣਾਉਣ ਵਾਲੇ ਨੂੰ ਕਿਸੇ ਨੇ ਨਹੀਂ ਪੁੱਛਿਆ ਬਣਾਈ ਮੂਰਤੀ ਰੱਬ ਬਣ ਗਈ ਕਿੰਨਾ ਚੰਗਾ ਹੋਵੇ ਕਿ ਮੂਰਤੀ ਘੜਨ ਵਾਲਾ ਵੀ ਘੱਟੋਂ ਘੱਟ ਕਿਰਤ ਦਾ ਮੁੱਲ ਤਾਂ ਪਾ ਲਵੇ। ਮਾਨਸਿਕ ਡਰ ਅਤੇ ਮਾਨਸਿਕ ਕਮਜ਼ੋਰੀ ਸਮਾਜ ਨੂੰ ਅੰਧਵਿਸ਼ਵਾਸ ਦੀ ਬੇੜੀ ਦੀ ਸਵਾਰੀ ਕਰਵਾਉਂਦੀ ਹੈ। ਜੋ ਕਿ ਖੁਸ਼ਹਾਲੀ ਦੇ ਪੈਰਾ ਵਿਚ ਰੋੜਾ ਹੈ।
ਲਗਾਤਾਰ ਜੋ ਕਰਦੇ ਕਾਰ ਉਨ੍ਹਾਂ ਦੇ ਗਲ ਪੈਂਦੇ ਹਾਰ ਦਾ ਸਿਧਾਂਤ ਵੀ ਸਮਾਜ ਵਿਚ ਘਸਮੈਲਾ ਹੋ ਚੁੱਕਾ ਹੈ।ਸਾਡੀ ਅੰਧਵਿਸ਼ਵਾਸੀ ਸਿੱਖਿਆ ਨੇ ਸਭ ਕੁੱਝ ਗ੍ਰਹਿਣ ਦੇ ਘੇਰੇ ਵਿਚ ਲੈ ਆਉਂਦਾ ਹੈ। ਸਮਾਜ ਵਿਚ ਖੁਸ਼ਹਾਲੀ ਕਿਰਤ ਦਾ ਗਹਿਣਾ ਗ੍ਰਹਿਣ ਕਰੇ ਤੋਂ ਬਿਨਾਂ ਅਸੰਭਵ ਹੈ। ਕਿਰਤ ਕਰਨੀ ਨਾਮ ਜਪਣਾ ਅਤੇ ਵੰਡ ਕੇ ਛਕਣਾ ਅਮਲ ਵਿਚ ਲਿਆਂਦੇ ਤੋਂ ਬਿਨਾ ਸਮਾਜਿਕ ਖੁਸ਼ਹਾਲੀ ਸਮਾਜਿਕ ਸਮਾਨਤਾ ਅਤੇ ਦਯਾ ਅਸੰਭਵ ਹੈ। ਇਸ ਲਈ ਸਮਾਜ ਦੇ ਸਰੋਕਾਰਾਂ ਦੇ ਮੱਦੇਨਜ਼ਰ ਸਮਾਜ ਵਿਚ ਗੁਰੂਆਂ ਦੇ ਫੁਰਮਾਨ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਨੂੰ ਇਕ ਲੋਕ ਲਹਿਰ ਵਜੋਂ ਉਭਾਰਨਾ ਚਾਹੀਦਾ ਹੈ ਤਾਂ ਜੋ ਸੱਭਿਅਤ ਸਮਾਜ ਦੀ ਸਿਰਜਨਾ ਹੋ ਸਕੇ। 
ਸੁੱਖਪਾਲ ਸਿੰਘ ਗਿੱਲ
ਮੋਬਾਇਲ ਨੰ: 9878111445


Related News