ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹਨ ਦਾ ਸ਼ੌਕ ਰੱਖਣ ਵਾਲੇ ਭਗਤ ਸਿੰਘ ਦੀਆਂ ਜਾਣੋਂ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Wednesday, Mar 23, 2022 - 10:02 AM (IST)

ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹਨ ਦਾ ਸ਼ੌਕ ਰੱਖਣ ਵਾਲੇ ਭਗਤ ਸਿੰਘ ਦੀਆਂ ਜਾਣੋਂ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਜਲੰਧਰ : ਸ਼ਹੀਦ ਭਗਤ ਸਿੰਘ ਭਾਰਤ ਦੇ ਪ੍ਰਮੁੱਖ ਆਜ਼ਾਦੀ ਘੁਲਾਟੀਏ ਸਨ। ਜਦੋਂ ਸਰਦਾਰ ਭਗਤ ਸਿੰਘ ਵਰਗੇ ਪੁੱਤ ਪੈਦਾ ਹੁੰਦੇ ਹਨ ਤਾਂ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਕੌਮ ਅਤੇ ਦੇਸ਼ ਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਸੁਨਿਹਰੀ ਅੱਖਰਾਂ 'ਚ ਲਿੱਖ ਜਾਂਦੇ ਹਨ। ਭਗਤ ਸਿੰਘ ਜਿੱਥੇ ਇਕ ਸਿਰਕੱਢ ਕ੍ਰਾਂਤੀਕਾਰੀ ਸੀ, ਉੱਥੇ ਹੀ ਉੱਘੇ ਵਿਦਵਾਨ ਸਨ। ਭਗਤ ਸਿੰਘ ਨੇ ਵਿਦੇਸ਼ੀ ਆਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ 'ਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀ। ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਿਸਤੌਲ ਰੱਖਦੇ ਸਨ।

ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸਨ ਭਗਤ ਸਿੰਘ
ਭਗਤ ਸਿੰਘ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ 'ਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਂ ਵਿਦਿਆਵਤੀ ਜੀ ਦੀ ਕੁੱਖੋਂ 28 ਸਤੰਬਰ 1907 'ਚ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਵਾਲਾਂ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਦੱਸ ਦੇਈਏ ਕਿ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਖਟਕੜ ਕਲਾਂ ਨਵਾਂਸ਼ਹਿਰ (ਪੰਜਾਬ) 'ਚ ਸਥਿਤ ਹੈ। ਨਵਾਂਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ। ਭਗਤ ਸਿੰਘ ਨੂੰ ਆਜ਼ਾਦੀ ਦੀ ਗੁੜਤੀ ਪਰਿਵਾਰ 'ਚੋਂ ਮਿਲੀ ਸੀ। ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਇਕ ਵਾਹੀਵਾਨ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਨ੍ਹਾਂ ਦੇ ਪਿਤਾ ਨੇ ਕੁਦਰਤੀ ਆਫਤਾਂ ਸਮੇਂ ਲੋਕਾਂ ਦੀ ਵੱਧ-ਚੜ੍ਹ ਕੇ ਮਦਦ ਕੀਤੀ। ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ 1906 'ਚ ਕਿਸ਼ਨ ਸਿੰਘ ਨੇ ਸਿਆਸਤ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਇਨ੍ਹਾਂ ਦੇ ਚਾਚਾ ਅਜੀਤ ਸਿੰਘ ਵੀ ਇਕ ਸਿਰਕੱਢ ਆਜ਼ਾਦੀ ਘੁਲਾਟੀਏ ਹੋਣ ਦੇ ਨਾਲ-ਨਾਲ ਇਕ ਪ੍ਰਭਾਵਸ਼ਾਲੀ ਬੁਲਾਰੇ ਸਨ। ਉਸ ਸਮੇਂ ਅੰਗਰੇਜ਼ਾਂ ਖ਼ਿਲਾਫ਼ ਕੋਈ ਡਰਦਾ ਮੂੰਹ ਨਹੀਂ ਸੀ ਖੋਲ੍ਹਦਾ। ਉਨ੍ਹਾਂ ਦੇ ਪ੍ਰਚਾਰ ਦਾ ਵਾਹੀਕਾਰਾ ਅਤੇ ਫੌਜ਼ੀਆ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ, ਜਿਸ ਕਾਰਨ ਉਨ੍ਹਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਭੁਗਤਣੀ ਪਈ। ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸਨ। ਇਸ ਤੋਂ ਇਲਾਵਾ ਭਗਤ ਸਿੰਘ ਦੇ ਬਾਲ ਮਨ ਅਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਸਰਾਭੇ ਦੀ ਫ਼ੋਟੋ ਆਪਣੀ ਜੇਬ 'ਚ ਰੱਖਦੇ ਸਨ, ਜੋ ਗ੍ਰਿਫ਼ਤਾਰੀ ਸਮੇਂ ਵੀ ਉਨ੍ਹਾਂ ਕੋਲ ਸੀ ।

ਕਈ ਭਾਸ਼ਾਵਾਂ ਦੇ ਮਾਹਰ ਸਨ ਭਗਤ ਸਿੰਘ ਜੀ
ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਈਮਰੀ ਸਕੂਲ ਤੋਂ ਹਾਸਲ ਕੀਤੀ ਸੀ ਅਤੇ 1916-17 'ਚ ਡੀ. ਏ. ਵੀ. ਸਕੂਲ ਲਾਹੌਰ 'ਚ ਦਾਖਲ ਹੋਏ ਸਨ। ਇਸ ਸਕੂਲ ਨੂੰ ਅੰਗਰੇਜ਼ਾਂ ਵੱਲੋਂ 'ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ' ਕਿਹਾ ਗਿਆ ਸੀ। ਦੱਸਣਯੋਗ ਹੈ ਕਿ ਇਸ ਸਕੂਲ 'ਚ ਪੜ੍ਹਦੇ ਹੀ ਉਨ੍ਹਾਂ ਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤੀ ਵਰਗੀਆਂ ਭਾਸ਼ਾਵਾਂ ਸਿੱਖੀਆਂ ਸਨ ਅਤੇ ਉਮਰ ਦੇ ਵੱਖ-ਵੱਖ ਪੜਾਵਾਂ ਦੇ ਮੱਦੇਨਜ਼ਰ ਗੁਰਮੁੱਖੀ, ਹਿੰਦੀ ਅਤੇ ਬੰਗਾਲੀ ਭਾਸ਼ਾਵਾਂ ਵੀ ਗ੍ਰਹਿਣ ਕੀਤੀਆਂ। 1919 'ਚ ਜਦੋਂ ਉਹ 12 ਸਾਲਾਂ ਦੇ ਸਨ ਤਾਂ ਭਗਤ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ ਸੀ। ਜਨ ਸਭਾ ਦੌਰਾਨ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ। 14 ਸਾਲ ਦੀ ਉਮਰ 'ਚ ਉਹ ਆਪਣੇ ਪਿੰਡ ਦੇ ਉਨ੍ਹਾਂ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ 20 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦਾ ਸਵਾਗਤ ਕੀਤਾ। ਨਾਮਿਲਵਰਤਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਭਗਤ ਸਿੰਘ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਤੋਂ ਨਿਰਾਸ਼ ਹੋ ਗਏ ਸਨ। ਗਾਂਧੀ ਦੇ ਫ਼ੈਸਲੇ ਤੋਂ ਬਾਅਦ ਪੇਂਡੂਆਂ ਵੱਲੋਂ 1922 'ਚ ਚੌਰੀ ਚੌਰਾ ਕਾਂਡ 'ਚ ਪੁਲਸ ਵਾਲਿਆਂ ਦੇ ਕਤਲ ਹੋਏ। ਭਗਤ ਸਿੰਘ ਨੇ ਨੌਜਵਾਨ ਇਨਕਲਾਬੀ ਲਹਿਰ 'ਚ ਹਿੱਸਾ ਲਿਆ ਅਤੇ ਭਾਰਤ 'ਚੋਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। 1923 'ਚ ਭਗਤ ਸਿੰਘ ਲਾਹੌਰ ਦੇ ਨੈਸ਼ਨਲ ਕਾਲਜ 'ਚ ਦਾਖਲ ਹੋਏ, ਜਿੱਥੇ ਉਹ ਨਾਟ-ਕਲਾ ਸੋਸਾਇਟੀ ਵਰਗੀਆਂ ਪਾਠਕ੍ਰਮ ਤੋਂ ਬਾਹਰਲੀਆਂ ਸਰਗਰਮੀਆਂ 'ਚ ਹਿੱਸਾ ਲੈਣ ਲੱਗੇ ਸਨ।

ਪਰਿਵਾਰ ਵੱਲੋਂ ਵਿਆਹ ਦਾ ਜ਼ੋਰ ਪਾਉਣ 'ਤੇ ਛੱਡਿਆ ਸੀ ਘਰ
1923 'ਚ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ ਸੀ। ਘਰ ਛੱਡਣ ਤੋਂ ਬਾਅਦ ਉਹ ਕਾਨਪੁਰ ਚਲੇ ਗਏ ਸਨ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। ਅਸਲ 'ਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਵਾਉਣਾ ਚਾਹੁੰਦੇ ਸਨ। ਕਾਨਪੁਰ 'ਚ ਸਰਦਾਰ ਭਗਤ ਸਿੰਘ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁਝ ਦੇਰ ਪ੍ਰਤਾਪ ਪ੍ਰੈੱਸ 'ਚ ਕੰਮ ਕੀਤਾ। 1925 'ਚ ਦਾਦੀ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਵਾਪਸ ਲਾਹੌਰ ਵਿਖੇ ਆਪਣੇ ਪਿੰਡ ਆਉਣਾ ਪਿਆ ਸੀ। ਭਗਤ ਸਿੰਘ ਦੀ ਦਾਦੀ ਭਗਤ ਸਿੰਘ ਨੂੰ ਪਿਆਰ ਨਾਲ 'ਭਾਗਾਂ ਵਾਲਾ' ਕਹਿ ਕੇ ਬਲਾਉਂਦੀ ਸੀ।

ਰੇਲਗੱਡੀ ਡਾਕੇ ਦੇ ਮਾਮਲੇ 'ਚ ਹੋਏ ਸਨ ਗ੍ਰਿਫ਼ਤਾਰ
13 ਮਾਰਚ 1926 ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਜੋ ਇਨਕਲਾਬੀ ਗਤੀਵਿਧੀਆਂ ਲਈ ਇਕ ਖੁੱਲ੍ਹਾ ਮੰਚ ਸੀ। ਇਸ ਸਭਾ 'ਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ। ਇਸ ਸਭਾ ਦੀ ਪਹਿਲੀ ਕਾਨਫਰੰਸ ਅਪ੍ਰੈਲ 1928 ਨੂੰ ਹੋਈ ਸੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। 1927 'ਚ ਕਾਕੋਰੀ ਰੇਲਗੱਡੀ ਡਾਕੇ ਦੇ ਮਾਮਲੇ 'ਚ ਭਗਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਦੋਸ਼ ਮੜ੍ਹਿਆ ਗਿਆ ਸੀ। ਚੰਗੇ ਵਿਵਹਾਰ ਅਤੇ ਜ਼ਮਾਨਤ ਦੀ ਭਾਰੀ ਰਕਮ 60 ਹਜ਼ਾਰ ਰੁਪਏ 'ਤੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ। ਸਤੰਬਰ 1928 'ਚ ਭਗਤ ਸਿੰਘ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ ਸੀ।

30 ਅਕਤੂਬਰ 1928 ਈ ਨੂੰ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਸੀ। ਇਸ ਕਮਿਸ਼ਨ ਖ਼ਿਲਾਫ਼ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਗਾਏ। ਇਸ ਜਲੂਸ 'ਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਪੁਲਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵੱਧਦਾ ਗਿਆ, ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਲਾਠੀ ਚਾਰਜ ਕੀਤਾ, ਜਿਸ 'ਚ ਲਾਲਾ ਲਾਜਪਤ ਰਾਏ ਦੇ ਸਿਰ 'ਚ ਗਹਿਰੀ ਸੱਟ ਲੱਗਣ ਕਾਰਨ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਅਤੇ ਰਾਜਗੁਰੂ ਦੇ ਨਾਲ ਮਿਲ ਕੇ ਲਾਹੌਰ 'ਚ ਸਹਾਇਕ ਪੁਲਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ. ਪੀ. ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ 'ਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲ ਕੇ ਭਗਤ ਸਿੰਘ ਨੇ ਪਬਲਿਕ ਸੇਫਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਖ਼ਿਲਾਫ਼ ਅਸੈਂਬਲੀ 'ਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ। 

8 ਅਪ੍ਰੈਲ 1929 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ 'ਚ ਨਕਲੀ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਦੋਹਾਂ ਨੇ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ ਸੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲ੍ਹਣਾ ਸੀ। 'ਇਨਕਬਾਲ ਜ਼ਿੰਦਾਬਾਦ' ਦਾ ਨਾਅਰਾ ਪਹਿਲੀ ਵਾਰ ਸ੍ਰ: ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਅਰਾ ਬਣ ਗਿਆ। 10 ਜੂਨ 1929 ਨੂੰ ਅਦਾਲਤ ਦੀ ਸੁਣਵਾਈ ਖ਼ਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।

ਅਸੈਂਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਭਗਤ ਸਿੰਘ ਨੂੰ ਮੀਆਂਵਾਲੀ ਜੇਲ ਅਤੇ ਬੀ. ਕੇ. ਦੱਤ ਨੂੰ ਕੇਂਦਰੀ ਜੇਲ੍ਹ ਲਾਹੌਰ 'ਚ ਬਦਲ ਦਿੱਤਾ ਗਿਆ। 25 ਜੂਨ 1929 ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ 'ਚ ਕੇਂਦਰੀ ਜੇਲ੍ਹ ਲਾਹੌਰ ਭੇਜ ਦਿੱਤਾ ਗਿਆ। 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਕੇਸ ਦੌਰਾਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ ਅਧਿਕਾਰੀਆਂ ਵੱਲੋਂ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਤਰਫ ਫੈਲ ਗਈ। ਬਾਰ-ਬਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ।

ਫਾਂਸੀ ਲਾਉਣ ਦੀ ਮਿਤੀ 24 ਮਾਰਚ 1931 ਮੁਕਰਰ ਕੀਤੀ ਗਈ
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ 1931 ਮੁਕਰਰ ਕੀਤੀ ਗਈ ਸੀ ਪਰ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ ਦੇ ਗੇਟ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇਕ ਕੋਝੀ ਚਾਲ ਚਲਦਿਆਂ 23 ਮਾਰਚ 1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੇ ਤੱਖਤੇ ਤੱਕ ਲਿਜਾਉਣ ਲਈ ਪੁਲਸ ਕਰਮਚਾਰੀ ਆਏ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਭਗਤ ਸਿੰਘ ਨੇ ਕਿਹਾ  ਰੁਕੋ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਸ ਕਰਮਚਾਰੀਆਂ ਨਾਲ ਤੁਰ ਪਿਆ। ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ, ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ। ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ ਦੀ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ 'ਤੇ ਜਲ੍ਹਾ ਦਿੱਤੀਆਂ ਗਈਆਂ ਸਨ।

 


author

rajwinder kaur

Content Editor

Related News