ਕਹਾਣੀਨਾਮਾ ''ਚ ਪੜ੍ਹੋ ਜ਼ਿੰਦਗੀ ਦੀ ਕੌੜੀ ਸੱਚਾਈ ਬਿਆਨਦੀ ਕਹਾਣੀ ''ਜ਼ਮਾਨਾ ਬਦਲ ਗਿਆ''

Wednesday, Oct 05, 2022 - 04:49 PM (IST)

ਕਹਾਣੀਨਾਮਾ ''ਚ ਪੜ੍ਹੋ ਜ਼ਿੰਦਗੀ ਦੀ ਕੌੜੀ ਸੱਚਾਈ ਬਿਆਨਦੀ ਕਹਾਣੀ ''ਜ਼ਮਾਨਾ ਬਦਲ ਗਿਆ''

ਸਿਆਲਾਂ ਦੀ ਰੁੱਤੇ ਹਨ੍ਹੇਰਾ ਸੁਵੱਖਤੇ ਹੀ ਹੋ ਜਾਂਦੈ। ਦਸੰਬਰ ਮਹੀਨੇ ਦੀ ਸ਼ਾਮ ਦੇ ਕੋਈ ਸੱਤ ਕੁ ਵੱਜੇ ਹੋਣਗੇ ਤਾਂ ਫੋਨ ਦੀ ਘੰਟੀ ਨੇ ਚੁਫੇਰੇ ਪਸਰੀ ਹੋਈ ਚੁੱਪ ਨੂੰ ਤੋੜਿਆ। ਮੋਬਾਇਲ ਕੰਨ ਨਾਲ ਲਾਇਆ ਤਾਂ ਅੱਗਿਓਂ ਸਤਿ ਸ੍ਰੀ ਅਕਾਲ ਕਹਿ ਕੇ ਆਵਾਜ਼ ਆਈ ਕਿ ਫਲਾਣਾ ਪੁਲਸ ਇੰਸਪੈਕਟਰ ਬੋਲ ਰਿਹਾ ਹਾਂ ਤੇ ਕੁਝ ਮੁੰਡੇ ਤੇ ਕੁੜੀਆਂ ਪੇਸ਼ ਕਰਨੇ ਨੇ। ਮਸਲੇ ਦੀ ਪੇਚੀਦਗੀ ਤੇ ਬਾਲਾਂ ਦੇ ਹੱਕ ਹਕੂਕਾਂ ਨੂੰ ਤਰਜੀਹ ਦਿੰਦੇ ਹੋਏ ਉਸ ਨੂੰ ਫੌਰਨ ਆਉਣ ਲਈ ਆਖਿਆ ।

ਇੱਕ ਦੂਜੇ ਨਾਲ ਰਾਬਤਾ ਕਰਕੇ ਅਸੀਂ ਬਾਲ ਭਲਾਈ ਕਮੇਟੀ ਦੇ ਬਾਕੀ ਮੈਂਬਰ ਵੀ ਇਕੱਤਰ ਹੋ ਗਏ । ਅੱਧੇ ਕੁ ਘੰਟੇ ਬਾਅਦ ਪੁਲਸ ਇੰਸਪੈਕਟਰ ਦੋ ਕਾਂਸਟੇਬਲ ਬੀਬੀਆਂ ਨਾਲ ਆ ਹਾਜ਼ਰ ਹੋਇਆ । ਉਨ੍ਹਾਂ ਦੇ ਨਾਲ ਲਗਭਗ ਉੱਨੀ ਵੀਹ ਕੁ ਵਰ੍ਹਿਆਂ ਦੇ  ਦੋ ਨੌਜਵਾਨ ਅਤੇ ਤਿੰਨ ਕੁੜੀਆਂ ਆ ਹਾਜ਼ਰ ਹੋਏ । ਪੁੱਛਣ 'ਤੇ ਪਤਾ ਲੱਗਿਆ ਕਿ ਇਹ ਤਿੰਨੋਂ ਕੁੜੀਆਂ ਸਕੀਆਂ ਭੈਣਾਂ ਸਨ, ਜਿਨ੍ਹਾਂ ਵਿੱਚੋਂ ਵੱਡੀ ਦੀ ਉਮਰ ਕੋਈ 18 ਸਾਲ ਦੇ ਨੇੜੇ ,ਵਿਚਕਾਰਲੀ ਦੀ 17 ਸਾਲ ਤੇ ਸਭ ਤੋਂ ਨਿੱਕੀ ਦੀ 13 ਕੁ ਸਾਲ ਸੀ। ਇਹ ਸਾਰੇ ਕੋਈ ਪਿਛਲੇ ਡੇਢ ਮਹੀਨੇ ਤੋਂ ਫ਼ਰਾਰ ਸਨ ਅਤੇ ਪੁਲਸ ਇਨ੍ਹਾਂ ਨੂੰ ਬੜੀ ਮੁਸ਼ੱਕਤ ਨਾਲ ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਫੜ ਕੇ ਲਿਆਈ ਸੀ । 

ਮੁੰਡਿਆਂ ਦੇ ਚਿਹਰੇ ਡਰੇ ਹੋਏ ਸਨ ਅਤੇ ਪਛਤਾਵਾ ਉਨ੍ਹਾਂ ਦੇ ਚਿਹਰਿਆਂ ਤੋਂ ਸਪੱਸ਼ਟ ਦਿਖਾਈ ਦੇ ਰਿਹਾ ਸੀ । ਜਦਕਿ ਤਿੰਨੋਂ ਕੁੜੀਆਂ ਬੇਬਾਕ, ਮੂੰਹ ਫੱਟ ਤੇ ਬੇਹਯਾਈ ਨਾਲ ਪੇਸ਼ ਆ ਰਹੀਆਂ ਸਨ । ਬੇਇੱਜ਼ਤ ਜਾਂ ਪਛਤਾਵੇ ਦਾ ਕੋਈ ਵੀ ਝਲਕਾਰਾ ਉਨ੍ਹਾਂ ਦੇ ਚਿਹਰੇ 'ਤੇ ਨਹੀਂ ਸੀ । ਮੁੰਡਿਆਂ ਅਤੇ ਕੁੜੀਆਂ ਦੀ ਵੱਖ ਵੱਖ ਬਿਠਾ ਕੇ ਕੌਂਸਲਿੰਗ ਕੀਤੀ ਗਈ । ਇੰਨੇ ਚਿਰ ਨੂੰ ਉਨ੍ਹਾਂ ਕੁੜੀਆਂ ਦੇ ਮਾਪੇ ਵੀ ਆਣ ਪਹੁੰਚੇ, ਜੋ ਕਿ ਪਹਿਲੀ ਨਜ਼ਰੇ ਹੀ ਵੇਖਣ ਨੂੰ ਬੇਵੱਸ ਅਤੇ ਬੇਜ਼ਾਰ ਜਾਪ ਰਹੇ ਸਨ । ਕੁੜੀਆਂ ਦਾ ਬਾਪ ਘਰਾਂ ਵਿੱਚ ਗੈਸ ਸਿਲੰਡਰ ਤਕਸੀਮ ਕਰਨ ਦਾ ਕੰਮ ਕਰਦਾ ਸੀ । ਵਰ੍ਹਿਆਂ ਦੀ ਮਿਹਨਤ ਪਿੱਛੋਂ ਉਸ ਨੇ ਗੈਸ ਸਿਲੰਡਰਾਂ ਦੀ ਸਪਲਾਈ ਲਈ ਇਕ ਟੈਂਪੂ ਖ਼ਰੀਦਣ ਵਾਸਤੇ ਡੇਢ ਕੁ ਲੱਖ ਰੁਪਏ ਜੋੜ ਕੇ ਘਰ ਰੱਖੇ ਹੋਏ ਸਨ। ਜੋ ਕਿ ਉਸ ਦੀਆਂ ਧੀਆਂ ਮੁੰਡਿਆਂ ਨਾਲ ਘਰੋਂ  ਭੱਜਣ ਵੇਲੇ ਨਾਲ ਹੀ ਲੈ ਗਈਆਂ ਅਤੇ ਸਾਰੇ ਪੈਸੇ ਘੁੰਮਣ ਫਿਰਨ ਅਤੇ ਅੱਯਾਸ਼ੀ 'ਤੇ ਖ਼ਰਚ ਕਰ ਦਿੱਤੇ । ਪਿਓ ਦੀ ਮੁਸ਼ੱਕਤ ਨਾਲ ਕਮਾਈ ਕਰ ਕੇ ਜੋੜੀ ਪੂੰਜੀ ਉੱਤੇ ਪਾਣੀ ਫਿਰ ਚੁੱਕਿਆ ਸੀ ਤੇ ਇੱਜ਼ਤ ਵੀ ਤਾਰ-ਤਾਰ ਹੋ ਚੁੱਕੀ ਸੀ । ਮਾਪੇ ਰੋ-ਰੋ ਕੇ ਹਾਲੋਂ ਬੇਹਾਲ ਸਨ ਤੇ ਰਪਟ ਵੀ ਉਨ੍ਹਾਂ ਵੱਲੋਂ ਹੀ ਦਰਜ ਕਰਵਾਈ ਗਈ ਸੀ ।

ਦੋਵਾਂ ਮੁੰਡਿਆਂ ਦੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਸਨ ਅਤੇ ਕਿਸੇ ਦੁਕਾਨ ਅਤੇ ਵਰਕਸ਼ਾਪ 'ਤੇ ਮਜ਼ਦੂਰੀ ਕਰਦੇ ਸਨ । ਇੰਸਟਾਗ੍ਰਾਮ 'ਤੇ ਉਪਰੋਕਤ ਦੋਵੇਂ ਵੱਡੀਆਂ ਕੁੜੀਆਂ ਨਾਲ ਉਨ੍ਹਾਂ ਦੀ ਵਾਕਫ਼ੀਅਤ ਹੋਈ ਤੇ ਓਹ ਇਸ ਕੋਝੇ ਵਹਿਣ ਵਿੱਚ ਵਹਿ ਤੁਰੇ । ਮੁੰਡਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁੜੀਆਂ ਦੇ ਨਾਬਾਲਗ ਹੋਣ ਕਰਕੇ ਨਿਕਲਣ ਵਾਲੇ ਨਤੀਜਿਆਂ ਬਾਰੇ ਗਿਆਨ ਸੀ। ਇਸ ਲਈ ਉਨ੍ਹਾਂ ਨੇ ਘਰੋਂ ਭੱਜਣ ਤੋਂ ਇਨਕਾਰ ਵੀ ਕੀਤਾ ਸੀ ਅਤੇ ਬਾਲਗ ਹੋਣ ਉਪਰੰਤ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ। ਕੁੜੀਆਂ ਨੇ ਉਨ੍ਹਾਂ ਨੂੰ ਇਹ ਗ਼ਲਤ ਕਦਮ ਚੁੱਕਣ ਲਈ ਮਜਬੂਰ ਕੀਤਾ ਤੇ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਨਾਲ ਲੈ ਕੇ ਘਰੋਂ ਨਾ ਭੱਜੇ ਤਾਂ ਉਹ ਨਹਿਰ ਵਿੱਚ  ਛਾਲ ਮਾਰ ਦੇਣਗੀਆਂ ਅਤੇ ਉਨ੍ਹਾਂ ਦਾ ਨਾਮ ਚਿੱਠੀ 'ਤੇ ਲਿਖ ਕੇ ਛੱਡ ਜਾਣਗੀਆਂ। ਇਹ ਗੱਲ ਕੁੜੀਆਂ ਨੇ ਵੀ ਸਾਡੇ ਸਾਹਮਣੇ ਇਕਬਾਲ ਕੀਤੀ ਕਿ ਮੁੰਡਿਆਂ ਦਾ ਕੋਈ ਕਸੂਰ ਨਹੀਂ, ਅਸੀਂ ਹੀ ਉਨ੍ਹਾਂ ਨੂੰ ਘਰੋਂ ਭੱਜਣ ਲਈ ਮਜ਼ਬੂਰ ਕੀਤਾ ਸੀ। ਮਾਪਿਆਂ ਨੂੰ ਕੋਈ ਗੱਲ ਪਤਾ ਨਾ ਲੱਗੇ ਤਾਂ ਉਨ੍ਹਾਂ ਨੇ ਸਭ ਤੋਂ ਨਿੱਕੀ ਭੈਣ ਨੂੰ ਵੀ ਨਾਲ ਰਲਾ ਲਿਆ ਤੇ ਉਸ ਨੂੰ ਵੀ ਨਾਲ ਲੈ ਕੇ ਮੁੰਡਿਆਂ ਨਾਲ ਫ਼ਰਾਰ ਹੋ ਗਈਆਂ । 

ਦਿੱਲੀ, ਮਥੁਰਾ,ਸ਼ਿਮਲੇ ਅਤੇ ਕਈ ਥਾਵਾਂ 'ਤੇ ਘੁੰਮਦਿਆਂ ਜਦੋਂ ਮਨਾਲੀ ਜਾ ਕੇ ਪੈਸੇ ਮੁੱਕ ਗਏ ਤਾਂ ਮੁੰਡਿਆਂ ਨੇ ਆਪਣੀਆਂ ਕਿਡਨੀਆਂ ਵੇਚ ਕੇ ਪੈਸਿਆਂ ਦਾ ਜੁਗਾੜ ਕਰਨ ਬਾਰੇ ਵੀ ਸੋਚਿਆ ,ਜਿਸ ਵਿਚ ਉਹ ਸਫ਼ਲ ਨਾ ਹੋ ਸਕੇ ਅਤੇ ਫੜੇ ਗਏ । ਉਨ੍ਹਾਂ ਵਿਚੋਂ ਇਕ ਮੁੰਡਾ ਆਪਣੀ ਮਾਂ ਦੀ ਇਕਲੌਤੀ ਔਲਾਦ ਹੀ ਸੀ ਅਤੇ ਉਸ ਦੇ ਪਿਉ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ । ਘਰ ਵਿੱਚ ਇਕੱਲੀ ਮਾਂ ਦਾ ਗੁਜ਼ਾਰਾ ਉਸ ਦੀ ਕਮਾਈ 'ਤੇ ਹੀ ਨਿਰਭਰ ਸੀ । ਮੁੰਡਿਆਂ ਦੀ ਹਾਲਤ ਤਰਸਯੋਗ ਸੀ ਕਿਉਂਕਿ ਉਨ੍ਹਾਂ 'ਤੇ ਪੋਕਸੋ ਅਤੇ ਬਲਾਤਕਾਰ ਵਰਗੀਆਂ  ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਹੋ ਚੁੱਕਿਆ ਸੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਗੁਜ਼ਾਰਨਾ ਪੈਣਾ ਸੀ ।

 ਕੁੜੀਆਂ ਭਾਵੇਂ ਜਨਮ ਸਬੂਤਾਂ ਤੋਂ ਨਾਬਾਲਗ ਸਨ ਅਤੇ ਬਾਲਗ ਹੋਣ ਦੇ ਨੇੜੇ ਹੀ ਸਨ ਪਰ ਗੱਲਾਂ ਵਿੱਚ ਸਾਨੂੰ ਵਾਰੇ ਨਹੀਂ ਸਨ ਆਉਣ ਦੇ ਰਹੀਆਂ। ਸੁਭਾਅ ਦੀਆਂ ਗੁਸੈਲੀਆਂ ਸਾਨੂੰ ਵਾਰ-ਵਾਰ ਧਮਕੀਆਂ ਦੇ ਰਹੀਆਂ ਸਨ । ਅਸੀਂ ਬੜੀ ਮੁਸ਼ਕਲ ਨਾਲ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਾਂ । 

ਕੁੜੀਆਂ ਸਾਡੇ ਸਾਹਮਣੇ ਵੀ ਮੁੰਡਿਆਂ ਨਾਲ ਗ਼ੈਰ ਮਿਆਰੀ ਹਰਕਤਾਂ ਤੋਂ ਬਾਜ਼ ਨਹੀਂ ਸਨ ਆ ਰਹੀਆਂ । ਉਨ੍ਹਾਂ ਨਾਲ ਹੀ ਇਕੱਠੇ ਰਹਿਣ ਤੋਂ ਬਜ਼ਿੱਦ ਸਨ । ਉਹ ਆਪਣੇ ਮਾਪਿਆਂ ਨਾਲ ਜਾਣ ਤੋਂ ਸ਼ਰ੍ਹੇਆਮ ਇਨਕਾਰੀ ਸਨ ਅਤੇ ਆਪਣੇ ਮਾਪਿਆਂ 'ਤੇ ਵੀ ਕੋਝੀਆਂ ਤੁਹਮਤਾਂ ਲਗਾ ਰਹੀਆਂ ਸਨ। ਉਨ੍ਹਾਂ ਦੇ ਸਿਰ 'ਤੇ ਅਜੀਬ ਹੀ ਭੂਤ ਸਵਾਰ ਸੀ । ਉਨ੍ਹਾਂ ਦੀ ਬੇਹੁਦਾ ਸ਼ਬਦਾਵਲੀ ਸੁਣ ਕੇ ਅਸੀਂ ਸਾਰੇ ਹੈਰਾਨ ਸਾਂ ਜੋ ਹਰ ਸੁਣਨ ਵਾਲੇ ਨੂੰ ਸਮਾਜ ਵਿੱਚ ਚੱਲ ਰਹੇ ਅਜਿਹੇ ਵਰਤਾਰੇ ਬਾਰੇ ਸੋਚਣ ਲਈ ਮਜਬੂਰ ਕਰ ਸਕਦੀ ਸੀ । 

ਮੈਂ ਮਨ ਨਾਲ ਵਿਚਾਰ ਕੀਤਾ ਕਿ ਜੇਕਰ ਇਹ ਤਿੰਨੋਂ ਇਕੱਠਿਆਂ ਰਹਿਣਗੀਆਂ ਤਾਂ ਨਤੀਜੇ ਘਾਤਕ ਨਿਕਲਣਗੇ । ਇਹ ਸੋਚ ਕੇ ਸਭ ਤੋਂ ਨਿੱਕੀ ਕੁੜੀ ਨੂੰ ਝੂਠ ਸੱਚ ਬੋਲ ਕੇ ਤੇ ਮਾੜਾ ਮੋਟਾ ਸਮਝਾ ਕੇ ਮਾਪਿਆਂ ਨਾਲ ਘਰ ਜਾਣ ਲਈ ਰਾਜ਼ੀ ਕਰ ਲਿਆ ਅਤੇ ਵੱਡੀਆਂ ਦੋਵਾਂ ਦੇ ਨਾਰੀ ਨਿਕੇਤਨ ਹੋਮ ਦੇ ਹੁਕਮ ਕਰ ਦਿੱਤੇ । 

ਸਾਰੇ ਮਸਲੇ ਨੂੰ ਸੁਲਝਾਉਂਦਿਆਂ ਰਾਤ ਦਾ ਇੱਕ ਵੱਜ ਚੁੱਕਿਆ ਸੀ। ਮੈਂ ਸੋਚਾਂ ਦੇ ਡੂੰਘੇ ਵਹਿਣ ਵਿੱਚ ਡੁੱਬ ਚੁੱਕਿਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੁੰਡਿਆਂ ਨੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ  ਜਾਂ ਫਿਰ ਕੁੜੀਆਂ ਨੇ ਮੁੰਡਿਆਂ ਦੀ। ਇਹੀ ਸੋਚਦਿਆਂ ਯੱਖ ਠੰਢੀ ਅੱਧੀ ਰਾਤੀਂ ਸੁੰਨਸਾਨ ਸੜਕਾਂ 'ਤੇ ਗੱਡੀ ਵਿਚ ਘਰ ਪਰਤਦਿਆਂ ਜਦੋਂ ਸਪੀਕਰ ਆਨ ਕੀਤਾ ਤਾਂ ਕਾਰ ਵਿੱਚ ਗੁਰਦਾਸ ਮਾਨ ਦਾ ਗੀਤ ਚੱਲ ਰਿਹਾ ਸੀ "ਤੂੰ ਵੀ ਬਦਲ ਜਾ ਯਾਰ ਜ਼ਮਾਨਾ ਬਦਲ ਗਿਆ"।

ਐਡਵੋਕੇਟ ਗਗਨਦੀਪ ਸਿੰਘ ਗੁਰਾਇਆ

ਨੋਟ : ਇਹ ਲੇਖਕ ਦੇ ਨਿੱਜੀ ਵਿਚਾਰ ਹਨ।
 


author

Harnek Seechewal

Content Editor

Related News