ਬਦਲਦੇ ਜ਼ਮਾਨੇ ਦੇ ਨਵੇਂ ਰਾਹ ਤੇ ਨਵੀਆਂ ਚੁਣੌਤੀਆਂ

02/22/2023 6:27:27 PM

ਰੋਟੀ, ਕੱਪੜਾ ਅਤੇ ਮਕਾਨ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਹਨ ਅਤੇ ਇਨਸਾਨ ਇਸੇ ਜੱਦੋ ਜਹਿਦ ਵਿੱਚ ਜੁਟਿਆ ਰਹਿੰਦਾ ਹੈ ਕੇ ਆਪਣੀਆਂ ਇਹਨਾਂ ਲੋੜਾਂ ਦੀ ਪੂਰਤੀ ਕਿਵੇਂ ਕੀਤੀ ਜਾਵੇ।  ਜਿਸ ਤਰ੍ਹਾਂ ਖਾਣਿਆਂ ਵਿੱਚ ਨਵੀਆਂ-ਨਵੀਆਂ ਰੈਸਪੀਆਂ, ਕੱਪੜਿਆਂ ਵਿੱਚ ਨਵੇਂ-ਨਵੇਂ ਡਿਜ਼ਾਈਨ ਅਤੇ ਰੰਗਾਂ ਨੇ ਜਨਮ ਲਿਆ, ਉਸੇ ਤਰ੍ਹਾਂ ਹੀ ਸਾਦੇ ਘਰਾਂ ਤੋਂ ਕੋਠੀਆਂ ਅਤੇ ਕੋਠੀਆਂ ਤੋਂ ਆਲੀਸ਼ਾਨ ਕੋਠੀਆਂ ਨੇ ਰੂਪ ਧਾਰਿਆ। ਅਜੋਕੇ ਸਮੇਂ ਵਿੱਚ ਇਹ ਵੀ ਇੱਕ ਸਟੇਟਸ ਸਿੰਬਲ ਹੋ ਗਿਆ ਹੈ ਕਿ ਕੋਠੀ ਹੋਵੇ ਅਤੇ ਹੋਵੇ ਵੀ ਸਭਨਾਂ ਤੋਂ ਸੁੰਦਰ ਦਿੱਖ ਵਾਲੀ। ਅਸੀਂ ਲੋਕ ਆਪਣੀ ਕਮਾਈ ਦਾ ਵੱਡਾ ਹਿੱਸਾ ਘਰ ਦੀ ਦਿੱਖ ਦਿਖਾਵਟ, ਵੱਖਰੇ ਅਤੇ ਸੋਹਣੇਪਨ ਉੱਤੇ ਖ਼ਰਚ ਕਰਦੇ ਹਾਂ, ਸ਼ਾਇਦ ਇਹ ਵੀ ਮਨ ਦੇ ਸਕੂਨ ਦਾ ਇੱਕ ਕਾਰਨ ਬਣ ਗਿਆ ਹੈ।

 ਪਹਿਲਾਂ ਲੋਕ ਕੱਚੇ ਘਰਾਂ ਵਿੱਚ ਰਹਿੰਦੇ ਸਨ, ਸਮੇਂ ਦੀ ਕਰਵਟ ਨਾਲ ਸੀਮਿੰਟ ਅਤੇ ਇੱਟਾਂ ਨੇ ਰਾਜ਼ ਕੀਤਾ ਅਤੇ ਫਿਰ ਹੌਲੀ-ਹੌਲੀ ਨਵੇਂ-ਨਵੇਂ ਨਕਸ਼ਿਆਂ ਅਤੇ ਡਿਜ਼ਾਈਨਾਂ ਨੇ। ਸਿੱਧੇ ਸਾਧੇ ਲੋਕਾਂ ਦੇ ਘਰ ਵੀ ਸਿੱਧੇ ਸਾਧੇ ਹੁੰਦੇ ਸਨ। ਉਸ ਸਮੇਂ ਪਖਾਨੇ ਨੂੰ ਘਰ ਦੇ ਬਾਹਰ ਵੱਲ ਬਣਾਇਆ ਜਾਂਦਾ ਸੀ, ਪਰ  ਨਿੱਜਤਾ ਅਤੇ ਸੁਖਾਲੇਪਨ ਨੇ ਪਖਾਨਿਆਂ ਨੂੰ ਕਮਰਿਆਂ ਨਾਲ ਜੋੜ ਦਿੱਤਾ। ਇਸ ਨੂੰ ਬਦਲਣ ਦਾ ਇੱਕ ਕਾਰਨ ਇਹ ਵੀ ਸੀ ਕਿ ਪਹਿਲਾਂ ਲੋਕ ਛੱਤਾਂ ਜਾਂ ਵਿਹੜਿਆਂ ਵਿੱਚ ਮੰਜੇ ਡਾਹ ਕੇ ਸੌਂਦੇ ਸਨ ਪਰ ਹੁਣ ਏਅਰ ਕੰਡੀਸ਼ਨ ਅਤੇ ਹੀਟਰਾਂ ਦੀ ਵਰਤੋਂ । 

ਅੱਜ ਦੇ ਸਮੇਂ ਵਿੱਚ ਹਰ ਕੋਈ ਨਿੱਜਤਾ ਦੀ ਮੰਗ ਕਰਦਾ ਹੈ, ਬਲਕਿ ਛੋਟੇ-ਛੋਟੇ ਬੱਚੇ ਵੀ ਆਪਣੇ ਅਲੱਗ ਕਮਰਿਆਂ ਦੀ ਮੰਗ ਕਰਦੇ ਹਨ। ਜਦਕਿ ਪੁਰਾਣੇ ਸਮਿਆਂ ਵਿੱਚ ਸੰਯੁਕਤ ਪਰਿਵਾਰ ਸੁਭਾਤਾਂ ਵਿੱਚ ਤਰਤੀਬਵਾਰ ਮੰਜੇ ਡਾਹ ਕੇ ਜਾਂ ਛੱਤ ਉੱਤੇ ਮੰਜੇ ਡਾਹ ਕੇ ਸੌਂਦੇ ਸਨ, ਹੌਲੀ-ਹੌਲੀ ਬੈੱਡ ਅਤੇ ਨਰਮ ਗੱਦਿਆਂ ਨੇ ਸਾਨੂੰ ਕਮਰਿਆਂ ਨਾਲ ਬੰਨ੍ਹ ਲਿਆ।

ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਘਰ ਦਾ ਨਕਸ਼ਾ ਵੱਖਰਾ  ਅਤੇ ਜਗ੍ਹਾ ਦੇ ਹਿਸਾਬ  ਨਾਲ ਵਧੀਆ ਹੋਵੇ ਪਰ ਜਿਵੇਂ ਕੇ ਅਸੀਂ ਭਲੀ ਭਾਂਤਿ ਜਾਣਦੇ ਹਾਂ ਕਿ ਹਰ ਇਨਸਾਨ ਹਰ ਕਲਾ ਵਿੱਚ ਨਿਪੁੰਨ ਨਹੀਂ ਹੋ ਸਕਦਾ, ਇਸ ਲਈ ਸਮੇਂ ਦੀ ਮੰਗ ਨੇ ਜਨਮ ਦਿੱਤਾ ਆਰਕੀਟੈਕਟ ਅਤੇ ਇੰਟੀਰੀਅਰ ਡਿਜ਼ਾਈਨਰਾਂ ਨੂੰ, ਜਿਨ੍ਹਾਂ ਨੇ ਇਸ ਖੇਤਰ ਵਿੱਚ ਡਿਗਰੀਆਂ ਹਾਸਿਲ ਕਰਕੇ ਅਤੇ ਆਪਣੀ  ਰਚਨਾਤਮਕਤਾ ਦੀ ਮਦਦ ਨਾਲ, ਜਗ੍ਹਾ ਨੂੰ ਦੇਖ ਕੇ, ਉਸਦੇ ਹਾਲਾਤ ਦੇ ਅਨੁਸਾਰ ਨਕਸ਼ੇ ਬਣਾ ਕੇ ਅਤੇ ਸਹੂਲਤਾਂ ਪ੍ਰਦਾਨ ਕਰਕੇ ਲੋਕਾਂ ਦੇ ਜੀਵਨ ਨੂੰ ਹੋਰ ਵੀ ਆਰਾਮਦਾਇਕ ਕੀਤਾ। ਦਿਨ ਭਰ ਦੀ ਦੌੜ ਭੱਜ ਤੋਂ ਬਾਅਦ ਹਰ ਕੋਈ ਚਾਹੁੰਦਾ ਹੈ ਕਿ ਘਰ ਆ ਕਿ ਆਰਾਮ ਕਰੇ ਅਤੇ ਆਪਣੀ ਥਕਾਨ ਦੂਰ ਕਰੇ ਪਰ ਜੇਕਰ ਇਨਸਾਨ ਦਾ ਘਰ  ਬਦਬੂਦਾਰ, ਹਵਾ ਦੀ ਨਿਕਾਸੀ ਅਤੇ ਹਵਾਦਾਰ ਨਾ ਹੋਵੇ, ਰੌਸ਼ਨੀ ਦਾ ਆਗਮਨ ਨਾ ਹੋਵੇ ਤਾਂ ਇਨਸਾਨ ਚਾਹ ਕਿ ਵੀ ਆਰਾਮ ਨਹੀਂ ਕਰ ਸਕਦਾ।

ਪਹਿਲਾਂ ਲੋਕ ਮਿਸਤਰੀ ਉੱਪਰ ਨਿਰਭਰ ਹੁੰਦੇ ਸਨ, ਜਿਸ ਤਰ੍ਹਾਂ ਮਿਸਤਰੀ ਘਰ ਬਣਾ ਦਿੰਦੇ ਸਨ, ਓਸੇ ਤਰਾਂ ਚੁੱਪ ਕਰਨਾ ਪੈਂਦਾ ਸੀ ਪਰ ਆਰਕੀਟੈਕਟਾਂ ਦੀ ਮਦਦ ਨਾਲ ਸਭ ਸਮੱਸਿਆਂਵਾਂ ਦਾ ਹੱਲ ਹੋਇਆ ਅਤੇ ਲੋਕਾਂ ਨੂੰ ਆਰਾਮਦਾਇਕ ਜੀਵਨ ਮਿਲਿਆ। ਜਿਵੇਂ ਕਿ ਮੇਰੇ ਇੱਕ ਸੱਜਣ ਨੇ ਘਰ ਨੂੰ ਸੋਹਣੀ ਦਿੱਖ ਦੇਣ ਲਈ ਸਾਰੇ ਘਰ ਦੇ ਬਾਹਰਲੇ ਪਾਸੇ ਟਾਈਲ ਲਗਵਾ ਦਿੱਤੀ ਅਤੇ ਸਾਰੀ ਹੀ ਟਾਈਲ ਇੱਕ ਤਰ੍ਹਾਂ ਦੀ ਸੀ। ਸਾਰਾ ਕੰਮ ਹੋ ਜਾਣ ਤੋਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਖ਼ਰਚ ਵੀ ਉਨਾ ਹੀ ਕੀਤਾ ਅਤੇ ਸੋਹਣਾ ਵੀ ਨਹੀਂ ਲੱਗ ਰਿਹਾ। ਜੇਕਰ ਉਸੇ ਹੀ ਟਾਈਲ ਨੂੰ ਡਿਜ਼ਾਈਨਦਾਰ ਅਤੇ ਸੋਹਣੇ ਤਰੀਕੇ ਨਾਲ ਲਗਾਇਆ ਜਾਂਦਾ ਤਾਂ ਸੰਤੁਸ਼ਟੀ ਹੋਣੀ ਸੀ। ਇਸੇ ਤਰ੍ਹਾਂ ਹੀ ਆਰਕੀਟੈਕਟਾਂ ਦੁਆਰਾ ਕੀਤੇ ਹੋਏ ਨਿਰੀਖਣ ਅਤੇ ਸੂਝ ਬੂਝ ਨਾਲ ਇੱਟਾਂ, ਮਟੀਰੀਅਲ, ਪਾਈਪਾਂ ਦੀ ਲਾਗਤ ਵੀ ਲੋੜ ਅਨੁਸਾਰ ਹੀ ਹੁੰਦੀ ਹੈ, ਕਿਸ ਕੰਧ ਨੂੰ ਸਾਢੇ ਚਾਰ ਇੰਚ ਜਾ ਕਿਸਨੂੰ ਨੌਂ ਇੰਚ ਰੱਖਣਾ ਹੈ ਅਤੇ ਕਿਸ ਤਰ੍ਹਾਂ ਪਾਈਪਾਂ ਨੂੰ ਪਾਇਆ ਜਾਵੇ ਅਤੇ ਬਿਜਲੀ ਦੇ ਸਵਿਚ ਕਿਵੇਂ ਅਤੇ ਕਿੱਥੇ ਦਿੱਤੇ ਜਾਣ, ਇਸ ਨਾਲ ਬੇਲੋੜੇ ਖ਼ਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ। ਹਰ ਕੋਈ ਜਾਣਦਾ ਹੈ ਕਿ ਅੱਜ ਦੇ ਸਮੇਂ ਵਿੱਚ ਪੈਸਾ ਕਮਾਉਣਾ ਬਹੁਤ ਔਖਾ ਹੈ ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਹਨਾਂ ਦਾ ਪੈਸਾ ਵਿਅਰਥ ਜਾਂ ਫਜ਼ੂਲ ਖਰਚ ਹੋਵੇ।
                                                                                           
ਪੁਸ਼ਪਿੰਦਰ ਜੀਤ ਸਿੰਘ ਭਲੂਰੀਆ


Harnek Seechewal

Content Editor

Related News