ਨਾਵਲ ਕੌਰਵ ਸਭਾ : ਕਾਂਡ- 10

09/13/2020 6:27:52 PM

ਸਵੇਰੇ ਨਸ਼ਾ ਉਤਰਣ ਤੋਂ ਪਹਿਲਾਂ ਪੁਲਸ ਨੇ ਠੇਕੇਦਾਰ ਨੂੰ ਆ ਦਬੋਚਿਆ। ਪਹਿਲਾਂ ਰਾਮ ਲੁਭਾਇਆ ਨੂੰ ਲੱਗਾ ਉਹ ਸੁਪਨਾ ਦੇਖ ਰਿਹਾ ਹੈ। ਨਸ਼ੇ ਅਤੇ ਨੀਂਦ ਦੀ ਲੋਰ ਵਿੱਚ ਉਸਨੂੰ ਕਈ ਵਾਰ ਪੁਲਸ ਆਪਣੇ ਘਰ ਛਾਪੇ ਮਾਰਦੀ ਨਜ਼ਰ ਆਈ ਸੀ। ਮਾਰ ਤੋਂ ਡਰਦਾ ਜਦੋਂ ਉਹ ਤ੍ਰਭਕਦਾ ਸੀ ਤਾਂ ਉਸਦੀ ਅੱਖ ਖੁੱਲ੍ਹ ਜਾਂਦੀ ਸੀ ਅਤੇ ਉਹ ਸੁਖ ਦਾ ਸਾਹ ਲੈਂਦਾ ਸੀ।

ਇਸ ਵਾਰ ਜਦੋਂ ਡਾਂਗਾਂ ਤਾੜ-ਤਾੜ ਉਸਦੇ ਮੌਰਾਂ ਵਿੱਚ ਪੈਣ ਲੱਗੀਆਂ ਅਤੇ ਸਾਰੇ ਸਰੀਰ ਵਿਚੋਂ ਸੇਕ ਨਿਕਲਣ ਲੱਗਾ ਫੇਰ ਉਸਨੂੰ ਅਹਿਸਾਸ ਹੋਇਆ ਇਹ ਸੁਪਨਾ ਨਹੀਂ ਹਕੀਕਤ ਸੀ।

ਡੌਰ-ਭੌਰ ਹੋਈ ਪਤਨੀ ਅਤੇ ਡਰੇ ਸਹਿਮੇ ਬੱਚੇ ਰਾਮ ਲੁਭਾਇਆ ਅਤੇ ਪੈਂਦੀ ਕੁੱਟ, ਸਬਰ ਦਾ ਘੁੱਟ ਭਰਦੇ ਦੇਖਦੇ ਰਹੇ। ਕੁੱਝ ਪੁਲਸੀਏ ਘਰ ਦੀ ਤਲਾਸ਼ੀ ਲੈਣ ਲੱਗੇ। ਸਾਰਾ ਸਮਾਨ ਇਧਰ-ਉਧਰ ਸੁੱਟਣ ਲੱਗੇ।

ਭਈਆਂ ਦੀਆਂ ਬਸਤੀਆਂ ਵਿੱਚ ਮੂੰਹ-ਹਨੇਰੇ ਪੁਲਸ ਦੇ ਛਾਪੇ ਕੋਈ ਨਵੀਂ ਗੱਲ ਨਹੀਂ ਸੀ। ਘਰਾਂ ਦੀਆਂ ਤਲਾਸ਼ੀਆਂ ਦੌਰਾਨ ਮਿਲੇ ਕੀਮਤੀ ਸਮਾਨ ਦਾ ਜ਼ਬਤ ਹੋ ਜਾਣਾ ਵੀ ਕੋਈ ਅਣਹੋਣੀ ਗੱਲ ਨਹੀਂ ਸੀ। ਇਸ ਵਾਰ ਵਿਲੱਖਣ ਗੱਲ ਇਹ ਸੀ ਮਾਰ-ਕੁਟਾਰੀ ਅਤੇ ਤਲਾਸ਼ੀ ਕਿਸੇ ਆਮ ਭਈਏ ਦੀ ਨਹੀਂ, ਸਗੋਂ ਠੇਕੇਦਾਰ ਦੀ ਹੋ ਰਹੀ ਸੀ।

“ਲਿਆ ਬਈ ਰਾਤ ਵਾਲਾ ਮਾਲ ਲਿਆ? ਕਿੱਥੇ ਹੈ ਕੈਸ਼ ਅਤੇ ਗਹਿਣੇ? ਬਾਕੀ ਦੇ ਸਾਥੀ ਕਿਥੇ ਲਕੋਏ ਨੇ?”

“ਕੌਣ ਸਾ ਪੈਸਾ? ਕੌਣ ਸੇ ਬੰਦੇ?” ਕਰੜਾ ਹੱਡ ਹੋਣ ਕਾਰਨ ਰਾਮ ਲੁਭਾਇਆ ਮਾਰ ਝੱਲ ਰਿਹਾ ਸੀ”

ਰਾਮ ਲੁਭਾਇਆ ਦੀ ਪਤਨੀ ਤੋਂ ਪਤੀ ਤੇ ਪੈਂਦੀ ਮਾਰ ਝੱਲ ਨਾ ਹੋਈ। ਉਸਨੇ ਆਪਣੇ ਨਾਲੇ ਨਾਲ ਬੰਨ੍ਹੀ ਟਰੰਕ ਦੀ ਚਾਬੀ ਨਾਲੇ ਨਾਲੋਂ ਖੋਲ੍ਹ ਕੇ ਹੌਲਦਾਰ ਅੱਗੇ ਸੁੱਟ ਦਿੱਤੀ। ਉਹ ਆਪ ਟਰੰਕ ਦੀ ਤਲਾਸ਼ੀ ਲੈ ਲਏ।ਪਤਨੀ ਦਾ ਖਿਆਲ ਸੀ ਟਰੰਕ ਵਿੱਚ ਦੋ ਤਿੰਨ ਹਜ਼ਾਰ ਰੁਪਏ ਹੋਣਗੇ। ਉਹ ਲੈ ਕੇ ਪੁਲਿਸ ਟਲ ਜਾਏਗੀ।

ਇੱਕ ਸਿਪਾਹੀ ਨੇ ਟਰੰਕ ਵਿਹੜੇ ਵਿੱਚ ਚੁੱਕ ਲਿਆਂਦਾ। ਸਭ ਦੇ ਸਾਹਮਣੇ ਜਿੰਦਰਾ ਖੋਲ੍ਹਿਆ। ਅੰਦਰੋਂ ਬਰਾਮਦ ਹੋਇਆ ਸਮਾਨ ਦੇਖਕੇ ਸਭ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਸੱਤਰ ਹਜ਼ਾਰ ਦੀ ਨਕਦੀ ਦੇ ਨਾਲ-ਨਾਲ ਦੋ ਕੀਮਤੀ ਸਾੜ੍ਹੀਆਂ ਅਤੇ ਇੱਕ ਸੋਨੇ ਦਾ ਨਿੱਗਰ ਹਾਰ ਟਰੰਕ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ।

ਨਕਦੀ ਠੇਕੇਦਾਰ ਦੀ ਹੋ ਸਕਦੀ ਸੀ। ਸਾੜ੍ਹੀਆਂ ਅਤੇ ਸੋਨੇ ਦਾ ਹਾਰ ਪਾਉਣ ਦੇ ਯੋਗ ਤੇ ਨਹੀਂ ਸੀ ਭਈਆ ਰਾਣੀ। ਸਾੜ੍ਹੀਆਂ ਅਤੇ ਹਾਰ ਦੀ ਬਰਾਮਦਗੀ ਤੇ ਪੁਲਸ ਵਾਲੇ ਝੂਮ ਉੱਠੇ। ਘਟਨਾ ਦੀ ਪਹਿਲੀ ਲੜੀ, ਪਹਿਲਾ ਠੋਸ ਸਬੂਤ ਉਨ੍ਹਾਂ ਦੇ ਹੱਥ ਲੱਗ ਚੁੱਕਾ ਸੀ। ਕੜੀ ਨਾਲ ਕੜੀ ਜੋੜਨਾ ਹੁਣ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਸੀ।

ਮੌਕੇ ਤੋਂ ਮਿਲੀ ਸਫ਼ਲਤਾ ਦੀ ਸੂਚਨਾ ਕਪਤਾਨ ਨੂੰ ਦਿੱਤੀ। ਅਗਲੀ ਕਾਰਵਾਈ ਲਈ ਰਹਿਨੁਮਾਈ ਮੰਗੀ ਗਈ। ਕਪਤਾਨ ਦੀ ਹਦਾਇਤ ਉਪਰ ਉਸਦੇ ਘਰ ਦੀ ਮੁਕੰਮਲ ਤਲਾਸ਼ੀ ਲਈ ਗਈ। ਹਿਸਾਬ-ਕਿਤਾਬ ਵਾਲੀਆਂ ਕਾਪੀਆਂ, ਜੇਬ-ਡਾਇਰੀ, ਬੈਗ, ਲੋਕਾਂ ਦੇ ਵਿਜ਼ਟਿੰਗ ਕਾਰਡ ਸਭ ਕਬਜ਼ੇ ਵਿੱਚ ਲੈ ਲਏ ਗਏ।

ਉਸਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ‘ਕਪਤਾਨ ਦੇ ਮੌਕਾ ਦੇਖਣ ਤਕ ਕੋਈ ਕਿਸੇ ਚੀਜ਼ ਨੂੰ ਹੱਥ ਨਾ ਲਾਵੇ।’ ਇਹ ਹੁਕਮ ਝਾੜਿਆ ਗਿਆ। ਠੇਕੇਦਾਰ ਅਤੇ ਬਰਾਮਦ ਹੋਏ ਸਾਮਾਨ ਨੂੰ ਕਪਤਾਨ ਅੱਗੇ ਪੇਸ਼ ਕੀਤਾ ਗਿਆ।

ਕਪਤਾਨ ਨੇ ਹਿਸਾਬ-ਕਿਤਾਬ ਵਾਲੀਆਂ ਕਾਪੀਆਂ ਫਰੋਲ ਕੇ ਉਨ੍ਹਾਂ ਸਾਰੇ ਬੰਦਿਆਂ ਦੀ ਲਿਸਟ ਬਣਾਈ ਜਿਨ੍ਹਾਂ ਨਾਲ ਠੇਕੇਦਾਰ ਦਾ ਲੈਣ-ਦੇਣ ਸੀ। ਵੇਦ ਕੋਠੀਆਂ, ਦੁਕਾਨਾਂ ਲੈਣ-ਦੇਣ ਦਾ ਕੰਮ ਕਰਦਾ ਸੀ। ਛੋਟੀ-ਮੋਟੀ ਮੁਰੰਮਤ ਲਈ ਉਸਨੂੰ ਮਿਸਤਰੀ ਮਜ਼ਦੂਰਾਂ ਦੀ ਲੋੜ ਪੈਂਦੀ ਸੀ। ਰਾਮ ਲੁਭਾਇਆ ਦੀ ਉਸ ਨਾਲ ਕੋਈ ਕੜੀ ਜੁੜੀ ਹੋ ਸਕਦੀ ਸੀ।

ਠੇਕੇਦਾਰ ਦੀ ਡਾਇਰੀ ਵਿੱਚ ਦਰਜ ਫ਼ੋਨ ਨੰਬਰਾਂ ਦੇ ਮਾਲਕਾਂ ਦੇ ਵੇਰਵੇ ਇਕੱਠੇ ਕੀਤੇ ਗਏ। ਉਨ੍ਹਾਂ ਵਿਚੋਂ ਇੱਕ ਨੰਬਰ ਪੰਕਜ ਦੇ ਮੋਬਾਈਲ ਫ਼ੋਨ ਦਾ ਵੀ ਸੀ।ਪੁਲਸ ਕਪਤਾਨ ਨੇ ਮੁੱਖ ਅਫ਼ਸਰ ਵੱਲੋਂ ਇਸ ਮੁਕੱਦਮੇ ਸੰਬੰਧੀ ਤਿਆਰ ਕੀਤੀ ਰਿਪੋਰਟ ਉਪਰ ਪਹਿਲਾਂ ਸਰਸਰੀ ਨਜ਼ਰ ਮਾਰੀ ਸੀ। ਪਰਚੇ ਵਿੱਚ ਭਾਵੇਂ ਮੁਦਈ ਨੇ ਕਿਸੇ ਤੇ ਸ਼ੱਕ ਜ਼ਾਹਿਰ ਨਹੀਂ ਸੀ ਕੀਤਾ। ਵੈਸੇ ਰਾਮ ਨਾਥ ਨੇ ਵੇਦ ਪਰਿਵਾਰ ਨੂੰ ਪੰਕਜ ਤੋਂ ਮਿਲਦੀਆਂ ਧਮਕੀਆਂ ਦਾ ਜ਼ਿਕਰ ਕੀਤਾ ਸੀ। ਪੰਕਜ ਦਾ ਨਾਂ ‘ਸ਼ੱਕੀ ਬੰਦਿਆਂ’ ਵਿੱਚ ਬੋਲਦਾ ਸੀ।

ਪੁਲਸ ਕਪਤਾਨ ਨੇ ਇੱਕ ਵਾਰ ਫੇਰ ਰਿਪੋਰਟ ਤੇ ਨਜ਼ਰ ਮਾਰੀ। ਇਸ ਵਾਰ ਪੂਰੀ ਡੂੰਘਾਈ ਨਾਲ। ਫੇਰ ਠੇਕੇਦਾਰ ਦੇ ਬੈਗ ਵਿਚੋਂ ਮਿਲੇ ਵਿਜ਼ਟਿੰਗ ਕਾਰਡਾਂ ਦੀ ਘੋਖ ਹੋਈ। ਉਨ੍ਹਾਂ ਵਿਚੋਂ ਇੱਕ ਪੰਕਜ ਦਾ ਸੀ।

ਪੰਕਜ ਅਤੇ ਠੇਕੇਦਾਰ ਵਿਚਕਾਰ ਸਥਾਪਤ ਹੋਈ ਇਸ ਦੂਜੀ ਕੜੀ ਨੇ ਕਪਤਾਨ ਲਈ ਅਗਲਾ ਰਸਤਾ ਖੋਲ੍ਹ ਦਿੱਤਾ। ਪੰਕਜ ਦੇ ਪਿਛੋਕੜ, ਉਸ ਦੇ ਕਾਰੋਬਾਰ, ਫੈਕਟਰੀਆਂ ਵਿੱਚ ਬਣਦੇ ਪੁਰਜ਼ਿਆਂ, ਕੰਮ ਕਰਦੇ ਮਜ਼ਦੂਰਾਂ ਦੀ ਗਿਣਤੀ, ਸਭ ਪਹਿਲੂਆਂ ਤੇ ਵਿਸਤਰਤ ਜਾਣਕਾਰੀ ਹਾਸਲ ਕੀਤੀ ਗਈ।

ਕਪਤਾਨ ਨੂੰ ਰਾਮ ਨਾਥ ਦਾ ਪੰਕਜ ਹੋਰਾਂ ਉਪਰ ਕੀਤਾ ਸ਼ੱਕ ਸੱਚ ਵਿੱਚ ਬਦਲਦਾ ਨਜ਼ਰ ਆਉਣ ਲੱਗਾ। ਪੰਕਜ ਸ਼ਹਿਰ ਦੇ ਗਿਣੇ-ਚੁਣੇ ਸ਼ਹਿਰੀਆਂ ਵਿਚੋਂ ਇੱਕ ਸੀ। ਬਿਨਾਂ ਠੋਸ ਸਬੂਤ ਤੋਂ ਉਸ ਨੂੰ ਹੱਥ ਪਾਉਣਾ ਖ਼ਤਰੇ ਤੋਂ ਖਾਲੀ ਨਹੀਂ ਸੀ।

ਥਾਣੇ ਦੇ ਮੁੱਖ ਅਫ਼ਸਰ ਉਪਰ ਕਪਤਾਨ ਨੂੰ ਬਹੁਤਾ ਭਰੋਸਾ ਨਹੀਂ ਸੀ। ਉਹ ਮੁਲਜ਼ਮਾਂ ਕੋਲ ਮੁਖ਼ਬਰੀ ਕਰਕੇ ਖੇਡ ਵਿਗਾੜ ਸਕਦਾ ਸੀ।

ਇਸ ਤਫ਼ਤੀਸ਼ ਵਿੱਚ ਖੁਫ਼ੀਆ ਵਿਭਾਗ ਕਪਤਾਨ ਨੂੰ ਸਭ ਤੋਂ ਵੱਧ ਸਹਿਯੋਗ ਦੇ ਰਿਹਾ ਸੀ। ਇੱਕ ਵਾਰ ਫੇਰ ਇਸ ਵਿਭਾਗ ਦੀ ਪਿੱਠ ਥਾਪੜੀ ਗਈ।

ਠੇਕੇਦਾਰ ਨੇ ਪੰਕਜ ਲਈ ਕੀ-ਕੀ ਕੰਮ ਕੀਤੇ? ਉਸ ਦੀ ਕਿਸੇ ਕੋਠੀ ਜਾਂ ਫੈਕਟਰੀ ਦੀ ਉਸਾਰੀ ਉਸ ਰਾਹੀਂ ਹੋਈ? ਕਦੇ ਉਨ੍ਹਾਂ ਲਈ ਠੇਕੇਦਾਰ ਨੇ ਮਜ਼ਦੂਰ ਭਰਤੀ ਕਰਕੇ ਦਿੱਤੇ? ਜੇ ਪੰਕਜ ਦਾ ਫ਼ੋਨ ਅਤੇ ਕਾਰਡ ਠੇਕੇਦਾਰ ਕੋਲ ਸੀ ਤਾਂ ਉਨ੍ਹਾਂ ਦਾ ਕੋਈ ਨਾ ਕੋਈ ਸੰਬੰਧ ਜ਼ਰੂਰ ਸੀ। ਇਹ ਕੀ ਸੰਬੰਧ ਸੀ? ਕਪਤਾਨ ਨੂੰ ਇਸਦੀ ਜਾਣਕਾਰੀ ਚਾਹੀਦੀ ਸੀ।

ਪ੍ਰਤੱਖ ਤੌਰ ’ਤੇ ਠੇਕੇਦਾਰ ਨੇ ਪੰਕਜ ਹੋਰਾਂ ਲਈ ਕੋਈ ਕੰਮ ਨਹੀਂ ਸੀ ਕੀਤਾ। ਪਿਛਲੇ ਸੱਤ ਦਿਨਾਂ ਵਿੱਚ ਦੋ ਵਾਰ ਉਹ ਪੰਕਜ ਦੀ ਫੈਕਟਰੀ ਵਿੱਚ ਗਿਆ ਸੀ। ਦੋਵੇਂ ਸਮੇਂ ਦੋਵੇਂ ਭਰਾ ਫੈਕਟਰੀ ਵਿੱਚ ਹਾਜ਼ਰ ਸਨ। ਠੇਕੇਦਾਰ ਅਤੇ ਮਾਲਕਾਂ ਵਿਚਕਾਰ ਇਕੱਲਿਆਂ ਗੱਲ ਹੋਈ ਸੀ। ਦੂਸਰੀ ਮੁਲਾਕਾਤ ਬਾਅਦ ਠੇਕੇਦਾਰ ਫੈਕਟਰੀ ਵਿਚੋਂ ਦੋ ਰਾਡ ਅਤੇ ਦੋ ਛੋਟੇ ਬੈਗ ਲੈ ਕੇ ਆਇਆ ਸੀ। ਇਸ ਸੰਬੰਧੀ ਇੰਦਰਾਜ ਫੈਕਟਰੀ ਦੇ ਰਿਕਾਰਡ ਵਿੱਚ ਹੋਇਆ ਸੀ।

ਪੁਲਸ ਕਪਤਾਨ ਨਿਸ਼ਾਨੇ ਦੇ ਬਹੁਤ ਨੇੜੇ ਪੁੱਜ ਚੁੱਕਾ ਸੀ। ਵਾਰਦਾਤ ਸਮੇਂ ਦੋਸ਼ੀਆਂ ਨੇ ਦੋ ਰਾਡਾਂ ਦੀ ਵਰਤੋਂ ਕੀਤੀ ਸੀ। ਇੱਕ ਮੌਕੇ ਤੋਂ ਬਰਾਮਦ ਹੋਈ ਸੀ। ਦੂਜੀ ਦੋਸ਼ੀ ਨਾਲ ਲੈ ਗਏ ਸਨ। ਇੱਕ ਬੈਗ ਮੌਕੇ ਵਾਲੀ ਥਾਂ ਤੋਂ ਬਰਾਮਦ ਹੋਇਆ ਸੀ। ਦੂਸਰਾ ਠੇਕੇਦਾਰ ਦੇ ਘਰੋਂ। ਬਸ ਹੁਣ ਇਹੋ ਤਸਦੀਕ ਕਰਨਾ ਬਾਕੀ ਸੀ ਕਿ ਇਹ ਰਾਡ ਅਤੇ ਬੈਗ ਉਹੋ ਸਨ, ਜਿਹੜੇ ਫੈਕਟਰੀਓਂ ਗਏ ਸਨ ਜਾਂ ਹੋਰ?

ਮੌਕੇ ਤੋਂ ਬਰਾਮਦ ਹੋਏ ਮਾਲ ਦਾ ਇੱਕ ਵਾਰ ਫੇਰ ਮੁਆਇਨਾ ਕੀਤਾ ਗਿਆ।

ਮੌਕੇ ਤੋਂ ਬਰਾਮਦ ਹੋਏ ਬੈਗ ਉਪਰ ਪੰਕਜ ਦੀ ਫੈਕਟਰੀ ਦਾ ਨਾਂ ਛਪਿਆ ਹੋਇਆ ਸੀ। ਪੰਕਜ ਅਜਿਹੇ ਬੈਗ ਆਪਣੇ ਮਜ਼ਦੂਰਾਂ ਨੂੰ ਤੋਹਫ਼ੇ ਵਜੋਂ ਦਿੰਦਾ ਸੀ। ਰਾਮ ਲੁਭਾਇਆ ਦੇ ਘਰੋਂ ਬਰਾਮਦ ਹੋਇਆ ਬੈਗ ਇਸਦੇ ਨਾਲ ਦਾ ਸੀ।ਰਾਡ ਉਪਰ

ਖ਼ੂਨ ਅਤੇ ਮਿੱਟੀ ਜੰਮੀ ਹੋਈ ਸੀ। ਰਾਡ ਨੂੰ ਸਾਫ਼ ਕਰਕੇ ਇਨ੍ਹਾਂ ਸਬੂਤਾਂ ਨੂੰ ਮਿਟਾਉਣ ਦਾ ਜ਼ੋਖਮ ਲੈਣ ਦਾ ਤਾਂ ਹੀ ਫ਼ਾਇਦਾ ਸੀ, ਜੇ ਪਹਿਲਾਂ ਇਹ ਪਤਾ ਲੱਗੇ ਕਿ ਪੰਕਜ ਦੀ ਫੈਕਟਰੀ ਵਿੱਚ ਬਣਦੇ ਪੁਰਜ਼ਿਆਂ ਉਪਰ ਕੋਈ ਮਾਰਕਾ ਲਗਦਾ ਸੀ ਜਾਂ ਨਹੀਂ। ਖੁਫ਼ੀਆ ਵਿਭਾਗ ਨੇ ਇਸ ਨੁਕਤੇ ’ਤੇ ਪੜਤਾਲ ਕੀਤੀ।

ਨੀਰਜ ਦੀ ਫੈਕਟਰੀ ਵਿੱਚ ਬਣਦਾ ਸਾਮਾਨ ਉੱਚ-ਕੋਟੀ ਦਾ ਸੀ। ਉਨ੍ਹਾਂ ਦੇ ਪੁਰਜ਼ੇ ਆਮ ਪੁਰਜ਼ਿਆਂ ਨਾਲੋਂ ਮਹਿੰਗੇ ਸਨ। ਆਪਣੀ ਪਹਿਚਾਣ ਬਣਾਉਣ ਲਈ ਉਹ ਆਪਣੇ ਹਰ ਪੁਰਜ਼ੇ ਉਪਰ ਆਪਣਾ ਮਾਰਕਾ ਲਾਉਂਦੇ ਸਨ। ਨਮੂਨੇ ਲਈ ਸੂਹੀਏ ਨੇ ਇੱਕ ਰਾਡ ਬਾਜ਼ਾਰ ਵਿਚੋਂ ਖਰੀਦੀ ਅਤੇ ਲਿਆ ਕੇ ਕਪਤਾਨ ਅੱਗੇ ਰੱਖ ਦਿੱਤੀ।

ਵਿਗਿਆਨਕ ਢੰਗਾਂ ਦੀ ਮਦਦ ਨਾਲ ਰਾਡ ਦਾ ਮੁਆਇਨਾ ਕੀਤਾ ਗਿਆ। ਖ਼ੂਨ ਦੇ ਇੱਕ ਧੱਬੇ ਹੇਠੋਂ ਨੀਰਜ ਦੀ ਫੈਕਟਰੀ ਦਾ ਮਾਰਕਾ ਨਜ਼ਰ ਆ ਰਿਹਾ ਸੀ। ਪੰਕਜ ਅਤੇ ਨੀਰਜ ਦੀ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਚੁੱਕਾ ਸੀ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੰਨੇ ਸਬੂਤ ਕਾਫ਼ੀ ਸਨ।

ਰਾਤ ਦੇਰ ਗਏ ਪੁਲਸ ਕਪਤਾਨ ਨੇ ਪ੍ਰੈਸ-ਕਾਨਫਰੰਸ ਬੁਲਾਈ। ਠੇਕੇਦਾਰ ਅਤੇ ਉਸ ਕੋਲੋਂ ਫੜੇ ਸਮਾਨ ਨੂੰ ਪੱਤਰਕਾਰਾਂ ਅੱਗੇ ਪੇਸ਼ ਕੀਤਾ।ਬਾਕੀ ਦੇ ਦੋਸ਼ੀਆਂ ਦੇ ਸੁਰਾਗ਼ ਮਿਲਣ ਅਤੇ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦੇ ਕੇ ਪੱਤਰਕਾਰਾਂ ਨੂੰ ਵਿਦਾ ਕੀਤਾ।

ਨਾਵਲ ਕੌਰਵ ਸਭਾ ਦੇ ਕਾਂਡ ਦੀ ਕੜੀ ਜਾਰੀ ਹੈ। ਇਸ ਨਾਵਲ ਦੇ ਸਾਰੇ ਕਾਂਡ ਪੜ੍ਹਨ ਲਈ ਤੁਸੀਂ ਹੇਠ ਲਿਖੇ ਲਿੰਕ ਵੀ ਪੜ੍ਹ ਸਕਦੇ ਹੋ

ਨਾਵਲ ਕੌਰਵ ਸਭਾ : ਕਾਂਡ- 9

ਨਾਵਲ ਕੌਰਵ ਸਭਾ : ਕਾਂਡ- 8

ਨਾਵਲ ਕੌਰਵ ਸਭਾ : ਕਾਂਡ- 7


rajwinder kaur

Content Editor

Related News