ਨਾਵਲ ਕੌਰਵ ਸਭਾ : ਕਾਂਡ- 23

01/09/2021 6:12:21 PM

ਚੇਅਰਮੈਨ ਸਾਹਿਬ ਤਿੰਨ ਦਿਨਾਂ ਤੋਂ ਮਾਇਆ ਨਗਰ ਵਿੱਚ ਡੇਰਾ ਲਾਈ ਬੈਠੇ ਸਨ। ਪਾਰਟੀ ਵਰਕਰਾਂ ਦਾ ਕੈਂਪ ਲੱਗਾ ਹੋਇਆ ਸੀ। ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਸਿਰ ਸੀ।
ਚੇਅਰਮੈਨ ਨੇ ਉਨ੍ਹਾਂ ਨੂੰ ਕੈਂਪ ਵਿੱਚ ਬੁਲਾ ਲਿਆ। ਉਨ੍ਹਾਂ ਦੇ ਕੈਂਪ ਤੋਂ ਬਾਹਰ ਜਾਣ ‘ਤੇ ਮਨਾਹੀ ਸੀ। ਉਨ੍ਹਾਂ ਦੇ ਬਾਹਰ ਜਾਣ ਨਾਲ ਪਾਰਟੀ ਅਨੁਸ਼ਾਸਨ ਭੰਗ ਹੁੰਦਾ ਸੀ। ਕੈਂਪ ਦੀ ਕਾਰਵਾਈ ਵਿੱਚ ਵਿਘਨ ਪੈਂਦਾ ਸੀ।
ਚੇਅਰਮੈਨ ਸਾਹਿਬ ਨੇ ਨੀਰਜ ਦੀ ਇੱਕ ਡਿਊਟੀ ਵੀ ਲਾਈ। ਆਉਂਦਾ ਹੋਇਆ ਉਹ ਕੇਡਟਾਂ ਲਈ ਦੋ ਪੇਟੀਆਂ ਸੇਬ ਅਤੇ ਪੰਜ ਕਿਲੋ ਲੱਡੂ ਲੈਂਦਾ ਆਵੇ। ਸ਼ਾਮ ਦੀ ਰਿਫ਼ਰੈਸ਼ਮੈਂਟ ਮੋਹਨ ਪਰਿਵਾਰ ਵੱਲੋਂ ਹੋਣੀ ਚਾਹੀਦੀ ਸੀ। ਦੋ ਚੀਜ਼ਾਂ ਵੱਧ ਲੈ ਕੇ ਉਹ ਝੱਟ ਕੈਂਪ ਪਹੁੰਚ ਗਏ।
ਕੇਡਟਾਂ ਵਾਲੀ ਵੇਸ-ਭੂਸ਼ਾ ਵਿੱਚ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਨਿੱਕਰ ਬਨੈਣ ਵਾਲਾ ਬੰਦਾ ਦੋ ਵਾਰ ਵਿਧਾਇਕ ਰਹਿ ਚੁੱਕਾ ਸੀ ਅਤੇ ਹੁਣ ਖਾਦੀ ਬੋਰਡ ਵਰਗੇ ਅਦਾਰੇ ਦਾ ਚੇਅਰਮੈਨ ਸੀ। ਉਹ ਕਿਸੇ ਸਕੂਲ ਦਾ ਡਰਿਲ ਮਾਸਟਰ ਲੱਗਦਾ ਸੀ।
ਨਾਲ ਆਏ ਸਮਾਨ ਨੂੰ ਰਸੋਈ ਵਿੱਚ ਭਿਜਵਾ ਕੇ ਉਹ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਏ। ਦਫ਼ਤਰ ਵਿੱਚ ਫ਼ੋਨ ਵੀ ਸੀ ਅਤੇ ਫ਼ੋਨ ਕਰਨ ਵਾਲਾ ਨਿੱਜੀ ਸਹਾਇਕ ਵੀ।
ਕੈਂਪ ਵਾਲੇ ਇਨ੍ਹਾਂ ਦਿਨਾਂ ਵਿੱਚ ਸਾਧਾਰਨ ਜਨਤਾ ਦਾ ਉਨ੍ਹਾਂ ਨੂੰ ਮਿਲਣਾ ਬੰਦ ਸੀ ਪਰ ਨੀਰਜ ਹੋਰੇ ਸਾਧਾਰਨ ਜਨਤਾ ਨਹੀਂ ਸਨ। ਉਹ ਪਾਰਟੀ ਦੇ ਫਾਈਨੈਂਸਰ ਸਨ। ਹੁਣ ਪਾਰਟੀ ਸੱਤਾ ਵਿੱਚ ਸੀ। ਕਿਸੇ ਤੋਂ ਵੀ ਫ਼ੋਨ ਕਰਕੇ ਚੰਦਾ ਮੰਗਵਾਇਆ ਜਾ ਸਕਦਾ ਸੀ। ਪੰਕਜ ਦੇ ਪਿਤਾ ਜੀ ਉਸ ਸਮੇਂ ਕੈਂਪਾਂ ਦਾ ਸਾਰਾ ਖਰਚਾ ਬਰਦਾਸ਼ਤ ਕਰਿਆ ਕਰਦੇ ਸਨ, ਜਦੋਂ ਲੋਕ ਪਾਰਟੀ ਦਾ ਨਾਂ ਲੈਣੋਂ ਡਰਦੇ ਸਨ। ਜਦੋਂ ਪਾਰਟੀ ਵਿਰੋਧੀ ਧਿਰ ਵਿੱਚ ਸੀ ਅਤੇ ਚੇਅਰਮੈਨ ਨੂੰ ਬੱਸ, ਟਰੱਕ ਜਾਂ ਰਾਸ਼ਨ-ਪਾਣੀ ਦੀ ਜ਼ਰੂਰਤ ਪੈਂਦੀ ਸੀ, ਮੋਹਨ ਲਾਲ ਅੱਧੇ ਬੋਲ ਉਹ ਲੋੜ ਪੂਰੀ ਕਰਦਾ ਸੀ।
ਪਾਰਟੀ ਮੋਹਨ ਲਾਲ ਦੇ ਉਸ ਅਹਿਸਾਨ ਨੂੰ ਕਦੇ ਨਹੀਂ ਭੁੱਲ ਸਕਦੀ, ਜਿਹੜਾ ਉਸ ਨੇ ਸਰਵ ਹਿਤਕਾਰੀ ਸਕੂਲ ਖੋਲ੍ਹਣ ਲਈ ਪਾਰਟੀ ਨੂੰ ਲਾਗਤ ਮੁੱਲ ’ਤੇ ਪਲਾਟ ਦੇ ਕੇ ਕੀਤਾ ਸੀ। ਇਹੋ ਨਹੀਂ, ਸਕੂਲ ਚਾਲੂ ਕਰਨ ਲਈ ਦੋ ਕਮਰੇ ਉਸਨੇ ਆਪਣੇ ਖਰਚੇ ’ਤੇ ਬਣਵਾ ਕੇ ਦਿੱਤੇ ਸਨ। ਆਪਣੇ ਪਿਤਾ ਜੀ ਦੀ ਯਾਦ ਵਿੱਚ ਗ਼ਰੀਬ ਹੁਸ਼ਿਆਰ ਬੱਚਿਆਂ ਲਈ ਉਸਨੇ ਵਜ਼ੀਫ਼ੇ ਚਾਲੂ ਕੀਤੇ ਸਨ।
ਪੁੱਤਰ ਦੋ ਕਦਮ ਅੱਗੇ ਜਾ ਰਹੇ ਸਨ। ਮੋਹਨ ਲਾਲ ਦੀ ਯਾਦ ਵਿੱਚ ਉਨ੍ਹਾਂ ਨੇ ਸਕੂਲ ਵਿੱਚ ਅਸੈਂਬਲੀ ਹਾਲ ਬਣਵਾ ਦਿੱਤਾ। ਵਜ਼ੀਫ਼ਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ। ਪਾਰਟੀ ਅਤੇ ਚੇਅਰਮੈਨ ਇਸ ਪਰਿਵਾਰ ਦੇ ਸਦਾ ਰਿਣੀ ਸਨ।
ਕੈਂਪ ਦੌਰਾਨ ਚੇਅਰਮੈਨ ਬਹੁਤ ਘੱਟ ਲੋਕਾਂ ਨੂੰ ਮਿਲਿਆ ਸੀ। ਇਸ ਲਈ ਨਗਰ ਦੇ ਤਾਜ਼ਾ ਹਾਲਾਤਾਂ ਤੋਂ ਉਹ ਵਾਕਿਫ਼ ਨਹੀਂ ਸੀ। ਅਖ਼ਬਾਰਾਂ ਵਿੱਚ ਉਸਨੇ ਇੱਕ ਪਰਿਵਾਰ ਦੇ ਘਰ ਪਈ ਡਕੈਤੀ ਬਾਰੇ ਪੜ੍ਹਿਆ ਸੀ। ਉਹ ਪਰਿਵਾਰ ਨੀਰਜ ਦੇ ਚਾਚੇ ਦਾ ਸੀ, ਇਹ ਜਾਣ ਕੇ ਚੇਅਰਮੈਨ ਨੂੰ ਡਾਢਾ ਦੁੱਖ ਹੋਇਆ ਸੀ। ਉਹ ਦੁਖੀ ਪਰਿਵਾਰ ਦੀ ਹਰ ਸਹਾਇਤਾ ਲਈ ਤਿਆਰ ਸੀ।
ਜਦੋਂ ਨੀਰਜ ਨੇ ਉਨ੍ਹਾਂ ਦੇ ਡਕੈਤੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਪੁਲਸ ਨੂੰ ਪਏ ਸ਼ੱਕ ਦੀ ਗੱਲ ਤੋਰੀ ਤਾਂ ਚੇਅਰਮੈਨ ਦਾ ਚਿਹਰਾ ਪੀਲਾ ਭੂਕ ਹੋ ਗਿਆ। ਉਸਦੀ ਜ਼ੁਬਾਨ ਤਾਲੂਏ ਨਾਲ ਲੱਗ ਗਈ। ਉਸਨੂੰ ਮਹਿਸੂਸ ਹੋਣ ਲੱਗਾ, ਜਿਵੇਂ ਉਹ ਖ਼ੁਦ ਸਾਜਿਸ਼ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ।
ਚੇਅਰਮੈਨ ਦਾ ਮਨ ਕਾਹਲਾ ਪੈਣ ਲੱਗਾ। ਚੰਗਾ ਸੀ ਹਾਲੇ ਤਕ ਬਹੁਤੇ ਲੋਕਾਂ ਨੂੰ ਉਨ੍ਹਾਂ ਦੀ ਚੇਅਰਮੈਨ ਨਾਲ ਹੋਈ ਮੁਲਾਕਾਤ ਦਾ ਪਤਾ ਨਹੀਂ ਸੀ ਲੱਗਾ। ਅੱਜ ਤਕ ਚੇਅਰਮੈਨ ਦਾ ਦਾਮਨ ਸਾਫ਼ ਰਿਹਾ ਸੀ। ਕਿਧਰੇ ਉਸ ਉਪਰ ਕਾਤਲਾਂ ਦੀ ਮਦਦ ਦਾ ਦੋਸ਼ ਨਾ ਲੱਗ ਜਾਏ, ਉਹ ਇਸ ਗੱਲ ਤੋਂ ਘਬਰਾ ਰਿਹਾ ਸੀ।
“ਦੱਸੋ ਮੈਂ ਕੀ ਸੇਵਾ ਕਰ ਸਕਦਾ ਹਾਂ। ਮੇਰੀ ਕਲਾਸ ਦਾ ਸਮਾਂ ਹੋਣ ਵਾਲਾ ਹੈ।” ਘੜੀ ਵੱਲ ਦੇਖ ਕੇ ਚੇਅਰਮੈਨ ਨੇ ਆਪਣੀ ਬੇਚੈਨੀ ਦਾ ਪ੍ਰਗਟਾਵਾ ਕੀਤਾ। 
“ਬਾਬੂ ਜੀ ਬੰਗਲੌਰ ਗਏ ਹੋਏ ਹਨ। ਤੁਸੀਂ ਕਪਤਾਨ ਨੂੰ ਇੱਕ ਫ਼ੋਨ ਕਰ ਦਿਓ। ਆਖ ਦੇਵੋ ਅਸੀਂ ਬੇਕਸੂਰ ਹਾਂ। ਪੁਲਿਸ ਸਾਨੂੰ ਤੰਗ ਪ੍ਰੇਸ਼ਾਨ ਨਾ ਕਰੇ।”
“ਫ਼ੋਨ ਦੀ ਕੀ ਲੋੜ ਹੈ? ਅਜਿਹੀਆਂ ਸਿਫਾਰਸ਼ਾਂ ਫ਼ੋਨ ’ਤੇ ਨਹੀਂ ਕਰੀਦੀਆਂ। ਅਜਿਹੇ ਕੰਮ ਕੋਲ ਬੈਠ ਕੇ ਕਰਾਏ ਜਾਂਦੇ ਹਨ। ਅੱਜ ਕਪਤਾਨ ਨੇ ਕੈਂਪ ਵਿੱਚ ਆਉਣਾ ਹੈ। ਕੈਡਟਾਂ ਨੂੰ ਸੰਬੋਧਨ ਕਰਨ। ਉਸ ਵਕਤ ਮੈਂ ਗੱਲ ਕਰਾਂਗਾ। ਤੁਸੀਂ ਬੇਫਿਕਰ ਰਹੋ। ਕਿਸੇ ਨਾਲ ਧੱਕਾ ਨਹੀਂ ਹੋਏਗਾ।” ਆਖਦਾ ਚੇਅਰਮੈਨ ਕੁਰਸੀ ਤੋਂ ਉੱਠ ਖੜੋਤਾ।
“ਚਾਹ ਪੀ ਕੇ ਜਾਣਾ। … ਜਾਹ ਕਾਕਾ ਮਹਿਮਾਨਾਂ ਲਈ ਦੋ ਕੱਪ ਚਾਹ ਲਿਆ … ਨਾਲ ਖਾਣ ਨੂੰ ਲਿਆਈਂ।”
ਦਫ਼ਤਰ ਆਏ ਇੱਕ ਕੈਡਟ ਨੂੰ ਚਾਹ ਲਿਆਉਣ ਦਾ ਹੁਕਮ ਸੁਣਾ ਕੇ ਉਹ ਤੇਜ਼ਕਦਮੀਂ ਕਲਾਸ ਵੱਲ ਤੁਰ ਪਏ। ਚੇਅਰਮੈਨ ਦੀ ਇਸ ਬੇਰੁਖੀ ਤੇ ਨੀਰਜ ਦਾ ਚਿਹਰਾ ਉਤਰ ਗਿਆ। ਉਸਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਉਹ ਘੋਰ ਸੰਕਟ ਵਿੱਚ ਸੀ। ਆਪਣੇ ਪਰਾਏ ਹੁੰਦੇ ਜਾ ਰਹੇ ਸਨ। ਗੁੱਸੇ ਅਤੇ ਘਬਰਾਹਟ ਕਾਰਨ ਬਿਨਾਂ ਚਾਹ ਦੀ ਉਡੀਕ ਕੀਤੇ ਉਹ ਕੈਂਪ ਚੋਂ ਬਾਹਰ ਆ ਗਏ।
“ਮੈਨੂੰ ਲਗਦਾ ਹੈ ਬਾਬੂ ਜੀ ਜਾਣ ਬੁੱਝ ਕੇ ਬੰਗਲੌਰ ਨੂੰ ਤੁਰ ਗਏ। ਇਸ ਪਾਖੰਡੀ ਦਾ ਰਵੱਈਆ ਦੇਖ ਲਿਆ? ਤਿੰਨ ਦਿਨ ਪਹਿਲਾਂ ਸਾਰਾ ਦਿਨ ਮੇਰੇ ਦਫ਼ਤਰ ਵਿੱਚ ਬੈਠਾ ਰਿਹਾ ਸੀ। ਇਸੇ ਕੈਂਪ ਲਈ ਚੰਦਾ ਲੈਣ ਆਇਆ ਸੀ। ਹੁਣ ਜਿਵੇਂ ਅਸੀਂ ਭਿੱਟੇ ਗਏ ਹਾਂ। ਲੱਗਦਾ ਹੈ ਜੇਲ੍ਹ ਯਾਤਰਾ ਕਰਨੀ ਪਏਗੀ।”

ਡਰ ਨਾਲ ਕੰਬਦਾ ਨੀਰਜ ਮਨ ਦੀ ਭੜਾਸ ਕੱਢ ਰਿਹਾ ਸੀ।

“ਉਏ ਕੁੱਝ ਨਹੀਂ ਹੁੰਦਾ। ਪੈਸੇ ਨਾਲ ਸਭ ਠੀਕ ਹੋ ਜਾਵੇਗਾ। ਇਹ ਲਾਲਿਆਂ ਦੀ ਪਾਰਟੀ ਹੈ। ਕਾਰੋਬਾਰ ਲਈ ਠੀਕ ਹਨ। ਲੜਾਈ ਝਗੜੇ ਵਾਲੇ ਕੰਮ ਤੋਂ ਡਰਦੇ ਹਨ। ਤੂੰ ਫਿਕਰ ਨਾ ਕਰ। ਸ਼ਾਮ ਤਕ ਆਪਾਂ ਕੋਈ ਨਾ ਕੋਈ ਰਾਹ ਲੱਭ ਲਵਾਂਗੇ।”
ਘਬਰਾਹਟ ਕਾਰਨ ਪੁੱਠੇ ਰਾਹ ਪਏ ਨੀਰਜ ਨੂੰ ਬਾਹੋਂ ਫੜਕੇ ਠੀਕ ਰਾਹ ਪਾਉਂਦੇ ਵਿਨੇ ਨੇ ਉਸਨੂੰ ਸਮਝਾਉਣ ਦਾ ਯਤਨ ਕੀਤਾ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਬ ਸਭਾ : ਕਾਂਡ - 22

ਨਾਵਲ ਕੌਰਬ ਸਭਾ : ਕਾਂਡ - 21

ਨਾਵਲ ਕੌਰਭ ਸਭਾ : ਕਾਂਡ - 20

ਨਾਵਲ ਕੌਰਭ ਸਭਾ : ਕਾਂਡ -19


rajwinder kaur

Content Editor

Related News