ਨਾਵਲ ਕੌਰਵ ਸਭਾ : ਕਾਂਡ- 21

11/29/2020 4:27:49 PM

ਪੰਕਜ ਦਾ ਮਨ ਉਦਾਸ ਸੀ। ਉਹ ਮਾਇਆ ਨਗਰ ਮੁੜ ਜਾਣਾ ਚਾਹੁੰਦਾ ਸੀ। ਜਿਹੜਾ ਕੰਮ ਇੱਕ ਰਜਿਸਟਰਾਰ ਨਹੀਂ ਕਰਵਾ ਸਕਿਆ, ਉਹ ਤੀਜੇ ਦਰਜੇ ਦਾ ਮੁਲਾਜ਼ਮ ਕਿਵੇਂ ਕਰਵਾ ਸਕਦਾ ਸੀ।

ਅਜੇ ਹਿੰਮਤ ਹਾਰਨ ਵਾਲਾ ਨਹੀਂ ਸੀ। ਉਸਨੂੰ ਕਲੈਰੀਕਲ ਸਟਾਫ਼ ’ਤੇ ਭਰੋਸਾ ਸੀ। ਜਿਹੜੇ ਕੰਮ ਪ੍ਰਧਾਨ ਮੰਤਰੀ ਨਹੀਂ ਕਰਵਾ ਸਕਦੇ, ਉਹ ਉਨ੍ਹਾਂ ਦੇ ਰਸੋਈਏ ਕਰਵਾ ਦਿੰਦੇ ਹਨ। ਅਜੇ ਲਛਮਣ ਸਿੰਘ ਨੂੰ ਕਈ ਵਾਰ ਪਰਖ ਚੁੱਕਾ ਸੀ। ਕਈ ਔਖੇ ਕੰਮ ਉਸ ਰਾਹੀਂ ਹੋਏ ਸਨ।
ਲਛਮਣ ਸਿੰਘ ਨੂੰ ਫ਼ੋਨ ਨਾ ਕੀਤਾ ਹੁੰਦਾ ਤਾਂ ਹੋਰ ਗੱਲ ਸੀ। ਸਮਾਂ ਲੈ ਕੇ ਨਾ ਜਾਣਾ ਬੇਵਕੂਫ਼ੀ ਸੀ। ਕੇਸ ਨੇ ਕਿਹੜਾ ਹੁਣੇ ਮੁੱਕ ਜਾਣਾ ਸੀ। ਪਤਾ ਨਹੀਂ ਕਿੰਨੇ ਸਾਲ ਚੱਲਣਾ ਸੀ। ਕਈ ਵਾਰ ਉਨ੍ਹਾਂ ਨੂੰ ਹਾਈ ਕੋਰਟ ਆਉਣਾ ਪੈਣਾ ਸੀ। ਛੋਟੇ-ਮੋਟੇ ਕੰਮਾਂ ਲਈ ਇਸੇ ਨੇ ਕੰਮ ਆਉਣਾ ਸੀ। ਅਜਿਹਾ ਕੁਝ ਸਮਝਾ ਕੇ ਅਜੇ ਪੰਕਜ ਨੂੰ ਸੈਕਟਰੀ ਦੇ ਕੁਆਟਰਾਂ ਵੱਲ ਲੈ ਗਿਆ।

ਨਹਾ-ਧੋ ਕੇ ਸੈਕਟਰੀ ਪਹਿਲਾਂ ਹੀ ਤਿਆਰ ਬੈਠਾ ਸੀ। ਘੁਸਮੁਸਾ ਹੋਣ ਲੱਗਾ ਸੀ। ਉਸਦਾ ਦਾਰੂ ਪੀਣ ਦਾ ਸਮਾਂ ਲੰਘ ਰਿਹਾ ਸੀ। ਉਸ ਤੋਂ ਹੋਰ ਉਡੀਕ ਨਹੀਂ ਸੀ ਹੋ ਰਹੀ।
ਲਛਮਣ ਸਿੰਘ ਦਾ ਕੁਆਟਰ ਛੋਟਾ ਸੀ ਪਰ ਲੰਮਚਿੜਾ ਵੱਡਾ। ਨੂੰਹਾਂ ਧੀਆਂ ਵਾਲੇ ਘਰ ਵਿੱਚ ਸ਼ਰਾਬ ਪੀਣ ਤੋਂ ਸ਼ਰਮ ਆਉਂਦੀ ਸੀ। ਬਾਹਰ ਪੀਣੀ ਮਹਿੰਗੀ ਪੈਂਦੀ ਸੀ। ਉਹ ਮੁਰਗ-ਮਸੱਲਮ ਦਾ ਸ਼ੌਕੀਨ ਸੀ। ਘਰੇ ਮੀਟ ਬਣਦਾ ਨਹੀਂ ਸੀ।

ਅਜੇ ਵਰਗੀ ਅਸਾਮੀ ਦੀ ਉਸਨੂੰ ਬੇ-ਸਬਰੀ ਨਾਲ ਉਡੀਕ ਸੀ। ਰੌਣਕ ਮੇਲੇ ਲਈ ਉਸਨੇ ਆਪਣੇ ਪੜੌਸੀ ਭੋਗਲ ਨੂੰ ਤਿਆਰ ਕਰ ਲਿਆ। ਮੁਫ਼ਤ ਵਿੱਚ ਉਹ ਵੀ ਗੰਗਾ ਨਹਾ ਲਏਗਾ।ਅਜੇ ਕੋਲ ਘਰ ਬੈਠ ਕੇ ਚਾਹ ਪੀਣ ਦਾ ਸਮਾਂ ਨਹੀਂ ਸੀ। ਉਨ੍ਹਾਂ ਨੇ ਸੈਕਟਰੀ ਨੂੰ ਗਲੀਂ ਵਿਚੋਂ ਹੀ ਨਾਲ ਰਲਾ ਲਿਆ।

“ਜਿਧਰ ਜਾਣਾ ਹੈ ਉਧਰ ਦਾ ਰਸਤਾ ਡਰਾਈਵਰ ਨੂੰ ਦੱਸੀ ਜਾਓ।” ਗੱਡੀ ਵਿੱਚ ਬੈਠਦਿਆਂ ਹੀ ਅਜੇ ਨੇ ਸੈਕਟਰੀ ਨੂੰ ਮਰਜ਼ੀ ਦੀ ਥਾਂ ਜਾਣ ਦੀ ਇਜਾਜ਼ਤ ਦੇ ਦਿੱਤੀ। ਭੋਗਲ ਪੁਰਾਣੇ ਅੱਡੇ ‘ਜ਼ਿਮੀਦਾਰਾ ਢਾਬੇ’ ਤੇ ਜਾਣਾ ਚਾਹੁੰਦਾ ਸੀ। ਉਥੇ ਖਾਰੇ, ਆਂਡੇ ਅਤੇ ਮੀਟ ਸਭ ਸਸਤਾ ਸੀ। ਬੈਠਣ ਦਾ ਕਿਰਾਇਆ ਨਹੀਂ ਸੀ ਲਿਆ ਜਾਂਦਾ।

ਭੋਗਲ ਦੇ ਭੋਲੇਪਣ ਤੇ ਲਛਮਣ ਸਿੰਘ ਨੂੰ ਤਰਸ ਆਇਆ। ਭੋਗਲ ਸਿੱਖਿਆ ਵਿਭਾਗ ਦਾ ਕਰਮਚਾਰੀ ਸੀ। ਉਸਦੀ ਅਸਾਮੀ ਦੀ ਪਹੁੰਚ ਜ਼ਿਮੀਦਾਰਾ ਢਾਬੇ ਤਕ ਹੁੰਦੀ ਸੀ।

ਹੁਣ ਉਹ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਪ੍ਰਾਈਵੇਟ ਸੈਕਟਰੀ ਨਾਲ ਜਾ ਰਿਹਾ ਸੀ। ਮਾਇਆ ਨਗਰ ਵਰਗੇ ਸ਼ਹਿਰ ਦੀ ਅਮੀਰ ਅਸਾਮੀ ਉਨ੍ਹਾਂ ਦੇ ਨਾਲ ਸੀ। ਅੱਜ ਉਹ ਕਿਸੇ ਆਲੀਸ਼ਾਨ ਹੋਟਲ ਦੀ ਏਅਰ-ਕੰਡੀਸ਼ਨ ਬਾਰ ਵਿੱਚ ਬੈਠ ਕੇ ਜਸ਼ਨ ਮਨਾਉਣਗੇ। ਗੱਡੀ ਉਸਨੇ ਤਿੰਨ ਤਾਰਾ ਹੋਟਲ ਦੇ ਰਾਹ ਪਵਾ ਲਈ।

“ਚਾਰ ਪੈੱਗ ਪੀਟਰ-ਸਕਾਟ। ਪਹਿਲਾਂ ਇੱਕ ਚਿਕਨ ਰੋਸਟਡ। ਫੇਰ ਇੱਕ ਚਿੱਲੀ ਚਿਕਨ। ਦੋ ਪਲੇਟ ਫਿਸ਼। ਬੋਨ-ਲੈੱਸ!” ਟੇਬਲ ਦੁਆਲੇ ਬੈਠਦੇ ਹੀ ਪਹਿਲਾਂ ਸੈਕਟਰੀ ਨੇ ਵੇਟਰ ਨੂੰ ਆਰਡਰ ਨੋਟ ਕਰਵਾਇਆ। ਫੇਰ ਅਜੇ ਦੇ ਰਾਜਧਾਨੀ ਆਉਣ ਦਾ ਕਾਰਨ ਪੁੱਛਿਆ।

“ਕਤਲ ਕੇਸ ਦੇ ਮੁਲਜ਼ਮ ਦੀ ਪੇਸ਼ਗੀ ਜ਼ਮਾਨਤ। ਸੈਸ਼ਨ ਜੱਜ ਤਕ ਸਿਫਾਰਸ਼।” ਕੰਮ ਸੁਣਕੇ ਸੈਕਟਰੀ ਦੇ ਰੰਗ ਵਿੱਚ ਭੰਗ ਪੈ ਗਿਆ।

ਲਛਮਣ ਸਿੰਘ ਨੇ ਸੋਚਿਆ ਸੀ, ਅਜੇ ਨੇ ਹਾਈ ਕੋਰਟ ਵਿੱਚ ਕੋਈ ਵਕੀਲ ਕਰਨਾ ਹੋਏਗਾ। ਕਿਸੇ ਪੁਰਾਣੇ ਮੁਕੱਦਮੇ ਦੇ ਫ਼ੈਸਲੇ ਦੀ ਨਕਲ ਲੈਣੀ ਹੋਏਗੀ। ਦੋਹਾਂ ਕੰਮਾਂ ਵਿੱਚ ਉਸਨੂੰ ਕਮਾਈ ਹੋਣੀ ਸੀ। ਵਕੀਲ ਨੇ ਹਿੱਸਾ ਦੇਣਾ ਸੀ। ਨਕਲ ਉਸਨੇ ਆਪਣੇ ਰੋਹਬ ਨਾਲ ਤਿਆਰ ਕਰਵਾ ਲੈਣੀ ਸੀ। ਕਲਰਕ ਦੇ ਨਾਂ ਦੀ ਫ਼ੀਸ ਆਪਣੀ ਜੇਬ ਵਿੱਚ ਪਾ ਲੈਣੀ ਸੀ।

ਮਾਇਆ ਨਗਰ ਵਿੱਚ ਲਗੇ ਜੱਜਾਂ ਦੀ ਕਦੇ ਕੋਈ ਸ਼ਿਕਾਇਤ ਚੀਫ਼ ਕੋਲ ਨਹੀਂ ਸੀ ਆਈ। ਇਸ ਲਈ ਉਨ੍ਹਾਂ ਨੂੰ ਕਦੇ ਲਛਮਣ ਸਿੰਘ ਦੀ ਲੋੜ ਨਹੀਂ ਸੀ ਪਈ।

ਸੈਕਟਰੀ ਨੇ ਅਜੇ ਦੇ ਜਿਹੜੇ ਪਹਿਲਾਂ ਦੋ ਕੰਮ ਕਰਵਾਏ ਸਨ, ਉਹ ਦੋਵੇਂ ਜੱਜ ਰਿਸ਼ਵਤਖੋਰੀ ਵਿੱਚ ਡੂੰਘੇ ਧਸੇ ਹੋਏ ਸਨ। ਉਨ੍ਹਾਂ ਦੀਆਂ ਸ਼ਿਕਾਇਤਾਂ ਚੀਫ਼ ਕੋਲ ਆਉਂਦੀਆਂ ਰਹਿੰਦੀਆਂ ਸਨ। ਮਹੀਨੇ ਵਿੱਚ ਘੱਟੋ-ਘੱਟ ਇੱਕ ਚੱਕਰ ਉਨ੍ਹਾਂ ਦਾ ਹਾਈ ਕੋਰਟ ਲੱਗਦਾ ਸੀ। ਚੀਫ਼ ਨੂੰ ਮਿਲਣ ਤੋਂ ਪਹਿਲਾਂ ਉਹ ਸੈਕਟਰੀ ਨੂੰ ਮਿਲਦੇ ਸਨ। ਹੋਣ ਵਾਲੀ ਕਾਰਵਾਈ ਦੀ ਸੂਹ ਲੈਂਦੇ ਸਨ। ਸਾਹਿਬ ਦੇ ਮੂਡ ਅਤੇ ਹੋਈ ਸ਼ਿਕਾਇਤ ਦੀ ਗੰਭੀਰਤਾ ਬਾਰੇ ਪੁੱਛਦੇ ਸਨ। ਉਹ ਇਸ ਸੇਵਾ ਕਾਰਨ ਸੈਕਟਰੀ ਦਾ ਅਹਿਸਾਨ ਮੰਨਦੇ ਸਨ। ਉਸਦੇ ਆਖੇ ਛੋਟੇ ਮੋਟੇ ਕੰਮ ਕਰ ਦਿੰਦੇ ਸਨ।

ਅੱਜ ਵਾਲਾ ਕੰਮ ਹੋਣ ਵਾਲਾ ਨਹੀਂ ਸੀ। ਪੈੱਗ ਤੇ ਪੈੱਗ ਚਾੜ੍ਹਦਾ ਅਤੇ ਹੱਡੀਆਂ ਨੋਚਦਾ ਸੈਕਟਰੀ ਸੋਚ ਰਿਹਾ ਸੀ, ਕਿਵੇਂ ਬਿਨਾਂ ਆਪਣਾ ਪ੍ਰਭਾਵ ਗਵਾਏ ਉਹ ਇਸ ਮੁਸੀਬਤ ਵਿਚੋਂ ਨਿਕਲੇ?

ਪੰਕਜ ਨੇ ਡਰਿੰਕ ਨਹੀਂ ਸੀ ਲਈ। ਮਾਨਸਿਕ ਤਨਾਅ ਕਾਰਨ ਉਸਨੂੰ ਉਬਾਸੀਆਂ ਆ ਰਹੀਆਂ ਸਨ। ਉਸਦਾ ਸਾਰਾ ਸਰੀਰ ਦਰਦ ਕਰ ਰਿਹਾ ਸੀ। ਉਸਦਾ ਗਲਾ ਸੁੱਕ ਰਿਹਾ ਸੀ। ਚਾਰ-ਪੰਜ ਕੋਕ ਉਸਦੀ ਪਿਆਸ ਨਹੀਂ ਸਨ ਬੁਝਾ ਸਕੇ।

ਅਜੇ ਪੰਕਜ ਦੀ ਬੇਚੈਨੀ ਸਮਝ ਰਿਹਾ ਸੀ। ਉਹ ਵੀ ਜਲਦੀ ਕੋਈ ਸਿੱਟਾ ਕੱਢ ਕੇ ਵਾਪਸ ਮੁੜਨਾ ਚਾਹੁੰਦਾ ਸੀ ਪਰ ਸੈਕਟਰੀ ਖ਼ਾਮੋਸ਼ ਸੀ। ਉਹ ਚਾਰ ਪੈੱਗ ਪੀ ਚੁੱਕਾ ਸੀ। ਮੁਰਗੇ ਅਤੇ ਮੱਛੀ ਦੀਆਂ ਕਈ ਪਲੇਟਾਂ ਆ ਅਤੇ ਜਾ ਚੁੱਕੀਆਂ ਸਨ।

“ਸਾਡਾ ਕੁੱਝ ਬਣੇਗਾ?” ਸੈਕਟਰੀ ਦੇ ਖਾਣ-ਪੀਣ ਵੱਲੋਂ ਧਿਆਨ ਤੋੜਨ ਲਈ ਅਜੇ ਨੇ ਖਿਝ ਕੇ ਪੁੱਛਿਆ।

ਸੈਕਟਰੀ ਨੂੰ ਥੋੜ੍ਹਾ-ਥੋੜ੍ਹਾ ਸਰੂਰ ਹੋਣ ਲੱਗਾ ਸੀ। ਪੇਟ ਵਿੱਚ ਗਏ ਮਸਾਲੇਦਾਰ ਚਿਕਨ ਨੇ ਪੇਟ ਨੂੰ ਅਫਾਰਾ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਚਿਕਨ ਅਤੇ ਸੋਢਿਆਂ ਦੀ ਗੈਸ ਨੇ ਉਸਦਾ ਢਿੱਡ ਫੁੱਟਬਾਲ ਵਾਂਗ ਫੁਲਾ ਦਿੱਤਾ। ਉਸਦੀ ਬੈਲਟ ਪੇਟ ਤੋਂ ਖਿਸਕ ਕੇ ਲੱਕ ਕੋਲ ਆ ਗਈ। ਤਰੀ ਦੇ ਧੱਬਿਆਂ ਨੇ ਕਮੀਜ਼ ਉਪਰ ਅੰਡੇਮਾਨ ਨਿਕੋਬਾਰ ਦਾ ਨਕਸ਼ਾ ਉੱਕਰ ਦਿੱਤਾ। ਪੈਂਟ ਅੰਦਰ ਦਿੱਤੀ ਅੱਧੀ ਕਮੀਜ਼ ਬਾਹਰ ਆ ਗਈ।

ਸੈਕਟਰੀ ਨੂੰ ਪਤਾ ਸੀ, ਉਹ ਅਜੇ ਦਾ ਕੰਮ ਨਹੀਂ ਕਰ ਸਕਦਾ। ਅੱਧ ਵਿਚਕਾਰ ਨਾਂਹ ਕਰਕੇ ਉਹ ਮਹਿਫਲ ਮੁਲਤਵੀ ਨਹੀਂ ਸੀ ਕਰਨਾ ਚਾਹੁੰਦਾ। ਉਹ ਜਲਦੀ-ਜਲਦੀ ਆਪਣਾ ਕੋਟਾ ਪੂਰਾ ਕਰ ਰਿਹਾ ਸੀ।

ਅਜੇ ਦੇ ਰੁੱਖੇਪਨ ਤੇ ਸੈਕਟਰੀ ਨੂੰ ਆਪਣੇ ਆਪ ਤੇ ਕਚਿਆਣ ਆਈ। ਦੋ ਘੁੱਟ ਸ਼ਰਾਬ ਖ਼ਾਤਰ ਉਸਦੀ ਬੇਇੱਜ਼ਤੀ ਹੋ ਰਹੀ ਸੀ। ਝੱਟ ਉਸਨੇ ਆਪਣੇ ਡੋਲਦੇ ਮਨ ਨੂੰ ਸੰਭਾਲਿਆ। ਅਜਿਹਾ ਕੁੱਝ ਹੁੰਦਾ ਰਹਿੰਦਾ ਹੈ। ਉਹ ਫੜ੍ਹ ਮਾਰ ਕੇ ਅਜੇ ਨੂੰ ਪਰਚਾਉਣਾ ਚਾਹੁੰਦਾ ਸੀ। ਪਰ ਅਜੇ ਕੋਲ ਮੋਬਾਈਲ ਫ਼ੋਨ ਸੀ। ਝੱਟ ਉਸਨੇ ਜੱਜ ਦਾ ਨੰਬਰ ਮਿਲਾ ਕੇ ਸੈਕਟਰੀ ਨੂੰ ਫੜਾ ਦੇਣਾ ਸੀ। ਸੈਕਟਰੀ ਨੂੰ ਖਹਿੜਾ ਛੁਡਾਉਣਾ ਮੁਸ਼ਕਲ ਹੋ ਜਾਣਾ ਸੀ।

“ਤੂੰ ਫ਼ਿਕਰ ਨਾ ਕਰ। ਸਵੇਰੇ ਕੋਠੀ ਜਾ ਕੇ ਮੈਂ ਚੀਫ਼ ਤੋਂ ਫ਼ੋਨ ਕਰਵਾਵਾਂਗਾ। ਜੇ ਉਹ ਝਿਜਕ ਗਏ, ਮੈਂ ਬੀਬੀ ਦੇ ਪੈਰ ਫੜ ਲਵਾਂਗਾ। ਬੀਬੀ ਮੈਨੂੰ ਨਹੀਂ ਮੋੜ ਸਕਦੀ। ਬੀਬੀ ਦਾ ਕਿਹਾ ਜੱਜ ਨਹੀਂ ਮੋੜ ਸਕਦਾ। ਇੰਝ ਆਪਣਾ ਕੰਮ ਹੋਵੇਗਾ।”

ਲਗਾਤਾਰ ਦੋ ਵੱਡੇ ਪੈੱਗ ਅੰਦਰ ਜਾਣ ਕਾਰਨ ਉਸਨੂੰ ਕੁੱਝ ਪਤਾ ਨਹੀਂ ਸੀ, ਉਹ ਕੀ ਬੋਲ ਰਿਹਾ ਸੀ। ਪੰਕਜ ਸੈਕਟਰੀ ਦੀਆਂ ਗੱਲਾਂ ਤੋਂ ਉਕਤਾ ਚੁੱਕਾ ਸੀ।

ਪੰਕਜ ਨੇ ਬਥੇਰੇ ਵਿਉਪਾਰ ਕੀਤੇ ਸਨ। ਸੈਂਕੜੇ ਅਫ਼ਸਰਾਂ ਨਾਲ ਉਸਦੀਆਂ ਅਜਿਹੀਆਂ ਬੈਠਕਾਂ ਹੋਈਆਂ ਸਨ। ਉਹ ਭਾਂਪ ਗਿਆ ਸੀ ਸੈਕਟਰੀ ਦੀ ਝੋਲੀ ਵਿੱਚ ਦਾਣੇ ਨਹੀਂ ਸਨ। ਸੈਕਟਰੀ ਆਪਣਾ ਪੇਟ ਭਰ ਰਿਹਾ ਸੀ। ਸੈਕਟਰੀ ਦਾ ਇਹੋ ਲਾਹਾ ਪੰਕਜ ਨੂੰ ਚਿੜਾ ਰਿਹਾ ਸੀ।

ਕਿਸੇ ਹੋਰ ਕੰਮ ਆਏ ਹੁੰਦੇ ਤਾਂ ਪੰਕਜ ਅਜੇ ਨੂੰ ਬਾਹੋਂ ਫੜਕੇ ਖੜ੍ਹਾ ਕਰ ਲੈਂਦਾ। ਉਹ ਸੈਕਟਰੀ ਨੂੰ ਹੋਟਲ ਵਿੱਚ ਛੱਡ ਕੇ ਮਾਇਆ ਨਗਰ ਨੂੰ ਮੁੜ ਜਾਂਦੇ। ਪਰ ਹੁਣ ਉਹ ਫੌਜਦਾਰੀ ਮੁਕੱਦਮੇ ਵਿੱਚ ਫਸਿਆ ਹੋਇਆ ਸੀ। ਕੋਈ ਵੀ ਨਰਾਜ਼ ਹੋਇਆ ਅਫ਼ਸਰ ਮਹਿੰਗਾ ਪੈ ਸਕਦਾ ਸੀ। ਅਜਿਹਾ ਬੰਦਾ ਕੁੱਝ ਸੰਵਾਰ ਤਾਂ ਨਹੀਂ ਸੀ ਸਕਦਾ ਪਰ ਵਿਗਾੜ ਜ਼ਰੂਰ ਸਕਦਾ ਸੀ। ਇਸੇ ਡਰ ਕਾਰਨ ਉਹ ਸੈਕਟਰੀ ਦੇ ਨਖ਼ਰੇ ਬਰਦਾਸ਼ਤ ਕਰ ਰਿਹਾ ਸੀ।

ਸੈਕਟਰੀ ਚਾਹੁੰਦਾ ਸੀ, ਖਾਣਾ ਖਾਧਾ ਜਾਵੇ। ਬੱਚਿਆਂ ਲਈ ਰਸ-ਮਲਾਈ ਘਰ ਲਿਜਾਈ ਜਾਵੇ।

“ਸੈਕਟਰੀ ਸਾਹਿਬ ਤੁਸੀਂ ਆਊਟ ਹੋ ਗਏ। ਆਹ ਲਓ ਆਖ਼ਰੀ ਪੈੱਗ ਅਤੇ ਚੱਲੋ।”

ਸੈਕਟਰੀ ਦੇ ਵੇਟਰ ਨੂੰ ਖਾਣੇ ਦਾ ਆਰਡਰ ਲਿਖਾਉਣ ਤੋਂ ਪਹਿਲਾਂ ਹੀ ਅਜੇ ਨੇ ਮੇਜ਼ ‘ਤੇ ਪਿਆ ਆਖ਼ਰੀ ਗਲਾਸ ਸੈਕਟਰੀ ਦੇ ਹੱਥ ਚ ਫੜਾ ਕੇ ਆਪਣਾ ਫ਼ੈਸਲਾ ਸੁਣਾ ਦਿੱਤਾ। ਸੈਕਟਰੀ ਚੁੱਪ ਕਰ ਗਿਆ। ਸ਼ਰਾਬ ਅੰਦਰ ਸੁੱਟੀ ਅਤੇ ਗੁੱਸੇ ਹੁੰਦਾ ਉੱਠ ਖੜੋਤਾ।

ਪੰਕਜ ਨੇ ਕਾਉਂਟਰ ਤੇ ਜਾ ਕੇ ਬਿਲ ਚੁਕਾਇਆ। ਭੋਗਲ ਨੇ ਸਹਾਰਾ ਦੇ ਕੇ ਸੈਕਟਰੀ ਨੂੰ ਗੱਡੀ ਤਕ ਪਹੁੰਚਾਇਆ।

ਪਿਛੋਂ ਨੀਰਜ ਦੇ ਫ਼ੋਨ ਆ ਰਹੇ ਸਨ। ਅੱਧੀ ਰਾਤ ਹੋ ਚੁੱਕੀ ਸੀ। ਅਜਿਹੀ ਹਾਲਤ ਵਿੱਚ ਉਸਦਾ ਬਾਹਰ ਰਹਿਣਾ ਠੀਕ ਨਹੀਂ ਸੀ। ਸੈਕਟਰੀ ਦਾ ਪਰਿਵਾਰ ਕੁਆਟਰ ਦੇ ਬਾਹਰ ਖੜ੍ਹਾ ਉਸਦਾ ਇੰਤਜ਼ਾਰ ਕਰ ਰਿਹਾ ਸੀ। ਸੈਕਟਰੀ ਅਤੇ ਭੋਗਲ ਦੇ ਗੱਡੀਉਂ ਉਤਰਦਿਆਂ ਹੀ ਉਨ੍ਹਾਂ ਗੱਡੀ ਮਾਇਆ ਨਗਰ ਵੱਲ ਦੌੜਾ ਲਈ।

ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ  ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....

ਨਾਵਲ ਕੌਰਭ ਸਭਾ : ਕਾਂਡ - 20

ਨਾਵਲ ਕੌਰਭ ਸਭਾ : ਕਾਂਡ -19

ਨਾਵਲ ਕੌਰਵ ਸਭਾ : ਕਾਂਡ- 18

ਨਾਵਲ ਕੌਰਵ ਸਭਾ : ਕਾਂਡ - 17


rajwinder kaur

Content Editor

Related News