ਨਾਵਲ ਕੌਰਵ ਸਭਾ : ਕਾਂਡ- 18
Monday, Nov 09, 2020 - 04:28 PM (IST)
ਨੰਦ ਲਾਲ ਦੇ ਫੈਕਟਰੀ ਰਹਿਣ ਤੱਕ ਸ਼ਿਸ਼ਟਾਚਾਰ ਭਾਰੂ ਰਿਹਾ ਸੀ। ਉਹ ਸੀਨੀਅਰ ਵਕੀਲ ਸੀ। ਉਸਨੂੰ ਗੁੱਸਾ ਬਹੁਤ ਆਉਂਦਾ ਸੀ। ਦੂਜੀ ਵਾਰੀ ਕੋਈ ਸਵਾਲ ਪੁੱਛ ਲਏ, ਉਹ ਲਿਫਾਫਾ ਵਗਾਹ ਕੇ ਮਾਰਦਾ ਸੀ।
ਇਸੇ ਡਰੋਂ ਕਿਸੇ ਨੇ ਉਸ ਨਾਲ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ।
ਸਿੰਗਲਾ ਉਨ੍ਹਾਂ ਦੇ ਹਾਣ ਦਾ ਸੀ। ਦੋਸਤ ਮਿੱਤਰ ਸੀ। ਉਸ ਨਾਲ ਦਿਲ ਦੀ ਗੱਲ ਹੋ ਸਕਦੀ ਸੀ।
ਬਾਬੂ ਜੀ ਦੇ ਜਾਣ ਬਾਅਦ ਖੁੱਲ੍ਹ ਕੇ ਗੱਲਾਂ ਹੋਣ ਲੱਗੀਆਂ।
“ਬਾਬੂ ਜੀ ਬੜੇ ਚਾਲੂ ਪੁਰਜੇ ਹਨ। ਫ਼ੀਸ ਤੋਂ ਇਲਾਵਾ ਹੋਰ ਕਿੰਨੀ ਕੁੰਡੀ ਲਾ ਗਏ?”
ਸਿੰਗਲੇ ਨੇ ਮਿੱਤਰਾਂ ਨੂੰ ਚੌਕਸ ਕਰਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਥਾਂ ਬਨਾਉਣ ਦੀ ਨੀਅਤ ਨਾਲ ਪੁੱਛਿਆ।
ਨੰਦ ਲਾਲ ਨੇ ਅਜੇ ਦਾ ਮੂੰਹ ਬੰਨ੍ਹਿਆ ਸੀ। ਇਸ ਪੰਦਰਾਂ ਹਜ਼ਾਰ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ। ਰਿਸ਼ਵਤ ਦਾ ਮਾਮਲਾ ਸੀ। ਗੱਲ ਬਾਹਰ ਨਿਕਲਣ ’ਤੇ ਫ਼ਾਇਦਾ ਘੱਟ ਅਤੇ ਨੁਕਸਾਨ ਵੱਧ ਹੋਣਾ ਸੀ। ਬਦਨਾਮੀ ਤੋਂ ਡਰਦਾ ਅਫ਼ਸਰ ਕੰਮ ਉਲਟਾ ਕਰ ਸਕਦਾ ਸੀ।
ਉਹ ਭੇਤ ਖੋਲ੍ਹੇ ਜਾਂ ਨਾ। ਅਜੇ ਦੋਚਿੱਤੀ ਵਿੱਚ ਸੀ।
ਵਿਨੇ ਭਾਂਪ ਚੁੱਕਾ ਸੀ ਕਿ ਦਾਲ ਵਿੱਚ ਕੁੱਝ ਕਾਲਾ ਹੈ। ਉਹ ਸਿੰਗਲੇ ਦੀ ਧਾਂਕ ਜਮਾਉਣ ਲਈ ਰਾਜ਼ ਉਗਲਾਉਣ ਦਾ ਯਤਨ ਕਰਨ ਲੱਗਾ।
“ਥੋੜ੍ਹੇ ਜਿਹੇ ਲਏ ਹਨ। ਕਲਰਕਾਂ ਮੁਨਸ਼ੀਆਂ ਲਈ।”
ਪੰਕਜ ਨੇ ਚੁੱਪ ਤੋੜੀ।
“ਬੜਾ ਖਰਾਂਟ ਹੈ ਬੁੜ੍ਹਾ! ਡੇਢ ਲੱਖ ਲੈ ਕੇ ਸਬਰ ਨਹੀਂ ਆਇਆ। ਫ਼ਾਈਵ ਸਟਾਰ ਵਕੀਲ ਹੈ। ਅਹਿਲਕਾਰਾਂ ਦੀ ਫ਼ੀਸ ਵੀ ਫ਼ਾਈਵ ਸਟਾਰ ਰੇਟ ਦੇ ਹਿਸਾਬ ਨਾਲ ਲਈ ਹੋਏਗੀ।”
ਸਿੰਗਲੇ ਦੇ ਹੱਥ ਨੰਦ ਲਾਲ ਦੀ ਕਮਜ਼ੋਰੀ ਲਗ ਚੁੱਕੀ ਸੀ। ਇਸ ਕਮਜ਼ੋਰੀ ਨੂੰ ਜੱਗਰ ਕਰਕੇ ਉਹ ਦੂਹਰਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਪਹਲਿਾ, ਉਸਨੇ ਪੰਕਜ ਹੋਰਾਂ ਨੂੰ ਨੰਦ ਲਾਲ ਦੀ ਲੁੱਟ ਤੋਂ ਬਚਾ ਲੈਣਾ ਸੀ। ਦੂਜਾ, ਉਸਨੇ ਉਨ੍ਹਾਂ ਨੂੰ ਆਪਣੇ ’ਤੇ ਧਿਜਾ ਲੈਣਾ ਸੀ। ਅਜਿਹੇ ਕੇਸ ਵਿੱਚ ਪੈਸਾ ਪਾਣੀ ਵਾਂਗ ਵਹਿੰਦਾ ਹੈ। ਹਰ ਮੁਕਾਮ ’ਤੇ ਪੈਸੇ ਚੜ੍ਹਨੇ ਸਨ। ਹਰ ਮੁਕਾਮ ’ਤੇ ਵਿਚੋਲਿਆਂ ਨੂੰ ਹਿੱਸਾ ਪੱਤੀ ਮਿਲਣਾ ਸੀ। ਸਿੰਗਲਾ ਨੰਦ ਲਾਲ ਵਾਂਗ ਮੂੰਹ-ਮੰਗੀ ਫ਼ੀਸ ਨਹੀਂ ਸੀ ਲੈ ਸਕਦਾ। ਉਸਨੇ ਆਪਣਾ ਘਰ ਹਿੱਸੇ-ਪੱਤੀਆਂ ਨਾਲ ਪੂਰਾ ਕਰਨਾ ਸੀ। ਇਸ ਲਈ ਅਸਾਮੀ ਦਾ ਨੰਦ ਲਾਲ ਨਾਲੋਂ ਮੋਹ-ਭੰਗ ਹੋਣਾ ਜ਼ਰੂਰੀ ਸੀ।
“ਦੇਖੋ ਕੰਮ ਹੋਣ ’ਤੇ ਆਪਾਂ ਨੂੰ ਲੈ ਦੇ ਕਰਨੀ ਪਏਗੀ। ਕਲਰਕਾਂ ਅਰਦਲੀਆਂ ਨੇ ਮੇਰੇ ਪਿੱਛੇ ਫਿਰਨੈ। ਦੂਹਰੀ ਫ਼ੀਸ ਆਪਾਂ ਦੇਣੀ ਨਹੀਂ। ਮੈਨੂੰ ਦੱਸੋ ਕਿਸ-ਕਿਸ ਦੇ ਨਾਂ ਦੇ ਕਿੰਨੇ-ਕਿੰਨੇ ਲੈ ਗਿਆ? ਉਨ੍ਹਾਂ ਨੂੰ ਮੈਂ ਬਾਬੂ ਪਿਛੇ ਲਾ ਦੇਵਾਂਗਾ।”
ਸਿੰਗਲਾ ਵਕੀਲਾਂ ਵਾਲੀਆਂ ਚਲਾਕੀਆਂ ਵਰਤ ਕੇ ਮਸਲੇ ਦੀ ਤੈਅ ਤਕ ਜਾਣ ਲੱਗਾ।
“ਪੰਦਰਾਂ ਹਜ਼ਾਰ ਲੈ ਗਏ। ਕਹਿੰਦੇ ਹਨ ਸੁਪਰਡੈਂਟ ਨਾਲ ਗੱਲ ਕਰਨੀ ਹੈ। ਦਰਖ਼ਾਸਤ ਮਰਜ਼ੀ ਦੇ ਜੱਜ ਕੋਲ ਲਗਵਾਣੀ ਹੈ। ਹੋਰ ਕਈਆਂ ਦੇ ਨਾਂ ਲੈਂਦੇ ਸਨ। ਸਾਨੂੰ ਕੀ ਪਤਾ ਹੈ ਕੌਣ ਕੀ ਹੁੰਦਾ ਹੈ?”
ਨੀਰਜ ਲਕੋ ਰੱਖਣ ਦੇ ਹੱਕ ਵਿੱਚ ਨਹੀਂ ਸੀ। ਦੋਵੇਂ ਉਨ੍ਹਾਂ ਦੇ ਵਕੀਲ ਸਨ। ਗੱਲ ਸਪੱਸ਼ਟ ਹੋਣੀ ਚਾਹੀਦੀ ਸੀ।
“ਕਰ ਦਿੱਤੀ ਨਾ ਉਹੋ ਗੱਲ। ਸਾਰਾ ਖ਼ਰਚ ਪੰਜ ਸੌ ਦਾ ਹੈ। ਸੁਪਰਡੈਂਟ ਨੂੰ ਫ਼ੀਸ ਦੇਵੋ ਜਾਂ ਨਾ ਇਕੋ ਗੱਲ ਹੈ। ਦਰਖ਼ਾਸਤਾਂ ਜੱਜ ਆਪ ਜੱਜਾਂ ਕੋਲ ਭੇਜਦਾ ਹੈ। ਇੱਕ ਸਟੈਨੋ, ਦੋ ਅਹਿਲਮੱਦ। ਰੀਡਰ ਅਤੇ ਚਪੜਾਸੀ। ਸਭ ਪੰਜਾਹ-ਪੰਜਾਹ ਦੀ ਮਾਰ। ਬਹੁਤੀ ਤੇਜ਼ੀ ਹੋਵੇ ਤਾਂ ਸੌ। ਚਲੋ ਕੋਈ ਨਹੀਂ। ਅੱਗੋਂ ਤੋਂ ਚੌਕਸ ਰਹਿਣਾ। ਜੇ ਬਾਬੂ ਜੀ ਕਿਸੇ ਅਹਿਲਕਾਰ ਦੇ ਨਾਂ ਦੇ ਪੈਸੇ ਮੰਗਣ, ਆਖ ਦੇਣਾ ਸਿੰਗਲੇ ਨੇ ਗੱਲ ਕਰ ਲਈ ਹੈ। ਆਪੇ ਪਿੱਛੋਂ ਲਹਿ ਜਾਏਗਾ। ਨਹੀਂ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣਗੀਆਂ। ਇੱਕ ਵਾਰ ਮੂੰਹ ਪੈ ਗਿਆ ਪਿੱਛੋਂ ਜਵਾਬ ਦੇਣਾ ਔਖਾ ਹੋ ਜਾਏਗਾ। ਮੈਂ ਤੁਹਾਨੂੰ ਸਾਵਧਾਨ ਕਰਕੇ ਆਪਣਾ ਫਰਜ਼ ਨਿਭਾਅ ਦਿੱਤਾ। ਅੱਗੇ ਤੁਹਾਡੀ ਮਰਜ਼ੀ।”
“ਗੱਲ ਸਿਆਣੀ ਹੈ।”
ਆਖਦਾ ਪੰਕਜ ਸ਼ਸ਼ੋਪੰਜ ਵਿੱਚ ਪੈ ਗਿਆ। ਉਹ ਕਿਸ ਦੀ ਗੱਲ ਮੰਨੇ। ਦੋਵੇਂ ਦਰੁਸਤ ਲਗਦੇ ਸਨ। ਖ਼ੈਰ! ਜਦੋਂ ਉੱਖਲੀ ਵਿੱਚ ਸਿਰ ਆ ਗਿਆ ਤਾਂ ਮੂੰਗਲੀਆਂ ਦਾ ਕੀ ਡਰ? ਸੋਚ ਕੇ ਪੰਕਜ ਨੇ ਗੱਲ ਅੱਗੇ ਤੋਰੀ।
“ਪੈਸਿਆਂ ਦਾ ਝੰਜਟ ਛੱਡੋ। ਜਿਹੜੇ ਤੁਹਾਡੇ ਕੋਲੋਂ ਮੰਗਣਗੇ ਉਨ੍ਹਾਂ ਨੂੰ ਤੁਸੀਂ ਦੇ ਦਿਓ। ਦਸ ਵੀਹ ਹਜ਼ਾਰ ਹੋਰ ਲਗ ਜਾਏਗਾ। ਇਹ ਦੱਸੋ ਪੇਸ਼ਗੀ ਜ਼ਮਾਨਤ ਮਿਲ ਵੀ ਜਾਏਗੀ?”
“ਸੱਚੀ ਗੱਲ ਸਮਝ ਲਓ। ਅਖ਼ਬਾਰਾਂ ਵਿੱਚ ਬਹੁਤ ਖ਼ਬਰਾਂ ਲਗ ਗਈਆਂ ਹਨ। ਯੂਨੀਵਰਸਿਟੀ ਵਿੱਚ ਹੜਤਾਲ ਹੈ। ਸ਼ਹਿਰ ਵਿੱਚ ਜਲੂਸ ਨਿਕਲ ਰਿਹਾ ਹੈ। ਇਸ ਸਭ ਦਾ ਜੱਜਾਂ ਤੇ ਅਸਰ ਪਏਗਾ। ਪੁਲਿਸ ਸਾਡੀ ਸਹਾਇਤਾ ਕਰਨੋਂ ਘਬਰਾਏਗੀ। ਹਾਲੇ ਬਜ਼ਾਰ ਗਰਮ ਹੈ। ਫੇਰ ਵੀ ਆਪਾਂ ਹਿੰਮਤ ਨਹੀਂ ਹਾਰਨੀ। ਮਿਲੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ। ਬੜੇ ਰਾਹ ਹਨ ਕਾਮਯਾਬੀ ਤਕ ਪੁੱਜਣ ਦੇ। ਸੈਸ਼ਨ ਜੱਜ ਵਧੀਆ ਬੰਦਾ ਹੈ। ਦਰਖ਼ਾਸਤ ਆਪਣੇ ਕੋਲ ਰੱਖ ਲਏ, ਚੰਗਾ ਹੈ। ਉਹ ਕਿਸੇ ਦਬਾਅ ਅੱਗੇ ਨਹੀਂ ਝੁੱਕਦਾ।”
“ਸੈਸ਼ਨ ਜੱਜ ਦਾ ਕੋਈ ਬੰਦਾ?”
“ਸੱਚੀ ਗੱਲ ਇਹ ਹੈ ਕਿ ਉਸਦਾ ਕੋਈ ਬੰਦਾ ਨਹੀਂ। ਹਿੱਕ ਥਾਪੜ ਕੇ ਉਸ ਤੋਂ ਕੰਮ ਕਰਾਉਣ ਦੇ ਦਾਅਵੇਦਾਰ ਬਥੇਰੇ ਮਿਲਣਗੇ ਪਰ ਉਸ ਦੀ ਕੋਠੀ ਵੜਨ ਦੀ ਕਿਸੇ ਦੀ ਹਿੰਮਤ ਨਹੀਂ। ਇਹ ਮਸਲਾ ਰੱਬ ਤੇ ਛੱਡ ਦੇਵੋ।”
“ਹੋਰ ਕੀ ਕੀਤਾ ਜਾਵੇ?”
“ਫੌਰੀ ਕਰਨ ਵਾਲੀ ਗੱਲ ਇਹ ਕਿ ਕਿਵੇਂ ਨਾ ਕਿਵੇਂ ਪੁਲਿਸ ਤਕ ਪਹੁੰਚ ਕੀਤੀ ਜਾਵੇ। ਪੁਲਿਸ ਕਪਤਾਨ ਨੂੰ ਬੰਨ੍ਹਿਆ ਜਾਵੇ। ਫੇਰ ਰੈਂਕ ਮੁਤਾਬਕ ਛੋਟੇ ਥਾਣੇਦਾਰਾਂ ਦੀ ਮੁੱਠੀ ਗਰਮ ਕੀਤੀ ਜਾਵੇ। ਹਰ ਰੁਤਬੇ ਦੀ ਆਪਣੀ ਅਹਿਮੀਅਤ ਹੈ। ਸਭ ਦਾ ਮਾਣ ਕਰੋ।”
“ਪੁਲਿਸ ਕਪਤਾਨ ਦਾ ਕੋਈ ਸਹੀ ਬੰਦਾ?”
“ਬੰਦੇ ਉਸਦੇ ਬਥੇਰੇ ਹਨ। ਪਰ ਜੇ ਮੇਰੀ ਮੰਨਣੀ ਹੈ ਤਾਂ ਸਿੱਧੀ ਪਹੁੰਚ ਕਰੋ। ਜੇ ਕਿਸੇ ਸਿਆਸੀ ਬੰਦੇ ਜਾਂ ਰਿਸ਼ਤੇਦਾਰ ਦੇ ਪਿੱਛੇ ਭੱਜੇ, ਨਾਲੇ ਖੱਜਲ-ਖ਼ੁਆਰ ਹੋਵੋਗੇ ਨਾਲੇ ਵੱਧ ਖ਼ਰਚ ਹੋ ਜਾਏਗਾ। ਸਿਫਾਰਸ਼ੀ ਪਹਿਲਾਂ ਆਪਣਾ ਢਿੱਡ ਭਰੇਗਾ। ਸਿਧੇ ਜਾਉਗੇ, ਅਫ਼ਸਰ ਖੁਸ਼ ਹੋਏਗਾ।”
“ਸਿੱਧੇ ਕਿਵੇਂ ਜਾਈਏ? ਉਹ ਕਪਤਾਨ ਹੈ। ਫੜ ਕੇ ਅੰਦਰ ਕਰ ਦਿਊ।”
“ਮੇਰਾ ਮਤਲਬ ਇੰਝ ਸਿੱਧੇ ਜਾਣ ਤੋਂ ਥੋੜ੍ਹਾ ਹੈ। ਮਤਲਬ ਹੈ ਸਿਫਾਰਸ਼ ਦੀ ਥਾਂ ਦਲਾਲ ਫੜੋ।”
“ਦਲਾਲ ਦੱਸੋ ਕੌਣ ਹੈ?”
“ਚੁੱਪ ਕਰਕੇ ਮੇਲੂ ਡੇਅਰੀ ਵਾਲੇ ਕੋਲ ਚਲੇ ਜਾਓ। ਉਹ ਸਾਫ਼-ਸੁਥਰਾ ਬੰਦਾ ਹੈ। ਦਸ ਹਜ਼ਾਰ ਆਪ ਲਏਗਾ। ਮੂੰਹੋਂ ਮੰਗ ਕੇ। ਗੱਲ ਜੋ ਕਰੇਗਾ ਸੌਲਾਂ ਆਨੇ ਸਹੀ ਹੋਏਗੀ। ਤੁਹਾਡੇ ਬੰਦੇ ਨੂੰ ਨਾਲ ਲੈ ਕੇ ਜਾਏਗਾ। ਗੱਲ ਮੂੰਹ ਤੇ ਕਰੇਗਾ। ਤੁਹਾਡੇ ਹੱਥੀਂ ਪੈਸੇ ਦਿਵਾਏਗਾ। ਅੱਗੇ-ਪਿੱਛੇ ਲੋੜ ਪਈ ਨਾਲ ਜਾਏਗਾ।”
“ਠੀਕ ਹੈ। ਅਸੀਂ ਹੁਣੇ ਉਸ ਕੋਲ ਜਾਂਦੇ ਹਾਂ।”
“ਜਾਓ। ਕੋਈ ਦਿੱਕਤ ਆਵੇ ਮੈਨੂੰ ਫ਼ੋਨ ਕਰ ਦੇਣਾ। ਰਾਤ ਨੂੰ ਦਸ ਵਜੇ ਬਾਅਦ ਮੈਂ ਫ਼ੋਨ ਬੰਦ ਕਰ ਦਿੰਦਾ ਹਾਂ। ਅੱਜ ਖੁੱਲ੍ਹਾ ਰੱਖਾਂਗਾ। ਜਦੋਂ ਮਰਜ਼ੀ ਉਠਾ ਲੈਣਾ। ਹੁਣ ਮੈਂ ਚਲਦਾ ਹਾਂ। ਸਰਕਾਰੀ ਵਕੀਲ ਮੈਨੂੰ ਉਡੀਕ ਰਿਹਾ ਹੋਣਾ ਹੈ।”
ਘੜੀ ਦੇਖਦਾ ਸਿੰਗਲਾ ਘਰ ਜਾਣ ਲਈ ਉੱਠ ਖੜੋਤਾ।
“ਬੈਠੋ ਸਿੰਗਲਾ ਸਾਹਿਬ! ਤੁਸੀਂ ਆਪਣੀ ਫ਼ੀਸ ਦੱਸੀ ਨਹੀਂ। ਚਾਰ ਘੰਟੇ ਹੋ ਗਏ ਮਗਜ਼-ਖਪਾਈ ਕਰਦਿਆਂ ਨੂੰ।”
ਸਿੰਗਲੇ ਦਾ ਹੱਥ ਫੜ ਕੇ ਬੈਠਾਉਂਦੇ ਅਜੇ ਨੇ ਉਸਨੂੰ ਰੋਕਿਆ।
ਅੰਨ੍ਹਾ ਕੀ ਭਾਲੇ ਦੋ ਅੱਖਾਂ? ਹੋਰ ਸਿੰਗਲੇ ਨੂੰ ਕੀ ਚਾਹੀਦਾ ਸੀ?
“ਫ਼ੀਸ ਆਪਣਿਆਂ ਤੋਂ ਥੋੜ੍ਹਾ ਲਈਦੀ ਹੈ। ਇਹ ਮੇਰਾ ਆਪਣਾ ਕੰਮ ਹੈ।”
ਮੁੜ ਕੁਰਸੀ ਸੰਭਾਲਦੇ ਸਿੰਗਲੇ ਨੇ ਮਲਵੀਂ ਜੀਭ ਨਾਲ ਦੋਸਤਾਂ ਦਾ ਮਾਨ ਰੱਖਿਆ।
“ਘੋੜਾ ਘਾਹ ਨਾਲ ਦੋਸਤੀ ਪਾਏਗਾ ਤਾਂ ਖਾਏਗਾ ਕੀ? ਆਪਣੇ ਕੋਲ ਯਾਰਾਂ ਦੋਸਤਾਂ ਨੇ ਆਉਣੈ। ਯਾਰੀ ਦੋਸਤੀ ਇੱਕ ਥਾਂ। ਕਾਰੋਬਾਰ ਦੂਸਰੀ ਥਾਂ। ਤੁਸੀਂ ਆਪਣੀ ਫ਼ੀਸ ਦੱਸੋ।”
ਵਿਨੇ ਸਿੰਗਲਾ ਦਾ ਪੱਖ ਪੂਰਨ ਲੱਗਾ।
“ਮੰਗਣਾ ਮੈਂ ਕੀ ਹੈ! ਜਿਹੜੇ ਦੇਵੋਗੇ ਚੁੱਪ ਕਰਕੇ ਜੇਬ ਵਿੱਚ ਪਾ ਲਵਾਂਗਾ।”
“ਫੇਰ ਵੀ ਕੁੱਝ ਤਾਂ ਦੱਸੋ?” ਪੰਕਜ ਨੇ ਪੰਜ-ਪੰਜ ਸੌ ਦੇ ਨੋਟਾਂ ਵਾਲੀ ਗੁੱਟੀ ਜੇਬ ਵਿਚੋਂ ਕੱਢ ਕੇ ਹੱਥ ਵਿੱਚ ਫੜਦਿਆਂ ਪੁੱਛਿਆ।
ਸਿੰਗਲਾ ਕਿੰਨੀ ਫ਼ੀਸ ਮੰਗੇ ਉਸ ਨੂੰ ਸੁਝ ਨਹੀਂ ਸੀ ਰਿਹਾ। ਗਿਆਰਾਂ ਹਜ਼ਾਰ ਉਸ ਦੀ ਵੱਧ ਤੋਂ ਵੱਧ ਫ਼ੀਸ ਸੀ। ਆਮ ਤੌਰ ਤੇ ਉਸ ਨੂੰ ਪਚਵੰਜਾ ਸੌ ਮਿਲਦਾ ਸੀ। ਘੱਟ ਵੀ ਚੱਲ ਜਾਂਦੀ ਸੀ। ਇਥੇ ਘੱਟ ਮੰਗੇ ਜਾਂ ਵੱਧ? ਉਹ ਕਿਸੇ ਨਤੀਜੇ ਤੇ ਨਹੀਂ ਸੀ ਪੁੱਜ ਰਿਹਾ।
“ਮੈਂ ਕਿਹੜਾ ਬਾਬੂ ਜੀ ਹਾਂ ਕਿ ਲੱਖਾਂ ਵਿੱਚ ਮੰਗਾਂਗਾ। ਮੈਨੂੰ ਉਨ੍ਹਾਂ ਦਾ ਮੁਨਸ਼ੀਆਨਾ ਦੇ ਦੇਣਾ। ਹੋਰ ਦੱਸੋ!”
“ਜਾਨੀ ਪੰਦਰਾਂ ਹਜ਼ਾਰ!” ਵਿਨੇ ਨੇ ਦਸ ਫੀਸਦੀ ਦੇ ਹਿਸਾਬ ਨਾਲ ਹਿਸਾਬ ਲਾ ਕੇ ਆਖਿਆ।
“ਲਓ ਬਾਈ ਹਜ਼ਾਰ!” ਪੰਕਜ ਨੇ ਪੰਜ-ਪੰਜ ਸੌ ਦੇ ਚੁਤਾਲੀ ਨੋਟ ਸਿੰਗਲੇ ਦੀ ਜੇਬ ਵਿੱਚ ਪਾ ਦਿੱਤੇ।
“ਸਰਕਾਰੀ ਵਕੀਲ ਦਾ ਖਰਚਾ ਵੀ ਲੈ ਲਓ।”
“ਕਿਉਂ ਛਿੱਤਰ ਮਾਰਦੇ ਹੋ! ਹਰ ਰੋਜ਼ ਇਕੱਠੇ ਖਾਂਦੇ ਪੀਂਦੇ ਹਾਂ।”
ਸਿੰਗਲਾ ਮਿਲੀ ਫ਼ੀਸ ਤੋਂ ਸੰਤੁਸ਼ਟ ਸੀ। ਉਹ ਭੁੱਖ ਦਿਖਾ ਕੇ ਆਪਣਾ ਵਕਾਰ ਨਹੀਂ ਸੀ ਘਟਾਉਣਾ ਚਾਹੁੰਦਾ।
“ਕੋਈ ਹੋਰ ਸਾਵਧਾਨੀ?”
“ਮੇਰਾ ਖਿਆਲ ਹੈ ਆਪਾਂ ਨੂੰ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੀਦਾ। ਘਰ ਵਿੱਚ ਜੇ ਕੋਈ ਗਲਤ ਚੀਜ਼ ਪਈ ਹੈ ਉਸਨੂੰ ਇਧਰ-ਉਧਰ ਕਰ ਦਿਓ। ਪੁਲਿਸ ਦਾ ਕੋਈ ਵਸਾਹ ਨਹੀਂ। ਘਰੋਂ ਕੋਈ ਹੋਰ ਚੀਜ਼ ਨਾ ਮਿਲੇ ਤਾਂ ਵਿਸਕੀ ਦਾ ਕੇਸ ਪਾ ਦੇਵੇ। ਫੜੇ ਦਸਤਾਵੇਜ਼ਾਂ ਨੂੰ ਇਨਕਮ ਟੈਕਸ ਵਾਲਿਆਂ ਕੋਲ ਭੇਜ ਦੇਵੇ। ਘਰ ਪਏ ਕੈਸ਼ ਨੂੰ ਹਵਾਲੇ ਦੀ ਰਕਮ ਬਣਾ ਕੇ ਕੋਈ ਨਵੀਂ ਮੁਸੀਬਤ ਗਲ ਪਾ ਦੇਵੇ। ਅਸਲਾ, ਵਿਸਕੀ, ਸੋਨਾ, ਕੈਸ਼ ਸਭ ਖਿੰਡਾ ਦੇਵੋ।”
ਸਿੰਗਲੇ ਦੀ ਇਸ ਰਾਏ ਨੇ ਦੋਸਤਾਂ ਦੇ ਦਿਲ ਮੋਹ ਲਏ।
ਘਰ ਵਿੱਚ ਅਜਿਹਾ ਬਹੁਤ ਕੁੱਝ ਪਿਆ ਸੀ। ਇਹ ਸਭ ਗ਼ੈਰ-ਕਾਨੂੰਨੀ ਸੀ, ਇਹ ਕਿਸੇ ਦੇ ਧਿਆਨ ਵਿੱਚ ਨਹੀਂ ਸੀ।
ਤੁਰੰਤ ਸਿੰਗਲੇ ਦੀ ਹਦਾਇਤ ਤੇ ਅਮਲ ਹੋਇਆ। ਨੀਰਜ ਨੇ ਘਰ ਫ਼ੋਨ ਖੜਕਾਇਆ। ਸਾਰਾ ਵਾਧੂ ਸਮਾਨ ਰਿਸ਼ਤੇਦਾਰਾਂ ਦੇ ਘਰ ਪਹੁੰਚਾ ਦਿਓ।
ਨਾਵਲ ਕੌਰਭ ਸਭਾ ਕਾਂਡ ਦੀ ਚੱਲ ਰਹੀ ਲੜੀ ਨਾਲ ਮੁੜ ਤੋਂ ਜੁੜਨ ਲਈ ਤੁਸੀਂ ਇਸ ਕੜੀ ਦੀਆਂ ਪੁਰਾਣੀਆਂ ਕਿਸ਼ਤਾਂ ਵੀ ਪੜ੍ਹ ਸਕਦੇ ਹੋ। ਇਸ ਨਾਵਲ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ....