ਅਮਰੀਕੀ ਲੋਕਤੰਤਰ ਵਿੱਚ ਨਵੇਂ 'ਸ਼ਕਤੀਕੇਂਦਰ' ਫੇਸਬੁੱਕ ਅਤੇ ਟਵਿੱਟਰ

01/21/2021 3:52:58 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਦਾਈ ਹੋ ਚੁੱਕੀ ਹੈ।ਟਰੰਪ ਦੀ ਵਿਦਾਈ ਦੇ ਨਾਲ ਨਾਲ ਹੀ ਅਮਰੀਕੀ ਲੋਕਤੰਤਰ ਨੂੰ ਲੈ ਕੇ ਕੁਝ ਅਹਿਮ ਸਵਾਲ ਖੜੇ ਹੋ ਗਏ ਹਨ।ਕੀ ਫੇਸਬੁੱਕ,ਟਵਿੱਟਰ ਵਰਗੇ ਡਿਜੀਟਲ ਦੁਨੀਆਂ ਦੇ ਮਲਟੀਮੀਡੀਆ ਕਾਰਪੋਰੇਸ਼ਨ ਲੋਕਤੰਤਰ ਦੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸ਼ਕਤੀਆਂ ਦੇ ਕੇਂਦਰ ਦੇ ਰੂਪ ਵਿੱਚ ਵਿਕਸਤ ਹੋ ਰਹੇ ਹਨ?ਕੀ ਅਮਰੀਕੀ ਲੋਕਤੰਤਰ ਵਿੱਚ ਰਾਜ ਦੀਆਂ ਕੁਝ ਸ਼ਕਤੀਆਂ ਫੇਸਬੁੱਕ ਅਤੇ ਟਵਿੱਟਰ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਕੁਰਸੀ ਤੇ ਬੈਠੇ ਰਾਸ਼ਟਰਪਤੀ ਨੂੰ ਅਹੁਦਾ ਛੱਡਣ ਤੋਂ ਪਹਿਲਾਂ ਹੀ ਆਪਣੇ ਮੰਚ ਤੇ ਪਾਬੰਦੀ ਲਾ ਦਿੱਤੀ ਹੈ।ਟਰੰਪ ਨੂੰ ਬੈਨ ਕਰਕੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਸੰਵਿਧਾਨ ਅਤੇ ਰਾਜ ਨਾਲੋਂ ਅਲੱਗ ਕੁਝ ਸ਼ਕਤੀਆਂ ਹੁਣ ਲੋਕਤੰਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਅੱਗੇ ਵੀ ਉਹ ਆਪਣੀ ਭੂਮਿਕਾ ਨੂੰ ਹੋਰ ਵਧਾਉਣਗੀਆਂ।ਟਵਿੱਟਰ ਅਤੇ ਫੇਸਬੁੱਕ ਤੇ ਟਰੰਪ ਨੂੰ  ਬੈਨ ਕੀਤੇ ਜਾਣ ਨਾਲ ਬੇਸ਼ੱਕ ਉਸਦੇ ਵਿਰੋਧੀ ਖ਼ੁਸ਼ ਹਨ ਪਰ ਅੰਦਰੋਂ ਇਸ ਫ਼ੈਸਲੇ ਨਾਲ ਉਹ ਵੀ  ਸਹਿਮੇ ਹੋਏ ਹਨ ਕਿਉਂਕਿ ਭਵਿੱਖ ਵਿੱਚ ਸੰਵਿਧਾਨ ਅਤੇ ਇਸਦੇ ਹੋਰ ਤੱਤਾਂ ਨੂੰ ਪ੍ਰਭਾਵਿਤ ਕਰਨ ਵਿੱਚ ਇਨ੍ਹਾਂ ਦੀ ਭੂਮਿਕਾ ਹੋਰ ਵੱਧ ਸਕਦੀ ਹੈ।

ਟਰੰਪ ਖ਼ਿਲਾਫ਼ ਮਹਾਦੋਸ਼ ਦੀ ਤਜਵੀਜ਼
ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਤਜਵੀਜ਼ ਪਾਸ ਹੋ ਗਈ।ਹਾਲਾਕਿ ਮਹਾਦੋਸ਼ ਦੀ ਤਜਵੀਜ਼ ਸੈਨਿਟ ਵਿੱਚ ਪਾਸ ਹੋਵੇਗੀ ਇਸ ਗੱਲ ਤੇ ਸ਼ੱਕ ਹੈ।ਡੈਮੋਕਰੇਟਿਕ ਦਲ ਦੇ ਆਗੂ ਕੋਸ਼ਿਸ਼ ਕਰ ਰਹੇ ਹਨ ਕਿ ਟਰੰਪ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਲਈ ਆਯੋਗ ਕਰਾਰ ਦਿੱਤਾ ਜਾਵੇ।ਚਰਚਾ ਹੈ ਕਿ ਬਾਈਡੇਨ ਦੇ ਰਾਸ਼ਟਰਪਤੀ ਪਦ ਸੰਭਾਲਣ ਮਗਰੋਂ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਤਜਵੀਜ਼ ਪਾਸ ਕੀਤੀ ਜਾ ਸਕਦੀ ਹੈ। ਹਾਲਾਕਿ ਅਮਰੀਕੀ ਸੁਪਰੀਮ ਕੋਰਟ ਇਸ ਕੰਮ ਲਈ ਬਾਈਡੇਨ ਦੇ ਰਸਤੇ ਦੀ ਮੁਸੀਬਤ ਬਣ ਸਕਦੀ ਹੈ ਕਿਉਂਕਿ ਉਥੇ ਕਨਜਰਵੇਟਿਵ ਜੱਜਾਂ ਦਾ ਬਹੁਮਤ ਹੈ ਪਰ ਟਰੰਪ ਲਈ ਵੱਡਾ ਝਟਕਾ ਹੇਠਲੇ ਸਦਨ ਵਿੱਚ 10  ਰਿਪਬਲਿਕ ਸਾਂਸਦਾਂ ਦਾ ਟਰੰਪ ਦਾ ਵਿਰੋਧ ਕਰਨਾ ਹੈ। ਟਰੰਪ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਖ਼ਿਲਾਫ਼ ਅਮਰੀਕਾ ਵਿੱਚ ਦੂਜੀ ਵਾਰ ਮਹਾਦੋਸ਼ ਦੀ ਤਜਵੀਜ਼ ਲਿਆਂਦੀ ਗਈ ਹੈ 

ਪੁਲਸ ਦਾ ਵਿਵਹਾਰ 
 ਟਰੰਪ ਦੀਆਂ ਹਰਕਤਾਂ ਨੇ ਪੂਰੀ ਦੁਨੀਆ ਸਾਹਮਣੇ ਅਮਰੀਕੀ ਲੋਕਤੰਤਰ ਨੂੰ ਨੰਗਾ ਕਰ ਦਿੱਤਾ ਹੈ।ਅਮਰੀਕੀ ਪੁਲਸ ਦੀ ਨਸਲੀ ਭਾਵਨਾ ਨੂੰ ਪੂਰੀ ਦੁਨੀਆ ਸਾਹਮਣੇ ਲਿਆਂਦਾ ਹੈ।ਟਰੰਪ ਸਮਰਥਕਾਂ ਨੇ ਸੰਸਦ ਭਵਨ ਕੈਪਿਟਲ ਹਿਲ ਅੰਦਰ ਜਬਰਨ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ,ਹਿੰਸਾ ਹੋਈ।ਇਸ ਦੌਰਾਨ ਪੁਲਸ ਦਾ ਵਿਵਹਾਰ ਨਰਮ ਸੀ।ਇਥੇ ਪੁਲਸ ਦਾ ਦੋ-ਮੂੰਹਾਂ ਚਿਹਰਾ ਸਾਹਮਣੇ ਆਉਂਦਾ ਹੈ।ਟਰੰਪ ਦੇ ਗੋਰੇ ਸਮਰਥਕਾਂ ਨੂੰ ਗੋਰੀ ਪੁਲਸ ਨੇ ਨਰਮੀ ਨਾਲ ਲਿਆ।ਸਵਾਲ ਉੱਠ ਰਿਹਾ ਹੈ ਕਿ ਜੇਕਰ ਗੋਰਿਆਂ ਦੀ ਜਗ੍ਹਾ ਗੈਰ ਗੋਰੇ ਲੋਕ ਹਿੰਸਾ ਕਰਦੇ ਤਾਂ ਕੀ ਪੁਲਸ ਦਾ ਵਿਵਹਾਰ ਫਿਰ ਵੀ ਇਹੋ ਜਿਹਾ ਹੀ ਹੁੰਦਾ?ਨਿਸਚਿਤ ਤੌਰ ਤੇ ਜੇ ਇਹ  ਪ੍ਰਦਰਸ਼ਨਕਾਰੀ ਕਾਲੇ ਹੁੰਦੇ ਤਾਂ ਉਹਨਾਂ ਤੇ ਗੋਲ਼ੀਆਂ ਚੱਲਦੀਆਂ।

ਇਹ ਵੀ ਪੜ੍ਹੋ-ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਦੇ ਰਾਜਨੀਤਕ ਜੀਵਨ 'ਤੇ ਇਕ ਨਜ਼ਰ

ਟਵਿੱਟਰ ਅਤੇ ਫੇਸਬੁੱਕ  ਦਾ ਦੋ-ਪੱਖੀ ਰਵੱਈਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟਵਿੱਟਰ ਅਤੇ ਫੇਸਬੁੱਕ ਤੇ ਬੈਨ ਕਰ ਦਿੱਤਾ ਗਿਆ ਹੈ।ਦੋ ਮਲਟੀਨੈਸ਼ਨਲ  ਕਾਰਪੋਰੇਸ਼ਨ ਦੀ ਇਸ ਕਾਰਵਾਈ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਪਰੇਸ਼ਾਨ ਕੀਤਾ ਹੈ।ਦਰਅਸਲ ਟਵਿੱਟਰ ਅਤੇ ਫੇਸਬੁੱਕ ਨੇ ਜੋ ਫ਼ੈਸਲੇ ਟਰੰਪ ਨੂੰ  ਲੈ ਕੇ ਕੀਤੇ ਹਨ ਉਨ੍ਹਾਂ ਨੂੰ ਲੈ ਕੇ ਬਹਿਸ ਹੋ ਰਹੀ ਹੈ।ਬੈਨ ਕਰਨ ਦਾ ਵਿਰੋਧ ਕਰਨ ਵਾਲਿਆਂ ਦਾ ਤਰਕ ਹੈ ਕਿ ਟਵਿੱਟਰ ਅਤੇ ਫੇਸਬੁੱਕ ਨੇ ਜੋ ਫ਼ੈਸਲੇ ਟਰੰਪ ਨੂੰ ਲੈ ਕੇ ਕੀਤੇ ਹਨ ਉਹ  ਰਾਜ ਅਤੇ ਸਰਕਾਰ ਦੇ ਅਧਿਕਾਰ ਖੇਤਰ ਦਾ ਫ਼ੈਸਲਾ ਹੈ।ਸਵਾਲ ਉੱਠ ਰਿਹਾ ਹੈ ਕਿ ਕੀ ਕੋਈ ਬਹੁਰਾਸ਼ਟਰੀ ਕਾਰਪੋਰੇਸ਼ਨ ਕਿਸੇ ਦੇਸ਼ ਅੰਦਰ  ਕਾਨੂੰਨ ਅਨੁਸਾਰ ਰਾਜ ਵਲੋਂ ਲਏ ਜਾਣ ਵਾਲੇ ਫ਼ੈਸਲਿਆਂ ਨੂੰ ਖ਼ੁਦ ਲੈ ਸਕਦੀ ਹੈ?ਅਸਲ ਵਿੱਚ ਟਵਿੱਟਰ ਅਤੇ ਫੇਸਬੁੱਕ ਨੇ ਟਰੰਪ ਨੂੰ ਨਹੀਂ ਬਲਕਿ ਅਮਰੀਕੀ ਰਾਸ਼ਟਰਪਤੀ ਦੇ ਵਿਅਕਤੀਗਤ ਆਜ਼ਾਦੀ 'ਤੇ ਰੋਕ ਲਾਈ ਹੈ।ਦੁਨੀਆ ਦੇ ਕਈ ਦੇਸ਼ਾਂ ਨੇ ਇਸ ਫ਼ੈਸਲੇ ਤੇ ਚਿੰਤਾ ਜ਼ਾਹਿਰ ਕੀਤੀ ਹੈ।ਜਰਮਨ ਚਾਂਸਲਰ ਏਂਜਲਾ ਮੌਰਕਲ ਨੇ ਇਸ ਗੱਲ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ  ਇਸ ਤਰ੍ਹਾਂ ਦੇ ਫ਼ੈਸਲੇ ਲੈਣ ਦਾ ਅਧਿਕਾਰ ਸਿਰਫ਼ ਰਾਜ ਨੂੰ ਹੁੰਦਾ ਹੈ।ਕੋਈ ਵੀ ਨਿੱਜੀ ਫਰਮ ਵਿਅਕਤੀ ਦੀ ਆਜ਼ਾਦੀ ਨਹੀਂ  ਖੋਹ ਸਕਦੀ।ਟਰੰਪ ਨੂੰ ਬੈਨ ਕਰਨ ਦੇ ਫੈਸਲੇ ਤੋਂ ਅਮਰੀਕੀ ਰਿਪਬਲਿਕ ਦਲ ਦੇ ਆਗੂ ਵੀ ਨਾਰਾਜ਼ ਹਨ।ਉਨ੍ਹਾਂ ਦਾ ਮੰਨਣਾ ਵੀ ਇਹੋ ਹੈ ਕਿ ਇਹ ਫ਼ੈਸਲਾ ਰਾਜ ਦੇ ਅਧਿਕਾਰ ਖੇਤਰ ਵਾਲੇ ਮਾਮਲਿਆਂ ਦਾ ਫ਼ੈਸਲਾ ਹੈ।ਵੱਡੀ ਗੱਲ ਇਹ ਹੈ ਕਿ ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਬਾਈਡੇਨ ਦੀ ਜਿੱਤ ਤੇ ਪੱਕੀ ਮੋਹਰ ਲੱਗ ਗਈ ਸੀ।ਉਸ ਤੋਂ ਪਹਿਲਾਂ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਟਰੰਪ ਦੇ ਅਕਾਊਂਟ ਬਲਾਕ ਕੀਤੇ ਜਾਣ।ਹੁਣ ਬਾਈਡੇਨ ਨੂੰ ਖ਼ੁਸ਼ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ।ਫੇਸਬੁੱਕ ਅਤੇ ਟਵਿੱਟਰ 'ਤੇ ਸਵਾਲ ਉੱਠਣ ਦੇ ਕਈ ਕਾਰਨ ਹੋਰ ਵੀ ਹਨ।ਦੁਨੀਆ ਦੇ ਕਈ ਸੱਤਾਧਾਰੀ ਲੋਕ ਤੇ ਉਨ੍ਹਾਂ ਦੇ ਵਿਰੋਧੀ ਇਨ੍ਹਾਂ ਦੋਨਾਂ ਦਾ ਇਸਤੇਮਾਲ ਨਫ਼ਰਤ ਅਤੇ ਹਿੰਸਾ ਫੈਲਾਉਣ ਲਈ ਕਰਦੇ ਹਨ।ਧਰਮ,ਜਾਤ ਅਤੇ ਨਸਲੀ ਦੰਗੇ ਭੜਕਾਏ ਜਾਂਦੇ ਹਨ। ਦੋਹਾਂ ਮਾਧਿਅਮਾਂ ਨੇ ਇਸ ਨੂੰ ਰੋਕਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

ਰਾਜਨੀਤੀ ਲਈ ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ
ਭਾਰਤ ਵਰਗੇ ਦੇਸ਼ਾਂ ਵਿੱਚ ਨਫ਼ਰਤ ਫੈਲਾਉਣ ਲਈ ਫੇਸਬੁੱਕ ਅਤੇ ਟਵਿੱਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਫੇਸਬੁੱਕ ਅਤੇ ਟਵਿੱਟਰ ਦੁਆਰਾ ਹੁਣ ਤੱਕ ਕਿਸੇ ਵੀ ਵੱਡੇ ਨੇਤਾ 'ਤੇ ਪਾਬੰਦੀ ਨਹੀਂ ਲਾਈ ਗਈ। ਫੇਸਬੁੱਕ ਦੀ ਵਰਤੋਂ ਦੁਨੀਆ ਦੇ ਕੁਝ ਦੇਸ਼ਾਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲਈ ਵੀ ਕੀਤੀ ਗਈ ਹੈ। ਚੋਣਾਂ ਦੌਰਾਨ ਫੇਸਬੁੱਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਈ। ਸਿਆਸੀ ਪਾਰਟੀਆਂ ਨੇ ਆਪਣੇ ਆਈ.ਟੀ. ਸੈੱਲ ਬਣਾ ਲਏ ਹਨ। ਚੋਣਾਂ ਵਿੱਚ ਇਸਦੀ ਦੁਰਵਰਤੋਂ ਹੋ ਰਹੀ ਹੈ। ਭਾਰਤ, ਯੂਕੇ ਤੋਂ ਅਮਰੀਕਾ ਤੱਕ ਫੇਸਬੁੱਕ ਰਾਹੀਂ ਚੋਣਾਂ ਪ੍ਰਭਾਵਿਤ ਹੋ ਰਹੀਆਂ ਹਨ। 2016 ਵਿੱਚ ਸਮਾਪਤ ਹੋਈਆਂ ਯੂ.ਐੱਸ. ਰਾਸ਼ਟਰਪਤੀ ਚੋਣਾਂ  ਮੌਕੇ ਵੀ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਫੇਸਬੁੱਕ ਦੀ ਵਰਤੋਂ ਕਰਨ ਦਾ ਦੋਸ਼ ਸੀ। ਕਿਹਾ ਜਾਂਦਾ ਹੈ ਕਿ ਰੂਸ ਨੇ ਅਮਰੀਕਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਫੇਸਬੁੱਕ ਦੀ ਵਰਤੋਂ ਕੀਤੀ ਸੀ ਪਰ ਫੇਸਬੁੱਕ ਨੇ ਇਨ੍ਹਾਂ ਦੋਸ਼ਾਂ ਬਾਰੇ ਕਦੇ ਵੀ ਗੰਭੀਰਤਾ ਨਹੀਂ ਵਿਖਾਈ। ਫੇਸਬੁੱਕ ਸਿਰਫ਼ ਆਪਣੇ ਆਰਥਿਕ ਲਾਭਾਂ ਨੂੰ ਵੇਖਦੀ ਰਹੀ।

ਸੰਜੀਵ ਪਾਂਡੇ
ਨੋਟ: ਇਹ ਆਰਟੀਕਲ ਤੁਹਾਨੂੰ ਕਿਵੇਂ ਲੱਗਾ, ਕੁਮੈਂਟ ਕਰਕੇ ਦਿਓ ਆਪਣੀ ਰਾਏ 


Harnek Seechewal

Content Editor

Related News