ਬਹੁਪੱਖੀ ਪ੍ਰਤਿਭਾਵਾਨ ਕਲਾਕਾਰ ਅਤੇ ਮੰਚ ਸੰਚਾਲਿਕਾ ‘ਡਾ.ਮੰਜੂ ਮਿੱਢਾ ਅਰੋੜਾ’

09/20/2020 4:57:35 PM

ਉਜਾਗਰ ਸਿੰਘ

ਸ਼ਬਦਾਂ ਦਾ ਭੰਡਾਰ, ਸੰਗੀਤ ਨਾਲ ਪਿਆਰ, ਗਾਇਕੀ ਦੀ ਕਲਾ, ਕਾਵਿਕ ਸੋਚ, ਅਦਾਕਾਰੀ ਦਾ ਸ਼ੌਕ, ਜ਼ੁਬਾਨ ਵਿਚ ਮਿਠਾਸ, ਅਜਮੇਰ ਔਲਖ ਦੇ ਸ਼ਹਿਰ ਵਿਚ ਜਨਮ, ਭਾਸ਼ਣ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਦਾ ਚਸਕਾ ਕੁਝ ਵੱਖਰਾ ਹੈ। ਲੋਕਾਂ ਦੀਆਂ ਭਾਵਨਾਵਾਂ ਦੇ ਦਰਦ ਦਾ ਅਹਿਸਾਸ, ਜਨਤਾ ਦੀ ਨਬਜ਼ ਪਛਾਨਣ ਦੀ ਸਮਰੱਥਾ, ਸੁਹਜ ਕਲਾ ਦੀ ਪ੍ਰਵਿਰਤੀ, ਸ਼ਬਦਾਂ ਦੀ ਜਾਦੂਗਰਨੀ, ਮੰਚ ਦੀ ਧੰਨੀ ਅਤੇ ਕਿੱਤੇ ਵਜੋਂ ਪ੍ਰੋਫੈਸਰ ਹੋਵੇ ਤਾਂ ਮੰਚ ਦਾ ਸੰਚਾਲਨ ਕਰਦਿਆਂ ਲੋਕਾਂ ਨੂੰ ਕੀਲ ਕੇ ਬਿਠਾਉਣਾ ਉਸਦੀ ਕਾਬਲੀਅਤ ਦਾ ਸਬੂਤ ਹੈ। ਇਹ ਹੈ ਗੁਣਾਂ ਦੀ ਗੁਥਲੀ ਡਾ.ਮੰਜੂ ਮਿੱਢਾ ਅਰੋੜਾ, ਜਿਹੜੀ ਮਾਖਿਓਂ ਮਿੱਠੀ ਜ਼ੁਬਾਨ ਦੇ ਰਸ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਲੈਂਦੀ ਹੈ। 

ਕੀ ਹੈ ਖੇਤੀ ਆਰਡੀਨੈਂਸ? ਕਿਸਾਨ ਕਿਉਂ ਜਤਾ ਰਹੇ ਨੇ ਇਤਰਾਜ਼, ਜਾਣਨ ਲਈ ਪੜ੍ਹੋ ਇਹ ਖਬਰ

ਮੰਚ ਸੰਚਾਲਨ ਕਰਨ ਦੀ ਮਾਹਿਰ
ਉਸਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਹਰ ਕਿਸਮ ਦੇ ਸਮਾਗਮ ਦੀ ਮੰਚ ਸੰਚਾਲਨ ਕਰਨ ਦੀ ਮਾਹਿਰ ਹੈ। ਆਮ ਤੌਰ ’ਤੇ ਹਰ ਵਿਅਕਤੀ ਵਿਚ ਭਾਵੇਂ ਬਹੁਤ ਸਾਰੇ ਗੁਣ ਹੁੰਦੇ ਹਨ ਪਰ ਉਹ ਕਿਸੇ ਇਕ ਗੁਣ ਕਰਕੇ ਜਾਣਿਆਂ ਜਾਂਦਾ ਹੈ। ਉਸ ਗੁਣ ਕਰਕੇ ਉਸਦੀ ਪਛਾਣ ਬਣੀ ਹੁੰਦੀ ਹੈ। ਕਈ ਅਜਿਹੇ ਵਿਅਕਤੀ ਹੁੰਦੇ ਹਨ, ਜਿਨ੍ਹਾਂ ਦੀ ਪਛਾਣ ਕਿਸੇ ਇਕ ਪ੍ਰਤਿਭਾ ਕਰਕੇ ਨਹੀਂ ਸਗੋਂ ਬਹੁਤ ਸਾਰੇ ਗੁਣਾ ਕਰਕੇ ਹੁੰਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਗੁਣਾਂ ਦੀ ਗੁਥਲੀ ਕਿਹਾ ਜਾਂਦਾ ਹੈ। ਅਜਿਹੀ ਹੀ ਮੰਚ ਸੰਚਾਲਿਕਾ ਹੈ, ਡਾ ਮੰਜੂ ਮਿੱਢਾ ਅਰੋੜਾ, ਜਿਸ ਵਿਚ ਅਨੇਕ ਗੁਣ ਹਨ, ਜਿਨ੍ਹਾਂ ਕਰਕੇ ਉਸਨੂੰ ਬਹੁਪੱਖੀ ਪ੍ਰਤਿਭਾਵਾਨ ਕਲਾਕਾਰ ਕਿਹਾ ਜਾ ਸਕਦਾ ਹੈ। ਭਾਵੇਂ ਕਿੱਤੇ ਵਜੋਂ ਉਹ ਫਿਜਿਕਸ ਦੀ ਪ੍ਰੋਫੈਸਰ ਹੈ ਪ੍ਰੰਤੂ ਉਹ ਅਦਾਕਾਰ, ਮੰਚ ਸੰਚਾਲਿਕਾ, ਕਵਿਤਰੀ, ਸਾਹਿਤਕਾਰ, ਸੰਗੀਤ ਪ੍ਰੇਮੀ, ਗਾਇਕਾ, ਮਿਠ ਬੋਲੜੀ ਵਕਤਾ ਅਤੇ ਜਾਣੀ ਪਛਾਣੀ ਸਮਾਜ ਸੇਵਿਕਾ ਹੈ। ਜੇ ਉਸਨੂੰ ਹਰਫਨ ਮੌਲਾ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਮਾਗਮਾਂ ਦਾ ਸ਼ਿੰਗਾਰ
ਪਟਿਆਲਾ ਵਿਚ ਹੋਣ ਵਾਲੇ ਸਾਰੇ ਸਮਾਜਿਕ, ਆਰਥਿਕ, ਵਿਦਿਅਕ ਅਤੇ ਸਭਿਆਚਾਰਕ ਸਮਾਗਮਾਂ ਵਿਚ ਉਹ ਸ਼ਾਮਲ ਹੀ ਨਹੀਂ ਹੁੰਦੀ ਸਗੋਂ ਉਨ੍ਹਾਂ ਦਾ ਸ਼ਿੰਗਾਰ ਹੁੰਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਫਿਜਿਕਸ ਵਰਗੇ ਰੁੱਖੇ ਵਿਗਿਆਨਕ ਵਿਸ਼ੇ ਦੀ ਅਧਿਆਪਕਾ ਹੋਣ ਦੇ ਬਾਵਜੂਦ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਰੰਗਾਂ ਵਿਚ ਰੰਗੀ ਹੋਈ ਹੈ। ਉਹ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ  ਦੀ ਗਿਆਤਾ ਹੀ  ਨਹੀ ਸਗੋਂ ਉਹ ਇਨ੍ਹਾਂ ਭਾਸ਼ਾਵਾਂ ਵਿਚ ਪੂਰੀ ਮੁਹਾਰਤ ਰੱਖਦੀ ਹੈ। ਪੰਜਾਬੀ ਦੀਆਂ ਮਾਲਵਾ, ਮਾਝਾ ਅਤੇ ਦੁਆਬਾ ਵਿਚ ਬੋਲੀਆਂ ਜਾਣ ਵਾਲੀਆਂ ਉਪ ਭਾਸ਼ਾਵਾਂ ਵਿਚ ਵੀ ਨਿਪੁੰਨ ਹੈ। ਨਾਟਕਕਾਰਾਂ, ਪੱਤਰਕਾਰਾਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਅਦਾਕਾਰਾਂ ਦੀ ਜ਼ਰਖ਼ੇਜ਼ ਧਰਤੀ ਮਾਨਸਾ ਵਿਖੇ ਪੈਦਾ ਹੋਣ ਕਰਕੇ ਪੁਆਧੀ ਭਾਸ਼ਾ ਦਾ ਰੰਗ ਵੀ ਉਸ ਉਪਰ ਚੜ੍ਹਿਆ ਹੋਇਆ ਹੈ। ਉਸਦੀ ਸ਼ਬਦਾਵਲੀ ਇਤਨੀ ਸਰਲ, ਸੁਰੀਲੀ, ਸੰਗੀਤਮਈ ਅਤੇ ਕਾਵਿਕ ਹੈ, ਜਿਸ ਕਰਕੇ ਉਸਨੂੰ ਸ਼ਬਦਾਂ ਦੀ ਜਾਦੂਗਰਨੀ ਕਿਹਾ ਜਾ ਸਕਦਾ ਹੈ। ਉਸਦੀ ਜ਼ੁਬਾਨ ਵਿਚ ਰਵਾਨਗੀ ਦਰਿਆ ਦੇ ਪਾਣੀ ਦੇ ਵਹਿਣ ਦੀ ਤਰ੍ਹਾਂ ਹੈ। ਦਰਸ਼ਕ ਚੁੱਪਚਾਪ ਸ਼ਾਂਤਮਈ ਢੰਗ ਨਾਲ ਬੈਠਕੇ  ਉਸਦੀ ਸ਼ਬਦਾਵਲੀ ਦੀਆਂ ਸੰਗੀਤਕ ਲਹਿਰਾਂ ਦਾ ਆਨੰਦ ਮਾਣਦੇ ਰਹਿੰਦੇ ਹਨ। 

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਰਸਮਈ ਤੇ ਸੁਰੀਲੇ ਸ਼ਬਦ
ਕਈ ਵਾਰੀ ਉਸਦੀ ਮੰਚ ਸੰਚਾਲਨ ਦੀ ਕਲਾਕਾਰੀ, ਮੁੱਖ ਸਮਾਗਮ ਉਪਰ ਭਾਰੂ ਪੈ ਜਾਂਦੀ ਹੈ। ਰਸਮਈ ਤੇ ਸੁਰੀਲੇ ਸ਼ਬਦ ਉਸਦੇ ਮੁਖਾਰਬਿੰਦ ਤੋਂ ਫੁੱਲਾਂ ਦੀ ਤਰ੍ਹਾਂ ਖ਼ੁਸਬੂ ਦੀ ਵਰਖਾ ਕਰਦੇ ਮਹਿਸੂਸ ਹੁੰਦੇ ਹਨ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਨਾਟਕਾਂ ਵਿਚ ਅਦਾਕਾਰੀ ਕਰਦੀ ਹੈ। ਮੋਨੋਐਕਟਿੰਗ ਵਿਚ ਉਸਦੀ ਮੁਹਾਰਤ ਜ਼ਿਆਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਮੰਜੂ ਅਰੋੜਾ ਨੇ ਭਾਵੇਂ ਇਨ੍ਹਾਂ ਤਿੰਨੇ ਭਾਸ਼ਾਵਾਂ ਵਿਚ ਵਿਸ਼ੇਸ਼ ਸਿੱਖਿਆ ਪ੍ਰਾਪਤ ਨਹੀਂ ਕੀਤੀ, ਪ੍ਰੰਤੂ ਇਸ ਦੇ ਬਾਵਜੂਦ ਵੀ ਉਸਦੀ ਸ਼ਬਦਾਵਲੀ ਰਸਮਈ, ਠੇਠ, ਸਰਲ ਅਤੇ ਵਿਸ਼ੇਸ਼ਣਾ ਨਾਲ ਲਬਰੇਜ ਹੁੰਦੀ ਹੈ ਪ੍ਰੰਤੂ ਉਸਦੇ ਵਿਸ਼ੇਸ਼ਣ ਬੋਲੀ ਨੂੰ ਬੋਝਲ ਨਹੀਂ ਬਣਾਉਂਦੇ। ਮੰਝਲਾ ਕਦ, ਗੋਰਾ ਰੰਗ ਤੇ ਸ਼ਾਂਤੀ ਦੇ ਪ੍ਰਤੀਕ ਚਾਂਦੀ ਰੰਗੇ ਸਫੈਦ ਵਾਲਾਂ ਨਾਲ ਮੁਸਕਰਾਹਟ ਖਲੇਰਦੀ ਮੰਚ ਤੇ ਉਡਦੇ ਪੰਖੇਰੂ ਦਾ ਭੁਲੇਖਾ ਪਾਉਂਦੀ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਲੈਂਦੀ ਹੈ।  ਕਈ ਵਾਰ ਅਸਮਾਨੋ ਉਤਰੀ ਪਰੀ ਦਾ ਭੁਲੇਖਾ ਪਾਉਂਦੀ ਹੈ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਉਹ ਸਭਿਆਚਾਰਕ ਸਰਗਰਮੀਆਂ ਅਤੇ ਭਾਸ਼ਣ ਪ੍ਰਤੀਯੋਗਤਾ ਵਿਚ ਮੋਹਰੀ ਦੀ ਭੂਮਿਕਾ ਨਿਭਾਉਂਦੀ ਰਹੀ ਹੈ। 

ਵਿਲੱਖਣ ਭੂਮਿਕਾ
ਸੰਸਥਾਵਾਂ ਦੇ ਹਰ ਸਮਾਗਮ ਵਿਚ ਉਸਦੀ ਭੂਮਿਕਾ ਵਿਲੱਖਣ ਹੁੰਦੀ ਸੀ। ਉਸਦੀ ਸਾਹਿਤਕ ਰੁਚੀ ਹੋਣ ਕਰਕੇ ਕਾਲਜ ਦੇ ਮੈਗਜ਼ੀਨ ਦੀ ਵਿਦਿਆਰਥੀ ਸੰਪਾਦਕ ਅਤੇ ਮਹਿੰਦਰਾ ਕਾਲਜ ਪਟਿਆਲਾ ਦੇ ਮੈਗਜ਼ੀਨ ''ਮਹਿੰਦਰਾ''ਦੀ ਅਧਿਆਪਕ ਮੁੱਖ ਸੰਪਾਦਕ ਰਹੀ ਹੈ। ਉਸਦੇ ਪਰਿਵਾਰ ਦਾ ਸਾਰਾ ਮਾਹੌਲ ਹੀ ਦੋ ਜਮਾ ਦੋ ਚਾਰ ਵਾਲਾ ਡਾਕਟਰੀ ਕਿਤੇ ਵਾਲਾ ਹੈ, ਕਿਉਂਕਿ ਸਾਰਾ ਪਰਿਵਾਰ ਡਾਕਟਰੀ ਕਿਤੇ ਵਿਚ ਹੈ। ਉਹ ਆਪ ਇਕੱਲੀ ਫਿਜਿਕਸ ਵਿਚ ਪੀ.ਐੱਚ.ਡੀ. ਹੈ। ਉਸਦਾ ਪਤੀ ਡਾ.ਜਨਕ ਰਾਜ ਅਰੋੜਾ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਚੋਂ ਬੱਚਾ ਵਿਭਾਗ ਵਿਚ ਬੱਚਿਆਂ ਦੀ ਸਰਜਰੀ ਦਾ ਪ੍ਰੋਫੈਸਰ ਅਤੇ ਮੁੱਖੀ ਸੇਵਾ ਮੁਕਤ ਹੋਇਆ ਹੈ। ਇਸ ਸਮੇਂ ਵੀ ਪਟਿਆਲਾ ਵਿਖੇ ਆਪਣਾ ਬੱਚਿਆਂ ਦੀ ਸਰਜਰੀ ਦਾ ਚੈਰੀਟੇਬਲ ਹਸਪਤਾਲ ਚਲਾ ਰਿਹਾ ਹੈ। ਉਨ੍ਹਾਂ ਦਾ ਸਪੁੱਤਰ ਸਹਿਰਾਬ ਅਰੋੜਾ ਅਮਰੀਕਾ ਵਿਚ ਰੋਬੋਟਿਕ ਯੂਰਾਲੋਜੀ ਦਾ ਡਾਕਟਰ ਅਤੇ ਨੂੰਹ ਕਨਿਕਾ ਅਰੋੜਾ ਹਿਪਟੋਪੈਥੋਲੋਜਿਸਟ, ਧੀ ਅਦਿਤੀ ਅਰੋੜਾ ਆਨਕੋਪੈਥੋਲਿਸਟ ਅਤੇ ਜਵਾਈ ਡਾਕਟਰ ਅੰਕਿਤ ਬਾਂਸਲ ਕਿਡਨੀ ਟਰਾਂਸਪਲਾਂਟ ਸਰਜਨ ਅਤੇ ਯੂਰੋਲਿਸਟ ਹੈ। ਕਹਿਣ ਤੋਂ ਭਾਵ ਡਾਕਟਰੀ ਵਾਤਾਵਰਨ ਵਿਚ ਵਿਚਰਨ ਦੇ ਬਾਵਜੂਦ ਮੰਜੂ ਮਿੱਢਾ ਅਰੋੜਾ ਸੁਹਜ ਕਲਾਵਾਂ ਦੇ ਕਲਾਵੇ ਵਿਚ ਲਿਪਟੀ ਹੋਈ ਸਾਹਿਤਕ ਖ਼ੁਸ਼ਬੂਆਂ ਖਿਲਾਰਦੀ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ ਬੈਠੀ ਹੈ। 

ਜਨਮ, ਪਰਿਵਾਰ ਅਤੇ ਪੜ੍ਹਾਈ
ਮੰਜੂ ਮਿੱਢਾ ਦਾ ਜਨਮ ਮਾਨਸਾ ਵਿਖੇ ਪਿਤਾ ਨਾਨਕ ਚੰਦ ਮਿੱਢਾ ਅਤੇ ਮਾਤਾ ਜੈ ਮਾਲਾ ਮਿੱਢਾ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸਹਾਇਕ ਡਾਇਰੈਕਟਰ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਦੋ ਭੈਣਾਂ ਅਤੇ ਇਕ ਭਰਾ ਹਨ। ਉਨ੍ਹਾਂ ਦਾ ਭਰਾ ਦੀਪਕ ਮਿੱਢਾ, ਸੈਂਟਰਲ ਫਾਰੈਂਸਕ ਲਬਾਰਟਰੀ ਬਿਓਰੋ ਆਫ ਪੋਲੀਸ ਰੀਸਰਚ ਵਿਚ ਡਿਪਟੀ ਡਾਇਰੈਕਟਰ ਹਨ। ਭੈਣ ਬਿੰਦੀਆ ਕਾਲੜਾ ਵੀ ਆਪਣੇ ਪਰਿਵਾਰਿਕ ਜੀਵਨ ਵਿਚਰਦੇ ਹੋਏ ਸਮਾਜਿਕ ਸਰਗਰਮੀਆਂ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਦਿੱਲੀ ਵਿਚ ਨੌਕਰੀ ਕਰਦੇ ਸਨ, ਜਿਸ ਕਰਕੇ ਨਰਸਰੀ ਦੀ ਪੜ੍ਹਾਈ ਇਨ੍ਹਾਂ ਨੇ ਦਿੱਲੀ ਤੋਂ ਕੀਤੀ। ਪ੍ਰਾਇਮਰੀ ਦੀ ਸਿਖਿਆ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਪਿਤਾ ਦੀ ਬਦਲੀ ਪਟਿਆਲਾ ਦੀ ਹੋ ਗਈ ਤੇ ਫਿਰ ਆਪਨੇ 10ਵੀਂ ਤੱਕ ਦੀ ਪੜ੍ਹਾਈ ਵਿਕਟੋਰੀਆ ਗਰਲਜ਼ ਸਕੂਲ ਪਟਿਆਲਾ ਤੋਂ ਪਾਸ ਕੀਤੀ। ਇਨ੍ਹਾਂ ਨੇ ਬੀ.ਐੱਸ.ਸੀ ਆਨਰਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਉਸਤੋਂ ਬਾਅਦ ਐੱਮ.ਐੱਸ.ਸੀ.ਫਿਜਿਕਸ ਅਤੇ ਐੱਮ.ਫਿਲ. ਫਿਜਿਕਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀਆਂ। ਪੀ ਐਚ ਡੀ ਫਿਜਿਕਸ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। 

ਮੰਜੂ ਮਿੱਢਾ ਅਰੋੜਾ ਦੇ ਸ਼ੌਕ
ਮੰਜੂ ਮਿੱਢਾ ਅਰੋੜਾ ਦੇ ਸ਼ੌਕ ਇਕ ਨਹੀਂ ਕਈ ਹਨ, ਜਿਨ੍ਹਾਂ ਵਿਚ ਕਵਿਤਾਵਾਂ ਲਿਖਣਾ, ਸੂਫ਼ੀ ਸੰਗੀਤ ਸੁਣਨਾ, ਗੀਤ ਗਾਉਣੇ, ਪੁਸਤਕਾਂ ਪੜ੍ਹਨਾ, ਅਦਾਕਾਰੀ ਕਰਨਾ, ਸਾਹਿਤਕ ਤੇ ਸਭਿਆਚਾਰਕ ਸਮਾਗਮਾ ਵਿਚ ਹਿੱਸਾ ਲੈਣਾ, ਮੰਚ ਸੰਚਾਲਨ ਕਰਨਾ, ਗੋਸ਼ਟੀਆਂ ਤੇ ਸੈਮੀਨਾਰਾਂ ਵਿਚ ਹਿੱਸਾ ਲੈਣਾ, ਸਮਾਜ ਸੇਵਾ ਕਰਨੀ, ਰੇਡੀਓ ਅਤੇ ਟੀ.ਵੀ. ਪ੍ਰੋਗਰਾਮਾ ਵਿਚ ਸ਼ਾਮਲ ਹੋਣਾ ਆਦਿ ਹਨ। ਜਲੰਧਰ ਦੂਰਦਰਸ਼ਨ ਦੇ ਜਵਾਂ ਤਰੰਗ ਪ੍ਰੋਗਰਾਮ ਦੀ ਐਂਕਰਿੰਗ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪਟਿਆਲਾ ਐੱਫ.ਐੱਮ.ਰੇਡੀਓ ਅਤੇ ਪਰਵਾਸ ਦੇ ਬਹੁਤ ਸਾਰੇ ਰੇਡੀਓ ਪ੍ਰੋਗਰਾਮਾ ਵਿਚ ਹਿੱਸਾ ਲੈ ਰਹੇ ਹਨ। ਉਹ ਇਕ ਸਰਬਕਲਾ ਸੰਪੂਰਨ ਕਲਾਕਾਰ ਹੈ। ਸਕੂਲ ਕਾਲਜ ਅਤੇ ਯੂਨੀਵਰਸਿਟੀ ਵਿਚ ਹੋਏ ਭਾਸ਼ਣ ਮੁਕਾਬਲਿਆਂ ਵਿਚ ਆਪ ਹਮੇਸ਼ਾ ਪਹਿਲਾ ਸਥਾਨ ਪ੍ਰਾਪਤ ਕਰਦੇ ਰਹੇ, ਜਿਸ ਕਰਕੇ ਆਪ ਨੂੰ ਬਹੁਤ ਸਾਰੇ ਇਨਾਮ ਮਿਲਦੇ ਰਹੇ ਹਨ। ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਵਿਚ ਮੰਜੂ ਮਿੱਢਾ ਮਹੱਤਵਪੂਰਨ ਯੋਗਦਾਨ ਰਹਿੰਦਾ ਸੀ। ਇਨ੍ਹਾਂ ਸਾਰੇ ਪ੍ਰੋਗਰਾਮਾ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਸਮਾਜ ਸੇਵਾ ਦੇ ਖੇਤਰ ਵਿਚ ਕਈ ਸਵੈ ਇਛਤ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜਿਹੜੀਆਂ ਸਮਾਜਿਕ ਅਤੇ ਸਭਿਆਚਾਰਕ ਪ੍ਰੋਗਰਾਮਾ ਤੋਂ ਇਲਾਵਾ ਗ਼ਰੀਬ ਵਰਗ ਦੇ ਲੋਕਾਂ ਦੀ ਮਦਦ ਕਰਨ ਦਾ ਕੰਮ ਕਰਦੀਆਂ ਹਨ। 

ਕੌਂਸਲਿੰਗ ਦੀ ਸੇਵਾ
ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪੁਲਸ ਪਟਿਆਲਾ ਦੇ ਵਿਮੈਨ ਸੈਲ ਵਿਚ ਇਸਤਰੀ ਮਰਦ ਦੇ ਝਗੜਿਆਂ ਕੇਸਾਂ ਵਿਚ ਕਾਊਂਸਲਿੰਗ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਲੋਕ ਅਦਾਲਤਾਂ ਵਿਚ ਵੀ ਸਮਾਜ ਸੇਵੀ ਦੇ ਤੌਰ ਕੌਂਸਲਿੰਗ ਦੀ ਸੇਵਾ ਕਰਦੇ ਹਨ। ਅਕਾਦਮਿਕ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਦੇ ਬੋਰਡ ਆਫ ਸਟੱਡੀਜ ਅਤੇ ਯੂ.ਜੀ.ਸੀ.ਬੋਰਡ ਦੇ ਵੀ ਮੈਂਬਰ ਰਹੇ ਹਨ। ਮੰਜੂ ਅਰੋੜਾ ਦੇ 7 ਰਾਸ਼ਟਰੀ ਅਤੇ 14 ਅੰਤਰਰਾਸ਼ਟਰੀ ਪੱਧਰ ਦੇ ਰਸਾਲਿਆਂ ਵਿਚ ਖੋਜ ਪੇਪਰ ਪ੍ਰਕਾਸ਼ਤ ਹੋਏ। ਇਸੇ ਤਰ੍ਹਾਂ 20 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਹਿੱਸਾ ਲਿਆ। ਆਪਨੇ ਡਾ ਕੇ.ਕੇ.ਰੈਣਾ ਨਾਲ ਸਾਂਝੇ ਤੌਰ ’ਤੇ ਲਿਕੁਅਡ ਕਰਿਸਟਲ ’ਤੇ ਖੋਜ ਕੀਤੀ। ਆਪਨੇ 34 ਸਾਲ ਵੱਖ-ਵੱਖ ਸਰਕਾਰੀ ਕਾਲਜਾਂ, ਜਿਨ੍ਹਾਂ ਵਿਚ ਸਰਕਾਰੀ ਕਾਲਜ ਤਲਵਾੜਾ, ਮਾਲੇਰਕੋਟਲਾ, ਨਾਭਾ ਤੇ ਮਹਿੰਦਰਾ ਕਾਲਜ ਵਿਚ ਵਿਦਿਆਰਥੀਆਂ ਨੂੰ ਪੜ੍ਹਾਇਆ। ਇਸ ਸਮੇਂ ਉਹ ਮਹਿੰਦਰਾ ਕਾਲਜ ਪਟਿਆਲਾ ਵਿਚ ਪੜ੍ਹਾ ਰਹੇ ਹਨ। ਸ਼ਾਲਾ ਉਹ ਇਸੇ ਤਰ੍ਹਾਂ ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਸੇਵਾ ਕਰਦੇ ਰਹਿਣ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ    


rajwinder kaur

Content Editor

Related News