ਮੈਲਬੌਰਨ 'ਚ ਮਨਾਇਆ ਗਿਆ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਦਿਹਾੜਾ

01/20/2021 4:13:26 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਬੀਤੇ ਦਿਨੀਂ ਮੈਲਬੌਰਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਪਰਜਾ ਮੰਡਲ ਲਹਿਰ ਦੇ ਆਗੂ ਅਤੇ ਟਕਸਾਲੀ ਅਕਾਲੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਗੁਰੂ ਜੱਸ ਸਰਵਣ ਕੀਤੇ। ਹਾਜ਼ਰ ਬੁਲਾਰਿਆਂ ਨੇ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦੇ ਜੀਵਨ 'ਤੇ ਝਾਤ ਪਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਸਾਰਾ ਜੀਵਨ ਕੌਮੀ ਆਜ਼ਾਦੀ, ਸਿੱਖ ਧਰਮ, ਵਿੱਦਿਅਕ ਪਸਾਰ ਅਤੇ ਸਮਾਜਕ ਸੰਘਰਸ਼ ਨੂੰ ਸਮਰਪਤ ਸੀ। ਅਜੋਕੀ ਪੀੜ੍ਹੀ ਨੂੰ ਵੀ ਸ਼ਹੀਦ ਸਰਦਾਰ ਸੇਵਾ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਿਆਸਤ ਵਿਚ ਸਰਗਰਮ ਆਗੂ ਸਰਦਾਰ ਜਗਮੀਤ ਸਿੰਘ ਵੀ ਸਰਦਾਰ ਠੀਕਰੀਵਾਲਾ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਕੌਣ ਸਨ ?
ਸ਼ਹੀਦ ਸੇਵਾ ਸਿੰਘ ਦਾ ਜਨਮ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਇੱਕ ਅਮੀਰ ਪਰਿਵਾਰ ਵਿੱਚ ਦੇਵਾ ਸਿੰਘ ਫੁਲਕੀਆ ਤੇ ਮਾਤਾ ਹਰ ਕੌਰ ਦੇ ਘਰ 24 ਅਗਸਤ 1886 ਨੂੰ ਹੋਇਆ ਸੀ। ਇਸ ਪਿੰਡ ਦਾ ਮੁੱਢ 300 ਸਾਲ ਪਹਿਲਾਂ ਬੱਝਿਆ। ਪਿੰਡ ਦੇ ਚੜ੍ਹਦੇ ਪਾਸੇ ਇੱਕ ਥੇਹ ਹੈ ਜੋ ਕਦੀ ਘੁੰਗਰੂਆਂ ਵਾਲਾ ਪਿੰਡ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੇ ਜਦੋਂ ਬਰਨਾਲਾ ਉੱਤੇ ਕਬਜ਼ਾ ਕੀਤਾ ਤਾਂ ਉਹਨੀ ਦਿਨੀਂ ਦੂਜੇ ਪਿੰਡਾਂ ਵਾਲੇ ਪਾਸਿਉਂ ਧਾੜਵੀ ਲੁੱਟਣ ਨੂੰ ਆ ਜਾਂਦੇ ਸਨ। ਬਾਬਾ ਆਲਾ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਦਲੇਰ ਆਦਮੀਆਂ ਨੂੰ ਲਿਆ ਕੇ ਬਰਨਾਲਾ ਤੋਂ ਤਿੰਨ ਮੀਲ ਦੂਰ ਘੁੰਗਰੂਆਂ ਵਾਲੀ ਥੇਹ ਦੇ ਨਜ਼ਦੀਕ ਸੁਰੱਖਿਆ ਵਜੋਂ ਵਸਾ ਦਿੱਤੇ। ਥਾਂ ਥਾਂ ਦੀ ਕੱਠੀਆਂ  ਹੋਈਆਂ ਠੀਕਰੀਆਂ ਤੋਂ ਉਸ ਜਗ੍ਹਾ ਦਾ ਨਾਮ ਪਿੰਡ ਠੀਕਰੀਆਂ ਵਾਲਾ ਪੈ ਗਿਆ।

ਸੇਵਾ ਸਿੰਘ ਦੇ ਪਿਤਾ ਮਹਾਰਾਜਾ ਪਟਿਆਲਾ ਦੇ ਅਹਿਲਕਾਰ ਸਨ।ਉਹਨਾਂ ਨੇ ਆਪਣਾ ਬਚਪਨ ਵਧੇਰੇ ਪਟਿਆਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ ਸੀ। ਪਟਿਆਲਾ ਦੇ ਮਾਡਲ ਸਕੂਲ ਵਿੱਚੋਂ ਅੱਠਵੀਂ ਜਮਾਤ ਪਾਸ ਕਰਨ ਉਪਰੰਤ ਆਪ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਫਿਰ ਇਨ੍ਹਾਂ ਦੀ ਨਿਯੁਕਤੀ ਸਿਹਤ ਵਿਭਾਗ ਵਿੱਚ ਕਰ ਦਿੱਤੀ ਗਈ ਅਤੇ ਆਪ ਬਰਨਾਲ ਵਿਚ ਪਲੇਗ ਅਫ਼ਸਰ ਲੱਗ ਗਏ। 1902 ਈਸਵੀ ਵਿੱਚ ਸਾਰੇ ਪੰਜਾਬ ਵਿੱਚ ਪਲੇਗ ਦੀ ਬੀਮਾਰੀ ਫੈਲ ਗਈ। ਸੇਵਾ ਭਾਵਨਾ ਦੀ ਲਗਨ ਨੇ ਹੀ ਇਨ੍ਹਾਂ ਨੂੰ ਸਰਕਾਰੀ ਨੌਕਰੀ ਤਿਆਗਣ ਲਈ ਮਜਬੂਰ ਕਰ ਦਿੱਤਾ। ਨੌਕਰੀ ਛਡ ਕੇ ਇਹ ਆਪ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ ਅਤੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਨੇ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਮਿੱਥ ਲਿਆ। ਸ਼ਹੀਦ ਠੀਕਰੀਵਾਲਾ ਨੇ ਸਮਾਜ ਵਿੱਚ ਪਨਪ ਰਹੀਆਂ ਨਸ਼ਿਆਂ ਦੀਆਂ ਭੈੜੀਆਂ ਵਾਦੀਆਂ, ਵਿਆਹਾਂ-ਸ਼ਾਦੀਆਂ ਸਮੇਂ ਫਜ਼ੂਲ-ਖਰਚੀ ਅਤੇ ਹੋਰ ਕਈ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ।

PunjabKesari

ਆਪਣੀ ਸੇਵਾ ਦੇ ਇਸ ਮਨੋਰਥ ਤਹਿਤ ਸੇਵਾ ਸਿੰਘ ਨੇ ਜਰਨਲ ਬਖਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਅਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲ ਕੇ 26 ਜੂਨ 1917 ਨੂੰ ਠੀਕਰੀਵਾਲਾ ਵਿੱਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇੱਕ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ, ਜੋ ਸਤੰਬਰ 1920 ਵਿੱਚ ਮੁਕੰਮਲ ਹੋਈ। ਇਹ ਗੁਰਦੁਆਰਾ ਸੇਵਾ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣ ਗਿਆ। 

1920 ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਚੁਣੇ ਗਏ। ਇਸ ਨਾਲ ਹੀ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਰਜਵਾੜਾਸ਼ਾਹੀ ਅਤੇ ਲੋਕ ਮਾਰੂ ਨੀਤੀਆਂ ਵਿਰੁੱਧ ਸੇਵਾ ਸਿੰਘ ਦੇ ਲਗਾਤਾਰ ਸੰਘਰਸ਼ਮਈ ਜੀਵਨ ਦੀ ਦਾਸਤਾਨ ਆਰੰਭ ਹੁੰਦੀ ਹੈ। 1923 ਵਿੱਚ ਅਕਾਲੀ ਲਹਿਰ ਦੇ ਜੈਤੋ ਦੇ ਮੋਰਚੇ ਦੌਰਾਨ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਲਈ ਹੁਕਮ ਜਾਰੀ ਕਰ ਦਿੱਤੇ ਸਨ। ਸੇਵਾ ਸਿੰਘ ਜੀ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ, ਰਿਆਸਤ ਪਟਿਆਲਾ ਦੇ ਜਥੇ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਲਾਹੌਰ ਸੈਂਟ੍ਰਲ ਜੇਲ ਵਿਚ ਭੇਜ ਦਿੱਤਾ। ਇਨ੍ਹਾਂ ਨੇ ਸ਼ਰਤ ਉੱਤੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਅੰਤ 1926 ਨੂੰ ਸਰਕਾਰ ਨੂੰ ਮਜਬੂਰ ਹੋ ਕੇ ਇਨ੍ਹਾਂ ਨੂੰ ਰਿਹਾਅ ਕਰਨਾ ਪਿਆ।

ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ਵਾਲੀਆਂ ਕਈ ਰਾਜਸੀ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਵਿੱਚੋਂ ਪਰਜਾ ਮੰਡਲ ਦੀ ਲਹਿਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਲਹਿਰ ਕਿਸਾਨੀ ਅਤੇ ਆਮ ਲੋਕਾਂ ਦੇ ਬਹੁ-ਪੱਖੀ ਹਿੱਤਾਂ ਦੀ ਸੁਰੱਖਿਆ ਦੇ ਮੰਤਵ ਨਾਲ ਹੋਂਦ ਵਿੱਚ ਆਈ।ਇਸ ਲਹਿਰ ਦੀ ਰੂਹੇ ਰਵਾਂ ਸੇਵਾ ਸਿੰਘ ਠੀਕਰੀਵਾਲਾ ਸਨ। ਸੇਵਾ ਸਿੰਘ ਠੀਕਰੀਵਾਲਾ ਨੂੰ ਜੇਲ੍ਹ ਵਿੱਚ ਹੁੰਦਿਆਂ ਹੀ 1928 ਈਸਵੀ ਨੂੰ ਪਿੰਡ ਸੇਖਾ ਵਿਖੇ ਪਰਜਾ ਮੰਡਲ ਦੀ ਸਥਾਪਨਾ ਕਰ ਕੇ ਪ੍ਰਧਾਨ ਬਣਾ ਦਿੱਤਾ ਗਿਆ ਸੀ।ਇਸ ਸਮੇਂ ਤੱਕ ਉਹ  ‘ਪਰਜਾ ਮੰਡਲ ਲਹਿਰ’ ਦੇ ਬਾਨੀ ਪ੍ਰਧਾਨ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ।ਸੰਤ ਅਤਰ ਸਿੰਘ ਮਸਤੂਆਣਾ ਦੀ ਦਿਵ-ਦ੍ਰਿਸ਼ਟੀ ਨੇ ਸੇਵਾ ਸਿੰਘ ਵਿਚਲੇ ਅਧਿਆਤਮਕ ਅਤੇ ਪੰਥਪ੍ਰਸਤੀ ਦੇ ਗੁਣਾਂ ਦੀ ਪਛਾਣ ਕਰਦਿਆਂ ਉਨ੍ਹਾ ਨੂੰ ਇਹ ਮਾਣ ਬਖ਼ਸ਼ਿਆ ਸੀ, ਭਾਵੇਂ ਮਹਾਰਾਜਾ ਪਟਿਆਲਾ ਦਾ ਸਾਰਾ ਪਰਿਵਾਰ ਸੰਤਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੀ।ਇਸ ਪਰਜਾ ਮੰਡਲ ਦੀ ਲਹਿਰ  ਨੇ ਆਪਣਾ ਕਾਰਜ ਖੇਤਰ ਵਿਸ਼ਾਲ ਕੀਤਾ ਅਤੇ ਹੋਰ ਰਿਆਸਤਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਕਾਇਮ ਕੀਤੀਆਂ।

ਇਕ ਅਕਤੂਬਰ 1930 ਵਿੱਚ ਪੰਜਾਬ ਰਿਆਸਤ ਪਰਜਾ ਮੰਡਲ ਦੀ ਲੁਧਿਆਣਾ ਕਾਨਫਰੰਸ ਵਿੱਚ ਭਾਗ ਲੈਣ ਕਾਰਨ ਪੁਲਸ ਨੇ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਪੰਜ ਸਾਲ ਕੈਦ ਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਕੇ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਪਰ ਕੌਮੀ ਜਥੇਬੰਦੀਆਂ ਦੇ ਸੰਘਰਸ਼ ਦੇ ਫਲਸਰੂਪ ਚਾਰ ਮਹੀਨਿਆਂ ਬਾਅਦ ਹੀ ਬਿਨਾ ਸ਼ਰਤ ਰਿਹਾਅ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਨਵੰਬਰ 1931 ਵਿੱਚ ਰਿਆਸਤ ਜੀਂਦ ਦੀ ਸਰਕਾਰ ਵਿਰੁੱਧ ਲੱਗੇ ਅਕਾਲੀ ਮੋਰਚੇ ਵਿੱਚ ਉਨ੍ਹ੍ਹਾਂ ਨੇ ਚਾਰ ਮਹੀਨੇ ਕੈਦ ਕੱਟੀ ਅਤੇ ਰਿਆਸਤ ਮਾਲੇਰਕੋਟਲੇ ਦੀ ਸਰਕਾਰ ਵਿਰੁੱਧ ਚੱਲੇ ਕੁਠਾਲਾ ਕਿਸਾਨ ਅੰਦੋਲਨ ਵਿੱਚ ਤਿੰਨ ਮਹੀਨਿਆਂ ਦੀ ਕੈਦ ਕੱਟੀ।

ਰਿਹਾਈ ਉਪਰੰਤ ਮਹਾਰਾਜਾ ਪਟਿਆਲਾ ਨੇ ਸ਼ਹੀਦ ਠੀਕਰੀਵਾਲਾ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ। ਮਹਾਰਾਜਾ ਪਟਿਆਲਾ ਦੀਆਂ ਘੁਰਕੀਆਂ, ਉੱਚੀਆਂ ਪਦਵੀਆਂ ਦੇ ਲਾਲਚ, ਜਗੀਰਾਂ ਦੀ ਪੇਸ਼ਕਸ਼ ਤੇ ਹੋਰ ਸਹੂਲਤਾਂ ਸੇਵਾ ਸਿੰਘ ਠੀਕਰੀਵਾਲਾ ਨੂੰ ਉਨ੍ਹਾਂ ਦੇ ਅਕੀਦੇ ਤੋਂ ਥਿੜਕਾ ਨਾ ਸਕੀਆਂ। ਗ੍ਰਿਫ਼ਤਾਰੀ ਦੇ ਦੋ ਦੋਸ਼ ਦੱਸੇ ਗਏ: ਪਹਿਲਾ ਇਹ ਕਿ ਉਨ੍ਹਾਂ ਨੇ 15-16 ਮਈ 1932 ਪਿੰਡ ਖਡਿਆਲ (ਸੁਨਾਮ) ਦੀ ਅਕਾਲੀ ਕਾਨਫਰੰਸ ਵਿੱਚ ਭਾਗ ਲੈ ਕੇ ਮਹਾਰਾਜਾ ਪਟਿਆਲਾ ਵਿਰੁੱਧ ਅੰਦੋਲਨ ਜਾਰੀ ਕੀਤਾ ਅਤੇ ਦੂਜਾ ਉਨ੍ਹਾਂ ਨੇ 24 ਅਗਸਤ 1933 ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਦਿੱਲੀ ਕਾਨਫਰੰਸ ਵਿੱਚ ਭਾਗ ਲੈ ਕੇ ਇਕੱਠ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ।

ਬਰਨਾਲਾ ਦੇ ਨਾਜ਼ਿਮ ਦੀ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਦਸ ਸਾਲ ਦੀ ਕੈਦ ਅਤੇ ਦੋ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਹ ਉਨ੍ਹਾਂ ਦੀ ਅੰਤਿਮ ਜੇਲ੍ਹ ਯਾਤਰਾ ਸੀ। ਕੇਂਦਰੀ ਜੇਲ੍ਹ ਪਟਿਆਲਾ ਵਿੱਚ ਜੇਲ੍ਹ ਦੇ ਉੱਚ ਅਧਿਕਾਰੀਆਂ ਅਤੇ ਰਿਆਸਤ ਪਟਿਆਲਾ ਦੇ ਹੁਕਮਰਾਨਾ ਦੇ ਜਬਰ, ਜੁਲਮ ਅਤੇ ਧੱਕੇਸ਼ਾਹੀ ਵਿਰੁੱਧ ਸੇਵਾ ਸਿੰਘ ਨੇ ਅਪਰੈਲ 1934 ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜੋ ਦੋ ਮਹੀਨੇ ਜਾਰੀ ਰਹੀ। ਇਨ੍ਹਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਸਰਕਾਰ ਨੇ ਇਨ੍ਹਾਂ ਦੀ ਨਿਘਰਦੀ ਸਰੀਰਕ ਹਾਲਤ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ। ਇੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ 64 ਦਿਨਾਂ ਦੀ ਭੁੱਖ-ਹੜਤਾਲ ਉਪਰੰਤ  20 ਜਨਵਰੀ 1935 ਦੀ ਰਾਤ ਨੂੰ ਲਗਪਗ 1.30 ਵਜੇ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੀ ਬਰਸੀ ਹਰ ਸਾਲ 18, 19 ਅਤੇ 20 ਜਨਵਰੀ ਨੂੰ ਪਿੰਡ ਠੀਕਰੀਵਾਲਾ (ਬਰਨਾਲਾ) ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਂਦੀ ਹੈ।


Vandana

Content Editor

Related News