ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਜਾਣੋ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨਾਲ ਸਬੰਧਿਤ 'ਅਣਜਾਣੇ ਤੱਥ'
Saturday, Mar 23, 2024 - 10:45 AM (IST)
ਜਲੰਧਰ - ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਣ ਦਾ ਜ਼ਜਬਾ ਰੱਖਣ ਵਾਲਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਅੱਜ ਦੇ ਦਿਨ ਯਾਨੀ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਨੂੰ ਫਾਂਸੀ ਦੇਣ 'ਤੇ ਜੇਲ 'ਚ ਬੰਦ ਸਾਰੇ ਕੈਦੀਆਂ ਦੀਆਂ ਅੱਖਾਂ 'ਚ ਤਾਂ ਅੱਥਰੂ ਆ ਗਏ ਸਨ ਪਰ ਬਾਕੀ ਕਰਮਚਾਰੀਆਂ ਦੀਆਂ ਰੂਹਾਂ ਤੱਕ ਕੰਬ ਗਈਆਂ ਸਨ। ਫਾਂਸੀ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਮੁਸਕਰਾ ਰਹੇ ਸਨ ਅਤੇ ਰੱਬ ਨੂੰ ਗੁਜ਼ਾਰਿਸ਼ ਕਰ ਰਹੇ ਸਨ ਕਿ ਉਹ ਦੁਬਾਰਾ ਇਸ ਧਰਤੀ 'ਤੇ ਪੈਦਾ ਹੋ ਕੇ ਦੇਸ਼ ਲਈ ਕੁਰਬਾਨ ਹੋਣਾ ਚਾਹੁੰਦੇ ਹਨ। ਹੱਸਦਿਆਂ-ਹੱਸਦਿਆਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਦੇਸ਼ ਲਈ ਸ਼ਹੀਦ ਹੋਏ। ਅੱਜ ਵੀ ਉਨ੍ਹਾਂ ਦੀ ਕੁਰਬਾਨੀ 'ਤੇ ਦੇਸ਼ ਨੂੰ ਮਾਣ ਹੈ। ਦੱਸ ਦੇਈਏ ਕਿ ਤਿੰਨਾਂ ਸ਼ਹੀਦਾਂ ਨੂੰ ਤੈਅ ਦਿਨ ਅਤੇ ਸਮੇਂ ਤੋਂ 11 ਘੰਟੇ ਪਹਿਲਾਂ ਹੀ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ ਸੀ। ਇਸ ਦਿਨ ਨੂੰ ਹਰ ਸਾਲ 'ਸ਼ਹੀਦ ਦਿਵਸ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਸਬੰਧੀ ਕੁੱਝ ਅਣਜਾਣੇ ਤੱਥਾਂ ਬਾਰੇ ਦੱਸਾਂਗੇ—
ਸ਼ਹੀਦ ਭਗਤ ਸਿੰਘ ਦੇ ਬਾਰੇ
1. 8 ਸਾਲ ਦੀ ਛੋਟੀ ਉਮਰ 'ਚ ਹੀ ਭਗਤ ਸਿੰਘ ਭਾਰਤ ਦੀ ਆਜ਼ਾਦੀ ਬਾਰੇ ਸੋਚਣ ਲੱਗ ਪਏ ਸਨ ਅਤੇ 15 ਸਾਲਾਂ ਦੀ ਉਮਰ 'ਚ ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਸੀ।
2. ਭਗਤ ਸਿੰਘ ਦੇ ਮਾਤਾ-ਪਿਤਾ ਨੇ ਜਦੋਂ ਉਨ੍ਹਾਂ ਦਾ ਵਿਆਹ ਕਰਾਉਣਾ ਚਾਹਿਆ ਤਾਂ ਉਹ ਕਾਨ੍ਹਪੁਰ ਚਲੇ ਗਏ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਜੇਕਰ ਗੁਲਾਮ ਭਾਰਤ 'ਚ ਮੇਰਾ ਵਿਆਹ ਹੋ ਗਿਆ ਤਾਂ ਮੇਰੀ ਦੁਲਹਨ ਦੀ ਮੌਤ ਹੋਵੇਗੀ। ਇਸ ਤੋਂ ਬਾਅਦ ਉਹ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ' 'ਚ ਸ਼ਾਮਲ ਹੋ ਗਏ ਸਨ।
3. ਭਗਤ ਸਿੰਘ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਕਿ ਫਾਂਸੀ ਬਦਲੇ ਮੈਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਪਰ ਅੰਗਰੇਜ਼ਾਂ ਨੇ ਇਸ ਨੂੰ ਨਹੀਂ ਮੰਨਿਆ।
4. ਭਗਤ ਸਿੰਘ ਨੇ ਜੇਲ 'ਚ 116 ਦਿਨਾਂ ਤੱਕ ਵਰਤ ਰੱਖਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇਸ ਦੌਰਾਨ ਉਹ ਆਪਣੇ ਸਾਰੇ ਕੰਮ ਰੈਗੂਲਰ ਤੌਰ 'ਤੇ ਕਰਦੇ ਸੀ ਜਿਵੇਂ ਕਿ ਗਾਇਨ, ਕਿਤਾਬਾਂ ਪੜ੍ਹਨਾ, ਲੇਖਨ ਅਤੇ ਰੋਜ਼ਾਨਾ ਅਦਾਲਤ ਜਾਣਾ ਆਦਿ।
5. ਅਜਿਹਾ ਕਿਹਾ ਜਾਂਦਾ ਹੈ ਕਿ ਭਗਤ ਸਿੰਘ ਹੱਸਦੇ ਹੋਏ ਫਾਂਸੀ ਦੇ ਰੱਸੇ 'ਤੇ ਝੂਲ ਗਏ ਸਨ। ਅਸਲ 'ਚ ਨਿਡਰਤਾ ਨਾਲ ਕੀਤਾ ਗਿਆ ਉਨ੍ਹਾਂ ਦਾ ਇਹ ਆਖਰੀ ਕੰਮ ਬ੍ਰਿਟਿਸ਼ ਸਮਰਾਜ ਨੂੰ ਨੀਚਾ ਦਿਖਾਉਣਾ ਸੀ।
6. ਜਦੋਂ ਭਗਤ ਸਿੰਘ ਦੀ ਮਾਂ ਉਨ੍ਹਾਂ ਨੂੰ ਜੇਲ 'ਚ ਮਿਲਣ ਆਈ ਸੀ ਤਾਂ ਭਗਤ ਸਿੰਘ ਜ਼ੋਰ ਨਾਲ ਹੱਸ ਪਏ ਸਨ। ਇਹ ਦੇਖ ਕੇ ਜੇਲ ਦੇ ਅਧਿਕਾਰੀ ਹੈਰਾਨ ਰਹਿ ਗਏ ਕਿ ਇਹ ਕਿਹੋ ਜਿਹਾ ਵਿਅਕਤੀ ਹੈ, ਜੋ ਮੌਤ ਦੇ ਇੰਨੇ ਕਰੀਬ ਹੋਣ ਦੇ ਬਾਵਜੂਦ ਵੀ ਖੁੱਲ੍ਹੇ ਦਿਲ ਨਾਲ ਹੱਸ ਰਿਹਾ ਹੈ।
ਸ਼ਹੀਦ ਸੁਖਦੇਵ
1. ਸੁਖਦੇਵ ਫਾਂਸੀ ਦੀ ਸਜ਼ਾ ਮਿਲਣ 'ਤੇ ਡਰਨ ਦੀ ਬਜਾਏ ਖੁਸ਼ ਸਨ। ਫਾਂਸੀ ਤੋਂ ਕੁਝ ਦਿਨ ਪਹਿਲਾਂ ਮਹਾਤਮਾ ਗਾਂਧੀ ਨੂੰ ਲਿਖੇ ਇਕ ਪੱਤਰ 'ਚ ਉਨ੍ਹਾਂ ਨੇ ਕਿਹਾ ਸੀ ਕਿ ਲਾਹੌਰ ਸਾਜਿਸ਼ ਮਾਮਲੇ 'ਚ 3 ਕੈਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਨ੍ਹਾਂ ਨੇ ਦੇਸ਼ 'ਚ ਸਭ ਤੋਂ ਵੱਧ ਲੋਕਪ੍ਰਿਯਤਾ ਪ੍ਰਾਪਤ ਕੀਤੀ ਹੈ, ਜੋ ਕਿ ਹੁਣ ਤੱਕ ਕਿਸੇ ਕ੍ਰਾਂਤੀਕਾਰੀ ਪਾਰਟੀ ਨੂੰ ਪ੍ਰਾਪਤ ਨਹੀਂ ਹੈ।
2. ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਖਦੇਵ ਨੇ ਹੀ ਭਗਤ ਸਿੰਘ ਨੂੰ ਅਸੈਂਬਲੀ ਹਾਲ 'ਚ ਬੰਬ ਸੁੱਟਣ ਲਈ ਰਾਜ਼ੀ ਕੀਤਾ ਸੀ। ਅਸਲ 'ਚ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ' ਵਲੋਂ ਅਸੈਂਬਲੀ ਹਾਲ 'ਚ ਬੰਬ ਸੁੱਟਣ ਲਈ ਬਟੁਕੇਸ਼ਵਰ ਦੱਤ ਨਾਲ ਕਿਸੇ ਦੂਜੇ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਸੁਖਦੇਵ ਵਲੋਂ ਭਗਤ ਸਿੰਘ ਨੂੰ ਕਾਇਰ ਅਤੇ ਡਰਪੋਕ ਕਹਿਣ ਤੋਂ ਬਾਅਦ ਭਗਤ ਸਿੰਘ ਨੇ ਖੁਦ ਅਸੈਂਬਲੀ ਹਾਲ 'ਚ ਬੰਬ ਸੁੱਟਣ ਦਾ ਫੈਸਲਾ ਲਿਆ ਸੀ।
3. ਸੁਖਦੇਵ ਆਪਣੇ ਬਚਪਨ ਦੇ ਦਿਨਾਂ ਤੋਂ ਹੀ ਕਾਫੀ ਅਨੁਸ਼ਾਸਨਾਤਮਕ ਅਤੇ ਸਖਤ ਸੁਭਾਅ ਦੇ ਸਨ। ਸਕੂਲ ਦੇ ਦਿਨਾਂ 'ਚ ਵੀ ਜਦੋਂ ਇਕ ਬ੍ਰਿਟਿਸ਼ ਸੈਨਿਕ ਅਧਿਕਾਰੀ ਨੂੰ ਸਲਾਮੀ ਨਾ ਕਰਨ ਕਾਰਨ ਉਨ੍ਹਾਂ ਨੂੰ ਕੁੱਟਿਆ ਗਿਆ ਤਾਂ ਉਨ੍ਹਾਂ ਨੇ ਉਫ ਤੱਕ ਨਹੀਂ ਕੀਤੀ ਸੀ। ਇਸ ਤੋਂ ਇਲਾਵਾ ਸੁਖਦੇਵ ਨੇ ਆਪਣੇ ਖੱਬੇ ਹੱਥ 'ਤੇ ਛਪੇ 'ਓਮ' ਦੇ ਟੈਟੂ ਨੂੰ ਹਟਾਉਣ ਲਈ ਉਸ 'ਤੇ ਨਾਈਟ੍ਰਿਕ ਅਮਲ ਪਾ ਦਿੱਤਾ ਸੀ ਅਤੇ ਆਪਣੇ ਜ਼ਖਮ ਨੂੰ ਮੋਮਬੱਤੀ ਦੀ ਲੋਅ ਦੇ ਸਾਹਮਣੇ ਰੱਖ ਦਿੱਤਾ ਸੀ।
ਸ਼ਹੀਦ ਰਾਜਗੁਰੂ
1. ਰਾਜਗੁਰੂ ਦਾ ਪੂਰਾ ਨਾਂ ਸ਼ਿਵਰਾਮ ਹਰੀ ਰਾਜਗੁਰੂ ਸੀ ਅਤੇ ਉਨ੍ਹਾਂ ਦਾ ਜਨਮ ਪੂਣੇ ਦੇ ਨੇੜੇ ਖੇੜ 'ਚ ਹੋਇਆ ਸੀ।
2. ਸ਼ਿਵਰਾਮ ਹਰੀ ਰਾਜਗੁਰੂ ਬਹੁਤ ਹੀ ਘੱਟ ਉਮਰ 'ਚ ਵਾਰਾਨਸੀ ਆ ਗਏ ਸਨ, ਜਿੱਥੇ ਉਨ੍ਹਾਂ ਨੇ ਸੰਸਕ੍ਰਿਤ ਅਤੇ ਹਿੰਦੂ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ। ਵਾਰਾਨਸੀ 'ਚ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ 'ਚ ਆਏ। ਸੁਭਾਅ ਤੋਂ ਉਤਸ਼ਾਹੀ ਰਾਜਗੁਰੂ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਦੇਣ ਲਈ ਇਸ ਅੰਦੋਲਨ 'ਚ ਸ਼ਾਮਲ ਹੋਏ ਅਤੇ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ' ਦੇ ਸਰਗਰਮ ਮੈਂਬਰ ਬਣ ਗਏ।
3. ਰਾਜਗੁਰੂ ਸ਼ਿਵਾਜੀ ਅਤੇ ਉਨ੍ਹਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਤੋਂ ਕਾਫੀ ਪ੍ਰਭਾਵਿਤ ਸਨ।
4. ਇਸ ਮਹਾਨ ਸੁਤੰਤਰਤਾ ਸੈਲਾਨੀ ਦੇ ਜਨਮ ਸਥਾਨ ਖੇੜ ਦਾ ਨਾਂ ਬਦਲ ਕੇ ਉਨ੍ਹਾਂ ਦੇ ਸਨਮਾਨ 'ਚ 'ਰਾਜਗੁਰੂਨਗਰ' ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਹਿਸਾਰ 'ਚ ਵੀ ਉਨ੍ਹਾਂ ਦੇ ਨਾਂ 'ਤੇ ਇਕ ਸ਼ਾਪਿੰਗ ਕੰਪਲੈਕਸ ਦਾ ਨਾਂ ਰੱਖਿਆ ਗਿਆ ਹੈ।
5. ਰਾਜਗੁਰੂ ਨੂੰ ਉਨ੍ਹਾਂ ਦੀ ਨਿਡਰਤਾ ਅਤੇ ਸਾਹਸ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ ਭਗਤ ਸਿੰਘ ਦੀ ਪਾਰਟੀ ਦੇ ਲੋਕ 'ਗੰਨਮੈਨ' ਦੇ ਨਾਂ ਨਾਲ ਪੁਕਾਰਦੇ ਸਨ।