ਹਿਜਰਤਨਾਮਾ: ਜਥੇਦਾਰ ਤਰਲੋਕ ਸਿੰਘ ਤੇਹਿੰਗ

Thursday, Dec 08, 2022 - 04:30 AM (IST)

ਹਿਜਰਤਨਾਮਾ: ਜਥੇਦਾਰ ਤਰਲੋਕ ਸਿੰਘ ਤੇਹਿੰਗ

"ਮੈਂ ਤਰਲੋਕ ਸਿੰਘ ਪਿੰਡ ਤੇਹਿੰਗ-ਫਿਲੌਰ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹੈਂ।ਮੇਰਾ ਪੜਦਾਦਾ ਹੋਇਐ ਗੁਰਬਚਨ ਸਿੰਘ।ਉਸ ਦੇ ਅੱਗੋਂ ਗੁਰਦਿੱਤ ਸਿੰਘ ਅਤੇ ਊਧਮ ਸਿੰਘ ਬੇਟੇ ਹੋਏ। ਗੁਰਦਿੱਤ ਸਿੰਘ ਦੇ ਘਰ ਸਵਰਨ ਸਿੰਘ,ਨਿਰੰਜਣ ਸਿੰਘ,ਰਾਜਵੰਤ ਸਿੰਘ ਅਤੇ ਮਹਿੰਦਰ ਸਿੰਘ ਹੋਏ।ਸਵਰਨ ਸਿੰਘ ਦੇ ਅੱਗੇ ਮੈਂ ਤਰਲੋਕ ਸਿੰਘ, ਨਿਰਮਲ ਸਿੰਘ,ਹਰਚਰਨ ਸਿੰਘ ਅਤੇ ਪਿਆਰਾ ਸਿੰਘ ਹੋਏ। ਮੇਰੀ ਪੈਦਾਇਸ਼ 1925 ਦੀ ਐ। ਸਾਡਾ ਆਬਾਈ ਗਰਾਂ ਜੌਹਲਾਂ-ਗੁਰਾਇਆਂ, ਜ਼ਿਲ੍ਹਾ ਜਲੰਧਰ ਐ। ਸਾਡਾ ਸਾਰੇ ਭਰਾਵਾਂ, ਮੇਰੇ ਬਾਪ ਅਤੇ ਉਹਦੇ ਸਾਰੇ ਭਰਾਵਾਂ ਦਾ ਜਨਮ    ਸਾਂਦਲ ਬਾਰ  ਦੇ ਜ਼ਿਲ੍ਹਾ ਲੈਲਪੁਰ ਦੀ ਤਹਿ: ਜੜਾਂ ਵਾਲਾ ਦੇ ਚੱਕ 93 ਨਕੋਦਰ ਦਾ ਐ। ਮੇਰਾ ਪੜਦਾਦਾ ਗੁਰਬਚਨ ਸਿੰਘ ਫ਼ੌਜ ਵਿਚ ਸਿਪਾਹੀ ਸੀ। ਆਪਣੇ ਅਫ਼ਸਰ ਸੂਬੇਦਾਰ  ਜੋ ਪਿਛਿਓਂ ਕੰਦੋਲਾ-ਆਨੰਦਪੁਰ ਤੋਂ ਸੀ ਦੇ ਤੰਜ ਭਰੇ ਰਵੱਈਏ ਤੋਂ ਖ਼ਫ਼ਾ ਸੀ। ਸੂਬੇਦਾਰ ਨਾ ਟਲਿਆ ਤਾਂ ਪੜਦਾਦਾ ਨੇ ਗੋਲ਼ੀ ਕੱਢ ਮਾਰੀ।ਸਰ ਅੰਜਾਮ, ਪੜਦਾਦਾ ਜੀ ਨੂੰ ਫਾਂਸੀ ਹੋ ਗਈ।ਪੜਦਾਦੀ ਪ੍ਰਤਾਪ ਕੌਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਖਟਕੜ ਕਲਾਂ-ਨਵਾਂ ਸ਼ਹਿਰ ਚਲੀ ਗਈ। ਉਥੇ ਉਸ ਦਾ ਭਰਾ ਮਾਲੀ ਰਾਮ ਪੁੱਤਰ ਅਮੀ ਚੰਦ ਜਿਸ ਨੂੰ ਲੈਲਪੁਰ ਦੇ 93 ਵੇਂ ਚੱਕGB ਚ 6 ਮੁਰੱਬੇ ਅਲਾਟ ਸਨ ਅਤੇ ਉਥੋਂ ਦਾ ਲੰਬੜ ਅਤੇ ਜ਼ੈਲਦਾਰ ਸੀ। ਖਟਕੜ ਕਲਾਂ ਤੋਂ ਹੀ ਇਕ ਪੰਡਤ ਜੀ ਜਲੰਧਰ DC ਦੇ ਰੀਡਰ ਸਨ।ਮਾਲੀ ਰਾਮ ਨੇ ਉਸ ਪੰਡਤ ਰਾਹੀਂ ਸਿਫਾਰਸ਼ ਕਰ ਕੇ ਪੜਦਾਦਾ ਦੇ ਬੇਟੇ(ਆਪਣੇ ਭਾਣਜੇ ਅਤੇ ਮੇਰੇ ਬਾਬਾ ਜੀ) ਗੁਰਦਿੱਤ ਸਿੰਘ ਨੂੰ ਵੀ  ਮੁਰੱਬਾ ਅਲਾਟ ਕਰਵਾ ਲਿਆ। ਬਾਬਾ ਜੀ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਪ੍ਰਤਾਪ ਸਿੰਘ ਕੋਲੋਂ ਅੱਧਾ ਮੁਰੱਬਾ ਹੋਰ ਮੁੱਲ ਲੈ ਲਿਆ।ਇਸੇ ਪ੍ਰਤਾਪ ਸਿੰਘ ਨੇ ਪਿੰਡ ਬਾਹਰ ਅੱਧਾ ਏਕੜ ਮੁਸਲਮਾਨਾਂ ਨੂੰ ਤਕੀਏ ਵਾਸਤੇ ਦਾਨ ਕੀਤਾ। ਸਾਈਂ ਅਜ਼ੀਜ਼ ਉਥੇ ਵਾਸ ਕਰਦਾ।ਰਾਹੀ ਜਾਂ ਬਾਹਰੀ ਕੰਮਾਂ ਵਾਲੇ ਉਥੇ ਰਾਤ ਕੱਟੀ ਕਰਦੇ। ਭੱਠੀ ਵੀ ਹਰ ਵੇਲੇ ਮੱਘਦੀ ਰਹਿੰਦੀ। ਲੋੜਵੰਦ ਅੱਗ ਲੈ ਜਾਂਦੇ। ਖੇਤੀਆਂ ਖ਼ੂਬ ਮੌਲਦੀਆਂ। ਜ਼ਯਾਦਾ ਕਣਕ,ਕਪਾਹ,ਨਰਮਾ ਜਾਂ ਗੰਨਾ ਹੀ ਬੀਜਦੇ।ਜਿੱਸ ਗੱਡਿਆਂ ਤੇ ਲੱਦ ਜੜ੍ਹਾਂ ਵਾਲਾ ਮੰਡੀ ਵੇਚਦੇ।

ਬਾਬਾ ਜੀ ਦੀ ਸ਼ਾਦੀ ਓਧਰ ਹੀ 108 ਚੱਕ GB  ਸਾਈਂ ਦੀ ਖੂਹੀ ਦੇ  ਹਰੀ ਸਿੰਘ, ਕਿਹਰ ਸਿੰਘ ਦੀ ਭੈਣ ਕਿਸ਼ਨ  ਕੌਰ ਨਾਲ ਹੋਈ। ਜਿਨ੍ਹਾਂ ਦਾ ਪਿਛਲਾ ਪਿੰਡ ਚੱਕ ਵਿਣਗਾਂ-ਬਹਿਰਾਮ ਸੀ।ਮੇਰੀ ਸ਼ਾਦੀ 5 ਮਾਰਚ 1945 ਨੂੰ ਗੁਆਂਢੀ ਪਿੰਡ ਚੱਕ 107 ਫਲਾਹੀਵਾਲਾ ਦੇ ਸ. ਬਿਸ਼ਨ ਸਿੰਘ ਦੀ ਬੇਟੀ ਅਮਰ ਕੌਰ ਨਾਲ ਹੋਈ।ਉਹ ਬਿਸ਼ਨ ਸਿੰਘ-ਕਿਸ਼ਨ ਸਿੰਘ ਦੋ ਭਰਾ ਵੱਜਦੇ ਜਿਨ੍ਹਾਂ ਦਾ ਪਿਛਲਾ ਪਿੰਡ ਪੰਡੋਰੀ ਮੱਟੂਆਂ-ਨਕੋਦਰ ਸੀ।

ਗੁਆਂਢੀ ਪਿੰਡਾਂ ਵਿੱਚ ਚੱਕ 17GB ਕਢਿਆਲ ਵਿਰਕਾਂ(ਗੁਜਰਾਂਵਾਲਿਆਂ) ਦਾ ਪਿੰਡ ਸੀ,ਚੱਕ18 GB ਲਾਹੌਰੀਆਂ ਦਾ,19,20 ਦੋਗੈਚੀਆਂ ਦੇ। ਇਹ ਤਿੰਨੇ ਪਿੰਡ ਉਤਰ ਦਿਸ਼ਾ ਵੰਨੀ ਜ਼ਿਲ੍ਹਾ ਸ਼ੇਖੂਪੁਰ ਦੀ ਜੂਹ ਵਿੱਚ ਪੈਂਦੇ। ਦੱਖਣੀ ਬਾਹੀ ਵੱਲ ਚੱਕ 94 ਸ਼ੰਕਰ ਦਾਊਆਣਾ,ਪੱਛਮ ਵੰਨੀ ਚੱਕ 95 ਜਮਸ਼ੇਰ ਵੱਜਦਾ। ਇਥੋਂ ਦਾ ਲੰਬੜਦਾਰ,ਭਗਤ ਦਿਲਬਾਗ ਸਿੰਘ ਹੁੰਦਾ। ਅਤੇ ਪੂਰਬ ਵੱਲ ਗੋਗੇਰਾ ਬਰਾਂਚ ਨਹਿਰ ਪੈਂਦੀ । ਨਹਿਰ ਪਾਰ ਮਲਵਈ ਵਾਸ ਕਰਦੇ। ਰੱਖ ਬਰਾਂਚ ਤੇ ਸਥਿਤ ਚੱਕ 98 ਜਮਸ਼ੇਰ RB ਵਿੱਚ ਜ਼ੈਲਦਾਰ ਮਾਲੀ ਰਾਮ ਦਾ ਜਵਾਈ ਰਘਬੀਰ ਸਿੰਘ ਲੰਬੜਦਾਰ ਹੁੰਦਾ।93ਵੇਂ ਚੱਕ ਤੋਂ ਲੰਬੜ ਅਤੇ ਜ਼ੈਲਦਾਰ ਮਾਲੀ ਰਾਮ ਦਾ ਬੇਟਾ ਕਰਤਾਰ ਸਿੰਘ ਉਥੋਂ ਦਾ ਸਰਬਰਾਹ ਲੰਬੜਦਾਰ ਅਤੇ ਦੂਜਾ ਬੇਟਾ ਲਾਭ ਸਿੰਘ ਖਟਕੜ ਕਲਾਂ ਦਾ ਸਰਬਰਾਹ ਹੁੰਦਾ। ਚੱਕ 66GB ਵਿੱਚ ਸਰਦਾਰ ਬਹਾਦਰ ਦਿਲਬਾਗ ਸਿੰਘ ਨੂੰ ਫ਼ਿਰੰਗੀ ਵਲੋਂ ਆਨਰੇਰੀ ਮਜਿਸਟਰੇਟ ਦਾ ਰੁਤਬਾ ਹਾਸਲ ਸੀ।ਇਸ ਦਾ ਭਰਾ ਮੰਗਲ ਸਿੰਘ ਚੱਕ 64GB ਦਾ ਲੰਬੜਦਾਰ ਹੁੰਦਾ। ਨਵਾਂ ਸ਼ਹਿਰੀਆਂ ਦਿਲਬਾਗ ਸਿੰਘ ਸੈਣੀ ਚੱਕ 108GB ਚ ਮੇਰੇ ਬਾਬੇ ਦੇ ਸਹੁਰਿਆਂ ਨਾਲ ਸਾਂਝੀ ਕੰਧ ਰੱਖਦਾ। 

ਪ੍ਰਾਇਮਰੀ ਸਕੂਲ ਮੈਂ ਪਿੰਡੋਂ ਈ ਮਾਸਟਰ ਲਾਹੌਰੀ ਰਾਮ ਪਾਸੋਂ ਪਾਸ ਕੀਤਾ। ਮਿਡਲ ਉਰਦੂ ਫ਼ਾਰਸੀ ਚ 97GB ਤੋਂ।ਇਥੇ ਮੁੱਖ ਅਧਿਆਪਕ ਨਿਰੰਜਣ ਸਿੰਘ ਅਤੇ ਫੁੰਮਣ ਸਿੰਘ, ਕਿਸ਼ਨ ਸਿੰਘ, ਜਸਵੰਤ ਸਿੰਘ,ਸੁਰੈਣ ਸਿੰਘ,ਇਕ ਮੌਲਵੀ ਸਾਬ ਹੁਰੀਂ ਮਾਸਟਰ ਹੁੰਦੇ। ਲਤੀਫ਼ ਮੁਹੰਮਦ ਅਤੇ ਅਨਾਇਤ ਅਲੀ ਮੇਰੇ ਸਹਿਪਾਠੀ। ਮੇਰੇ ਬਾਬਾ ਜੀ ਦਾ ਛੋਟਾ ਭਰਾ ਊਧਮ ਸਿੰਘ ਲੈਲਪੁਰ ਖਾਲਸਾ ਸਕੂਲ ਵਿੱਚ ,ਮਾਸਟਰ ਤਾਰਾ ਸਿੰਘ ਦਾ ਵਿਦਿਆਰਥੀ ਰਿਹੈ।

ਸਾਡੇ ਆਲੇ-ਦੁਆਲੇ ਦੇ 40 ਪਿੰਡ ਸਿੱਖਾਂ ਦੇ ਸਨ। ਬਾਕੀ ਲੋਕ ਕੇਵਲ ਧੰਦਿਆਂ ਦੇ ਅਧਾਰਤ ਹੀ। ਪਿੰਡ ਚ 4-5 ਖੂਹੀਆਂ ਹੁੰਦੀਆਂ।ਰਾਜੂ ਝੀਰ ਅਤੇ ਉਹਦੀ ਪਤਨੀ ਧੰਨੋ, ਘਰਾਂ ਚ ਮਸ਼ਕਾਂ, ਘੜਿਆਂ ਨਾਲ ਪਾਣੀ ਢੋਂਹਦੇ।ਉੰਝ ਨਹਿਰ ਦਾ ਪਾਣੀ ਵੀ ਲੋੜ ਮੁਤਾਬਕ ਵਰਤ ਲੈਂਦੇ। ਸਾਡੇ ਪਿੰਡ ਦੇ ਮੁਸਲਿਮ ਕਾਮਿਆਂ ਦੇ ਕੋਈ 10-12 ਘਰ ਹੋਣਗੇ। ਮੁਸਲਿਮ ਮੋਚੀ ਮੁਹੰਮਦ ਬੂਟਾ ਪੁੱਤਰ ਬੱਗਾ,ਮੋਚੀ ਪੁਣੇ ਦੇ ਨਾਲ ਲਲਾਰੀ ਦਾ ਕੰਮ ਵੀ ਕਰਦਾ। ਉਹਦੇ ਘਰੋਂ ਬੇਗੀ ਸਾਡੀਆਂ ਬੀਬੀਆਂ ਨਾਲ ਘਰੇਲੂ ਕੰਮਾਂ ਵਿੱਚ ਹੱਥ ਵਟਾਉਂਦੀ। ਸਾਲੋ ਭਰਾਈ, ਫਰੀਦ ਬਖ਼ਸ਼,ਇਸ ਦਾ ਬੇਟਾ ਕਾਦਰ ਬਖ਼ਸ਼ ਸੋ ਮਿਲਟਰੀ ਵਿੱਚ ਸੀ, ਫ਼ਰੀਦ ਬਖ਼ਸ਼ ਦਾ ਭਤੀਜਾ ਨਜ਼ੀਰ ਅਹਿਮਦ ਸੋ ਜੰਗਲਾਤ ਮਹਿਕਮੇ ਵਿੱਚ ਨੌਕਰ ਹੋਇਆ। ਤੇਲੀਆਂ ਦਾ ਜਵਾਈ ਅਲ੍ਹਾ ਬਖ਼ਸ਼ ਵੀ ਆਪਣੇ ਸਹੁਰੇ ਨਾਲ ਕੋਹਲੂ ਤੇ ਹੱਥ ਵਟਾਉਂਦਾ।
ਜਦ ਰੌਲ਼ੇ ਵਧ ਗਏ ਤਾਂ ਇਹ ਸਾਰੇ ਮੁਸਲਮਾਨ ਕਰੀਬ ਪੈਂਦੇ ਪਿੰਡ ਕੋਟ ਦਯਾ ਕਿਸ਼ਨ ਹਿਜਰਤ ਕਰ ਗਏ।ਤਰਖਾਣ ਲੁਹਾਰ ਉਧਰਲੇ ਜਾਂਗਲੀ ਭਰਾ ਜੱਲੂ ਤੇ ਬੱਲੂ ਹੁੰਦੇ।ਇਹ ਪਹਿਲਾਂ 19 ਚੱਕ ਬੈਠੇ , ਫਿਰ ਸਾਡੇ ਚੱਕ ਆਬਾਦ ਹੋਏ।ਸਮੇਤ ਇਨ੍ਹਾਂ, ਸਾਰੇ ਮੁਸਲਮਾਨ ਜਾਂਗਲੀ ਲੋਕਾਂ ਵਲੋਂ ਪਸ਼ੂ, ਫ਼ਸਲ ਚੋਰੀ ਕਰਨਾ ਉਨ੍ਹਾਂ ਦੇ ਲਹੂ ਵਿੱਚ ਸ਼ਾਮਲ ਹੁੰਦਾ।ਧਰਮਾਂ ਜੱਟ ਵੀ ਬੱਕਰੀਆਂ ਚਾਰਦਾ ਚੋਰੀ ਕਰਨ ਚ ਇਨ੍ਹਾਂ ਦਾ ਸੰਗ ਕਰਦਾ। ਜਦ ਰੌਲ਼ੇ ਸਿਖ਼ਰ ਤੇ ਸਨ ਤਾਂ ਇਸੇ ਬੱਲੂ ਜੱਲੂ ਨੇ ਸਿਖ ਕਿਆਂ ਲਈ ਕਿਰਪਾਨਾਂ ਬਣਾਈਆਂ।ਕਾਫ਼ਲਾ ਤੁਰਨ ਤੋਂ ਕੁੱਝ ਦਿਨ  ਪਹਿਲਾਂ ਨਜ਼ੀਰ ਅਹਿਮਦ ਨੇ ਆਪਣਾ ਸਾਰਾ ਸਮਾਨ ਕੋਟ ਦਯਾ ਕਿਸ਼ਨ ਪਹੁੰਚਾ ਦਿੱਤਾ।ਪਰ ਉਸ ਦੀਆਂ ਭੈਣਾ ਤੇ ਮਾਈ ਹਾਲਾਂ 93 ਵੇਂ 'ਚ ਹੀ ਸਨ। ਉਸ ਨੇ ਮੇਰੀ ਮਦਦ ਮੰਗੀ। ਦੂਜੇ ਦਿਨ ਸ਼ਾਮ ਮੈਂ ਵੀ ਕਿ੍ਰਪਾਨ ਫੜ ਕੇ ਉਨ੍ਹਾਂ ਨਾਲ਼ ਤੁਰ ਪਿਆ।ਗੋਗੇਰਾ ਬਰਾਂਚ ਨਹਿਰ ਦੇ ਪੁੱਲ ਤੇ ਦਾਊਆਣਾ ਸ਼ੰਕਰੀਆਂ ਦਾ ਪਹਿਰਾ ਸੀ। ਉਨ੍ਹਾਂ ਖੰਗੂਰਾ ਮਾਰਦਿਆਂ ਕਿਹਾ,"ਕਿਹੜਾ ਬਈ?" ਉਹ ਕਰੀਬ ਸਾਰੇ ਹੀ ਮੇਰੇ ਜਾਣੂੰ ਸਨ। ਮੈਂ ਸਥਿਤੀ ਬਯਾਂ ਕੀਤੀ। ਤਾਂ ਉਨ੍ਹਾਂ ਕਿਹਾ," ਠੀਕ ਹੈ,ਪਰ ਇਨ੍ਹਾਂ ਨੂੰ ਪਿੰਡ ਦੀ ਜੂਹ ਨਜ਼ਦੀਕ ਕਰਕੇ ਮੁੜ ਆਈਂ। ਅੱਗੇ ਜਾਣ ਦਾ ਖ਼ਤਰਾ ਨਾ ਲਈਂ।"
ਪਰ ਮੈਂ ਖ਼ਤਰਾ ਮੁੱਲ ਲੈ ਲਿਆ। ਮੋਹਰਿਓਂ ਪਹਿਰੇ ਤੇ ਬੈਠੇ ਮੁਸਲਿਮ ਆਣ ਪਏ । ਨਜ਼ੀਰ ਦੇ ਦੁਹਾਈ ਦੇਣ ਤੇ ਵੀ ਉਹ ਨਾ ਸਮਝੇ।ਤੇ ਮੈਂ ਭੱਜ ਆਇਆ। ਅੱਗੇ ਪਹਿਰੇ ਤੇ ਬੈਠੇ ਸ਼ੰਕਰੀਆਂ ਵੀ ਮੇਰਾ ਮਖੌਲ ਉਡਾਇਆ,ਅਖੇ ਤੈਨੂੰ ਕਿਹਾ ਸੀ ਬਈ ਅੱਗੇ ਨਾ ਜਾਈਂ।

ਤੇ ਕਾਫ਼ਲਾ ਤੁਰ ਪਿਆ:

ਜਦ ਇਹ ਪੱਕਾ ਹੋ ਗਿਆ ਕਿ ਉਠਣਾ ਹੀ ਪੈਣੈ ਤਾਂ ਪਿੰਡੋਂ ਕਾਫ਼ਲਾ ਬਣਾ ਕੇ ਤੁਰੇ। ਮੋਹਰੇ ਘੋੜ ਚੜ੍ਹੇ ਹਥਿਆਰਬੰਦ ਤੇ ਬਾਕੀ ਪਿੱਛੇ ਗੱਡਿਆਂ ਤੇ।19-20 ਚੱਕ GB ਨਹਿਰ ਦੇ ਪੁੱਲ਼ ਤੇ ਮੁਸਲਿਮ ਮਿਲਟਰੀ ਦਾ ਪਹਿਰਾ ਸੀ। ਉਨ੍ਹਾਂ ਗੋਲ਼ੀ ਚਲਾ ਦਿੱਤੀ। ਕਾਫ਼ਲੇ ਦੇ ਮੋਹਰਲੇ 12-13 ਬੰਦੇ ਮਾਰੇ ਗਏ।18 ਚੱਕ ਦਾ ਲੰਬੜਦਾਰ ਜਥੇਦਾਰ ਕਾਹਨ ਸਿੰਘ ਵੀ ਮਰਨ ਵਾਲਿਆਂ ਵਿਚ ਸ਼ਾਮਿਲ ਸੀ ਜੋ ਇਸ ਕਾਫ਼ਲੇ ਦੀ ਅਗਵਾਈ ਕਰਦਾ ਸੀ। ਉਥੋਂ ਭਗਦੜ ਵਿਚ ਕੁੱਝ ਲੋਕ ਸਰ ਗੰਗਾ ਰਾਮ ਦੇ ਪਿੰਡ ਚੱਕ ਗੰਗਾ ਰਾਮ ਚ ਅਤੇ ਕੁੱਝ ਨਨਕਾਣਾ ਸਾਹਿਬ ਦੇ ਕੈਂਪ ਵਿਚ ਚਲੇ ਗਏ।ਸਾਡਾ ਸਾਰਾ ਪਰਿਵਾਰ  ਮੇਰੇ ਬਾਪ ਦੇ ਨਾਨਕੇ 108 ਚੱਕ ਸਾਈਂ ਦੀ ਖੂਹੀ ਚਲਿਆ ਗਿਆ।ਦਿਨ ਰਾਤ ਆਟੇ ਲਈ ਖਰਾਸ ਚੱਲਦੇ ਰਹੇ। ਤੀਜੇ ਦਿਨ 95 ਚੱਕ ਜਮਸ਼ੇਰ ਤੋਂ ਲਸ਼ਕਰ ਸਿੰਘ,ਸਾਧੂ ਸਿੰਘ ਵਲਦ ਹਰੀ ਸਿੰਘ ਹੋਰੀਂ ਆਪਣੇ ਪਰਿਵਾਰ ਨਾਲ ਆ ਪਹੁੰਚੇ। ਕਹਿੰਦੇ,ਸਾਡੇ ਪਿੰਡ ਤਾਂ ਉਵੇਂ ਖ਼ਾਲੀ ਪਏ ਆ, ਚਲੋ ਕੁੱਝ ਸਮਾਨ ਹੀ ਚੁੱਕ ਲਿਆਈਏ। ਅਸੀਂ ਵੀ ਘਰ ਸਮਾਨ ਉਵੇਂ ਛੱਡ ਆਏ ਸਾਂ।ਪਿੱਤਲ ਦੇ ਵੱਡੇ ਭਾਂਡੇ, ਮਾਲ ਡੰਗਰ ,ਸਰੋਂ, ਕਪਾਹ ਇਥੋਂ ਤੱਕ ਕਿ 110 ਬੋਰੀਆਂ ਕਣਕ ਹੀ ਪਈ ਸੀ। ਬਜ਼ੁਰਗਾਂ ਆਖਿਆ ਕਿ ਪਿੱਤਲ ਦੇ ਵੱਡੇ ਭਾਂਡੇ ਚੁੱਕ ਲਿਆਓ,ਹੋਰ ਲਾਲਚ ਨਾ ਕਰਨਾ। 93 ਚੱਕ ਨਕੋਦਰ 'ਚ ਗਏ। ਉਥੇ ਫ਼ੌਜੀ ਕਾਦਰ ਬਖ਼ਸ਼,ਮੁਸਲਿਮ ਮਿਲਟਰੀ ਜੋ ਟਰੱਕ ਤੇ ਗਸ਼ਤ ਕਰਦੀ ਪਈ ਸੀ, ਉਨ੍ਹਾਂ ਵਿੱਚ ਸ਼ਾਮਲ ਸੀ ।ਆਖਿਓਸ, "ਸਿੱਖ ਪਿੰਡ ਚ ਖਰੂਦ ਮਚਾਉਂਦੇ ਫਿਰਦੇ ਆ।" ਉਨ੍ਹਾਂ ਆਉਂਦਿਆਂ ਹੀ ਫਾਇਰ ਖੋਲੇ ਤੇ ਅਸੀਂ ਉਵੇਂ ਭੱਜ ਆਏ।110 ਚੱਕ ਤੋਂ ਮੇਰੇ ਬਾਪ ਦੇ ਮਾਮਾ ਕਿਹਰ ਸਿੰਘ ਦਾ ਸਾਲਾ ਸਾਬ ਸੋਹਣ ਸਿੰਘ ਮਿਲਟਰੀ ਵਿੱਚ ਕੈਪਟਨ ਸੀ। ਬਜ਼ੁਰਗਾਂ ਉਨ੍ਹਾਂ ਤੱਕ ਸੁਨੇਹਾਂ ਭੇਜਿਆ। ਉਨ੍ਹਾਂ ਕਿਹਾ 110 ਚੱਕ ਚ ਆਜੋ ਟਰੱਕ ਭੇਜ ਦਿੰਨੇ ਆਂ। ਪਰਿਵਾਰ ਚੋਂ ਮੈਂ 'ਕੱਲਾ ਹੀ ਉਨ੍ਹਾਂ ਦੇ ਟਰੱਕਾਂ ਦੇ ਕਾਫ਼ਲੇ ਨਾਲ ਆਇਆ। ਲਾਹੌਰ ਲੰਘ ਕੇ 30-35 ਹਥਿਆਰਬੰਦ ਦੰਗਈਆਂ ਨੇ ਲੁੱਟ ਖੋਹ ਦੀ ਨੀਅਤ ਨਾਲ ਕਾਫ਼ਲੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਰੇ ਉਪਰ ਇਕ ਫੌਜੀ ਨੇ ਜਿਉਂ ਹੀ ਫਾਇਰ ਖੋਲ੍ਹਿਆ ਤਾਂ ਸੱਭ ਝੱਲ ਵੰਨੀ ਜਾ ਦੌੜੇ। ਰਸਤੇ ਦੇ ਫਾਕੇ ਅਤੇ ਉਨੀਂਦਰੇ ਝਾਗਦੇ 7 ਵੇਂ ਦਿਨ ਪੰਡੋਰੀ ਨਿੱਝਰਾਂ ਆਣ ਕਯਾਮ ਕੀਤਾ। ਕੁੱਝ ਦਿਨ ਮੈਂ ਉਥੇ ਹੀ ਬਾਪ ਦੇ ਨਾਨਕੇ ਰਿਹਾ। ਉਥੋਂ ਚੱਕ ਵਿਣਗਾਂ,ਵਿਣਗਾਂ ਤੋਂ ਖਟਕੜ ਕਲਾਂ ਆਇਆ।ਇਥੇ ਹੀ ਖ਼ਬਰ ਹੋਈ ਕਿ ਮੇਰੇ ਕੁੱਝ ਹੋਰ ਪਰਿਵਾਰਕ ਮੈਂਬਰ ਜੋ ਟਰੱਕਾਂ ਦੇ ਕਾਫ਼ਲੇ ਤੇ ਸੀ,ਸਹੀ ਸਲਾਮਤ ਚਾਚੀ ਪ੍ਰੀਤਮ ਕੌਰ ਦੇ ਭਰਾ ਦਲੀਪ ਸਿੰਘ ਘਰ ਗੁਰਾਇਆਂ ਆ ਪਹੁੰਚੇ। ਇਨ੍ਹਾਂ ਨੂੰ ਕੈਪਟਨ ਰਾਮ ਸਿੰਘ ਮਿਲਟਰੀ ਟਰੱਕ ਚ ਲ਼ੈ ਕੇ ਆਇਆ।]

ਓਧਰ ਚੱਕ 94 ਦਾਊਆਣਾ ਸ਼ੰਕਰ ਸ਼ਾਹ ਮੁਹੰਮਦ ਵੱਡਾ ਠਾਣੇਦਾਰ ਹੋਇਆ।ਉਹਦਾ ਪਿਛਲਾ ਜੱਦੀ ਪਿੰਡ ਇਧਰ ਸਲੋਹ-ਨਵਾਂ ਸ਼ਹਿਰ ਸੀ ।ਸੀ ਉਹ ਬਹੁਤਾ ਤੱਸਬੀ ।ਇਕ ਪਾਸੇ ਹਿੰਦੂ-ਸਿੱਖਾਂ ਨਾਲ ਹਮਦਰਦੀ ਜਤਾਉਂਦਾ।ਦੂਜੇ ਪਾਸੇ ਮੁਸਲਮਾਨਾਂ ਨੂੰ ਦੰਗਿਆਂ ਲਈ ਉਕਸਾਉਂਦਾ। ਚੱਕ 107 ਫਲਾਈਵਾਲਾ ਨਜ਼ਦੀਕ ਜਦ ਸੈਂਕੜੇ ਗੱਡਿਆਂ ਦਾ ਕਾਫ਼ਲਾ ਗੁਜ਼ਰ ਰਿਹਾ ਸੀ ਤਾਂ ਉਸੇ ਨੇ ਢੋਲ ਦੇ ਡਗੇ ਤੇ ਦੰਗਈਆਂ ਨੂੰ  ਉਕਸਾਅ ਕੇ ਕਾਫ਼ਲੇ ਉਪਰ ਹਮਲਾ ਕਰਵਾਇਆ।ਕਈ  ਮਾਰੇ ਗਏ ‌।ਕਈ ਮੁਟਿਆਰਾਂ ਤਾਈਂ ਉਠਾ ਲਿਆ ਗਿਆ। ਮਰਨ ਵਾਲਿਆਂ ਵਿਚ ਸਾਡੇ ਚੱਕ 93 ਤੋਂ ਆਦਿ ਧਰਮੀ ਬੰਤੂ ਵੀ ਸ਼ਾਮਲ ਸੀ।(99ਵੇਂ ਚੱਕ ਤੋਂ ਬੋਕਿਆਂ ਦੇ ਜਗੀਰ ਸਿੰਘ ਦੀ ਭਰਜਾਈ ਕਰਤਾਰ ਕੌਰ ਜਿਸ ਦੀ ਦੇਹ ਕੁੱਝ ਭਾਰੀ ਸੀ ਨੂੰ, ਦੰਗੱਈ ਜਿਥੇ ਜਬਰੀ ਉਠਾ ਕੇ ਲੈ ਗਏ ਉਥੇ ਘੰਟਿਆਂ ਦਾ ਅਰੂੜ ਸਿੰਘ ਵਾਪਸ ਭੱਜਿਆ ਆਉਂਦਾ ਮਾਰਿਆ ਗਿਆ। ਫੱਟੜ ਵੀ ਬਹੁਤ ਹੋਏ। ਉਸ ਭੜਕੀ ਭੀੜ ਨੇ ਪਿੰਡ ਨੂੰ ਵੀ ਲੁੱਟ ਲਿਆ। ਜਗੀਰ ਸਿੰਘ ਦਾ ਪਰਿਵਾਰ ਇਧਰ ਆ ਕੇ ਚੂਹੇਕੀ-ਨੂਰਮਹਿਲ ਬੈਠਿਆ। ਇਨ੍ਹਾਂ ਦਾ ਪਿਛਲਾ ਜੱਦੀ ਪਿੰਡ ਜੰਡਿਆਲਾ ਮੰਜਕੀ ਹੈ)। ਸਬੱਬੀਂ ਡੋਗਰਾ ਮਿਲਟਰੀ ਵੀ ਪਹੁੰਚ ਗਈ। ਉਨ੍ਹਾਂ ਕਮਾਦ,ਝੱਲ ਚੋਂ ਲੱਭ ਲੱਭ ਦੰਗਈਆਂ ਨੂੰ ਮਾਰਿਆ। ਕਾਫ਼ਲੇ ਵਾਲਿਆਂ ਖੁਦ ਹੀ ਬਾਲਣ ਦਾ ਪ੍ਰਬੰਧ ਕਰਕੇ ਉਨ੍ਹਾਂ ਦਾ ਸੰਸਕਾਰ ਕੀਤਾ।ਭੁਲੇਖਾ ਪਾਉਣ ਲਈ ਸਿੱਖਾਂ ਆਪਣੇ ਕੜੇ ਉਤਾਰ ਕੇ ਚਿਖਾ ਦੇ ਆਸ ਪਾਸ ਸੁੱਟ ਦਿੱਤੇ। ਅਸਪਸ਼ਟ ਖ਼ਬਰ ਮੁਤਾਬਕ ਮਰਨ ਵਾਲੇ ਦੰਗਈਆਂ ਵਿਚ ਠਾਣੇਦਾਰ ਸ਼ਾਹ ਮੁਹੰਮਦ ਦਾ ਭਰਾ ਵੀ ਸ਼ਾਮਲ ਸੀ।ਇਹ ਵੀ ਖ਼ਯਾਲ ਹੈ ਕਿ ਬਦਲੇ ਦੀ ਭਾਵਨਾ ਤਹਿਤ ਇਸੇ ਠਾਣੇਦਾਰ ਨੇ ਆਪਣੀ ਗਾਰਦ ਨਾਲ ਮੰਡੀ ਜੜ੍ਹਾਂਵਾਲਾ ਦੇ ਰਫਿਊਜੀ ਕੈਂਪ ਤੇ ਹਮਲਾ ਕੀਤਾ ਜਾਂ ਕਰਵਾਇਆ।ਜਿਥੇ ਸੈਂਕੜੇ ਹਿੰਦੂ-ਸਿੱਖ ਮਾਰੇ ਗਏ ਅਤੇ ਸੈਂਕੜੇ ਬਹੂ-ਬੇਟੀਆਂ ਮੰਡੀ ਵਾਲੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ।

ਖਟਕੜ ਕਲਾਂ ਵਿਖੇ, ਨਵਾਂ ਸ਼ਹਿਰ ਦੀ ਤਰਫੋਂ ਮੁਸਲਮਾਨਾਂ ਦਾ ਇੱਕ ਵੱਡਾ ਕਾਫ਼ਲਾ ਗੱਡਿਆਂ ਤੇ ਆਉਂਦਾ ਦੇਖਿਆ। ਮੀਂਹ ਵੀ ਚੰਗਾ ਪਿਆ ਵਰ੍ਹੇ।ਪਲੇਗ ਵੀ ਪਈ ਹੋਈ ਸੀ।ਸੜਕ ਦੇ ਦੋਹੇਂ ਪਾਸੇ ਪਲੇਗ ਦੀ ਭੇਟ ਚੜ੍ਹ ਗਏ ਬਿਮਾਰ, ਬਜ਼ੁਰਗਾਂ ਦੀਆਂ ਲਾਸ਼ਾਂ ਦੂਰ ਤੱਕ ਪਈਆਂ ਦੇਖੀਆਂ।ਕਈ ਕਾਫ਼ਲੇ ਵਾਲੇ ਮੁਸਲਿਮ ਜਾਂ ਗੁਆਂਢੀ ਪਿੰਡਾਂ ਦੇ ਲੋਕ ਲਾਸ਼ਾਂ ਨੂੰ ਦਫ਼ਨ ਕਰਦੇ ਵੀ ਦੇਖੇ। ਮੈਂ ਖਟਕੜ ਕਲਾਂ ਤੋਂ ਚਾਰ ਪਰੌਂਠੇ ਸਾਫੇ ਦੇ ਲੜ ਬੰਨ੍ਹ ਜੌਹਲਾਂ ਨੂੰ ਤੁਰ ਪਿਆ। ਉਥੇ ਗੁਣਾਂ ਚੌਰ ਪਿੰਡ ਦੇ ਚੜ੍ਹਦੇ ਪਾਸੇ ਬਾਹਰ ਕੁੱਝ ਮੁਸਲਿਮ ਘੁਮਿਆਰ ਧੁੱਪੇ ਬੈਠੇ ਦੇਖੇ । 93ਵੇਂ ਚੱਕ ਵਾਲਾ ਮੁਸਲਿਮ ਘੁਮਿਆਰ ਫ਼ਰੀਦ ਬਖ਼ਸ਼ ਵੀ ਉਨ੍ਹਾਂ ਵਿਚ ਬੈਠਾ ਸੀ। ਉਨ੍ਹੇ ਮੈਨੂੰ ਪਛਾਣ ਕੇ ਪਿੱਛਿਓਂ 'ਵਾਜ਼ ਮਾਰੀ। ਗੁਣਾਚੌਰ ਉਸ ਦਾ ਆਬਾਈ ਗਰਾਂ ਸੀ ਜੋ ਇਧਰ ਮਿਲਣ ਆਇਆ ਫਸ ਗਿਆ।ਉਹ ਮੇਰੇ ਗਲ਼ ਲੱਗ ਰੋਇਆ।ਉਸੇ ਤੋਂ ਪਤਾ ਲੱਗਾ ਕਿ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਜੌਹਲਾਂ-ਬੜਾ ਪਿੰਡ,ਸਹੀ ਸਲਾਮਤ ਪਹੁੰਚ ਗਏ ਨੇ। ਮੈਂ ਵੀ ਉਥੇ ਜਾ ਪਹੁੰਚਾ। ਸਾਰਿਆਂ ਦੇ ਗਲ਼ ਲੱਗ ਰੋਇਆ।

ਸਾਡੀ ਕੱਚੀ ਪਰਚੀ ਤੇਹਿੰਗ-ਫਿਲੌਰ ਦੀ ਪਈ ਪੱਕੀ ਪਰਚੀ ਵੀ ਉਥੇ ਹੀ ਰਹੀ। ਪੰਜਾਬੀ ਸੂਬਾ ਅਤੇ ਧਰਮ ਯੁੱਧ ਮੋਰਚਾ ਵਿੱਚ ਵੀ ਪਿੰਡ ਚ ਮੋਹਰੀ ਰੋਲ ਅਦਾ ਕੀਤਾ। ਮੈਂ ਖੇਤੀ ਦੇ ਨਾਲ-ਨਾਲ ਪਿੰਡ ਦੀ ਸੁਸਾਇਟੀ ਚ ਸੈਕਟਰੀ ਦੀ ਨੌਕਰੀ ਕੀਤੀ।1990 ਵਿਚ ਰਿਟਾਇਰ ਹੋਇਆ।ਉਰਦੂ-ਫਾਰਸੀ ਦੀ ਮਿਡਲ ਪਾਸ ਮੇਰੀ ਉਮਰ ਦਾ ਗਹਿਣਾ ਹੋ ਨਿਬੜੀ। 98 ਵਿਆਂ ਚ ਪ੍ਰਵੇਸ਼ ਦੇ ਬਾਵਜੂਦ ਹਾਲਾਂ ਵੀ ਸੈਕਲ ਚਲਾ ਲੈਂਦਾ ਹਾਂ।ਕਰੀਬ ਹਰ ਰੋਜ਼ ਫਿਲੌਰ ਕਚਹਿਰੀਆਂ ਵਿਚ ਜਾ ਕੇ ਲੋੜਵੰਦਾਂ ਦੇ ਉਰਦੂ ਰੀਕਾਰਡ ਨੂੰ ਗੁਰਮੁਖੀ ਵਿਚ ਲਿਪੀਆਂਤਰ ਕਰਕੇ ਚੰਗਾ ਜੀਵਨ ਨਿਰਬਾਹ ਕਰੀ ਜਾਂਦਾ ਹਾਂ। ਜ਼ਮੀਨ ਵੰਡ ਚ ਘੱਟ ਗਈ। ਧੀਆਂ ਪੁੱਤਰ ਵਲੈਤ ਖਾ ਗਿਆ, ਸਾਨੂੰ ਵਲੈਤ ਮੂਲੋਂ ਮਾਫ਼ਕ ਨਈਂ ਭਾਉਂਦਾ।ਹੁਣ ਇਕਲਾਪਾ ਪਿਆ ਭੋਗਦਾ ਆਂ। ਇਕਲਾਪੇ ਵਿੱਚ ਬਾਰ ਦੀ ਮੁੜ ਮੁੜ ਯਾਦ ਆਉਂਦੀ ਐ।ਜਦ ਖੁੱਲੀਆਂ ਜ਼ਮੀਨਾਂ ਤੇ ਖੁੱਲ੍ਹੇ ਸਾਂਝੇ ਪਰਿਵਾਰਾਂ ਦੇ ਵਿਹੜੇ ਭਰੀ ਰੌਣਕ ਦਿਲ ਨੂੰ ਭਾਉਂਦੀ ਸੀ। ਕਾਸ਼!ਉਹ ਸਮਾਂ ਮੁੜ ਆਏ।"

ਇਕ 'ਕਾਲੀ ਕਾਨਫਰੰਸ ਦਾ ਕਿੱਸਾ

"ਪੋਠੋਹਾਰ ਇਲਾਕੇ ਵਿੱਚ ਮਾਰ ਮਰੱਈਆ ਚੜ੍ਹਦੇ ਮਾਰਚ1947 ਨੂੰ ਸ਼ੁਰੂ ਹੋਇਆ।ਪਰ ਲੈਲਪੁਰ ਇਲਾਕੇ ਵਿਚ 15 ਅਗਸਤ ਆਜ਼ਾਦੀ ਦੇ ਐਲਾਨ ਤੱਕ  ਕਰੀਬ ਸ਼ਾਂਤੀ ਹੀ ਰਹੀ। 27 ਜੁਲਾਈ 1947 ਨੂੰ ਨਨਕਾਣਾ ਸਾਹਿਬ ਵਿਖੇ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਹੋਰਾਂ ਸਿੱਖ ਕਾਨਫਰੰਸ ਰੱਖੀ। ਪਿੰਡਾਂ ਵਿਚ ਸਿੱਖ ਸੰਗਤ ਦੇ ਨਾਮ ਪੁਰ ਸ਼ਮੂਲੀਅਤ ਹਿੱਤ ਸੁਨੇਹੇਂ ਭੇਜੇ ਗਏ। ਉਥੋਂ ਦੇ ਮੁਸਲਿਮਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸਿੱਖਾਂ ਤੋਂ ਖ਼ਤਰਾ ਹੈ।ਸੋ ਕਾਨਫਰੰਸ ਤੇ ਪਾਬੰਦੀ ਲਾ ਕੇ ਮਿਲਟਰੀ ਦਾ ਪੈਹਰਾ ਲਾਤਾ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਚ ਸ਼ਾਮ ਨੂੰ ਜਥੇਦਾਰ ਜਵਾਲਾ ਸਿੰਘ ਦੀ ਰਹਿਨੁਮਾਈ ਚ ਕੁੱਝ ਸਿੱਖਾਂ ਦਾ 'ਕੱਠ ਹੋਇਆ।ਉਸੇ ਰਾਤ ਨਨਕਾਣਾ ਸਾਹਿਬ ਕੂਚ ਕਰਨ ਦਾ ਫ਼ੈਸਲਾ ਹੋਇਆ।ਪਰ ਜਾਣ ਵਾਲਿਆਂ 'ਚ ਅਸੀਂ ਕੁੱਲ ਛੇ ਜਣੇ ਹੀ ਸਾਂ,ਸੋ  ਤੁਰ ਪਏ। 19,20 ਚੱਕ ਦੇ ਦੁਗੈਚੀਆਂ(ਪਿੱਛਾ ਲਾਹੌਰ) ਦਾ ਜਥਾ ਬਹੁਤ ਵੱਡਾ ਸੀ।ਉਹ ਦੂਜੇ ਦਿਨ ਸਵੇਰ ਨੂੰ ਤੁਰੇ। ਅਸੀਂ ਤੁਰ ਕੇ ਹੀ ਬੁਚਿਆਣਾ 'ਟੇਸ਼ਣ ਵੱਲ ਵਧੇ। ਨਹਿਰ ਦੇ ਪੁੱਲ਼ ਤੇ ਇਕ 19-20 ਸਾਲ ਦਾ ਸਿੱਖ ਮੁੰਡਾ ਦੂਜੀ ਤਰਫ਼ ਤੋਂ ਆਉਂਦਾ ਮਿਲਿਆ।ਉਸ ਦੱਸਿਆ ਕਿ ਮਿਲਟਰੀ ਵਾਲੇ ਨਹਿਰ ਦੀ ਪਟੜੀ ਤੇ ਗਸ਼ਤ ਕਰਦੇ ਫਿਰਦੇ ਨੇ ਜੋ ਕਿ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਜਥਿਆਂ ਨੂੰ ਰੋਕਦੇ ਆ। ਇਥੋਂ ਨਹਿਰ ਖਤਮ ਹੋ ਜਾਂਦੀ ਹੈ ਉਸ ਨਾਲ 40 ਕੁ ਏਕੜ ਦਾ ਇਕ ਕੁਦਰਤੀ ਝੱਲ ਪਿਆ ਸੀ ਜਿਸ ਵਿੱਚ ਨਹਿਰ ਦਾ ਅਣ ਵਰਤਿਆ ਪਾਣੀ ਪੈਂਦਾ ਰਹਿੰਦਾ ਸੀ। ਇਥੋਂ ਅਸੀਂ ਰੇਲਵੇ ਲਾਈਨ ਦੇ ਨਾਲ ਨਾਲ ਬੁਚਿਆਣਾ 'ਟੇਸ਼ਣ ਵੱਲ ਵਧੇ। ਅੱਗੇ 3-4 ਏਕੜ ਦਾ ਥੇਹ ਪਿਆ ਸੀ।ਉਸ ਦੇ ਪਾਰ ਮਿਲਟਰੀ ਦੀਆਂ ਲਾਈਟਾਂ ਜਗਦੀਆਂ ਦੇਖੀਆਂ।ਹੁਣ ਕੁੱਝ ਲੋਅ ਹੋ ਚੁੱਕੀ ਸੀ ਨੇੜਲੇ ਪਿੰਡ ਤੋਂ ਕੁੱਝ ਬੰਦੇ ਥੇਹ ਵੱਲ ਜੰਗਲ਼ ਪਾਣੀ ਜਾਂਦੇ ਦੇਖੇ। ਅਸੀਂ ਵੀ 2-2 ਜਣੇ ਅੱਗੜ ਪਿੱਛੜ ਹੋ ਕੇ ਜੰਗਲ ਪਾਣੀ ਦਾ ਭੁਲੇਖਾ ਪਾਉਂਦਿਆਂ ਬਚ ਕੇ ਲੰਘ ਗਏ। ਨਨਕਾਣਾ ਸਾਹਿਬ ਦੇ ਬਾਹਰ ਬਾਰ ਪੈਂਦੇ ਗੁਰਦੁਆਰਾ ਸਾਹਿਬ ਦੇ ਸਕੂਲ ਵਿੱਚ ਪਹੁੰਚੇ।ਉਥੇ ਕਾਫ਼ੀ 'ਕੱਠ ਸੀ। ਗਿਆਨੀ ਕਰਤਾਰ ਸਿੰਘ ਮੜਾਸਾ ਮਾਰ ਕੇ ਹੋਰ ਸੇਵਾਦਾਰਾਂ ਨਾਲ ਨਨਕਾਣਾ ਸਾਹਿਬ ਗੁਰਦੁਆਰਾ ਤੋਂ ਸਿਰਾਂ ਤੇ  ਲੰਗਰ ਲ਼ੈ ਕੇ ਪਹੁੰਚੇ। ਉਨ੍ਹਾਂ ਉਥੇ ਰੋਹ ਭਰੀ ਤਕਰੀਰ ਕੀਤੀ।ਇਸੇ ਦੌਰਾਨ ਮਿਲਟਰੀ ਦੇ 20-25 ਟਰੱਕ ਆਏ। ਉਨ੍ਹਾਂ ਹਲਕਾ ਲਾਠੀਚਾਰਜ ਕੀਤਾ। ਕੁੱਝ ਕਸ਼ਮ -ਕਸ਼ ਤੋਂ ਬਾਅਦ ਸਾਰੇ ਟਰੱਕ 'ਕਾਲੀ ਵਰਕਰਾਂ ਨਾਲ਼ ਭਰ ਲਏ। ਨਨਕਾਣਾ ਸਾਹਿਬ ਦੀ ਦਾਣਾ ਮੰਡੀ ਕੋਲੋਂ ਲੰਘਦਿਆਂ ਬਾਣੀਏ-ਆੜਤੀਆਂ  ਨੇ ਸੜਕ ਤੇ ਬਹਿ ਕੇ ਜਾਮ ਲਾਤਾ। ਸਾਰੇ ਕਾਲੀਆਂ ਨੂੰ ਉਨ੍ਹਾਂ ਲੰਗਰ ਛਕਾਇਆ। ਉਪਰੰਤ ਮਿਲਟਰੀ ਵਾਲੇ ਸਾਰੇ ਟਰੱਕ ਬੱਲੋ ਕੀ ਹੈੱਡ ਰਾਵੀ ਪਾਰ ਸਾਨੂੰ ਜਾ ਉਤਾਰਿਆ। ਉਥੋਂ ਤੁਰ ਕੇ ਅਸੀਂ ਰਾਤ ਭਾਈ ਫੇਰੂ ਗੁਰਦੁਆਰਾ ਸਾਹਿਬ ਰੁਕੇ। ਸੇਵਾਦਾਰਾਂ ਸਭਨਾਂ ਨੂੰ ਲੰਗਰ ਪਾਣੀ ਛਕਾਇਆ।'ਕਾਲੀਆਂ ਮੁੜ ਸਲਾਹ ਬਣਾਈ ਕਿ ਬੱਲੋ ਕੀ ਹੈੱਡ ਤੇ ਮਿਲਟਰੀ ਦਾ ਪਹਿਰਾ ਹੈ।ਅੱਧੀ ਰਾਤ ਉਥੋਂ 2-3 ਕਿਲੋਮੀਟਰ ਪਹਾੜ  ਵੱਲ ਬੇੜੀਆਂ ਰਾਹੀਂ ਰਾਵੀ ਪਾਰ ਕਰਕੇ ਨਨਕਾਣਾ ਸਾਹਿਬ ਮੁੜ ਪਹੁੰਚਿਆ ਜਾਏ।ਰਾਵੀ ਪਾਰ ਲੰਘਾਉਣ ਦਾ ਜ਼ਿੰਮਾ ਗੁਰਦੁਆਰਾ ਪ੍ਰਬੰਧਕਾਂ ਨੇ ਖੁਦ ਉਠਾਇਆ।ਆਖਿਓਸ ਕਿ ਉਨ੍ਹਾਂ ਪਾਸ ਚੰਗੇ ਮਲਾਹ ਅਤੇ ਕਿਸ਼ਤੀਆਂ ਨੇ। ਸਾਰੇ ਸਿੰਘ ਅੱਧੀ ਰਾਤੀਂ ਜਥਾ ਲੈ ਕੇ ਰਾਵੀ ਵੱਲ ਵਧੇ।ਪਰ ਸਾਡਾ ਜਥੇਦਾਰ ਜਵਾਲਾ ਸਿੰਘ ਨਾ ਮੰਨਿਆਂ ਕਹੇ,"ਮੇਰੇ ਤਾਂ ਗੋਡੇ ਦੁਖਦੇ ਆ। ਮੈਥੋਂ ਏਨਾ ਤੁਰਿਆ ਨਈਂ ਜਾਣਾ।ਬੱਸ ਚੜ੍ਹਕੇ ਲਾਹੌਰ ਤੇ ਲਾਹੌਰੋਂ ਰੇਲ ਚੜ੍ਹ ਨਨਕਾਣਾ ਸਾਹਿਬ ਪਹੁੰਚਾਂਗੇ।" ਅਗਲੀ ਸਵੇਰ ਪ੍ਰਸ਼ਾਦਾ ਪਾਣੀ ਛੱਕ ਕੇ ਬਾਹਰ ਵੱਡੀ ਸੜਕ ਤੇ ਜਾ ਖੜੇ। ਮਿੰਟਗੁਮਰੀ ਤੋਂ ਬੱਸਾਂ ਆਉਣ ਪਰ ਖੜੀਆਂ ਨਾ ਹੋਣ। ਅਖੀਰ ਸ਼ਾਮ ਢਲੇ ਇਕ ਬਸ ਰੁਕੀ ਜੋ ਚੜ‌੍ਹ ਕੇ ਅਸੀਂ ਲਾਹੌਰ ਪਹੁੰਚੇ। ਲਾਹੌਰ ਤੋਂ ਰੇਲ ਫੜ ਅਗਲੇ ਦਿਨ ਨਨਕਾਣਾ ਸਾਹਿਬ ।ਜਦ ਕਿ ਕਾਨਫਰੰਸ ਪਹਿਲੇ ਹੀ ਦਿਨ ਹੋ ਚੁੱਕੀ ਸੀ।ਉਥੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ.ਆਤਮਾ ਸਿੰਘ ਪਿਛਿਓਂ ਸੁਲਤਾਨ ਪੁਰ ਲੋਧੀ ਨੇ ਸਾਡਾ ਸਵਾਗਤ ਕੀਤਾ। ਉਸ ਨੂੰ ਅਸੀਂ ਸਾਰੀ ਵਿਥਿਆ ਕਹਿ ਸੁਣਾਈ। ਉਨ੍ਹਾਂ  ਨਾਮ ਪਤਾ ਲਿਖਿਆ,ਲੰਗਰ ਪਾਣੀ ਛਕਾਇਆ।ਉਥੇ ਰਾਤ ਰੁਕ ਕੇ ਥਕੇਵਾਂ ਲਾਹਿਆ। ਅਗਲੇ ਦਿਨ ਤੁਰ ਕੇ ਹੀ ਮੁੜ ਆਪਣੇ ਪਿੰਡਾਂ ਵੱਲ ਹੋ ਤੁਰੇ।ਤਦੋਂ ਸਿੱਖ ਕੌਮ ਦਾ ਦਿਮਾਗ਼ ਸਮਝੇ ਜਾਂਦੇ ਗਿਆਨੀ ਕਰਤਾਰ ਸਿੰਘ ਫੱਕਰ ਸੁਭਾਅ ਦਾ ਬੰਦਾ ਸੀ। ਰੌਲਿਆਂ ਸਮੇਂ ਬਾਰ ਦੇ ਇਲਾਕੇ ਚੋਂ ਹਿੰਦੂ-ਸਿੱਖਾਂ ਨੂੰ ਬਚਾਅ ਕੇ ਭਾਰਤੀ ਪੰਜਾਬ ਵਿੱਚ ਭੇਜਣ ਲਈ ਉਸ ਦੀ ਘਾਲਣਾ ਦਾ ਕੋਈ ਸਾਨੀ ਨਹੀਂ।ਉਸ ਦਰਵੇਸ਼ ਸਿਆਸਤਦਾਨ ਦੀ ਘਾਲਣਾ ਅੱਗੇ ਮੈਂ ਸਿਰ ਝੁਕਾਉਂਦਾ ਹਾਂ।ਇਸ ਕਾਨਫਰੰਸ  ਦਾ ਉਦੇਸ਼ ਨਨਕਾਣਾ ਸਾਹਿਬ ਦੇ ਇਲਾਕੇ ਵਿੱਚ 52 ਤਸੀਲਾਂ ਜਿਨ੍ਹਾਂ ਵਿੱਚ ਸਿੱਖ ਵਸੋਂ ਦਾ ਪ੍ਰਭਾਵ ਸੀ ਨੂੰ ਮਿਲਾ ਕੇ ਸਿੱਖ ਹੋਮ ਲੈਂਡ ਬਣਾਉਣ ਦਾ ਹੋਕਾ ਦੇਣਾ ਸੀ। ਅਫ਼ਸੋਸ ਕਿ ਸਰਦਾਰ ਬਲਦੇਵ ਸਿੰਘ ਦੇ, ਨਹਿਰੂ ਦੇ ਢਹੇ ਚੜ੍ਹਨ ਕਾਰਨ ਸੱਭ ਕੁੱਝ ਉਵੇਂ ਧਰਿਆ ਧਰਾਇਆ ਰਹਿ ਗਿਆ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ 


author

Anmol Tagra

Content Editor

Related News