ਅਣਖੀ ਯੋਧਾ: ਨਿਰਮਲ ਸਿੰਘ ਧਰਮੀ ਫ਼ੌਜੀ

Saturday, Jun 05, 2021 - 10:59 AM (IST)

ਜੂਨ 1984 , ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫ਼ੌਜ ਵਲੋਂ ਹਮਲੇ ਸਮੇਂ ਤਮਾਮ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ।ਬਹੁਤ ਸਾਰੇ ਅਣਖੀ ਸਿੱਖ ਫ਼ੌਜੀਆਂ, ਬਗ਼ਾਵਤ ਕਰਕੇ ਫ਼ੌਜ ਦੇ ਮਾਲਖਾਨਿਆਂ ਚੋਂ ਅਸਲਾ ਲੁੱਟ ਲਿਆ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਕੂਚ ਕਰ ਗਏ । ਪੇਸ਼ ਐ ਉਹਨਾ ਚੋਂ ਹੀ ਇਕ ਯੋਧੇ ਦੀ ਕਹਾਣੀ-ਉਸ ਦੀ ਆਪਣੀ ਜ਼ੁਬਾਨੀ:

"ਪਿਤਾ ਮਲਕੀਅਤ ਸਿੰਘ ਅਤੇ ਮਾਤਾ ਬਚਨ ਕੌਰ ਜੀ ਦੇ ਘਰ ਪਿੰਡ ਚੱਕ ਖੁਰਦ ਤਹਿ: ਨਕੋਦਰ ਜ਼ਿਲ੍ਹਾ ਜਲੰਧਰ ਬਾਗੜ੍ਹੀ  ਸਿੱਖ ਪਰਿਵਾਰ ਦੇ ਘਰ ਚਾਰ ਪੁੱਤਰ ਅਤੇ ਤਿੰਨ ਭੈਣਾਂ ਪੈਦਾ ਹੋਈਆਂ। ਜਿਹਨਾਂ ਚੋਂ ਮੈਂ, ਨਿਰਮਲ ਸਿੰਘ 1952 ਚ ਜਨਮਿਆਂ ਜੇਠਾ ਪੁੱਤਰ ਆਂ। ਸਿੱਖੀ ਦਾ ਲਗਾਅ ਵਿਰਸੇ ਚੋਂ ਹੀ ਮਿਲਿਐ, ਮੈਨੂੰ। ਪਿੰਡੋਂ ਹੀ ਪਰਾਇਮਰੀ ਸਕੂਲ ਪਾਸ ਕਰਨ ਉਪਰੰਤ ਘਰਦਿਆਂ ਨਾਲ ਖੇਤੀਬਾੜ੍ਹੀ ਵਿੱਚ ਹੱਥ ਵਟਾਉਣ ਲੱਗਿਆ। ਫ਼ੌਜ ਵਿੱਚ ਭਰਤੀ ਹੋਣ ਦਾ ਸਬੱਬ ਇਸ ਤਰਾਂ ਬਣਿਆਂ ਕਿ ਮੇਰੇ ਮਾਮਾ ਜੀ ਸ. ਬਿਕਰਮ ਸਿੰਘ ਉਸ ਵਕਤ ਮੇਰਠ ਛਾਉਣੀ ਵਿੱਚ ਬਤੌਰ ਮੇਜਰ ਸੂਬੇਦਾਰ ਨੌਕਰੀ ਕਰਦੇ ਸਨ,ਉਦੋਂ। ਉਥੇ ਫ਼ੌਜ ਵਿੱਚ ਭਰਤੀ ਖੁੱਲ੍ਹੀ ਤਾਂ ਉਹਨਾਂ ਮੈਨੂੰ ਸੱਦ ਕੇ ਬਤੌਰ ਸਿਪਾਹੀ ਭਰਤੀ ਕਰਵਾ ਦਿੱਤਾ,ਉਥੇ। ਥੋੜ੍ਹੇ ਸਮੇਂ ਬਾਅਦ ਹੀ 1971 'ਚ ਹਿੰਦ-ਪਾਕਿ ਦੀ ਜੰਗ ਛਿੜ ਪਈ ਜਿਸ ਤੇ ਸਾਡੀ 10 ਸਿੱਖ ਰਜਮੈਂਟ ਨੂੰ ਉੜੀ ਸੈਕਟਰ ਦੇ ਮੁਹਾਜ 'ਤੇ ਭੇਜਿਆ ਗਿਆ ਜਿੱਥੇ ਦੁਸ਼ਮਣ ਦੇ ਚੰਗੇ ਛੱਕੇ ਛੁਡਾਏ। ਫ਼ੌਜੀ ਸੇਵਾ ਦੇ ਨਾਲ ਨਾਲ ਖੇਡ-ਦੌੜਾਂ 'ਚ ਹਿੱਸਾ ਲੈਣਾ ਵੀ ਸ਼ੁਰੂ ਕੀਤਾ ਅਤੇ ਕੌਮੀ ਪੱਧਰ ਤੇ 200-400 ਅਤੇ 800 ਮੀ: ਵਿੱਚ ਮੱਲਾਂ ਮਾਰੀਆਂ,ਮੈਂ। ਇਸੀ ਵਜ੍ਹਾ ਮੇਰੀ ਛੇਤੀ ਹੀ ਹੌਲਦਾਰ ਦੀ ਤਰੱਕੀ ਹੋ ਗਈ।

ਇਹ ਵੀ ਪੜ੍ਹੋ : ਜੂਨ 1984 ਦੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ

ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ, ਕੁਦਰਤੀ ਆਫਤਾਂ ਨਾਲ ਜੂਝਦਿਆਂ 1984 ਦਾ ਪੁੱਠਾ ਗੇੜ ਸਿਰ ਆਣ ਚੜਿਆ। ਇਸ ਵਕਤ ਸਾਡੀ ਰਜਮੈਂਟ ਰਾਮਗੜ੍ਹ ਬਿਹਾਰ ਵਿਖੇ ਤਾਇਨਾਤ ਸੀ। ਤਦੋਂ, ਸਾਨੂੰ ਪਤਾ ਲੱਗਾ ਕਿ ਪੰਜਾਬ ਦੇ ਹਾਲਾਤ ਖ਼ਰਾਬ ਹਨ ਅਤੇ ਦਰਬਾਰ ਸਾਹਿਬ ਨੂੰ ਫ਼ੌਜ ਨੇ ਘੇਰਾ ਪਾਇਆ ਹੋਇਐ। ਅਤੇ ਹਾਲਾਤ ਕਾਫ਼ੀ ਤਣਾਅ ਪੂਰਨ ਹਨ। ਫ਼ੌਜੀ ਅਫਸਰਾਂ ਵਲੋਂ  ਟੀ.ਵੀ. ਅਖਬਾਰਾਂ ਸਭ ਬੰਦ ਕਰ ਦਿੱਤੇ ਗਏ। ਜੋ ਰੇਡੀਓ ਸਾਡੇ ਪਾਸ ਸਨ ਉਹ ਸਭ ਜਬਤ ਕਰ ਲਏ। ਸ਼ਨੀਵਾਰ 9 ਜੂਨ ਨੂੰ ਅਸੀਂ ਸ਼ਾਮ ਨੂੰ ਗਰਾਊਂਡ 'ਚੋਂ ਪਰੈਕਟਸ ਕਰਕੇ ਵਾਪਸ ਕੈਂਪ ਆਏ ਤਾਂ ਸ਼ਾਮ ਨੂੰ ਮੀਟ-ਸ਼ਰਾਬ ਦੀ ਖੁਲਦੀ ਬਾਰ ਵਿਚ ਕੋਈ ਜਵਾਨ ਨਾ ਜਾਏ। ਨਾ ਹੀ ਕਿਸੇ ਜਵਾਨ ਰੋਟੀ ਖਾਧੀ। ਸਾਰਿਆਂ ਦੇ ਚਿਹਰਿਆਂ ਉੱਪਰ ਬੇ ਰੌਣਕੀ ਛਾਈ ਹੋਈ ਸੀ। ਸਾਡੇ ਇੱਕ ਫ਼ੌਜੀ ਜਵਾਨ ਨੇ ਰੇਡੀਓ ਲੁਕੋ ਕੇ ਰੱਖਿਆ ਹੋਇਆ ਸੀ। ਉਸ ਨੇ ਬੀ.ਬੀ.ਸੀ. ਰੇਡੀਓ ਸਟੇਸ਼ਨ ਤੋਂ ਖ਼ਬਰਾਂ ਸੁਣ ਲਈਆਂ ਸਨ ਕਿ ਫ਼ੌਜ ਨੇ ਦਰਬਾਰ ਸਾਹਿਬ ਢਾਹ ਦਿੱਤੈ। ਇਹੀ ਨਹੀਂ ਸਾਰੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਐ।

ਇਹ ਵੀ ਪੜ੍ਹੋ :ਜਨਮ ਦਿਨ 'ਤੇ ਵਿਸ਼ੇਸ਼: ਬੇਸਹਾਰਿਆਂ ਲਈ ਫ਼ਰਿਸ਼ਤਾ ਭਗਤ ਪੂਰਨ ਸਿੰਘ ਜੀ

ਸਾਰੀ ਰਾਤ ਕੋਈ ਵੀ ਜਵਾਨ ਚੈਨ ਦੀ ਨੀਂਦ ਨਾ ਸੁੱਤਾ। 10 ਜੂਨ ਸਵੇਰ ਗੁਰਦੁਆਰਾ ਸਹਿਬ ਵਰਾਂਡੇ ਵਿਚ ਹੀ ਸਾਰੇ ਜਵਾਨਾਂ ਦੀ ਬੈਠਕ ਹੋਈ। ਤਦੋਂ ਕਰਨਲ ਜਗਦੇਵ ਸਿੰਘ ਗੁਰਦੁਆਰੇ ਮੱਥਾ ਟੇਕਣ ਆਏ ਤਾਂ ਜਵਾਨਾਂ ਨੂੰ ਪੁੱਛਣ ਲੱਗੇ ਕਿ ਬਾਹਰ ਕਿਓਂ ਖੜੇ ਹੋ ਅੰਦਰ ਕਿਓਂ ਨਹੀਂ ਜਾਂਦੇ। ਅਸੀਂ ਬੋਲੇ ਕਿ ਅੰਦਰ ਕਿਵੇਂ ਜਾਈਏ ਦਰਬਾਰ ਸਾਹਿਬ ਫ਼ੌਜ ਨੇ ਢਾਹ ਦਿੱਤੈ, ਅੰਦਰ ਹਜ਼ਾਰਾਂ ਸਿੱਖ ਸ਼ਹੀਦ ਕਰਤੇ। ਅਸੀਂ ਤਾਂ ਸਾਰੇ ਰੋਹ ਵਿੱਚ ਹਾਂ। ਤਦੋਂ ਹੀ ਜਵਾਨਾਂ ਬੀ. ਬੀ. ਸੀ. ਤੋਂ ਇੱਕ ਹੋਰ ਤਾਜ਼ਾ ਖਬਰ ਸੁਣੀ ਕਿ 9 ਸਿੱਖ ਰਜਮੈਂਟ ਨੇ ਅੰਬਰਸਰ ਵੱਲ ਕੂਚ ਕਰ ਦਿੱਤੈ। ਇਸ ਤਰ੍ਹਾਂ ਸਾਡੀ ਬਲਦੀ ਰੋਹ ਨੂੰ ਹੋਰ ਉਤਸ਼ਾਹ ਮਿਲਿਆ। ਇੱਕ ਫੌਰੀ ਬੈਠਕ ਫਿਰ ਕੀਤੀ ਗਈ। ਮਤਾ ਪਾਸ ਹੋਇਆ ਕਿ ਪੰਜਾਬ ਵੱਲ ਕੂਚ ਕੀਤਾ ਜਾਵੇ। ਰਾਮਗੜ੍ਹ ਨੇੜ੍ਹੇ ਸ਼ਹਿਰ ਪੈਂਦਾ ਹੈ ਇੱਕ ਕੁੱਜੂ। ਉਥੇ ਕੁੱਝ ਜਵਾਨ ਗਏ। ਕੋਲੇ ਦੀ ਖਾਣ 'ਤੇ ਪੰਜਾਬੀਆਂ ਦੇ ਕੋਈ 70  ਦੇ ਕਰੀਬ ਟਰੱਕ ਕੋਲਾ ਭਰਨ ਲਈ ਖੜੇ ਸਨ। ਡਰੈਵਰਾਂ ਨਾਲ ਬੈਠਕ ਕਰਕੇ ਉਹਨਾਂ ਨੂੰ ਪੰਜਾਬ ਜਾਣ ਲਈ ਮਨਾ ਲਿਆ ਗਿਆ। ਦੁਪਹਿਰ ਤੱਕ ਉਹ ਸਾਰੇ ਟਰੱਕ ਰਾਮਗੜ੍ਹ ਛਾਉਣੀ ਵਿੱਚ ਪਹੁੰਚ ਗਏ।

ਅਸੀਂ ਸਨ ਸਾਰੇ ਕੁੱਲ 2200 ਜਵਾਨ। ਕੋਈ ਅਫ਼ਸਰ ਰੈਂਕ ਦਾ ਫ਼ੌਜੀ ਨਹੀਂ ਸੀ। ਗੁਰਦੁਆਰੇ ਅਰਦਾਸ ਕਰਕੇ ਸਾਰਿਆਂ ਸ਼ਹੀਦ ਹੋਣ ਦਾ ਪਰਣ ਲਿਆ। ਜੈਕਾਰੇ ਛੱਡੇ ਗਏ। ਬਗ਼ਾਵਤ ਦਾ ਐਲਾਨ ਕਰ ਕੇ ਅਸਲਾ ਘਰੋਂ ਸਾਰਾ ਅਸਲਾ ਲੁੱਟ ਲਿਆ ਗਿਆ। ਟਰੱਕਾਂ 'ਤੇ ਸਵਾਰ ਹੋ ਕੇ ਪੰਜਾਬ ਵੱਲ ਕੂਚ ਕਰ ਦਿੱਤਾ ਗਿਆ। ਤਦੋਂ ਹੀ ਸਾਨੂੰ ਰੋਕਣ ਲਈ ਬਰਗੇਡੀਅਰ ਪੁਰੀ ਸਾਹਿਬ, ਕਰਨਲ ਚੀਮਾਂ ਅਤੇ ਕਰਨਲ ਜਗਦੇਵ ਸਿੰਘ ਜੀਪ 'ਤੇ ਸਵਾਰ ਹੋ ਕੇ ਆਏ। ਬਹੁਤ ਬਹਿਸ ਹੋਈ। ਉਹ ਨਾ ਰੁਕੇ ਤਾਂ ਸਾਡੇ ਜਵਾਨਾਂ ਗੋਲੀ ਚਲਾ ਦਿੱਤੀ ਜਿਸ ਨਾਲ ਬਰਗੇਡੀਅਰ ਪੁਰੀ ਮਾਰਿਆ ਗਿਆ ਅਤੇ ਕਰਨਲ ਜਗਦੇਵ ਫੱਟੜ ਹੋ ਗਿਆ। ਸਾਡਾ ਕਾਫਲਾ ਅੱਗੇ ਵੱਧਿਆ। ਭਾਰਤੀ ਫ਼ੌਜ ਨੇ ਸਾਨੂੰ ਘੇਰਾ ਪਾਉਣ ਦੀ 2-3 ਥਾਵਾਂ 'ਤੇ ਕੋਸਿਸ਼ ਕੀਤੀ ਮੁਕਾਬਲਾ ਵੀ ਹੋਇਆ ਪਰ ਅਸੀਂ ਅੱਗੇ ਵੱਧਦੇ ਗਏ। ਅਖੀਰ ਤੀਜੇ ਦਿਨ ਲਖਨਊ ਗੋਮਤੀ ਨਦੀ ਦੇ ਪੁਲ਼ 'ਤੇ ਭਾਰਤੀ ਫੌ਼ਜ ਨੇ ਅਗਾਊਂ ਤਿਆਰੀ ਕਰ ਕੇ ਬੜਾ ਜਬਰਦਸਤ ਘੇਰਾ ਪਾ ਲਿਆ।

ਇਹ ਵੀ ਪੜ੍ਹੋ : ਦਰਬਾਰ ਸਾਹਿਬ 'ਤੇ ਹਮਲੇ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਜੀ ਨੇ ਵਾਪਿਸ ਕੀਤਾ ਸੀ 'ਪਦਮਸ਼੍ਰੀ ਸਨਮਾਨ'

ਇਥੇ ਲਗਾਤਾਰ 6-7 ਘੰਟੇ ਬੜਾ ਜ਼ਬਰਦਸਤ ਮੁਕਾਬਲਾ ਚੱਲਿਆ। ਉਹਨਾਂ ਮੋਹਰਿਓਂ ਪੱਕੇ ਮੋਰਚੇ ਬਣਾਏ ਹੋਏ ਸਨ ਜਦ ਕਿ ਸਾਡੇ ਕੋਲ ਕੇਵਲ ਟਰੱਕਾਂ ਜਾਂ ਇੱਕਾ-ਦੁੱਕਾ ਝਾੜੀਆਂ ਦੀ ਹੀ ਓਟ ਸੀ। ਸਾਡੀ ਤਰਫੋਂ ਕਰੀਬ 150 ਅਤੇ ਦੂਜੇ ਤਰਫੋਂ 100 ਕੁ ਜਵਾਨ ਮਰਿਆ ਗਿਆ। ਦੂਜੇ ਪਾਸਿਓਂ ਵੱਡੇ ਸਿੱਖ ਫ਼ੌਜੀ ਅਫਸਰ ਵਾਕ-ਵਾਰ ਸਪੀਕਰਾਂ ਰਾਹੀਂ ਸਾਨੂੰ ਹਥਿਆਰ ਸੁੱਟਣ, ਮੁਆਫ਼ੀ ਦੇਣ ਲਈ ਪਰੇਰਦੇ ਰਹੇ। ਇਕ ਤਾਂ ਅਸੀਂ ਉਸ ਤਰ੍ਹਾਂ ਭੁੱਖ , ਥਕਾਵਟ, ਗਰਮੀ ਦੀ ਇੰਤਹਾ ,ਪਿਆਸ ਅਤੇ ਉਨੀਂਦਰੇ ਨਾਲ ਹਾਲੋਂ ਬੇਹਾਲ ਹੋਏ ਪਏ ਸਾਂ ਤੇ ਸਾਡੇ ਫੱਟੜ ਜਵਾਨ ਪਾਣੀ ਅਤੇ ਇਲਾਜ ਖੁਣੋਂ ਲਗਾਤਾਰ ਦਮ ਤੋੜ ਰਹੇ ਸਨ ਦੂਜਾ ਏਧਰ ਬੇਜੋੜ ਘੇਰਾ। ਕੋਈ ਵਾਹ ਨਾ ਚਲਦੀ ਦੇਖ ਕੇ ਅਖੀਰ ਸਾਡੇ ਮੋਹਰੀਆਂ...........ਬੈਠਕ ਕਰਕੇ ਹਥਿਆਰ ਸੁੱਟਣ ਦਾ ਫ਼ੈਸਲਾ ਕਰ ਲਿਆ।
                             
 ਸਾਨੂੰ ਸਭਨਾਂ ਨੂੰ ਹਥਿਆਰ ਰਹਿਤ ਕਰਕੇ  ਕੁੱਝ ਮਹੀਨੇ ਲਖਨਊ ਦੀਆਂ ਬੈਰਕਾਂ ਉਪਰੰਤ ਇਲਾਹਾਬਾਦ ਜਾ ਕੇ ਕੋਰਟ ਮਾਰਸ਼ਲ ਕੀਤਾ। ਅਤਿ ਦਰਜੇ ਦਾ ਘਟੀਆ ਭੈੜ੍ਹਾ ਵਿਹਾਰ ਕੀਤਾ ਗਿਆ। ਜੋ ਨਵੇਂ ਭਰਤੀ ਰੰਗਰੂਟ ਸਨ ਉਹਨਾਂ ਨੂੰ ਤਾਂ ਥੋੜ੍ਹੀ ਥੋੜ੍ਹੀ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਪਰ ਸਾਡੇ 'ਤੇ ਬਹੁਤ ਸਖ਼ਤੀ ਵਰਤੀ ਗਈ। ਸਾਡੇ ਉਪਰ ਬਗ਼ਾਵਤ ਦਾ ਕੇਸ ਪਾ ਕੇ ਜੱਬਲਪੁਰ ਲੈ ਜਾਇਆ ਗਿਆ। ਉਥੇ ਫਿਰ ਕੋਰਟ ਮਾਰਸ਼ਲ ਹੋਇਆ। ਅਸੀਂ ਕੁੱਲ ਪੰਜ ਜਣੇ ਸਾਂ ਜਿਹਨਾਂ ਵਿੱਚ ਹੌਲਦਾਰ ਹਰਚੰਦ ਸਿੰਘ, ਸਰੂਪ ਸਿੰਘ,ਕਸ਼ਮੀਰ ਸਿੰਘ ਬੀ.ਐੱਚ. ਐੱਮ.,ਅਮਰੀਕ ਸਿੰਘ ਤੇ ਮੈਂ ਨਿਰਮਲ ਸਿੰਘ। 1965 ਦੀ ਜੰਗ ਦਾ ਹੀਰੋ ਜਨਰਲ ਹਰਬਖਸ਼ ਸਿੰਘ ਦਿੱਲੀ  ਤੋਂ ਜਹਾਜ਼ ਰਾਹੀਂ ਉਚੇਚ ਤੌਰ 'ਤੇ ਸਾਡੇ ਹੱਕ ਵਿੱਚ ਗਵਾਹੀ ਦੇਣ ਆਇਆ। ਉਸ ਨੇ ਆਪਣੀ ਦਲੀਲ ਵਿੱਚ ਕਿਹਾ ਕਿ ਇਹ ਜਵਾਨ ਮੁਹਾਜ ਤੋਂ ਪਿੱਠ ਦਿਖਾ ਕੇ ਨਹੀਂ ਭੱਜੇ ਜੋ ਇਹਨਾਂ 'ਤੇ ਦੇਸ਼ ਧਰੋਹੀ ਦਾ ਮੁਕੱਦਮਾ ਚਲਾਇਆ ਜਾਵੇ। ਜਿਸ ਗੁਰੂ ਗਰੰਥ ਸਾਹਿਬ ਉਪਰ ਹੱਥ ਰੱਖ ਕੇ ਕਸਮ ਖਾ ਇਹ ਫ਼ੌਜ ਵਿੱਚ ਭਰਤੀ ਹੋਏ ਉਸੇ ਗਰੰਥ ਸਾਹਿਬ ਦੀ ਬੇਅਦਬੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ, ਇਹ। ਸੋ ਇਹ ਇਹਨਾਂ ਦੇ ਧਾਰਮਿਕ ਜਜ਼ਬਾਤ ਹੀ ਸਨ ਜੋ ਭਟਕ ਗਏ। ਸੋ ਬਗ਼ਾਵਤ ਦਾ ਕੇਸ ਕਿਸੇ ਵੀ ਤਰ੍ਹਾਂ ਉੱਚਤ ਨਹੀਂ ਹੈ। ਉਹ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਏਅਰ ਚੀਫ ਅਰਜਨ ਸਿੰਘ ਆਦਿ ਨੂੰ ਨਾਲ ਲੈ ਕੇ ਤਦੋਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਮਿਲੇ ਕਿ ਧਰਮੀ ਫ਼ੌਜੀਆਂ ਨੂੰ ਆਮ ਮੁਆਫ਼ੀ ਦਿੱਤੀ ਜਾਵੇ ਪਰ ਸ਼ੈਦ ਗਿਆਨੀ ਜੀ ਰਾਜੀਵ ਗਾਂਧੀ ਦਾ ਭੈਅ ਖਾ ਗਏ।

ਪਰ ਸਾਨੂੰ ਸਾਰਿਆਂ ਨੂੰ ਹੀ ਕਰੀਬ 13-13 ਸਾਲ ਦੀ ਸਖ਼ਤ ਸਜਾ ਦੇ ਕੇ ਜੱਬਲਪੁਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। 3 ਕੁ ਸਾਲ ਬਾਅਦ ਬਰਨਾਲਾ ਸਰਕਾਰ ਦੇ ਉਦਮ ਸਦਕਾ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰ ਦਿੱਤਾ ਗਿਆ। ਕੁੱਝ ਸਾਲ ਬਾਅਦ ਜਦ ਵੀ. ਪੀ. ਸਿੰਘ ਪਰਧਾਨ ਮੰਤਰੀ ਬਣੇ ਤਾਂ ਉਹਨਾਂ ਸਾਰੇ ਧਰਮੀ ਫ਼ੌਜੀਆਂ ਨੂੰ ਆਮ ਮੁਆਫ਼ੀ ਦੇ ਕੇ ਰਿਹਾ ਕਰ ਦਿੱਤਾ। ਬਾਅਦ ਵਿੱਚ ਸਰਕਾਰ ਵਲੋਂ ਘਰਾਂ ਵਿੱਚ ਚਿੱਠੀਆਂ ਆਈਆਂ ਜਿਨ੍ਹਾਂ ਰਾਹੀਂ ਹੋਰ ਮਹਿਕਮਿਆਂ ਵਿੱਚ ਨੌਕਰੀਆਂ ਦੀ ਪੇਸਕਸ਼ ਕੀਤੀ ਗਈ ਸੀ। ਬਹੁਤਿਆਂ ਨੇ ਨੌਕਰੀਆਂ ਲੈ ਲਈਆਂ ਪਰ ਅਸਾਂ ਨੌਕਰੀ ਕੋਈ ਨਹੀਂ ਲਈ।
           - ਜਦ ਜੇਲ੍ਹ ਵਿੱਚ ਬੰਦ ਸਾਂ ਤਦੋਂ ਸ਼੍ਰੋਮਣੀ ਕਮੇਟੀ 500 ਰੁ: ਪ੍ਰਤੀ ਮਹੀਨਾ ਧਰਮੀ ਫ਼ੌਜੀਆਂ ਦੇ ਘਰ ਪੈਂਨਸ਼ਨ ਦੇ ਰੂਪ ਵਿੱਚ ਭੇਜਦੀ ਰਹੀ ਪਰ ਰਿਹਾ ਹੋਣ ਉਪਰੰਤ ਉਹ ਵੀ ਬੰਦ ਹੋ ਗਈ।"-ਅਣਖੀ ਯੋਧੇ ਠੰਡਾ ਸਾਹ ਭਰਦਿਆਂ,ਕਿਹਾ ।

.....ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੀ ਤਰਫੋਂ ਇਹਨਾਂ ਦਾ ਮਾਣ ਸਤਿਕਾਰ ਕੀਤਾ ਗਿਆ ਹੈ।ਇਹ ਧਰਮੀ ਫ਼ੌਜੀ ਪਿੰਡ ਵਿੱਚ ਜ਼ਮੀਨ ਜ਼ਾਇਦਾਦ ਦੇ ਮਾਲਕ ਹਨ ਅਤੇ ਪਿੰਡ ਦੇ ਸਰਪੰਚ ਵੀ ਰਹੇ ਹਨ। ਧਰਮੀ ਫ਼ੌਜੀ ਹੋਣ ਕਰਕੇ ਪੰਥਕ ਸਫਾਂ ਵਿੱਚ ਬਹੁਤ ਸਤਿਕਾਰ ਹੈ, ਇਨ੍ਹਾਂ ਦਾ ।
             
   
  ਲੇਖਕ:ਸਤਵੀਰ ਸਿੰਘ ਚਾਨੀਆਂ
   92569-73526    


Harnek Seechewal

Content Editor

Related News