ਬਗੈਰ ਜਾਣਕਾਰੀ ਕੈਨੇਡਾ ਪ੍ਰਵਾਸ ਭਾਵ ਸੰਤਾਪ ਹੰਢਾਉਣਾ

Friday, Dec 30, 2022 - 12:41 AM (IST)

ਕੈਨੇਡਾ ਇਸ ਧਰਤੀ ’ਤੇ ਇਕ ਬਹੁਤ ਹੀ ਖੂਬਸੂਰਤ ਦੇਸ਼ ਹੈ। ਖੇਤਰਫਲ ਪੱਖੋਂ ਰੂਸ ਤੋਂ ਬਾਅਦ ਦੂਸਰਾ ਵਿਸ਼ਾਲ ਦੇਸ਼ ਹੈ। ਆਰਥਿਕ ਪੱਖੋਂ ਵਿਕਸਤ ਦੇਸ਼ਾਂ ਦੀ ਸੂਚੀ ਵਿਚ ਸ਼ੁਮਾਰ ਹੈ। ਲੇਕਿਨ ਇਸ ਦੀ ਅਜੋਕੀ 3 ਕਰੋੜ 90 ਲੱਖ ਕਰੀਬ ਅਬਾਦੀ ਇਸ ਦੀ ਆਰਥਿਕਤਾ ਦੇ ਵਿਕਾਸ ਨੂੰ ਤੇਜ਼ ਗਤੀ ਪ੍ਰਦਾਨ ਕਰਨ ਦੇ ਮੇਚ ਨਹੀਂ। ਇਸਦੀ ਆਰਥਿਕਤਾ ਦਾ ਵਿਸ਼ਵ ਅੰਦਰ 9ਵਾਂ ਸਥਾਨ ਹੈ। ਜੇ ਇਸਦੀ ਆਬਾਦੀ 10 ਕਰੋੜ ਦੇ ਕਰੀਬ ਹੁੰਦੀ ਤਾਂ ਇਹ ਅਮਰੀਕਾ ਤੋਂ ਬਾਅਦ ਦੂਸਰੀ ਵੱਡੀ ਆਰਥਿਕਤਾ ਜਾਂ ਅਮਰੀਕਾ ਅਤੇ ਚੀਨ ਦੇ ਬਾਅਦ ਤੀਸਰੀ ਵੱਡੀ ਆਰਥਿਕਤਾ ਹੁੰਦਾ।

ਇਸੇ ਕਰ ਕੇ ਇਸ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਕਾਫੀ ਸਰਲ ਬਣਾ ਰੱਖੀ ਹੈ ਤਾਂ ਕਿ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਯੋਗ, ਹੁਨਰਮੰਦ, ਸਿਆਣੇ ਲੋਕ ਇੱਥੇ ਆ ਕੇ ਵੱਸ ਸਕਣ। ਉਨ੍ਹਾਂ ਦੀ ਵਧੀਆ ਸਿੱਖਿਆ, ਟ੍ਰੇਨਿੰਗ, ਹੁਨਰ, ਵਸੇਬੇ, ਰੋਜ਼ਗਾਰ ਅਤੇ ਵਿਕਾਸ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਸ਼ੁਰੂ ਕਰ ਰੱਖੇ ਹਨ।

ਕੈਨੇਡਾ ਅੰਦਰ ਸਥਾਈ ਰਿਹਾਇਸ਼ ਅਤੇ ਨਾਗਰਿਕਤਾ ਪ੍ਰਾਪਤ ਕਰਨਾ ਕੋਈ ਸੌਖਾ ਕਾਰਜ ਨਹੀਂ। ਇਸ ਲਈ ਉਸ ਨੇ ਹੁਨਰਮੰਦ, ਯੋਗ ਅਤੇ ਵਧੀਆ ਸਿੱਖਿਆ ਪ੍ਰਾਪਤੀ ਦੀ ਵੱਡੇ ਪੈਮਾਨੇ ’ਤੇ ਦੂਸਰੇ ਪੱਛਮੀ ਦੇਸ਼ਾਂ ਜਿਵੇਂ ਅਮਰੀਕਾ, ਯੂ.ਕੇ.,ਫਰਾਸ, ਡੈਨਮਾਰਕ, ਸਪੇਨ, ਇਟਲੀ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਾਂਗ ਕੌਮਾਂਤਰੀ ਵਿਦਿਅਕ ਰਣਨੀਤੀ ਸਥਾਪਿਤ ਕਰ ਰੱਖੀ ਹੈ। ਇਸ ਮੰਤਵ ਲਈ ਪੂਰੇ ਦੇਸ਼ ਅੰਦਰ-ਹੁਨਰਮਦ ਕਿੱਤਾਕਾਰੀ, ਤਕਨੀਕੀ, ਸਾਇੰਸ, ਮੈਡੀਕਲ, ਆਰਟਸ ਉੱਚ ਸਿੱਖਿਆ ਸਕੂਲਾਂ, ਕਾਲਜਾਂ, ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦਾ ਜਾਲ ਵਿਛਾਇਆ ਹੋਇਆ ਹੈ।

ਇਸ ਮੰਤਵ ਲਈ ਸਾਲਾਨਾ ਲੱਖਾਂ ਏਸ਼ੀਆਈ, ਯੂਰਪੀ, ਅਫਰੀਕੀ, ਲਾਤੀਨੀ, ਅਮਰੀਕੀ ਦੇਸ਼ਾਂ ਦੇ ਵਿਦਿਆਰਥੀ ਇੱਥੇ ਦਾਖਲਿਆਂ ਲਈ ਆਉਂਦੇ ਹਨ। ਵੱਡੇ ਪੱਧਰ ’ਤੇ ਭਾਰਤ ਤੇ ਖਾਸ ਕਰ ਕੇ ਪੰਜਾਬ ਸੂਬੇ ਤੋਂ ਨੌਜਵਾਨ ਵਿਦਿਆਰਥੀ ਇੱਥੇ ਆਉਂਦੇ ਹਨ। ਅਮਰੀਕਾ, ਯੂਰਪੀਨ ਦੇਸ਼ਾਂ ਅਤੇ ਆਸਟ੍ਰੇਲੀਆ ਨਾਲੋਂ ਇੱਥੋਂ ਦੀਆਂ ਸੰਸਥਾਵਾਂ ਦੀਆਂ ਘੱਟ ਫੀਸਾਂ, ਸਰਲ ਕਾਨੂੰਨਾਂ, ਨਿਯਮਾਂ ਅਤੇ ਪੜ੍ਹਨ ਦੌਰਾਨ ਕੰਮ ਕਰਨ ਦੇ ਮੌਕੇ ਵੱਧ ਹੋਣ ਕਰ ਕੇ ਵਿਦਿਆਰਥੀ ਹੋਰ ਵੀ ਖਿੱਚੇ ਚਲੇ ਆਉਂਦੇ ਹਨ।

ਕਦੇ ਆਸਟ੍ਰੇਲੀਆ ਪ੍ਰਵਾਸੀ ਵਿਦਿਆਰਥੀਆਂ ਲਈ ਵੱਡੀ ਖਿੱਚ ਦਾ ਕੇਂਦਰ ਸੀ। ਸੰਨ 2008 ਵਿਚ ਕੋਲੇ ਅਤੇ ਲੋਹੇ ਦੀ ਬਰਾਮਦ ਤੋਂ ਬਾਅਦ ਤੀਸਰੇ ਨੰਬਰ ’ਤੇ ਉਨ੍ਹਾਂ ਦੀ ਕੌਮਾਂਤਰੀ ਸਿੱਖਿਆ ਨੀਤੀ ਤੇ ਦਾਖਲੇ ਤੋਂ 12.5 ਬਿਲੀਅਨ ਡਾਲਰ ਪ੍ਰਾਪਤ ਹੁੰਦੇ ਸਨ ਪਰ ਵਿਦਿਆਰਥੀਆਂ ਦੇ ਸ਼ੋਸ਼ਣ, ਘੱਟ-ਭੁਗਤਾਨ, ਬੇਧਿਆਨੀ, ਰਿਹਾਇਸ਼ ਦਾ ਮੰਦਾ ਪ੍ਰਬੰਧ, ਵਿਦਿਅਕ ਸੰਸਥਾਵਾਂ ਵਿਚ ਵੱਡੀਆਂ ਭੀੜਾਂ ਕਰ ਕੇ ਪ੍ਰਵਾਸੀਆਂ ਨੇ ਮੂੰਹ ਮੋੜ ਲਏ।

ਹਾਲਾਤ ਇੰਨੇ ਬੱਦਤਰ ਨਜ਼ਰ ਆਏ ਕਿ 6 ਕਮਰਿਆਂ ਵਿਚ 48 ਵਿਦਿਆਰਥੀ ਰਹਿਣ ਲਈ ਮਜਬੂਰ ਹੋਏ, ਸ਼ਾਸਨ ਵੱਲੋਂ ਮੰਦ ਵਰਤਾਵ, ਮਕਾਨ ਮਾਲਕਾਂ ਵੱਲੋਂ ਸ਼ੋਸ਼ਣ ਅਤੇ ਅਪਰਾਧ ਵਧਣ ਕਰ ਕੇ ਪ੍ਰਵਾਸੀਆਂ ਦਾ ਨੱਕ ਵਿਚ ਦਮ ਆਉਣਾ ਸ਼ੁਰੂ ਹੋ ਗਿਆ ਸੀ। ਅਮਰੀਕਾ, ਯੂ.ਕੇ. , ਫਰਾਂਸ, ਡੈਨਮਾਰਕ ਆਦਿ ਵਿਚ ਹਾਲਾਤ ਇਸ ਤੋਂ ਵੀ ਪੇਚੀਦਾ ਸਨ। ਲੇਕਿਨ ਕੈਨੇਡੀਅਨ ਪ੍ਰਵਾਸ, ਵਿਦਿਅਕ, ਰੋਜ਼ਗਾਰ, ਕਮਿਊਨਿਟੀ ਲਿਵਿੰਗ, ਸਿਵਲ ਕਾਨੂੰਨ ਅਤੇ ਨਿਯਮ ਆਦਿ ਬਾਰੇ ਸਹੀ ਜਾਣਕਾਰੀ ਬਗੈਰ ਇੱਥੇ ਲਗਾਤਾਰ ਨੌਜਵਾਨ ਵਿਦਿਆਰਥੀਆਂ ਦੀ ਵਧਦੀ ਆਮਦ ਕਰ ਕੇ ਹਾਲਾਤ ਉਹੀ ਬਣਨੇ ਸ਼ੁਰੂ ਹੋ ਗਏ ਜੋ ਆਸਟ੍ਰੇਲੀਆ, ਯੂ.ਕੇ. ਜਾਂ ਹੋਰ ਦੇਸ਼ਾਂ ਵਿਚ ਬਣ ਗਏ ਸਨ।

ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸੰਨ 2014 ਵਿਚ ਕੈਨੇਡੀਅਨ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਤੇਜ਼ ਕਰਨ ਲਈ ‘ਹਮਲਾਵਰ ਮੁਹਿੰਮ’ ਦਾ ਆਗਾਜ਼ ਕੀਤਾ ਤਾਂ ਕਿ ਸੰਨ 2022 ਤੱਕ ਉਨ੍ਹਾਂ ਦੀ ਗਿਣਤੀ 4,50,000 ਹੋ ਜਾਏ। ਲੇਕਿਨ ਹੈਰਾਨਗੀ ਇਸ ਗੱਲ ਦੀ ਹੋਈ ਕਿ ਸੰਨ 2021 ਤੱਕ ਸਟੱਡੀ ਪਰਮਿਟ ਵਾਲੇ ਵਿਦਿਆਰਥੀਆਂ ਦੀ ਗਿਣਤੀ 8,45,930 ਹੋ ਗਈ ਜੋ 30 ਸਤੰਬਰ, 2022 ਤੱਕ ਵਧ ਕੇ 9,17,445 ਹੋ ਗਈ।

ਕੌਮਾਂਤਰੀ ਵਿਦਿਆਰਥੀਆਂ ਨੇ ਸਕੂਲ, ਤਕਨੀਤੀ, ਸਾਇੰਸ ਅਤੇ ਕਿੱਤਾਕਾਰੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੱਕੋ-ਨੱਕ ਭਰ ਦਿੱਤੀਆਂ, ਜਿਨ੍ਹਾਂ ਵਿਚ ਸਥਾਨਕ ਵਿਦਿਆਰਥੀਆਂ ਨਾਲੋਂ ਉਨ੍ਹਾਂ ਤੋਂ 4 ਗੁਣਾ ਵੱਧ ਫੀਸਾਂ ਵਸੂਲੀਆਂ ਜਾਂਦੀਆਂ ਹਨ। ਪੜ੍ਹਨ ਸਮੇਂ ਕੰਮ ਕਰਨ ਦੇ ਮੌਕਿਆਂ ਵੇਲੇ, ਹੋਟਲਾਂ, ਫੈਕਟਰੀਆਂ, ਸਟੋਰਾਂ, ਗੈਸ ਸਟੇਸ਼ਨਾਂ, ਰੇਸਤਰਾਂ, ਮਾਲਜ਼ ਅਤੇ ਹੋਰ ਕੰਮਕਾਜੀ ਥਾਵਾਂ ’ਤੇ ਘੱਟ ਭੁਗਤਾਨ ਕੀਤਾ ਜਾਂਦਾ ਹੈ।

ਵੱਡੀਆਂ ਰਕਮਾਂ ਵਸੂਲਣ ਦੇ ਬਾਵਜੂਦ ਕਿਸੇ ਵੀ ਸਕੂਲ, ਸੰਸਥਾ ਅਤੇ ਯੂਨੀਵਰਸਿਟੀ ਕੋਲ ਬੋਰਡਿੰਗ-ਲਾਜਿੰਗ ਦਾ ਵਧੀਆ ਪਾਰਦਰਸ਼ੀ ਪ੍ਰਬੰਧ ਨਹੀਂ। ਉਨ੍ਹਾਂ ਦੀ ਸੁਰੱਖਿਆ, ਹਿਫਾਜ਼ਤ ਅਤੇ ਆਵਾਜਾਈ ਦਾ ਪ੍ਰਬੰਧ ਨਹੀਂ। ਵਿਦਿਆਰਥੀਆਂ ਦਾ ਵੱਡਾ ਸ਼ੋਸ਼ਣ ਭਰਿਆ ਸੰਤਾਪ ਬਸ ਇਵੇਂ ਕੌਮਾਂਤਰੀ ਹਵਾਈ ਅੱਡਿਆਂ ’ਤੇ ਉਤਰਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਕਿਸੇ ਨੂੰ ਭਾਸ਼ਾ, ਨਿਯਮਾਂ, ਕਾਨੂੰਨਾਂ ਦੀ ਜਾਣਕਾਰੀ ਹੈ ਜਾਂ ਨਹੀਂ ਕੋਈ ਨਹੀਂ ਪੁੱਛਦਾ। ਬਸ! ਫੀਸਾਂ ਭਰੋ। ਬਾਕੀ ਪ੍ਰਬੰਧਾਂ ਦਾ ਰੱਬ ਰਾਖਾ!

ਦਰਅਸਲ 60-70 ਪ੍ਰਤੀਸ਼ਤ ਵਿਦਿਆਰਥੀਆਂ ਦਾ ਮੰਤਵ ਕਰੀਅਰ ਬਣਾਉਣਾ ਨਹੀਂ ਬਲਕਿ ਸਿਰਫ ਸਥਾਈ ਰਿਹਾਇਸ਼ ਕਾਰਡ ਪ੍ਰਾਪਤ ਕਰਨਾ ਹੁੰਦਾ ਹੈ। ਲੇਕਿਨ ਹਕੀਕਤ ਇਹ ਹੈ ਕਿ ਸੰਨ 2000 ਅਤੇ ਇਸ ਤੋਂ ਬਾਅਦ ਜੋ ਕੌਮਾਂਤਰੀ ਪਾੜੂ ਕੈਨੇਡਾ ਆਏ, ਉਨ੍ਹਾਂ ਵਿਚੋਂ 10 ਵਿਚੋਂ ਸਿਰਫ ਤਿੰਨ ਹੀ 10-10 ਸਾਲ ਬਾਅਦ ਹੀ ਪੀ.ਆਰ. ਪ੍ਰਾਪਤ ਕਰ ਸਕੇ।

ਕੀ ਸਹਿਣਾ ਪੈਂਦਾ ਹੈ?

ਉੱਚੀਆਂ ਫੀਸਾਂ,ਇਕਲਾਪਾ, ਲੈਂਡ ਲਾਰਡ ਤੇ ਰੋਜ਼ਗਾਰਦਾਤਾ ਦੁਆਰਾ ਸ਼ੋਸ਼ਣ, ਸੀਨੀਅਰ ਸਹਿਯੋਗੀਆਂ ਦੁਆਰਾ ਸ਼ੋਸ਼ਣ, ਵਧਦੀ ਆਰਥਿਕ ਮੰਦਹਾਲੀ ਕਰਕੇ ਲੱਕ-ਤੋੜਵੀਂ ਮਹਿੰਗਾਈ, ਸਹੀ ਖਾਣ-ਪੀਣ-ਪਹਿਨਣ ਦੀ ਘਾਟ। ਕੀ ਕਦੇ ਕਿਸੇ ਕੈਨੇਡੀਅਨ ਪ੍ਰਾਂਤ ਦੀ ਵਿਧਾਨ ਸਭਾ, ਕੈਨੇਡੀਅਨ ਪਾਰਲੀਮੈਂਟ, ਸਰਕਾਰਾਂ ਅਤੇ ਪ੍ਰਸ਼ਾਸਨ ਨੇ ਇਨ੍ਹਾਂ ਤੋਂ ਵੱਡੀਆਂ ਰਕਮਾਂ ਬਦਲੇ ਹਰ ਯੂਨੀਵਰਸਿਟੀ ਅਤੇ ਸੰਸਥਾ ਨੂੰ ਉਨ੍ਹਾਂ ਦੀ ਪੜ੍ਹਾਈ ਦੌਰਾਨ ਵਧੀਆ ਰਿਹਾਇਸ਼, ਖਾਣ-ਪੀਣ ਅਤੇ ਸੁਰੱਖਿਆ ਬਾਰੇ ਜਾਣਕਾਰੀ ਦੀ ਘਾਟ ਕਰਕੇ ਪੈਸਾ ਕਮਾਉਣ ਲਈ, ਪੜ੍ਹਾਈ ਅੱਧਵਾਟੇ ਛੱਡਣ ਤੋਂ ਰੋਕਣ, ਪੀ.ਆਰ ਸਿਸਟਮ ਸਮਾਂਬੱਧ, ਰੈਗੂਲੇਟਿਡ ਤੇ ਸੁਖਾਲਾ ਕਰਨ ਬਾਰੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਹੈ? ਲੋੜੀਂਦੇ ਕਾਨੂੰਨ ਅਤੇ ਨਿਯਮ ਬਣਾਏ ਹਨ?

ਕੈਨੇਡੀਅਨ ਰਾਜ ਅਤੇ ਫੈਡਰਲ ਸਰਕਾਰਾਂ ਨੂੰ ਤੁਰੰਤ ਪ੍ਰਵਾਸੀ ਵਿਦਿਆਰਥੀਆਂ ਨੂੰ ਆਪਣੇ ਇਸ ਮਹਾਨ ਅਤੇ ਖੂਬਸੂਰਤ ਦੇਸ਼ ਦਾ ਅਭਿੰਨ ਸ਼ਾਨਾਮੱਤਾ, ਲਾਭਕਾਰੀ, ਪੈਦਾਵਾਰੀ, ਵਿਕਾਸਮਈ ਅੰਗ ਬਣਾਉਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਜਿਵੇਂ ਕੈਨੇਡਾ ਵਿਚ ਇਨ੍ਹਾਂ ਵੱਲ ਬੇਧਿਆਨੀ ਕਰ ਕੇ ਨਸ਼ੀਲੇ ਪਦਾਰਥਾਂ, ਮਾਰੂ ਹਥਿਆਰਾਂ ਤੇ ਮਨੁੱਖੀ ਸਮੱਗਲਿੰਗ ਵਧ ਰਹੀ ਹੈ, ਆਏ ਦਿਨ ਹਿੰਸਾ, ਅਣਮਨੁੱਖੀ ਸ਼ੋਸ਼ਣ, ਪੁਲਸ ਅਤੇ ਅਮਨ ਕਾਨੂੰਨ ਵਿਵਸਥਾ ਲਈ ਚਣੌਤੀ ਖੜ੍ਹੀ ਹੋ ਰਹੀ ਹੈ, ਭਵਿੱਖ ਵਿਚ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਬਾਹਰੀ ਵੱਖਵਾਦੀ, ਅੱਤਵਾਦੀ, ਗੈਂਗਸਟਰਵਾਦੀ ਸ਼ਕਤੀਆਂ ਕੈਨੇਡਾ ਦੀ ਪਵਿੱਤਰ ਧਰਤੀ ਅਤੇ ਅਜਿਹੇ ਅਨਸਰਾਂ ਨੂੰ ਆਪਣਾ ਹੱਥਠੋਕਾ ਬਣਾ ਕੇ ਵਰਤ ਸਕਦੀਆਂ ਹਨ।
‘ਦਰਬਾਰਾ ਸਿੰਘ ਕਾਹਲੋਂ’
ਸਾਬਕਾ ਰਾਜ ਸੂਚਨਾ ਕਮਿਸ਼ਨਰ,ਪੰਜਾਬ
ਕੈਂਬਲਫੋਰਡ, ਕੈਨੇਡਾ


Mandeep Singh

Content Editor

Related News