1947 ਹਿਜਰਤਨਾਮਾ - 48 : ਸ.ਕਰਤਾਰ ਸਿੰਘ

Monday, Apr 26, 2021 - 05:21 PM (IST)

1947 ਹਿਜਰਤਨਾਮਾ - 48 : ਸ.ਕਰਤਾਰ ਸਿੰਘ

"ਹਾਂ ਬਈ ਬਰਖਰਦਾਰੋ ਮੈਂ ਕਰਤਾਰ ਸਿੰਘ ਪੁੱਤਰ ਧਿਆਨ ਸਿੰਘ ਪੁੱਤਰ ਨਿਹਾਲ ਸਿੰਘ,ਨਕੋਦਰ ਤੋਂ ਬੋਲਦਾ ਪਿਆ ਆਂ। ਅੱਠ ਭਰਾ ਤੇ ਇੱਕ ਭੈਣ ਹੋਏ ਆਂ ਅਸੀਂ। ਸਾਡਾ ਬਾਰ ਆਲਾ ਪਿਛਲਾ ਪਿੰਡ ਗੰਜੀਬਾਰ ਵਿਚ ਪੈਂਦਾ ਮੀਰਨ ਸ਼ਾਹ ਥਾਣਾ ਨੂਰ ਸ਼ਾਹ ਜ਼ਿਲ੍ਹਾ ਮਿੰਟਗੁਮਰੀ ਐ। ਅਰੋੜਾ ਬਰਾਦਰੀ ਐ ਸਾਡੀ। ਪਿਤਾ ਜੀ ਤਿੰਨ ਭਰਾ ਸਨ। ਪਿਤਾ ਜੀ ਕੱਪੜੇ ਸਿਊਣ ਦਾ ਕੰਮ ਤੇ ਦੂਜੇ ਦੋ ਜੀਵਨ ਸਿੰਘ ਤੇ ਸੁੰਦਰ ਸਿੰਘ ਦੁਕਾਨਦਾਰੀ ਦੇ ਨਾਲ ਪਸ਼ੂ ਆਂ ਨੂੰ ਪੱਠਾ ਦੱਥਾ ਪਾ ਛੱਡਦੇ । ਮੇਰੇ ਨਾਨਕੇ ਪਿੰਡ ਮੱਲਾਂ ਵਾਲਾ ਤਹਿਸੀਲ ਤੇ ਜ਼ਿਲ੍ਹਾ ਮਿੰਟਗੁਮਰੀ ਵਿੱਚ ਨੇ। ਉਸ ਪਿੰਡ ਵਿੱਚ ਆਟਾ ਚੱਕੀ ਨਹੀਂ ਸੀ। ਮੇਰੇ ਨਾਨਕਿਆਂ ਪਿਤਾ ਜੀ ਨੂੰ ਮੱਲਾਂ ਵਾਲਾ ਬੁਲਾ ਲਿਆ। ਉਥੇ ਪਿਤਾ ਜੀ ਨੇ ਇੰਜਣ ਤੇ ਆਟਾ ਚੱਕੀ ਲਾਈ। ਗੁਆਂਢੀ ਪਿੰਡਾਂ ਵਿੱਚ 53 ਚੱਕ, ਕੌੜੇ ਸ਼ਾਹ ਕਸਬਾ ਤੇ ਰਾਵੀ ਪਾਰ ਗੜ੍ਹ ਫਤਹਿ ਸਾਹ ਲੱਗਦਾ ਸੀ। ਮਿੰਟਗੁਮਰੀ ਸਾਥੋਂ 11ਮੀਲ ’ਤੇ ਸੀ। 

ਪੜ੍ਹੋ ਇਹ ਵੀ ਖਬਰ - ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ ਖ਼ਾਸ ਸੁਨੇਹਾ (ਵੀਡੀਓ)

ਖ਼ਾਸ ਖਰੀਦੋ ਫਰੋਖਤ ਲਈ ਤਾਂਗਿਆਂ ’ਤੇ ਜਾਂਦੇ। ਰੌਲਿਆਂ ਵਾਲੇ ਵਰ੍ਹੇ ਮੈਂ ਚੌਥੀ ਪਾਸ ਕੀਤੀ ਪਰ 5ਵੀਂ ’ਚ ਦਾਖਲ ਨਾ ਹੋਇਆ। ਸਾਡੇ ਉਸਤਾਦ ਮੌਲਵੀ ਸਾਬ ਬਹੁਤ ਆਕਰਸ਼ਿਤ ਸ਼ਖ਼ਸੀਅਤ ਦੇ ਮਾਲਕ ਸਨ। ਚਿੱਟੇ ਕੁੜਤੇ ਨਾਲ ਚਾਦਰਾ ਤੇ ਤੁਰ੍ਹੇ ਵਾਲੀ ਸਫੈਦ ਪੱਗ ਬੰਨ੍ਹਦੇ ਪਰ ਬਹੁਤ ਸਖ਼ਤ ਮਿਜ਼ਾਜ ਸਨ। ਕਰੀਬ ਹਰ ਰੋਜ਼ ਉਹ ਤੂਤ ਦੀ ਨਰੋਈ ਤੇ ਨਵੀਂ ਸੋਟੀ ਲਿਆਉਂਦੇ ਤੇ ਸ਼ਾਮ ਤੱਕ ਤੋੜ ਦਿੰਦੇ। ਮੈਂ ਹੀ ਨਹੀਂ ਸਗੋਂ ਹੋਰ ਵੀ ਮੇਰੇ ਵਰਗੇ ਪੜ੍ਹਾਈ ’ਚੋਂ ਕਮਜ਼ੋਰ, ਸਖ਼ਤ ਮਾਰ ਤੋਂ ਡਰਦੇ ਨਾ ਲੱਗੇ। ਹੁਣ ਕੁਝ ਬੀਮਾਰ ਠਿਮਾਰ ਚੱਲਦਾ ਆਂ, ਯਾਦ ਸ਼ਕਤੀ ਵੀ ਕਮਜ਼ੋਰ ਹੋ ਗਈ ਐ। ਸੋ ਹਮ ਉਮਰਾਂ, ਪਿੰਡ ਦੇ ਚੌਧਰੀਆਂ ਜਾਂ ਹੱਟੀਆਂ ਭੱਠੀਆਂ ਦੇ ਨਾਮ ਯਾਦ ਨਹੀਂ ਰਹੇ। ਹਾਂ ਇੱਕ ਹੱਟੀ ਸਾਡੀ ਬਰਾਦਰੀ ’ਚੋਂ ਹੀ ਖਾਨ ਸਿੰਘ ਦੀ ਸੀ, ਜਿਸ ਦੀ ਧੀ ਨੂੰ ਇਧਰ ਆ ਕੇ ਮੇਰਾ ਛੋਟਾ ਭਾਈ ਅਤਰ ਸਿੰਘ ਵਿਆਹਿਆ।

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਇਕ ਮੁਸਲਿਮ ਮਾਈ ਹੁੰਦੀ ਸੀ, ਜਿਸ ਦਾ ਸਾਡੇ ਘਰ ਕਾਫੀ ਆਉਣ ਜਾਣ ਸੀ। ਮੇਰੀ ਅੰਮਾ ਨਾਲ  ਬੜਾ ਪਿਆਰ ਸੀ ਉਦਾ। ਘਰ ਦੇ ਕੰਮ ਵਿੱਚ ਹੱਥ ਵੀ ਵਟਾ ਦੇਣਾ। ਉਦੇ ਪੋਤਰਾ ਤੇ ਪੋਤਰੀ ਬਚਪਨ ’ਚ ਸਾਡੇ ਨਾਲ ਖੇਡਿਆ ਕਰਦੇ। ਸਾਨੂੰ ਸਭਨਾਂ ਭੈਣ-ਭਰਾਵਾਂ ਨੂੰ ਵੀ ਉਸ ਨੇ ਬੜਾ ਖਿਡਾਇਆ। ਇਹ ਉਹ ਭਲਾ ਵੇਲਾ ਸੀ, ਜਦ ਲੱਸੀ ਵਿੱਚ ਲੂਣ ਮਿਰਚ ਘੋਲ ਕੇ ਰੋਟੀ ਖਾ ਲਈ ਦੀ ਸੀ। ਸਾਡਾ ਪਿੰਡ ਰਾਵੀ ਦੇ ਉਰਾਰ 2-3 ਕੋਹ ਵਾਟ ’ਤੇ ਸੀ।  ਰਾਵੀ ਕਿਨਾਰੇ ਸ਼ੰਕਰ ਤੋਂ ਹੀ ਦੀਦਾਰ ਸਿੰਘ ਤੱਖਰ ਆਪਣੇ ਪੁੱਤਰਾਂ ਬੁੱਕਣ ਸਿੰਘ ਤੇ ਕਰਤਾਰ ਸਿੰਘ ਨਾਲ ਵਾਹੀ ਕਰਦਾ ਸੀ। ਉਸ ਪਰਿਵਾਰ ਨਾਲ ਬਜ਼ੁਰਗਾਂ ਦਾ ਕਾਫੀ ਲਿਹਾਜ਼ ਸੀ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਉਹੀ ਅਕਸਰ ਸਾਡੇ ਦੁੱਖ ਸੁੱਖ ਵਿੱਚ ਕੰਮ ਆਉਂਦੇ। ਉਹ ਓਧਰ ਤੇ ਇਧਰ ਆ ਕੇ ਰਾਵੀ ਕਿਆਂ ਦੇ ਵੱਜਦੇ ਨੇ। ਕਰਤਾਰ ਸਿੰਘ ਦੇ ਪੋਤਰੇ ਆਲੋਵਾਲ ਅਤੇ ਬੁੱਕਣ ਸਿੰਘ ਦਾ ਪੋਤਰਾ ਭਜਨ ਸਿੰਘ, ਤਲਵਣ-ਨੂਰਮਹਿਲ ਬੈਠੇ ਨੇ। ਜਦ 47 ਦੇ ਹੱਲੇ ਸ਼ੁਰੂ ਹੋਏ ਤਾਂ ਸਾਡੇ ਪਿੰਡ ਵੀ ਰਾਤ ਦਾ ਪਹਿਰਾ ਲੱਗਣ ਲੱਗਾ। ਬੜੇ ਸੂਲੀ ਟੰਗੇ ਪਹਿਰ ਸਨ,ਉਹ। ਜਦ ਵੀ ਕਿਧਰੇ ਬੋਲੇ ਸੋ ਨਿਹਾਲ ਦੇ ਜੈਕਾਰੇ ਸੁਣਨੇ ਤਾਂ ਲੋਕਾਂ ਨੇ ਕੋਠਿਆਂ ’ਤੇ ਚੜ੍ਹ ਜਾਣਾ।  ਤਦੋਂ ਬਜ਼ੁਰਗ ਗੱਲਾਂ ਕਰਦੇ ਸੁਣੀਦੇ ਸਾਂ ਕਿ ਮਿੰਟਗੁਮਰੀ 'ਟੇਸ਼ਣ ਤੇ ਇਕ ਮੁਸਲਿਮ ਪਨਾਹਗੀਰਾਂ ਦੀ ਗੱਡੀ ਚੜ੍ਹਦੇ ਪੰਜਾਬ ਵੰਨੀਓਂ ਵੱਢੀ ਟੁੱਕੀ ਆਈ ਐ, ਜਿਸ ’ਤੇ ਮੁਸਲਮਾਨਾਂ ’ਚ ਰੋਹ ਜਾਗਿਆ ਤਾਂ ਉਨ੍ਹਾਂ ਮਾਰਧਾੜ ਤੇਜ਼ ਕਰਤੀ।

ਪੜ੍ਹੋ ਇਹ ਵੀ ਖਬਰ - ਤਰਨਤਾਰਨ ’ਚ ਵਾਪਰੀ ਖੂਨੀ ਵਾਰਦਾਤ : ਸੈਰ ਕਰਨ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਬਰਸਾਤ ਹਾਲਾਂ ਸ਼ੁਰੂ ਨਹੀਂ ਹੋਈ ਸੀ ਕਿ ਰੌਲਾ ਵੱਧ ਜਾਣ ’ਤੇ ਲੋਕਾਂ ਹਿਜਰਤ ਕਰਨ ’ਤੇ ਵਿਚਾਰ ਚਰਚਾ ਕੀਤੀ। ਸਾਰੇ ਗ਼ੈਰ ਮੁਸਲਿਮ ਉੱਠ ਕੇ ਗੁਆਂਢੀ ਪਿੰਡ ਕੌੜੇ ਸ਼ਾਹ ਆਰਜ਼ੀ ਕੈਂਪ ਵਿੱਚ ਜਾ ਸ਼ਾਮਲ ਹੋਏ। ਰਾਵੀ ਉਥੋਂ ਨਜ਼ਦੀਕ ਹੀ ਖਹਿ ਕੇ ਵਹਿੰਦੀ ਸੀ। ਉਥੇ ਇਕ ਮੁਸਲਿਮ ਜਾਣੂੰ ਲਿਹਾਜ਼ੀ ਪਰਿਵਾਰ ਮਿਲ ਗਿਆ। ਗੱਡਾ ਤਾਂ ਸਾਡੇ ਪਾਸ ਕੋਈ ਨਹੀਂ ਸੀ, ਬਸ ਜ਼ਰੂਰੀ ਸਮਾਨ ਦੀਆਂ ਗਠੜੀਆਂ ਬੰਨ੍ਹ ਸਿਰ ਉਪਰ ਚੁੱਕੀਆਂ ਹੋਈਆਂ ਸਨ। ਉਨ੍ਹਾਂ ਭਲਿਆਂ ਸਾਨੂੰ ਸ਼ਤੀਰੀਆਂ ਜੋੜ, ਆਰਜ਼ੀ ਕਿਸ਼ਤੀ ਬਣਾ ਕੇ ਦਰਿਆ ਪਾਰ ਕਰਵਾ ਦਿੱਤਾ। ਪਰਲੇ ਪਾਰ ਗੜ੍ਹ ਫਤਹਿ ਸ਼ਾਹੋਂ  ਤੁਰ ਕੇ ਸਮੁੰਦਰੀ ਕੈੰਪ ਤੇ ਉਥੋਂ ਜੜਾਂਵਾਲਾ। ਉਥੋਂ ਇੱਕ ਟਰੱਕਾਂ ਦਾ ਕਾਫ਼ਲਾ, ਡੋਗਰਾ ਮਿਲਟਰੀ ਦੀ ਕਮਾਂਡ ਹੇਠ ਲੈਲਪੁਰ ਲਈ ਤੁਰਿਆ, ਜਿਸ ਵਿੱਚ ਸਾਡੇ ਸਾਰੇ ਪਰਿਵਾਰ ਨੂੰ ਜਗਾ ਮਿਲ ਗਈ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

ਲੈਲਪੁਰੋਂ-ਲਾਹੌਰ-ਅੰਬਰਸਰ ਪਹੁੰਚੇ, ਬਸ ਅੱਡੇ ਨੇੜੇ ਸ਼ਰੀਫਪੁਰਾ ਮੁਹੱਲੇ ਵਿਚ। ਬਿਜਲੀ ਭਲਵਾਨ ਨੇ ਪਨਾਹਗੀਰਾਂ ਲਈ ਲੰਗਰ ਪਾਣੀ ਲਗਾਇਆ। ਉਥੋਂ ਵੀ ਕੁੱਝ ਹਫ਼ਤਿਆਂ ਦੇ ਠਹਿਰਾ ਤੋਂ ਬਾਅਦ ਟਰੱਕਾਂ ਰਾਹੀਂ ਲੁੱਦੇਹਾਣਾ ਪਹੁੰਚੇ। ਫੀਲਡਗੰਜ ਕੂਚਾ 10 ਵਿੱਚ ਇਕ ਮੁਸਲਿਮ ਪਰਿਵਾਰ ਦਾ ਖਾਲੀ ਪਿਆ ਮਕਾਨ ਅਸਾਂ ਜਾ ਮੱਲਿਆ। ਇੱਕ ਹੌਜਰੀ ਕਾਰਖਾਨੇ ਚੋਂ ਅੱਧੋਰਾਣੇ ਸਵਾਟਰ ਬੁਨੈਣਾ ਵਗੈਰਾ ਲਿਆਉਂਦੇ ਤੇ ਤਿਆਰ ਕਰਕੇ ਕਾਰਖਾਨੇ ਦੇ ਆਉਂਦੇ। ਇਸ ਤਰ੍ਹਾਂ ਘਰ ਦਾ ਗੁਜ਼ਾਰਾ ਤੁਰ ਪਿਆ। 1949 ਵਿਚ ਸਾਡਾ ਬਾਪ ਸ਼ੰਕਰ ਪਿੰਡ ਰਾਵੀ ਕਿਆਂ ਨੂੰ ਮਿਲਣ ਗਿਆ। ਉਥੋਂ ਪਤਾ ਲੱਗਾ ਕਿ ਉਹ ਆਲੋਵਾਲ ਪਿੰਡ ਬੈਠੇ ਨੇ।

ਪੜ੍ਹੋ ਇਹ ਵੀ ਖਬਰ - ਨਵਜੋਤ ਸਿੱਧੂ ਦੇ ਟਵੀਟਾਂ 'ਤੇ ਭੜਕੇ ਬਿਕਰਮ ਮਜੀਠੀਆ, ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)

ਪਿਤਾ ਜੀ ਉਨ੍ਹਾਂ ਨੂੰ ਉਥੇ  ਜਾ ਮਿਲੇ। ਉਥੋਂ ਦੇ ਨਾਲ ਜੁੜਵੇਂ ਢੇਰੀਆਂ ਪਿੰਡ ਵਿੱਚ, ਇਕ ਮੁਸਲਿਮ ਪਰਿਵਾਰ ਇੰਜਣ ਤੇ ਚੱਲਦੀ ਆਟਾ ਚੱਕੀ, ਸਾਡੇ ਵਾਂਗ ਹੀ ਛੱਡ ਗਿਆ। ਇੰਜਣ ਉਸ ਦਾ ਸ਼ੰਕਰ ਦਾ ਫਿਲਾਨਾ ਸਿੰਘ ਲੈ ਗਿਆ। ਪਿਤਾ ਜੀ ਨੇ ਉਸ ਮੁਸਲਿਮ ਦੀ ਚੱਕੀ ਤੇ ਘਰ ਅਲਾਟ ਕਰਵਾਉਣ ’ਚ ਰਾਵੀ ਕਿਆਂ ਤੋਂ ਮਦਦ ਮੰਗੀ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਚੌਧਰੀ ਦਰਸ਼ਣ ਸਿੰਘ ਦਾ ਵੱਡਾ ਭਰਾ ਬਖਤਾਵਰ ਸਿੰਘ, ਜੋ ਬਾਰ ਦੇ ਪਿੰਡ ਲੰਬੜਦਾਰ ਹੁੰਦਾ ਸੀ, ਦਾ ਇਧਰ ਵੀ ਸਰਕਾਰੀ ਦਰਬਾਰੇ ਚੰਗਾ ਰਸੂਖ ਸੀ। ਰਾਵੀ ਕੇ ਪਿਤਾ ਜੀ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਮਿਲੇ। ਉਨ੍ਹਾਂ DC ਤੱਕ ਪਹੁੰਚ ਕਰਕੇ ਮੁਸਲਿਮ ਪਰਿਵਾਰ ਦੀ ਘਰ, ਚੱਕੀ ਤੇ ਸ਼ੰਕਰੀਆਂ ਤੋਂ ਇੰਜਣ ਵੀ ਮੁੜਵਾ ਦਿੱਤਾ। ਇਸ ਤਰ੍ਹਾਂ ਅਸੀਂ ਢੇਰੀਆਂ ਹੀ ਵਸ ਗਏ। ਲੁੱਦੇਹਾਣੇ ਵਾਲਾ ਘਰ ਪਿਤਾ ਜੀ ਆਪਣੇ ਭਰਾਵਾਂ ਲਈ ਛੱਡ ਆਏ। ਮੈਂ ਇਧਰ ਆ ਕੇ ਸਕੂਲ ਤਾਂ ਕੋਈ ਨਾ ਗਿਆ ਪਰ ਫਿਰ ਵੀ ਕਿਉਂ ਜੋ ਦਿਨ ਭਲੇ ਸਨ , ਮੈਨੂੰ ਬਿਜਲੀ ਬੋਰਡ ਵਿੱਚ ਡੇਲ੍ਹੀਵੇਜ ਤੇ ਕੱਚੀ ਨੌਕਰੀ ਮਿਲ ਗਈ।

ਪੜ੍ਹੋ ਇਹ ਵੀ ਖ਼ਬਰ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

1993 ’ਚ ਜੇ.ਈ. ਦੇ ਅਹੁਦੇ ਤੋਂ ਰੀਟਾਇਰਡ ਹੋਇਐਂ। ਪਿਤਾ ਜੀ ਨਾਲ ਲਗਾਤਾਰ 60 ਸਾਲ ਚੱਕੀ ਚਲਾਉਣ ਤੇ ਪਸ਼ੂ ਪਾਲਣ ’ਚ ਮਦਦ ਵੀ ਕੀਤੀ। ਚਾਰ ਪੁੱਤਰ ਤੇ ਪੰਜ ਧੀਆਂ ਦਾ ਵੱਡ ਪਰਿਵਾਰ ਐ ਮੇਰਾ। ਸਾਰੇ ਪੁੱਤਰ ਸਰਕਾਰੀ ਨੌਕਰੀ ’ਚ ਐ। ਸੱਭੋ ਧੀਆਂ ਵਿਆਹੀਆਂ ਵਰ੍ਹੀਆਂ ਆਪਣੋ ਆਪਣੇ ਘਰ ਸੁਖੀ ਨੇ। ਢੇਰੀਆਂ ਤੋਂ ਸੱਭ ਵੇਚ ਵੱਟ ਕੇ ਸਾਰੇ ਪੁੱਤਰ ਈ ਪ੍ਰੀਤ ਨਗਰ ਨਕੋਦਰ ਸ਼ਹਿਰ ਆ ਆਬਾਦ ਹੋਏ। ਪਤਨੀ ਸਹਿਬਾਂ ਤਾਂ ਕੋਈ 11ਕੁ ਵਰ੍ਹੇ ਪਹਿਲਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਕਰ ਗਈ ਐ। ਸੋ ਮੈਂ ਵੀ ਜ਼ਿੰਦਗੀ ਦਾ ਪਿਛਲਾ ਪੰਧ ਇਥੇ ਹੀ ਹੰਢਾਅ ਰਿਹੈਂ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ’ਚ ਬਚੀ ਸਿਰਫ਼ 7 ਘੰਟੇ ਦੀ ਆਕਸੀਜਨ, ਜਾ ਸਕਦੀਆਂ ਕਈ ਕੀਮਤੀ ਜਾਨਾਂ

ਪਿਛਲੇ ਬਾਰ ਦੇ ਪਿੰਡ ,ਵੈਸਾਖੀ ਤੇ ਬਜ਼ੁਰਗਾਂ ਨਾਲ ਰਾਵੀ ’ਚ ਨਹਾਉਣ ਜਾਈਦਾ ਸੀ। ਉਹੋ ਰਾਵੀ ਤੇ ਉਹੀ ਆਚਾਰ ਵਿਹਾਰ ਦੀ ਡਾਹਢੀ ਯਾਦ ਪਈ ਆਉਂਦੀ ਐ। ਖਾਹਿਸ਼ ਐ ਬਈ ਦੋਹੇਂ ਪੰਜਾਬਾਂ ਵਿਚ ਵਗੈਰ ਵੀਜੇ ਤੋਂ ਆਉਣ ਜਾਣ ਹੋਜੇ। ਦੋਹਾਂ ਪਾਸਿਆਂ ਤੋਂ ਆਪਣੇ ਪਿੰਡ ਦੇਖਣ ਲਈ ਮੰਜਿਆਂ ਤੇ ਵਿਲਕਦੇ ਪਏ ਬਜ਼ੁਰਗ ਪਰਲੇ ਪਾਰ ਹੋ ਗਏ। ਉਨ੍ਹਾਂ ਦੀ ਦੂਜੀ ਤੇ ਤੀਜੀ ਪੀੜ੍ਹੀ ਵੀ ਬਜ਼ੁਰਗਾਂ ਦੀ ਜੰਮਣ ਭੋਇੰ ਦੇਖਣ ਲਈ ਉਵੇਂ ਤਰਸਦੀ ਐ। ਅਫਸੋਸ ਕਿ ਗੰਦੀ ਵੋਟ ਰਾਜਨੀਤੀ ਭੱਜੀਆਂ ਬਾਹਵਾਂ ਨੂੰ ਮੁੜ ਗਲ਼ ਮਿਲਣ ਨਹੀਂ ਦਿੰਦੀ।"

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਲੇਖਕ: ਸਤਵੀਰ ਸਿੰਘ ਚਾਨੀਆਂ 
92569-73526

ਪੜ੍ਹੋ ਇਹ ਵੀ ਖ਼ਬਰ - 1947 ਹਿਜਰਤਨਾਮਾ-47: 'ਮਹਿੰਦਰ ਸਿੰਘ ਟਾਂਡਾ ਦੀ ਜੀਵਨ ਕਹਾਣੀ'


author

rajwinder kaur

Content Editor

Related News