ਆਜ਼ਾਦੀ ਦੇ ਓ੍ਹਲੇ - ਹਿਜਰਤ ਨਾਮਾ 70: ਸਲਵੰਤ ਕੌਰ ਦਾਨੇਵਾਲ

Thursday, Apr 20, 2023 - 03:38 AM (IST)

ਆਜ਼ਾਦੀ ਦੇ ਓ੍ਹਲੇ - ਹਿਜਰਤ ਨਾਮਾ 70: ਸਲਵੰਤ ਕੌਰ ਦਾਨੇਵਾਲ

'47 ਚੱਕ ਮਿੰਟਗੁਮਰੀ ਕਤਲੇਆਮ ਦੀ ਦਰਦ ਭਰੀ ਦਾਸਤਾਨ। ਜ਼ਕਰੀਏ ਦੇ ਵਾਰਸਾਂ ਜ਼ੁਲਮ ਦੀ ਇੰਤ੍ਹਾ ਕਰਤੀ। ਜ਼ੈਲਦਾਰ ਵਧਾਵਾ ਸਿੰਘ ਦਾ ਸਿਰ ਨੇਜ਼ੇ ਤੇ ਟੰਗ ਕੇ ਪਿੰਡ ਵਿੱਚ ਜੇਤੂ ਜਲੂਸ ਕੱਢਿਆ ਗਿਆ। '

"ਜ਼ੈਲਦਾਰ ਵਧਾਵਾ ਸਿੰਘ, ਜ਼ੈਲਦਾਰ ਜਵਾਲਾ ਸਿੰਘ ਅਤੇ ਸਰਦਾਰ ਕਿਸ਼ਨ ਸਿੰਘ ਸ. ਅਤਰ ਸਿੰਘ ਸਫ਼ੈਦ ਪੋਸ਼ ਦੇ ਬੇਟੇ ਪਿੰਡ ਟੁਰਨਾ-ਲੋਹੀਆਂ ਤੋਂ ਤਕੜੇ ਜਗੀਰਦਾਰ ਸਨ। ਜੈਤੋ ਦੇ ਮੋਰਚੇ ਸਮੇਂ 1923 ਵਿਚ ਜ਼ੈਲਦਾਰ ਵਧਾਵਾ ਸਿੰਘ ਅਤੇ ਕਿਸ਼ਨ ਸਿੰਘ ਹੋਰੀਂ ਮੁਰੱਬੇ ਅਲਾਟ ਹੋਣ ਤੇ ਗੰਜੀਬਾਰ ਦੇ ਚੱਕ 47/5L- ਮਿੰਟਗੁਮਰੀ ਗਏ। ਮੈਂ ਸਲਵੰਤ ਕੌਰ,ਸ. ਕਿਸ਼ਨ ਸਿੰਘ/ਜੀਵਨ ਕੌਰ ਦੀ ਧੀ ਹਾਂ। ਮੇਰੇ ਕ੍ਰਮਵਾਰ ਚਾਰ ਭਰਾ ਜਸਵੰਤ ਸਿੰਘ, ਪ੍ਰਤਾਪ ਸਿੰਘ,ਭਜਨ ਸਿੰਘ, ਜਗਜੀਤ ਸਿੰਘ ਅਤੇ ਭੈਣ ਕਰਤਾਰ ਕੌਰ ਹੋਏ। ਰੌਲਿਆਂ ਵੇਲੇ ਮੇਰੀ ਉਮਰ 8-9 ਸਾਲ ਸੀ। ਤਾਇਆ ਵਧਾਵਾ ਸਿੰਘ ਜ਼ੈਲਦਾਰ ਜੋ ਜੱਬੋਵਾਲ-ਲੋਹੀਆਂ ਦੀ ਮਾਈ ਰਾਜ ਕੌਰ ਨੂੰ ਵਿਆਹੇ ਸਨ। ਉਨ੍ਹਾਂ ਘਰ ਕੋਈ ਔਲਾਦ ਨਹੀਂ ਸੀ। ਤਾਇਆ ਜੀ ਨੇ ਆਪਣੀਆਂ ਦੋ ਭੈਣਾਂ ਜਵਾਲੀ,ਕਾਂਜਲੀ-ਕਪੂਰਥਲਾ ਤੋਂ ਅਤੇ ਗੇਬੋ ਜੋ ਖੰਡ ਡੀਪੂ ਵਾਲੇ ਸੋਹਣ ਸਿੰਘ ਦੀ ਵੱਡੀ ਭਰਜਾਈ ਸੀ ਹੋਰਾਂ ਨੂੰ ਸਮੇਤ ਪਰਿਵਾਰ ਸੱਦ ਭੇਜਿਆ। 1-1 ਮੁਰੱਬਾ ਵੀ ਅਲਾਟ ਕਰਾਤਾ। ਤਾਏ ਅਤੇ ਮੇਰੇ ਬਾਪ ਦੇ ਨਾਮ ਤਿੰਨ ਘੋੜੀਪਾਲ਼ ਮੁਰੱਬੇ ਅਤੇ ਇਕ ਮੁਰੱਬਾ ਪੱਕਾ ਅਲਾਟ ਸੀ। ਭਾਵ ਤਿੰਨ ਸਰਕਾਰੀ ਘੋੜੀਆਂ ਦੀ ਖ਼ੂਬ ਸੇਵਾ ਹੁੰਦੀ। ਉਨ੍ਹਾਂ ਲਈ ਤਬੇਲੇ, ਚਾਰੇ ਅਤੇ ਨੌਕਰਾਂ ਦਾ ਪ੍ਰਬੰਧ ਵੱਖਰਾ ਹੁੰਦਾ ਕਿਉਂ ਜੋ ਹਰ 8-10 ਵੇਂ ਦਿਨ ਸਰਕਾਰੀ ਅਫ਼ਸਰ ਘੋੜੀਆਂ ਚੈੱਕ ਕਰਨ ਆਉਂਦੇ। ਲਿੱਸੀ ਘੋੜੀ ਲਈ ਮੁਰੱਬੇ ਦਾਰਾਂ ਨੂੰ ਫਿਟਕਾਰ ਪੈਂਦੀ। ਘੋੜੀ ਕੰਡਮ ਕਰਾਰ ਦੇ ਕੇ ਮੁਰੱਬੇੱਦਾਰ ਦਾ ਮੁਰੱਬਾ ਜ਼ਬਤ ਕਰ ਲਿਆ ਜਾਂਦਾ। ਸਰਕਾਰੀ ਘੋੜੀਆਂ ਨੂੰ ਨਿੱਜੀ ਵਰਤੋਂ ਤੋਂ ਸਖ਼ਤ ਮਨਾਹੀ ਹੁੰਦੀ। ਇਸ ਕਰਕੇ ਘੋੜੀ ਪਾਲ ਮੁਰੱਬੇਦਾਰਾਂ ਕੋਲ਼ ਸਵਾਰੀ ਲਈ ਆਪਣੀਆਂ ਵੱਖਰੀਆਂ ਘੋੜੀਆਂ ਹੁੰਦੀਆਂ।

ਸਿੰਚਾਈ ਨਹਿਰੀ ਸੀ। ਸਾਡੇ ਚਾਰ ਮੁਰੱਬਿਆਂ 'ਚੋਂ ਕੇਵਲ ਦੂਰ ਪੈਂਦੇ ਇਕ ਮੁਰੱਬੇ ਵਿਚ ਹੀ ਹਲਟ ਵਗਦਾ। ਫ਼ਸਲਾਂ ਵਿਚ ਨਰਮਾ,ਕਣਕ ਬਹੁਤੀ ਪਰ ਮੱਕੀ,ਪੱਠੇ, ਦਾਲਾਂ ਗੁਜਾਰੇ ਜੋਗੀ ਬੀਜਦੇ। ਕਣਕ ਸਾਹੀਵਾਲ  ਅਤੇ ਨਰਮਾ ਅਕਸਰ ਗੱਡਿਆਂ ਤੇ ਲੱਦ ਕੇ ਉਕਾੜਾ ਮੰਡੀ ਵੇਚਦੇ। ਕਈ ਦਫ਼ਾ ਆੜਤੀਏ ਘਰੋਂ ਹੀ ਖ਼ਰੀਦ ਲੈ ਜਾਂਦੇ। 'ਟੇਸ਼ਣ ਸਾਨੂੰ ਕੋਈ 3-4 ਕੋਹ ਤੇ ਗਾਂਬਰ ਲੱਗਦਾ ਜੋ ਲਾਹੌਰ-ਮੁਲਤਾਨ ਲਾਈਨ 'ਤੇ ਸੀ। 

ਪ੍ਰਾਇਮਰੀ ਸਕੂਲ ਪਿੰਡੋਂ ਜ਼ਰਾ ਹਟਵਾਂ 48 ਚੱਕ ਦੇ ਰਾਹ 'ਤੇ ਪੈਂਦਾ। ਮੇਰਾ ਭਾਈ ਜਸਵੰਤ ਉਥੇ ਪੜ੍ਹਦਾ। ਰਾਹ ਕੁੱਝ ਓਬੜ ਖਾਬੜ ਅਤੇ ਕਈ ਖਾਲ਼ੇ ਟੱਪ ਕੇ ਜਾਣਾ ਪੈਂਦਾ। ਸੋ ਬਾਪ ਨੇ ਕਿਸੇ ਕੁੜੀ ਨੂੰ ਉਥੇ ਪੜ੍ਹਨੇ ਨਾ ਪਾਇਆ। ਸਾਡੇ ਪਿੰਡੋਂ ਦੋ ਮਾਹਟਰ 'ਰੋੜਾ ਬਰਾਦਰੀ 'ਚੋਂ ਸਾਈਂ ਦਿੱਤਾ ਅਤੇ ਖੱਤਰੀਆਂ 'ਚੋਂ ਦਰਸ਼ਣ ਸਿੰਘ ਹੁੰਦੇ।

ਮੁਸਲਿਮ ਦੌਲਤੀ ਧੋਬੀਪੁਣੇ ਦੇ ਨਾਲ ਦਰਜ਼ੀ ਦਾ ਵੀ ਕੰਮ ਕਰਦਾ। ਉਦੇ ਘਰੋਂ ਸਰਦਾਰਾਂ ਬੀਬੀ ਸਾਡੇ ਘਰ ਕੰਮ 'ਚ ਹੱਥ ਵਟਾਉਂਦੀ। ਭਰਾਈ ਮੁਸਲਿਮ,ਰਾਜੂ ਪਿੰਡ ਵਿੱਚ ਚੌਂਕੀਦਾਰਾ ਕਰਦਾ। ਉਹਦੇ ਪਰਿਵਾਰ 'ਚੋਂ ਹੀ ਇਕ ਰਾਜ ਮਿਸਤਰੀ ਵੀ ਸੀ। ਸਾਡੇ ਵਡੇਰੇ ਕਿਉਂ ਜੋ ਪਿੰਡ ਦੇ ਚੌਧਰੀ ਸਨ ਇਸ ਕਰਕੇ ਪਿੰਡ ਆਉਂਦੇ ਸਰਕਾਰੀ ਅਮਲੇ ਦਾ ਲੰਗਰ ਪਾਣੀ ਸਾਡੇ ਘਰ ਹੀ ਹੁੰਦਾ। ਉਹ ਵੀ ਉਹੀ ਚੌਂਕੀਦਾਰ ਬਣਾਉਂਦਾ। ਜੇ ਕੋਈ ਮੁਸਲਮਾਨ ਅਫ਼ਸਰ ਹੁੰਦਾ ਤਾਂ ਚੌਂਕੀਦਾਰ ਨੂੰ ਸੁੱਕਾ ਰਾਸ਼ਨ ਦੇ ਦਿੰਦੇ ਜੋ ਉਹ ਆਪਣੇ ਘਰੋਂ ਤਿਆਰ ਕਰ ਲਿਆਉਂਦਾ। ਬਾਵੂ ਅਤੇ ਬੂਟਾ ਸਾਡੇ ਕਾਮੇ ਸਨ। ਵਗਾਰੀ ਜਾਗਰ ਸਰਕਾਰੀ ਘੋੜੀਆਂ ਦੀ ਉਚੇਚੀ ਦੇਖ ਭਾਲ਼ ਕਰਦਾ। 

ਪਹਿਲਾਂ ਪਹਿਲ ਤਾਂ ਬਜ਼ੁਰਗਾਂ ਨਹਿਰਾਂ ਦਾ ਪਾਣੀ ਹੀ ਪੀਤਾ। ਫਿਰ ਚੁਰੱਸਤੇ 'ਚ ਖ਼ੂਹ ਲਵਾਇਆ। ਇਕ ਖੂਹੀ ਬਾਲਮੀਕ ਵਿਹੜੇ ਵੀ ਸੀ ਪਰ ਰੌਲਿਆਂ ਤੱਕ ਉਹ ਹਾਲੇ ਚਾਲੂ ਨਹੀਂ ਸੀ ਹੋਈ।  
ਝੀਰਾਂ ਵਿਚ ਕਿਸ਼ਨਾ ਪੁੱਤਰ ਜਵਾਲਾ ਸਿੰਘ ਅਤੇ ਉਸ ਦਾ ਭਤੀਜਾ ਸਾਧੂ ਹੁੰਦੇ। ਕਿਸ਼ਨੇ ਦੀਆਂ ਭੈਣਾਂ ਸੰਤੀ ਅਤੇ ਅਨੰਤੀ ਘੜਿਆਂ ਨਾਲ ਲੋਕਾਂ ਦੇ ਘਰਾਂ ਵਿਚ ਪਾਣੀ ਢੋਂਦੀਆਂ। ਖੂਹ ਪਿੰਡ ਵਿੱਚਕਾਰ ਚੁਰੱਸਤੇ ਵਿਚ ਹੁੰਦਾ। ਬੋਹੜਾਂ ਦੀ ਭਰਵੀਂ ਛਾਂ, ਜਿਥੇ ਅਕਸਰ ਪੰਚੈਤ ਜੁੜਦੀ। ਪੰਚੈਤ ਵਿਚ ਅਕਸਰ ਤਾਇਆ ਜ਼ੈਲਦਾਰ ਵਧਾਵਾ ਸਿੰਘ,ਬਾਪ ਕਿਸ਼ਨ ਸਿੰਘ, ਲੰਬੜਦਾਰ ਹਜ਼ਾਰਾ ਸਿੰਘ, ਖੰਗਰਾਂ ਦਾ ਝੰਡਾ ਸਿੰਘ ਅਤੇ ਖੰਡ ਡੀਪੂ ਵਾਲਾ ਸੋਹਣ ਸਿੰਘ ਵਗੈਰਾ ਹੁੰਦੇ।

ਹੱਲਿਆਂ ਦਾ ਕੋਈ ਚਿੱਤ ਚੇਤਾ ਨਹੀਂ ਸੀ। ਹਾਲਾਤ ਇਸ ਕਦਰ ਵਿਗੜ ਜਾਣਗੇ, ਕਦੇ ਵੀ ਵਡੇਰਿਆਂ ਨੇ ਸੋਚਿਆ ਨਹੀਂ ਸੀ। ਕਿਉਂ ਜੋ ਹਿੰਦੂ-ਸਿੱਖਾਂ ਦਾ ਮੁਸਲਮਾਨਾਂ ਨਾਲ ਬਹੁਤ ਪਿਆਰ ਮੁਹੱਬਤ ਸੀ।
ਗੁਆਂਢੀ ਪਿੰਡ 48  ਚੱਕ ਚ ਬਹੁ ਵਸੋਂ ਸੈਣੀ ਸਿੱਖਾਂ ਦੀ ਸੀ। ਉਨ੍ਹਾਂ ਸਮਾਨ ਦੇ ਗੱਡੇ ਭਰ ਭਰ ਪਿੰਡ ਖਾਲੀ ਕਰਨਾ ਸ਼ੁਰੂ ਕਰਤਾ। ਉਨ੍ਹਾਂ ਵੱਲ ਦੇਖ ਕੇ 47 ਵਾਲਿਆਂ ਦੇ ਵੀ ਜੂੰ ਸਰਕੀ।ਪੰਚੈਤ ਬੈਠੀ,ਰਾਤ ਚੌਕਾਂ ਵਿੱਚ ਪ੍ਹੈਰਾ ਲੱਗਦਾ। ਨਜ਼ਦੀਕੀ ਪਿੰਡ ਮਲਗੱਧਾ ਮੂਲ ਨਿਵਾਸੀ ਮੁਸਲਿਮ ਜਾਂਗਲੀਆਂ ਦਾ ਪਿੰਡ ਸੁਣੀਂਦਾ। ਜਿਥੇ ਚੋਰ ਉਚੱਕੇ ਅਤੇ ਲੁੱਟ ਖੋਹ ਦੀ ਬਿਰਤੀ ਕਰਨ ਵਾਲਿਆਂ ਦਾ ਵਾਸ ਸੀ।
ਇਕ ਦਿਨ ਭਾਦੋਂ ਦੇ ਵੱਡੇ ਤੜਕੇ ਹਾਲੇ ਸੁੱਤੇ ਪਏ ਸਾਂ। ਪਿੰਡ ਦੇ ਦੂਜੇ ਪਾਸਿਓਂ ਢੋਲ ਨਗਾਰਿਆਂ ਦੀ ਆਵਾਜ਼ ਆਵੇ। ਇਕ ਦਮ ਹਲਾ ਹਲਾ ਹੋਣ ਲੱਗੀ। ਕੋਠੇ ਤਦੋਂ ਨਾਲ ਜੁੜਵੇਂ ਈ ਹੁੰਦੇ । ਕੋਠਿਆਂ ਦੇ ਬਨੇਰਿਓਂ ਬਨੇਰੀਂ  ਇਕ ਦੂਜੇ ਵੱਲ ਭੱਜ ਉੱਠੇ। ਤਾਇਆ ਜ਼ੈਲਦਾਰ ਜਵਾਲਾ ਸਿੰਘ ਜੋ ਇਧਰ ਹੀ ਆਪਣੇ ਜੱਦੀ ਪਿੰਡ ਟੁਰਨਾ-ਲੋਹੀਆਂ ਪਰਿਵਾਰ ਸਮੇਤ ਵਾਸ ਕਰਦਾ ਸੀ ਦਾ ਪੁੱਤਰ ਅਮਰ ਸਿੰਘ ਇਧਰ ਰਣਧੀਰ ਸਕੂਲ ਕਪੂਰਥਲਾ ਵਿੱਚ ਦਸਵੀਂ ਦੇ ਪੇਪਰ ਦੇਣ ਉਪਰੰਤ ਬਾਰ ਵਿਚ ਛੁੱਟੀਆਂ ਕੱਟਣ ਚਲੇ ਗਿਆ। ਬਾਜ਼ਾਰ ਵਿੱਚ ਗੋਲੀ ਚੱਲੀ।ਬਲੋਚ ਮਿਲਟਰੀ ਵੀ ਧਾੜਵੀਆਂ ਦੀ ਹਮੈਤ 'ਤੇ ਸੀ।ਮੇਰੇ ਪਿਤਾ ਦੀ ਇੱਕ ਬਾਂਹ ਪਹਿਲਾਂ ਹੀ ਟੁੱਟੀ ਹੋਈ ਸੀ।ਫਿਰ ਵੀ ਉਨ੍ਹਾਂ ਬਨੇਰਿਆਂ ਦੀ ਓਟ ਲੈ, ਮੁਕਾਬਲਾ ਸ਼ੁਰੂ ਕੀਤਾ।  ਅਮਰ ਸਿੰਘ ਦੇ ਪੱਟ ਵਿਚ ਗੋਲੀ ਆਣ ਲੱਗੀ।ਖੂਨ ਜ਼ਿਆਦਾ ਬਹਿ ਜਾਣ ਕਾਰਨ ਉਹ ਚੜ੍ਹਾਈ ਕਰ ਗਿਆ।ਚੰਗੇ ਜੁੱਸਿਆਂ ਅਤੇ ਜਿਗਰੇ ਵਾਲੇ ਸਾਰੇ ਮਰਦ ਹੀ ਮੋਰਚਿਆਂ ਤੇ ਸਨ। ਬਾਕੀ ਬੱਚੇ, ਬੀਬੀਆਂ ਅਤੇ ਬਜ਼ੁਰਗ  ਵਾਹੋ ਦਾਹੀ ਸੁਰੱਖਿਅਤ ਥਾਵਾਂ ਵੱਲ ਭੱਜੇ ਜਿਨ੍ਹਾਂ ਚੋਂ ਬਹੁਤੇ ਲੋਕ ਖੰਗਰਾਂ ਦੀ ਹਵੇਲੀ, ਕੁੱਝ ਮਾਹਟਰ ਸਾਈਂ ਦਿੱਤਾ ਦੇ ਘਰ ਕੱਠੇ ਹੋਏ।ਜਦ ਸਾਡਾ ਪਰਿਵਾਰ ਸਾਈਂ ਦਿੱਤਾ ਮਾਹਟਰ ਦੇ ਘਰ ਸਾਹਵੇਓਂ ਖੰਗਰਾਂ ਦੀ ਹਵੇਲੀ ਲਈ ਲੰਘਿਆ ਤਾਂ ਕੋਠੇ ਤੋਂ ਉਸ ਆਵਾਜ਼ ਦਿੱਤੀ, "ਮਾਈ ਸਾਰੇ ਇਧਰ ਆਜੋ।" ਪਰ ਅੱਗੋਂ ਮਾਈ ਰਾਜ ਕੌਰ ਨੇ ਕਿਹਾ," ਨਹੀਂ ਭਾਈ ਅਸੀਂ ਤਾਂ ਖੰਗਰਾਂ ਦੀ ਹਵੇਲੀ ਚੱਲਦੇ ਹਾਂ। ਪਿੰਡ ਦੇ ਨਾਲ ਹੀ ਜੀਆਂ, ਮਰਾਂਗੇ।" ਮਾਹਟਰ ਦੇ ਘਰ  ਪਨਾਹ ਲੈਣ ਵਾਲੇ ਤਾਂ ਸਾਰੇ ਬਚ ਰਹੇ ਕਿਓਂ ਜੋ ਸਾਈਂ ਦਿੱਤਾ ਨੇ ਆਪਣੇ ਸਕੂਲ ਦੇ ਮੁਸਲਿਮ ਮਾਹਟਰ ਨੂੰ ਬਚਾਓ ਵਾਸਤੇ ਸੁਨੇਹਾ ਭੇਜਣ ਤੇ ਉਹ ਰਫ਼ਲ ਲੈ ਕੇ ਆਪਣੇ ਭਰਾ ਨਾਲ ਆਇਆ ਅਤੇ ਸਾਰਿਆਂ ਨੂੰ ਬਚਾਅ ਕੇ ਆਪਣੇ ਪਿੰਡ 40 ਚੱਕ ਲੈ ਗਿਆ।ਪਰ ਅਫ਼ਸੋਸ ਕਿ ਮੁਸਲਿਮ ਮਾਹਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਧਾੜਵੀਆਂ ਵਲੋਂ ਚਲਾਈ ਗੋਲੀ ਨਾਲ, ਕੋਠੇ ਤੇ ਚੜ੍ਹ, ਸਫ਼ੈਦ ਝੰਡਾ ਝੁਲਾ ਰਿਹਾ ਸਾਈਂ ਦਿੱਤਾ,ਮਾਰਿਆ ਗਿਆ । ਸਾਈਂ ਦਿੱਤਾ ਦੇ ਬੇਟੇ ਮਿਲਖੀ, ਕਿਸ਼ਨ,ਦੇਸੂ,ਗਾਮਾ ਅਤੇ ਬੇਟੀਆਂ ਲਾਲੋ, ਵਿੱਦਿਆ ਅਤੇ ਉਸ ਦੇ ਘਰੋਂ ਸਾਰੇ ਬਚ ਰਹੇ।

ਓਧਰ ਮੋਰਚਾ ਟੁੱਟ ਜਾਣ ਤੇ, ਖਿੰਗਰਾਂ ਦੀ ਹਵੇਲੀ ਉਪਰ ਧਾੜਵੀਆਂ ਵਲੋਂ ਵੱਢ-ਵਢਾਂਗਾ 'ਚ ਬਲੋਚ ਮਿਲਟਰੀ ਨੇ ਵੀ ਧਾੜਵੀਆਂ ਦਾ ਸਾਥ ਦਿੱਤਾ। ਮੇਰੀਆਂ ਅੱਖਾਂ ਸਾਹਵੇਂ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਸਿੰਘ ਬਰਛੇ ਮਾਰ ਮਾਰ , ਮਾਰਤਾ। ਸੈਂਕੜਿਆਂ ਦੇ ਹਿਸਾਬ ਕਤਲ ਹੋਏ। ਗਹਿਣਾ ਗੱਟਾ ਲੁੱਟ ਲਿਆ। ਕਈ ਮੁਟਿਆਰਾਂ ਤਾਈਂ ਧੂਹ ਕੇ ਲੈ ਗਏ।ਤਦੋਂ ਹੀ ਮੈਂ ਤਾਂ ਬੇਹੋਸ਼ ਹੋ ਗਈ। ਕਈ ਔਰਤਾਂ ਅਤੇ ਮੁਟਿਆਰਾਂ ਆਪਣੀ ਇੱਜ਼ਤ ਬਚਾਉਣ ਲਈ ਚੁਰੱਸਤੇ ਵਿਚਲੇ ਖੂਹ ਵਿੱਚ ਛਾਲਾਂ ਮਾਰ ਗਈਆਂ। ਕਈ ਬਚ ਗਏ ਬੱਚਿਆਂ ਅਤੇ ਔਰਤਾਂ ਨੂੰ ਵੀ ਧਾੜਵੀ ਆਪਣੇ ਨਾਲ ਲੈ ਗਏ। ਮੈਨੂੰ ਵੀ ਇਕ ਮੁਸਲਿਮ ਆਪਣੇ ਗੁਆਂਢੀ ਪਿੰਡ,ਨਾਲ ਲੈ ਗਿਆ। ਕੋਈ ਹਫ਼ਤਾ ਕੁ ਮੈਂ ਉਨ੍ਹਾਂ ਘਰ ਰਹੀ।ਉਸ ਦੇ ਘਰੋਂ ਭਲੀ ਤੀਵੀਂ ਸੀ। ਮੈਨੂੰ ਨੁਹਾਇਆ ਧੁਆਇਆ,ਪਹਿਨਣ ਲਈ ਕੱਪੜੇ ਦਿੱਤੇ। ਇਵੇਂ ਇਕ ਦਿਨ ਖੰਡ ਡੀਪੂ ਵਾਲਾ ਸੋਹਣ ਸਿੰਘ ਡੋਗਰਾ ਮਿਲਟਰੀ ਦਾ ਟਰੱਕ ਲੈ ਕੇ ਉਸ ਪਿੰਡ ਬੱਚਿਆਂ ਅਤੇ ਔਰਤਾਂ ਦੀ ਭਾਲ਼ ਵਿੱਚ ਆਇਆ। ਮਿਲਟਰੀ ਨੇ ਪਿੰਡ ਦੇ ਚੌਧਰੀਆਂ ਨੂੰ ਬੁਲਾ ਕੇ ਸਖ਼ਤ ਤਾੜਨਾ ਕਰਦਿਆਂ ਬੱਚਿਆਂ, ਔਰਤਾਂ ਨੂੰ ਵਾਪਸ ਕਰਨ ਲਈ ਦਬਾਅ ਬਣਾਇਆ। ਮੈਨੂੰ ਵੀ ਘਰ ਵਾਲਾ ਮੁਸਲਿਮ ਬਾਹਰ ਪਿੰਡ ਦੇ ਚੁਰੱਸਤੇ ਚ ਜਿੱਥੇ ਪਹਿਲਾਂ ਹੀ 18-20 ਸਿੱਖ ਬੱਚੇ ਅਤੇ ਬੀਬੀਆਂ ਕੱਠੀਆਂ ਕੀਤੀਆਂ ਹੋਈਆਂ ਸਨ, ਛੱਡ ਗਿਆ।ਉਸੇ ਮਿਲਟਰੀ ਟਰੱਕ ਵਿੱਚ ਸਾਨੂੰ ਸਭਨਾਂ,ਉਕਾੜਾ ਕੈਂਪ ਵਿੱਚ ਲੈ ਜਾਇਆ ਗਿਆ। ਉਥੇ ਸਾਡੇ 47/5Lਚੱਕੋਂ ਹੋਰ ਵੀ ਕਈ ਬਚੇ ਖੁਚੇ ਕਾਂਜਲੀ ਵਾਲੀ ਭੂਆ,ਉਸ ਦੇ ਤਿੰਨੋਂ ਬੇਟੇ,ਦੋ ਸਾਡਾ ਨਰਮਾ ਚੁਗਣ ਵਾਲੀਆਂ ਬੀਬੀਆਂ ਵਗੈਰਾ ਮਿਲ ਗਏ।ਸਾਰੇ ਹੀ ਧਾਹਾਂ ਮਾਰ ਮਾਰ ਰੋਏ ਕਿ ਕੀ ਤੋਂ ਕੀ ਭਾਣਾ, ਪਲਾਂ ਛਿਣਾ ਵਿੱਚ ਹੀ ਵਾਪਰ ਗਿਆ। ਉਥੇ ਵੀ ਕੋਈ 5-6 ਕੁ ਦਿਨ ਰਹੇ। ਸਭ ਹਿੰਦੂ-ਸਿੱਖ ਦੁਕਾਨਦਾਰਾਂ ਰਫਿਊਜੀਆਂ ਦੀ ਮਦਦ ਵਜੋਂ ਆਪਣੀਆਂ ਦੁਕਾਨਾਂ ਦੇ ਬਾਰ ਖੋਲ੍ਹ ਦਿੱਤੇ। ਉਥੋਂ ਰੇਲ ਗੱਡੀ ਚੜ੍ਹ ਫਿਰੋਜ਼ਪੁਰ ਤੇ ਫਿਰੋਜ਼ਪੁਰੋਂ ਲੋਹੀਆਂ ਆਣ ਉਤਾਰਾ ਕੀਤਾ। ਲੋਹੀਆਂ 'ਟੇਸ਼ਣ ਤੇ ਗੁਆਂਢੀ ਪਿੰਡਾਂ ਵਲੋਂ ਲੰਗਰ ਲਗਾਇਆ ਹੋਇਆ ਸੀ। ਕੋਈ 16-17 ਵੇਂ ਦਿਨ ਰੱਜਵੀਂ ਰੋਟੀ ਨਸੀਬ ਹੋਈ। ਉਹ ਲੰਗਰ ਸੇਵਾ  ਲੋਹੀਆਂ ਦੇ ਗੁਆਂਢੀ ਪਿੰਡ ਜੱਬੋਵਾਲ ਦੀ ਸੰਗਤ ਵਲੋਂ ਸੀ। ਉਸ ਸੇਵਾ ਵਿੱਚ ਜ਼ੈਲਦਾਰ ਵਧਾਵਾ ਸਿੰਘ ਦੇ ਘਰੋਂ ਮਾਈ ਰਾਜ ਕੌਰ ਦੇ ਭਤੀਜੇ ਵੀ ਸ਼ਾਮਲ ਸਨ। ਉਹ ਸਾਨੂੰ ਆਪਣੇ ਪਿੰਡ ਲੈ ਗਏ। ਮਰ ਗਿਆਂ ਨੂੰ ਯਾਦ ਕਰਕੇ ਖੂਬ ਰੋਏ। 3-4 ਦਿਨ ਉਥੇ ਥਕੇਵਾਂ ਲਾਹਿਆ। ਰੱਜ ਕੇ ਖਾਧਾ ਪੀਤਾ। ਉਪਰੰਤ ਸਾਨੂੰ ਸਾਰਿਆਂ ਨੂੰ ਉਹ ਪਿੰਡ ਟੁਰਨਾ ਛੱਡ ਗਏ।

ਮੇਰੀ ਸ਼ਾਦੀ ਜੱਕੋਪੁਰੀਆ ਸ. ਪਿਆਰਾ ਸਿੰਘ ਨਾਲ ਹੋਈ। ਇਸ ਵਕਤ ਮੈਂ ਦਾਨੇਵਾਲ- ਸ਼ਾਹਕੋਟ ਵਿਚ ਆਪਣੇ ਪੁੱਤਰ ਕੁਲਦੀਪ ਸਿੰਘ/ਸ਼ਰਨਜੀਤ ਕੌਰ ਨਾਲ ਜਿੰਦਗੀ ਦੀ ਸ਼ਾਮ ਹੰਢਾਅ ਰਹੀ ਆਂ।'47ਭਲੇ ਬਹੁਤ ਖੌਫ਼ਨਾਕ ਸੀ,ਅੱਜ ਵੀ ਯਾਦ ਆਉਣ ਤੇ ਰੂਹ ਕੰਬ ਉੱਠਦੀ ਹੈ ਪਰ ਸੁਪਨੇ ਵਿੱਚ ਮੈਂ ਅੱਜ ਵੀ ਆਪਣੀ ਜੰਮਣ ਭੋਇੰ, ਹਵੇਲੀ,ਖੇਤ ਖਲਿਆਨ ਵੇਖ ਆਉਂਦੀ ਹਾਂ।"
PunjabKesari
ਮਾਈ ਸਲਵੰਤ ਕੌਰ ਦੇ ਤਾਇਆ ਜੀ ਦੇ ਪੁੱਤਰ ਸ. ਕਰਤਾਰ ਸਿੰਘ ਲੰਬੜਦਾਰ ਪੁੱਤਰ ਸ.ਜਵਾਲਾ ਸਿੰਘ ਪਿੰਡ ਟੁਰਨਾ ਤੋਂ ਬੋਲੇ, "ਧਾੜਵੀਆਂ/ਬਲੋਚ ਮਿਲਟਰੀ ਵਲੋਂ ਮਾਰੇ ਜਾਣ ਵਾਲਿਆਂ ਵਿੱਚ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਦਾ ਪਰਿਵਾਰ,ਖੰਡ ਡੀਪੂ ਵਾਲੇ ਸੋਹਣ ਸਿੰਘ ਦੇ ਬੇਟੇ ਦਰਸ਼ਣ,ਤਾਰੂ,ਬੇਟੀ ਜਗੀਰੋ,ਪਤਨੀ ਈਸ਼ਰ ਕੌਰ,ਭਰਾ ਚਾਨਣ ਅਤੇ ਭਗਵਾਨ ਸਿੰਘ ਦੇ ਪਰਿਵਾਰ। ਲੰਬੜਦਾਰ ਹਜ਼ਾਰਾ ਸਿੰਘ ਦਾ ਛੋਟਾ ਬੇਟਾ। ਕਬੱਡੀ ਖਿਡਾਰੀ ਸੂਬਾ ਸਿੰਘ ਸਮੇਤ ਪਰਿਵਾਰ ਅਤੇ ਸਾਡੇ ਪਰਿਵਾਰ ਚੋਂ,ਤਾਇਆ ਜ਼ੈਲਦਾਰ ਵਧਾਵਾ ਸਿੰਘ,ਉਦੇ ਘਰੋਂ ਰਾਜ ਕੌਰ। ਚਾਚਾ ਕਿਸ਼ਨ ਸਿੰਘ, ਉਦੇ ਘਰੋਂ ਜੀਵਨ ਕੌਰ, ਉਨ੍ਹਾਂ ਦੇ ਬੇਟੇ ਜਸਵੰਤ ਸਿੰਘ,ਭਜਨ ਸਿੰਘ, ਜਗਜੀਤ ਸਿੰਘ,ਬੇਟੀ ਕਰਤਾਰ ਕੌਰ, ਮੇਰਾ ਵੱਡਾ ਭਾਈ ਅਮਰ ਸਿੰਘ। ਗੇਬੋ ਭੂਆ ਦਾ ਪਰਿਵਾਰ, ਸਾਡਾ ਨਾਨਕਾ ਪਰਿਵਾਰ ਆਦਿ ਕੁੱਲ ਮਿਲਾ ਕੇ ਸਾਡੇ 31 ਮੈਂਬਰ ਮਾਰੇ ਗਏ। ਜਦ ਕਿ ਫੁੰਮਣ ਸਿੰਘ ਪੁੱਤਰ ਚਾਨਣ ਸਿੰਘ ਹੁਣ ਪਿੰਡ ਭੱਟੀਆਂ-ਫਿਲੌਰ ਦੇ 28-29 ਪਰਿਵਾਰਕ ਮੈਂਬਰ ਮਾਰੇ ਗਏ। ਸੱਭ ਤੋਂ ਭੈੜੀ ਜ਼ਕਰੀਏ ਦੇ ਵਾਰਸਾਂ ਇਹ ਕੀਤੀ ਕਿ ਜ਼ੈਲਦਾਰ ਵਧਾਵਾ ਸਿੰਘ ਦਾ ਸਿਰ ਕਲਮ ਕਰ,ਨੇਜ਼ੇ ਤੇ ਟੰਗ ਕੇ ਪਿੰਡ ਵਿੱਚ ਜੇਤੂ ਜਲੂਸ ਕੱਢਿਆ ਗਿਆ।ਕਰੀਬ 70 ਫ਼ੀਸਦ ਪਿੰਡ ਦੇ ਲੋਕ ਦੰਗੱਈਆਂ ਵਲੋਂ ਕੋਹ ਕੋਹ ਕੇ ਆਜ਼ਾਦੀ ਦੀ ਭੇਟ ਚਾੜ੍ਹ ਦਿੱਤੇ। ਉਨ੍ਹਾਂ ਨੂੰ ਸੰਸਕਾਰ ਨਸੀਬ ਹੋਇਆ ਨਾ ਕੋਈ ਰੋਣ ਵਾਲਾ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ


author

Anmol Tagra

Content Editor

Related News