1947 ਹਿਜਰਤਨਾਮਾ-2 : ਸੰਤੋਖ ਸਿੰਘ ਵਲਦ ਸਾਧੂ ਸਿੰਘ ਵਲਦ ਅਮਰ ਸਿੰਘ ਦੀ ਕਹਾਣੀ (ਵੀਡੀਓ)

04/13/2020 4:54:26 PM

ਸਤਵੀਰ ਸਿੰਘ ਚਾਨੀਆਂ

92560-73526

ਮੈਂ ਸੰਤੋਖ ਸਿੰਘ ਵਲਦ ਸਾਘੂ ਸਿੰਘ ਵਲਦ ਅਮਰ ਸਿੰਘ ਧਾਲੀਵਾਲ, ਵਾਸੀ ਪਿੰਡ ਬਜੂਹਾਂ ਖੁਰਦ ਤਹਿ: ਨਕੋਦਰ ਜ਼ਿਲਾ ਜਲੰਧਰ ਬੋਲ ਰਿਹੈ। ਸਾਡਾ ਪਿਛਲਾ ਜੱਦੀ ਪਿੰਡ ਧਾਲੀਵਾਲ ਮੰਜਕੀ ਹੈ। ਮੇਰਾ ਬਾਪੂ ਸਾਧੂ ਸਿੰਘ ਅਤੇ ਮੇਰਾ ਤਾਇਆ ਬਖਸ਼ੀਸ਼ ਸਿੰਘ ਹੋਰੀ ਰੌਲਿਆਂ ਤੋਂ ਕੋਈ 20 ਕੁ ਸਾਲ ਪਹਿਲਾਂ ਚੱਕ ਨੰ 14 'ਚ ਤਹਿ; ਜਹਾਨੀਆਂ ਜ਼ਿਲਾ ਮੁਲਤਾਨ 'ਚ ਹਾਲੇ ਉਪਰ ਜ਼ਮੀਨ ਲੈ ਕੇ ਖੇਤੀ ਕਰਨ ਦੇ ਮਨਸ਼ੇ ਨਾਲ ਗਏ।

5-7 ਸਾਲ ਉੱਥੇ ਰਹੇ ਪਰ ਕੰਮ ਬਹੁਤਾ ਰਾਸ ਨਾ ਆਇਆ। ਫਿਰ ਇੱਥੋਂ ਉੱਠ ਕੇ ਚੱਕ 18 'ਚ ਚਲੇ ਗਏ। ਉੱਥੇ ਕਰਾੜਾ/ ਬਾਮੀਆਂ ਪਾਸੋਂ ਕਰੀਬ 10-12 ਏਕੜ ਜ਼ਮੀਨ ਕਿਰਾਏ 'ਤੇ ਲੈ ਕੇ ਖੇਤੀ ਕਰਦੇ ਰਹੇ। ਜ਼ਮੀਨ ਨਹਿਰੀ ਸੀ। ਫਸਲਾਂ ਭਰਪੂਰ ਹੁੰਦੀਆਂ ਸਨ।

ਨਰਮਾਂ, ਕਣਕ ਅਤੇ ਜੁਆਰ ਬਾਜਰਾ ਫਸਲਾਂ ਹੀ ਬੀਜਦੇ ਸਾਂ। ਬਜ਼ੁਰਗ ਫਸਲ ਨੂੰ ਗੱਡਿਆਂ ਤੇ ਲੱਦ ਦੇ ਜਹਾਨੀਆਂ ਮੰਡੀ 'ਚ ਵੇਚ ਕੇ ਆਉਂਦੇ। ਸਟੇਸ਼ਨ ਵੀ ਸਾਨੂੰ ਜਹਾਨੀਆਂ ਮੰਡੀ ਦਾ ਹੀ ਲੱਗਦਾ ਸੀ। ਕਿਧਰੇ ਮੁਲਤਾਨ ਜਾਂ ਲਾਹੋਰ ਨੂੰ ਜਾਣਾ ਹੁੰਦਾ ਤਾਂ ਇੱਥੋਂ ਹੀ ਗੱਡੀ ਚੜ੍ਹਦੇ ਸਾਂ।

ਮੇਰਾ ਜਨਮ ਉਧਰ 18 ਚੱਲ 'ਚ ਹੀ 1935 ਦਾ ਹੈ, ਜਿਸ ਸਮੇਂ ਰੌਲੇ ਪਏ ਤਾਂ ਤਦੋਂ ਮੇਰੀ ਨਿਆਣੀ ਉਮਰ ਕੇਵਲ 12ਕੁ ਸਾਲ ਦੀ ਹੀ ਸੀ। ਇਸ ਕਰਕੇ ਮੈਨੂੰ ਤਦੋਂ ਦੇ ਹਾਲਾਤਾਂ ਜਾਂ ਆਲੇ-ਦੁਆਲੇ ਦਾ ਬਹੁਤਾ ਚੇਤਾ ਨਹੀਂ ਹੈ। ਨਜ਼ਦੀਕੀ ਪਿੰਡਾਂ ਜਾਂ ਇਲਾਕੇ ਦੇ ਚੌਧਰੀਆਂ ਬਾਰੇ ਕੁਝ ਯਾਦ ਨਹੀਂ ਹੈ। ਏਨਾਂ ਕੁ ਯਾਦ ਹੈ ਕਿ ਬਈ ਮੈਂ ਕੁਝ ਹਮ ਉਮਰਾਂ ਨਾਲ ਗਰਮੀਆਂ ਦੀਆਂ ਰੁੱਤਾਂ ਪਿੰਡ ਦੇ ਬਾਹਰ ਵਗਦੇ ਨਹਿਰੀ ਖਾਲਿਆਂ 'ਚ ਨਹਾਉਣਾ ਜਾਈਦਾ ਸੀ।

ਅਸੀਂ 5-7 ਜਣੇ ਹੁੰਦੇ ਸਾਂ। ਮੁਸਲਮਾਨਾਂ ਦਾ ਲੜਕਾ ਰਫੀਕ, ਉਹਦੀ ਭੈਣ ਸ਼ਹੀਦਾਂ ਪਿਓ ਸੀ ਮੁਹੰਮਦ ਰਫੀਕ ਤੇ ਮਾਂ ਸੀ ਤਾਲਿਆ।ਹਿੰਦੂ-ਸਿੱਖਾਂ ਮੁਸਲਮਾਨਾਂ, ਕਰਾੜਾਂ ਅਤੇ ਦਲਿਤਾਂ ਦੇ ਕੋਈ 10-10-12-12 ਘਰ ਸਨ।

ਇਹ ਵੀ ਪੜ੍ਹੋ: ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ

ਜਦ ਰੌਲੇ ਪਏ ਤਾਂ ਸਾਨੂੰ ਇਹਦਾ ਕੋਈ ਇਲਮ ਨਹੀਂ ਸੀ। ਮੇਰਾ ਬਾਪ ਸਾਧੂ ਸਿੰਘ ਹਰ ਸਾਲ ਨੇਮ ਨਾਲ ਮਾਲੜੀ-ਨਕੋਦਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਇਆ ਕਰਦੇ ਸਨ। 1947  ਦਾ ਸ਼ੈਦ ਮਈ ਮਹੀਨਾ ਹੋਵੇਗਾ ਜਦ ਸਾਡਾ ਸਾਰਾ ਪਰਿਵਾਰ ਜਹਾਨੀਆਂ ਤੋਂ ਢਲੀ ਸ਼ਾਮ ਨੂੰ ਮਾਲੜੀ ਜਾਣ ਲਈ ਗੱਡੀ ਚੜਿਆ। ਦੂਜੇ ਦਿਨ ਤੜਕੇ ਹੀ ਅਸੀਂ ਲਾਹੌਰ ਪਹੁੰਚ ਗਏ।

PunjabKesari

ਉੱਥੇ 4-5 ਸਿੱਖਾਂ ਦੀਆਂ ਵੱਡੀਆਂ ਟੁੱਕੀਆਂ ਲਾਸ਼ਾਂ ਦੇਖੀਆਂ ਤਾਂ ਸਭ ਡਰ ਅਤੇ ਸਹਿਮ ਨਾਲ ਭਰ ਗਏ। ਇੱਥੋਂ ਜਲੰਧਰ ਲਈ ਗੱਡੀ ਬਦਲੀ। ਗੱਡੀ 'ਚ ਬੈਠੇ ਹੀ ਸਾਂ ਕਿ ਅਲੀ-ਅਲੀ ਕਰਦਾ ਇਕ ਮੁਸਲਿਮ ਹਜੂਮ ਗੱਡੀ 'ਚੋਂ  ਹਿੰਦੂ- ਸਿੱਖਾਂ ਨੂੰ ਕੱਢ-ਕੱਢ ਮਾਰਨ ਲੱਗਾ।

ਮੇਰੇ ਬਾਪ ਨੂੰ ਵੀ ਖਿੱਚ ਕੇ ਬਾਹਰ ਲੈ ਗਏ, ਜਿਊ ਹੀ ਇਕ ਦੰਗਈ ਪਿਤਾ ਜੀ ਦੇ ਗੰਭਾਸੀ ਮਾਰਨ ਲੱਗਾ ਤਾਂ ਇਕ ਕੌਤਕ ਵਰਤ ਗਿਆ। ਇਕ ਮੁਸਲਮਾਨ ਫੌਜੀ ਸੀ ਜੋ ਕਿ ਮੁਲਤਾਨ ਵੰਨੀਓ ਹੀ ਆਪਣੇ ਪਿੰਡੋਂ ਛੁੱਟੀ ਕੱਟ ਕੇ ਹੁਣ ਜਲੰਧਰ ਛਾਊਣੀ ਦੀ ਤਰਫ ਹੀ ਡਿਊਟੀ ਤੇ ਜਾ ਰਿਹਾ ਸੀ, ਡੱਬੇ ਦੇ ਦਰਵਾਜੇ 'ਚ ਖੜ੍ਹਾ ਸੀ। ਤਦੋਂ ਹੀ ਉਸ ਨੇ ਭੱਜ ਕੇ ਗਡਾਸੀ ਵਾਲੇ ਦਾ ਵਾਰ ਰੋਕਦਿਆਂ ਕਿਹਾ ਕਿ ਕਿਉਂ ਮਾਰਦੈ ਇਹਨੂੰ। ਉਨ੍ਹਾਂ ਨਾਲ ਬਹਿਸ ਕਰਦਿਆਂ ਉਸ ਨੇ ਕਿਹਾ ਕਿ ਇਹ ਸਿੱਖ ਨਹੀਂ ਮੇਰੇ ਪਿੰਡ ਤੋਂ ਹੈ। ਮੈਂ ਇਸ ਨੂੰ ਜਾਤੀ ਤੌਰ 'ਤੇ ਜਾਣਦਾ ਹਾਂ।

ਇਹ ਤੇ ਕੰਮੀਆਂ ਦਾ ਬੰਦਾ ਹੈ। ਸਿੱਖਾਂ ਦੇ ਨੌਕਰ ਹੈ ਸੋ ਉਨ੍ਹਾਂ ਮਗਰ ਲੱਗ ਕੇ ਕੇਸ ਰੱਖ ਲਏ। ਉਹ ਸਾਡੇ ਲਈ ਸਾਬਤ ਹੋਇਆ ਦਰਵੇਸ਼ ਪੁਰਸ਼ ਪਿਤਾ ਜੀ ਨੂੰ ਖਿੱਚ ਕੇ ਅੰਦਰ ਲੈ ਆਇਆ ਅਤੇ ਗੁਸਲਖਾਨੇ 'ਚ ਵਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ। ਅੰਦਰ ਪਿਤਾ ਜੀ ਦਾ ਸੁੱਟ ਘੁੱਟ ਹੋਵੇ। ਕਰੀਬ ਅੱਧਾ ਕੁ ਘੰਟਾ ਗੁਸਲਖਾਨੇ 'ਚ ਰਹੇ ਤੇ ਫਿਰ ਬਾਹਰ ਆਉਣ ਲਈ ਕੁੰਡਾ ਭੰਨਣ ਫਿਰ ਉਸ ਨੂੰ ਬਾਹਰ ਕੱਢ ਕੇ ਸੀਟ ਦੇ ਥੱਲੇ ਲਿਟਾ ਦਿੱਤਾ ਗਿਆ ਤੇ ਸੀਟ ਉੱਪਰ ਬੈਠਿਆਂ ਨੇ ਆਪਣੀਆਂ ਲੱਤਾਂ ਮੋਹਰੇ ਕਰ ਲਈਆਂ।

ਇਵੇਂ ਸਾਡਾ ਬਚਾਅ ਹੋਇਆ। ਐਵੇਂ ਦੁਪਹਿਰ ਤੱਕ ਗੱਡੀ ਉਵੇਂ ਹੀ ਖੜ੍ਹੀ ਰਹ, ਚੱਲਣ ਦਾ ਨਾਂ ਹੀ ਨਾ ਲਵੇ ਤੇ ਫਿਰ ਚੱਲ ਪਈ ਤਾਂ ਹਨੇਰ ਹੁੰਦਿਆਂ ਗੱਡੀ ਜਲੰਧਰ ਸਟੇਸ਼ਨ ਤੇ ਜਾ ਲੱਗੀ। ਤਦੋਂ ਹੀ ਨਕੋਦਰ ਵਾਲੀ ਗੱਡੀ ਫੜ੍ਹ ਕੇ ਥਾਬਲਲਕੇ ਸਟੇਸ਼ਨ ਜਾ ਉਤਰੇ।

ਅੱਧੀ ਰਾਤ ਹੁੰਦਿਆਂ ਗੱਡੀ ਜਲੰਧਰ ਸਟੇਸ਼ਨ ਤੇ ਜਾ ਲੱਗੀ। ਤਦੋਂ ਹੀ ਨਕੋਦਰ ਵਾਲੀ ਗੱਡੀ ਫੜ ਕੇ ਥਾਬਲਕੇ ਸਟੇਸ਼ਨ ਜਾ ਉਤਰੇ। ਅੱਧੀ ਰਾਤ ਹੁੰਦਿਆਂ ਆਪਣੇ ਜੱਦੀ ਪਿੰਡ ਧਾਲੀਵਾਲ ਮੰਜਕੀ ਆ ਅੱਪੜੇ।ਮੇਰੇ ਤਾਇਆ ਜੀ ਬਖਸ਼ੀਸ ਸਿੰਘ ਹੋਰੀ ਆਪਣੇ ਪਰਿਵਾਰ ਨਾਲ ਦੋ ਕੁ ਮਹੀਨੇ ਪੱਛੜ ਕੇ ਆਏ। ਜਦ ਰੌਲਿਆਂ ਦਾ ਸਿਖਰ ਸੀ।

ਉਹ ਪਿੰਡੋਂ 18 ਚੱਲ ਤੋਂ ਜਹਾਨੀਆਂ ਕੈਂਪ 'ਚ ਤੇ ਕੈਂਪ ਤੋਂ ਚੱਲ ਕੇ ਗੱਡਿਆਂ ਦੇ ਕਾਫਲੇ ਨਾਲ, ਰਸਤੇ ਦੀਆਂ ਦੁਸ਼ਵਾਰੀਆਂ ਝੱਲਦਿਆਂ ਸਹੀ ਸਲਾਮਤ ਪਿੰਡ ਆਣ ਪਹੁੰਚੇ। ਮੀਂਹ, ਹੁਮਸ ਅਤੇ ਗਰਮੀ ਜਾ ਜਿਥੇ ਜ਼ੋਰ ਸੀ, ਉੱਥੇ ਬਹੁਤੇ ਮਜਬੀ ਤੁਅੱਸਬ, ਫਿਰਕਾ ਪ੍ਰਸਤੀ ਅਤੇ ਕਤਲੋਗਾਰਤ ਕਰਕੇ ਹਰ ਵੇਲੇ ਸੂਲੀ ਟੰਗੇ ਪਹਿਰ ਸਨ।

ਅਸੀਂ ਬਾਕੀਆਂ ਵਲ ਦੇਖਾ-ਦੇਖੀ ਗੁਆਂਢੀ ਪਿੰਡ ਥਜੂਹਾਂ ਖੁਰਦ ਵਿਖੇ ਮੁਸਲਿਮਾਂ ਵਲੋਂ ਖਾਲੀ ਹੋਏ ਮਕਾਲ ਅਤੇ ਜ਼ਮੀਨ ਸਾਂਭ ਲਈਆਂ। ਮਕਾਨ ਤਾਂ ਅਸੀਂ ਸਾਭੀ-ਰੱਖਿਆ ਪਰ ਜ਼ਮੀਨ ਸਾਨੂੰ ਕੋਈ ਅਲਾਟ ਨਾ ਹੋਈ। ਕਿਉਂ ਜੋ ਸਾਡੀ ਉਧਰ ਬਾਰ 'ਚ ਆਪਣੀ ਕੋਈ ਜ਼ਮੀਨ ਨਹੀਂ ਸੀ। ਕਰਾੜਾਂ ਪਾਸੋਂ ਹਾਲੇ ਤੇ ਲੈ ਕੇ ਵਾਹੁੰਦੇ ਸਾਂ।

ਜੋ ਪਰਿਵਾਰਕ ਜ਼ਮੀਨ ਸੀ ਉਹ ਵੀ ਵੰਡ 'ਚ ਘੱਟ ਗਈ। ਸਿੱਟਾ ਇਹ ਹੋਇਆ ਕਿ ਕੁਝ ਜ਼ਮੀਨ ਮੁੱਲ ਲੈ ਕੇ ਕੇਵਲ ਇਕ ਏਕੜ ਹੀ ਹੈ। ਸੋ ਮੇਰੇ ਦੋਵੇਂ ਬੇਟੇ ਕਿਰਸਾਨੀ ਜੱਦੀ ਪੁਸ਼ਤੀ ਕਿੱਤਾ ਛੱਡ ਕੇ ਹੋਰ ਕੰਮ ਕਰਦੇ ਪਏ ਨੇ। ਸੋਚਦਾ ਹਾਂ ਕਿ ਉਹ ਵੀ ਦਿਨ ਚੰਗੇ ਸਨ।

ਜਦ ਸਾਰੀਆਂ ਕੌਮਾਂ ਸੁਖੀ ਜੀਵਨ ਜਿਊਦੀਆਂ ਸਨ। ਰੌਲਿਆਂ ਵੇਲੇ ਮਾੜੀ ਬਿਰਤੀ ਵਾਲੇ ਕਈ ਲੋਕਲ ਚੌਧਰੀਆਂ ਤੇ ਕੁਝ ਲੁੱਟ ਖੋਹ ਦੀਆਂ ਨੀਅਤ ਵਾਲਿਆਂ ਮਜ਼ਹਬ ਦੇ ਨਾਂ ਤੇ ਹਜ਼ੂਮ ਦੇ ਨਾਂ ਤੇ ਹਜ਼ੂਮ ਨੂੰ ਭੜਕਾ-ਭੜਤਾ, ਕਤਲੋਗਾਰਤ ਕਰਾਈ ਜਿਸ ਨਾਲ ਉਪਜੀ ਫਿਰਕਾਪ੍ਰਸਤੀ ਨੇ ਪੀੜੀਆਂ ਦਾ ਪਾੜਾ ਪਾ ਦਿੱਤਾ।


Shyna

Content Editor

Related News