ਗੁਰੂ ਨਾਨਕ ਨਾਲ ਚੱਲਦਿਆਂ

11/26/2020 3:44:01 PM

ਡਾ. ਬਲਕਾਰ ਸਿੰਘ
9316301328

ਇਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਗੁਰਪੁਰਬਾਂ ਰਾਹੀਂ ਸਮਝਣ ਦੀ ਲੋੜ ਪੈ ਗਈ ਹੈ। ਗੁਰਪੁਰਬਾਂ ਦਾ, ਜੋ ਮਹੱਤਵ ਧਰਮ ਵਿਚ ਹੈ, ਮੇਲਿਆਂ ਦਾ ਓਹੋ ਜਿਹਾ ਮਹੱਤਵ ਸਭਿਆਚਾਰ ਵਿਚ ਹੈ। ਗੁਰਪੁਰਬ ਅਤੇ ਮੇਲੇ ਨਾਲ ਨਾਲ ਚੱਲਦੇ ਰਹਿੰਦੇ ਹਨ ਅਤੇ ਨਾਲ-ਨਾਲ ਚੱਲਦੇ ਰਹਿਣਗੇ, ਕਿਉਂਕਿ ਧਰਮ ਤੇ ਸਭਿਆਚਾਰ ਨਾਲ-ਨਾਲ ਚੱਲਦੇ ਰਹੇ ਹਨ ਅਤੇ ਚੱਲਦੇ ਵੀ ਰਹਿਣੇ ਹਨ। ਮੁਸ਼ਕਲ ਓਦੋਂ ਪੈਦਾ ਹੁੰਦੀ ਹੈ, ਜਦੋਂ ਮੇਲਾ, ਧਰਮ ਲੱਗਣ ਲੱਗ ਪਵੇ ਅਤੇ ਧਰਮ, ਮੇਲਾ ਲੱਗਣ ਲੱਗ ਪਵੇ। ਅੱਜ ਕਲ ਇਹੀ ਵਾਪਰ ਰਿਹਾ ਹੈ। ਇਸ ਨਾਲ ਧਰਮ ਦਾ ਪ੍ਰਭਾਵ ਬਦਲਣ ਲੱਗ ਪਿਆ ਹੈ। ਮੇਲੇ ਵਿਚ ਉਸ ਤਰ੍ਹਾਂ ਮੇਲੀ ਹੋਣ ਦੀ ਲੋੜ ਨਹੀਂ ਪੈਂਦੀ, ਜਿਵੇਂ ਗੁਰਪੁਰਬ ਵਿਚ ਧਰਮੀ ਹੋਣ ਦੀ ਲੋੜ ਪੈਂਦੀ ਹੈ। 

ਧਰਮ, ਵਿਸ਼ਵਾਸ਼ ਨਾਲ ਬੱਝੀ ਹੋਈ ਪਵਿੱਤਰ ਭਾਵਨਾ ਹੈ ਅਤੇ ਮੇਲਾ, ਮੌਜ ਮਸਤੀ ਲਈ ਮਿਲਿਆ ਹੋਇਆ ਸਮਾਜਿਕ ਅਵਸਰ ਹੈ। ਧਾਰਮਿਕ ਉਤਸਵਾਂ ਵਿਚ ਬੰਦੇ ਨੂੰ ਜਗਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਅਜਿਹਾ ਕਰਨ ਦੀ ਪ੍ਰੇਰਨਾ ਸਬੰਧਿਤ ਧਰਮ ਦੇ ਧਾਰਮਿਕ ਗ੍ਰੰਥ ਤੋਂ ਲੈਣੀ ਹੁੰਦੀ ਹੈ। ਮੇਲਿਆਂ ਵਿਚ ਇਹੋ ਜਿਹਾ ਕੋਈ ਬੰਧਨ ਨਹੀਂ ਪਾਲਿਆ ਜਾਂਦਾ ਅਤੇ ਵਕਤੀ ਸੰਤੁਸ਼ਟੀਆਂ ਨੂੰ ਟੁਕੜਿਆਂ ਵਿਚ ਹੰਢਾਉਣ ਵਾਸਤੇ ਮਿਲੇ ਹੋਏ ਮੌਕੇ ਹੀ ਮੇਲਾ ਹੋ ਜਾਂਦੇ ਹਨ। ਮੇਲਿਆਂ ਵਿਚ ਭੀੜ ਜਿਧਰ ਵੀ ਆਵੇ ਆ ਜਾ ਸਕਦੀ ਹੈ ਪਰ ਧਾਰਮਿਕ ਉਤਸਵਾਂ ਵਿਚ ਮਿਥੀ ਹੋਈ ਸੇਧ ਵਿਚ ਤੁਰਨਾ ਚਾਹੀਦਾ ਹੈ। 

ਮੇਲੇ ਅਤੇ ਧਰਮ ਵੱਖ-ਵੱਖ ਪ੍ਰਗਟਾਵੇ ਹਨ ਅਤੇ ਇਹ ਨਾਲ-ਨਾਲ ਤੁਰਦੇ ਰਹਿਣ ਦੇ ਬਾਵਜੂਦ ਇਕ ਦੂਜੇ ਦਾ ਰਾਹ ਨਹੀਂ ਰੋਕਦੇ। ਇਨ੍ਹਾਂ ਦੋਹਾਂ ਦਾ ਇਕ ਦੂਜੇ ਨਾਲ ਪੈਦਾ ਹੋ ਗਿਆ ਉਲਝਾ ਬਹੁਤਾ ਪੁਰਾਣਾ ਨਹੀਂ ਹੈ। ਨਵੇਂ ਜਮਾਨੇ ਵਿਚ ਪੈਦਾ ਹੋਈ ਨਵੀਂ ਸੋਚ ਵੱਲੋਂ ਕੀਤੀਆਂ ਗਈਆਂ ਮਨਮਰਜ਼ੀਆਂ ਵਿਚ ਧਰਮ ਨੂੰ ਲੋੜ ਅਨੁਸਾਰ (ਸਵਾਦਾਨੁਕੂਲ) ਵਰਤਣ ਦੇ ਸੁਭਾ ਨੂੰ ਪਹਿਲ ਮਿਲ ਗਈ ਹੈ। ਮਿਸਾਲ ਦੇ ਤੌਰ ’ਤੇ ਜਿਹੜਾ ਵਿਦਿਆਰਥੀ ਮਿਹਨਤ ਨਹੀਂ ਕਰਦਾ ਅਤੇ ਇਮਤਿਹਾਨ ਦੇ ਮੌਕੇ ਸੁਖਨਾ ਸੁਖਦਾ ਫਿਰਦਾ ਹੈ, ਉਹ ਇਕ ਪਾਸੇ ਧਰਮ ਨੂੰ ਆਪਣੇ ਲਾਲਚ ਲਈ ਵਰਤਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦੂਜੇ ਪਾਸੇ ਧਰਮ ਨਾਲੋਂ ਟੁੱਟਣ ਦੇ ਬਹਾਨੇ ਪੈਦਾ ਕਰਦਾ ਹੈ। ਇਹੋ ਜਿਹੀ ਮਾਨਸਿਕਤਾ ਵਾਲੇ ਧਰਮ ਨੂੰ ਮੇਲਿਆਂ ਵਾਂਗ ਲੈਣ ਵਾਲੇ ਰਾਹ ਪੈ ਜਾਂਦੇ ਹਨ।

ਇਹ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਗਿਆਸੂ ਨੂੰ ਬਾਣੀ ਦੇ ਲੜ ਲਾਇਆ ਸੀ ਅਤੇ ਏਸੇ ਦੀ ਨਿਰੰਤਰਤਾ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ-ਗੁਰੂ ਵਜੋਂ ਸਥਾਪਤ ਕਰ ਦਿੱਤਾ ਸੀ। ਇਸ ਦਾ ਅਰਥ ਇਹ ਹੈ ਕਿ ਕਿਸੇ ਵੀ ਸਥਿਤੀ ਵਿਚ ਕਿਸੇ ਵੀ ਸਮੱਸਿਆ ਦੇ ਹੱਲ ਵਾਸਤੇ ਲੋੜੀਂਦੀ ਸੇਧ ਬਾਣੀ ਤੋਂ ਲੈਣੀ ਚਾਹੀਦੀ ਹੈ। ਇਹੀ ਰਾਹ ਹੈ, ਜਿਸ ’ਤੇ ਚਲਦਿਆਂ ਧਰਮ ਦੀ ਅਗਵਾਈ ਵਿਚ ਚੱਲਿਆ ਜਾ ਸਕਦਾ ਹੈ। ਧਰਮ, ਬੰਦੇ ਨੂੰ ਆਪਾ ਪੜਚੋਲ ਦੀ ਜਾਂਚ ਸਿਖਾਉਂਦਾ ਹੈ। ਬੰਦਾ ਜਿਵੇਂ ਆਪਣੇ ਆਪ ਨੂੰ ਆਪ ਸਮਝ ਸਕਦਾ ਹੈ, ਉਸ ਤਰ੍ਹਾਂ ਕੋਈ ਦੂਸਰਾ ਨਹੀਂ ਸਮਝ ਸਕਦਾ। ਇਸ ਸਚਾਈ ਨੂੰ ਦ੍ਰਿੜ੍ਹ ਕਰਵਾਉਣ ਵਾਸਤੇ ਬਾਣੀ ਵਿਚ ਆਇਆ ਹੈ ਕਿ "ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ"॥ 

ਏਸੇ ਜੋਤਿ ਨੂੰ ਜਗਾਉਣ ਦੀ, ਜੋ ਮੁਹਿੰਮ ਗੁਰੂ ਨਾਨਕ ਦੇਵ ਜੀ ਨੇ 550ਸਾਲ ਪਹਿਲਾਂ ਆਰੰਭੀ ਸੀ, ਉਸ ਨੂੰ ਸਿੱਖ-ਧਰਮ ਵਜੋਂ ਮਾਨਤਾ ਮਿਲੀ ਹੋਈ ਹੈ। ਦਸ ਗੁਰੂ ਸਾਹਿਬਾਨ ਏਸੇ ਸੇਧ ਵਿਚ ਸਿੱਖੀ ਦ੍ਰਿੜਾਉਂਦੇ ਰਹੇ ਸਨ। ਗੁਰੂਆਂ ਦਾ ਸਮਾਂ ਢਾਈ ਸਦੀਆਂ (1469-1708) ਦਾ ਬਣਦਾ ਹੈ। ਇਸ ਸਮੇਂ ਵਿਚ ਇਹ ਸਮਝਾਇਆ ਜਾਂਦਾ ਰਿਹਾ ਸੀ ਕਿ ਕਿਸੇ ਵੀ ਇਨਸਾਨ ਦੀ ਸਮਾਜਿਕ ਸਾਖ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾਣਾ ਹੈ ਕਿ ਬੰਦਾ, ਵਿਹਲੜ ਹੋਏਗਾ ਤਾਂ ਕਿਸੇ ਹੋਰ ਦੇ ਆਸਰੇ ਜਿਊਣ ਦਾ ਮੁਥਾਜ ਹੋ ਜਾਏਗਾ। ਮੁਥਾਜ ਹੋਏਗਾ ਤਾਂ ਉਸ ਦਾ ਆਤਮ ਸਨਮਾਨ ਗੁਆਚ ਜਾਏਗਾ। ਏਸੇ ਨੂੰ ਕਿਰਤ ਕਰਣ, ਵੰਡ ਛਕਣ ਅਤੇ ਨਾਮ ਜਪਣ ਦੇ ਗੁਰਮਤਿ ਸਿਧਾਂਤ ਵਾਂਗ ਸਥਾਪਤ ਕੀਤਾ ਹੋਇਆ ਹੈ। ਇਸ ਦਾ ਮੂਲ਼, ਕੰਮ-ਸਭਿਆਚਾਰ ਹੈ। ਕੰਮ-ਸਭਿਆਚਾਰ ਨੂੰ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਦੀ ਮਾਨਸਿਕਤਾ ਵਿਚ ਉਤਾਰਿਆ, ਉਹੀ ਸਿੱਖ ਭਾਈਚਾਰੇ ਦੇ ਲਹੂ ਵਿਚ ਉਤਰਿਆ ਜੱਗ ਜਾਹਰ ਹੋਇਆ ਹੈ।

ਗੁਰੂ ਨਾਨਕ ਦੇਵ ਜੀ ਨੇ ਇਹ ਵੀ ਸਮਝਾਇਆ ਹੈ ਕਿ ਜੋ ਕੁਝ ਬੰਦੇ ਨੂੰ ਬਖਸ਼ਿਸ਼ ਵਾਂਗ ਮਿਲਿਆ ਹੋਇਆ ਹੈ, ਉਸ ਨਾਲ ਛੇੜਛਾੜ ਕਰਕੇ ਖੋਹਾਖਿੰਝੀ ਕਰਣ ਵਾਲਿਆਂ ਨੂੰ ਸਜ਼ਾ ਮਿਲਦੀ ਹੈ। ਇਹ ਸਜ਼ਾ ਸਮਾਜਿਕ ਸਾਖ ਦੇ ਖੁਸ ਜਾਣ ਦੀ ਹੈ (ਜਾ ਕਉ ਕਰਤਾ ਆਪੁ ਖੁਆਏ ਖਸਿ ਲੈ ਚੰਗਿਆਈ)। ਇਹ ਨਹੀਂ ਭੁਲਣਾ ਚਾਹੀਦਾ ਕਿ ਧਰਮ, ਸੁਵਿਧਾ-ਅਵਸਰ ਜਾਂ ਵਕਤੀ ਪ੍ਰਾਪਤੀਆਂ ਨਾਲ ਜੁੜਿਆ ਹੋਇਆ ਮਾਧਿਅਮ ਨਹੀਂ ਹੈ। ਧਰਮ ਤਾਂ ਆਪਣੇ ਸਮੇਂ ਦੇ ਹਾਣ ਦਾ ਹੋ ਸਕਣ ਦਾ ਮਾਰਗ ਦਰਸ਼ਨ ਹੈ। ਅਗਿਆਨੀ ਦਾ ਧਰਮ, ਕੱਟੜਤਾ ਵੱਲ ਲੈ ਕੇ ਜਾਂਦਾ ਹੈ ਅਤੇ ਜਾਗੇ ਹੋਏ ਬੰਦਿਆਂ ਦਾ ਧਰਮ ਸਰਬਤ ਦੇ ਭਲੇ ਵੱਲ ਲੈ ਕੇ ਜਾਂਦਾ ਹੈ। ਕਟੜਤਾ ਨਾਲੋਂ ਤੋੜਕੇ ਸਰਬਤ ਦੇ ਭਲੇ ਨਾਲ ਜੋੜਣ ਨਾਲ ਧਰਮ ਨੂੰ ਗਲ ਪਏ ਢੋਲ ਵਾਂਗ ਵਜਾਉਣ ਦੀ ਲੋੜ ਨਹੀਂ ਪੈਂਦੀ। ਧਰਮ ਤਾਂ ਫਖਰ ਦੀ ਪਹਿਰੇਦਾਰੀ ਵਿਚ ਹੀ ਸੁਰੱਖ਼ਿਅਤ ਰਹਿ ਸਕਦਾ ਹੈ। ਫਖਰ ਗੁਆਚੇ ਤਾਂ ਧਰਮ ਨੂੰ ਪਾਖੰਡ ਵਾਂਗ ਪਾਲਣ ਦੀ ਸਜ਼ਾ ਭੁਗਤਣੀ ਪੈਂਦੀ ਹੈ। ਇਸ ਦੀ ਪੁਸ਼ਟੀ ਆਸਾ ਦੀ ਵਾਰ ਵਿਚੋਂ ਇਸ ਤਰ੍ਹਾਂ ਹੋ ਜਾਂਦੀ ਹੈ:

ਸਲੋਕ ਮ.1॥
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥
ਧੋਤੀ ਟਿਕਾ ਤੈ ਜਪਮਾਲੀਧਾਨੁ ਮਲੇਛਾ ਖਾਈ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥
ਛੋਡੀਲੇ ਪਾਖੰਡਾ॥ਨਾਮਿ ਲਇਐ ਜਾਹਿ ਤਰੰਦਾ॥471

ਗੁਰੂ ਨਾਨਕ ਚੱਲਦਿਆਂ ਸੌਖਿਆਂ ਹੀ ਪਛਾਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਕਿਉਂ ਕਹਿਣਾ ਪਿਆ ਸੀ ਕਿ ਧਾਰਮਿਕ ਸਥਾਨਾਂ ਵਿਚ ਆ ਗਏ ਵਿਗਾੜਾਂ ਕਰਕੇ ਚਾਰ ਚੁਫੇਰਾ ਗਰਕਦਾ ਜਾ ਰਿਹਾ ਹੈ (ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗ)। ਉਨ੍ਹਾਂ ਦੀ ਸਿੱਖਿਆ ਨੂੰ ਭਾਈ ਗੁਰਦਾਸ ਜੀ ਨੇ ਮੱਕਾ ਮਦੀਨਾ ਦੀ ਉਦਾਸੀ ਸਮੇਂ ਕੀਤੇ ਗਏ ਪ੍ਰਸ਼ਨ ਦੇ ਉਤਰ ਨਾਲ ਜੋੜਕੇ ਦਿੱਤਾ ਹੋਇਆ ਹੈ:
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ ਸੁਭਿ ਅਮਲਾਂ ਬਾਝਹੁ ਦੋਨੋ ਰੋਈ।

ਗੁਰੂ ਨਾਨਕ ਦੇਵ ਜੀ ਨਾਲ ਚੱਲਣ ਵਾਲਿਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰਮਤਿ ਅਨੁਸਾਰ ਧਰਮ ਦਾ ਕੰਮ ਮਨੁਖ ਨੂੰ ਉਸ ਦੀ ਮਾਨਸਿਕਤਾ ਮੁਤਾਬਿਕ ਵੇਖਣਾ ਚਾਹੀਦਾ ਹੈ। ਸੋਚ ਅਤੇ ਅਮਲ ਦੀ ਇਕਸੁਰਤਾ ਹੀ ਸਿਹਤਮੰਦ ਮਾਨਸਿਕਤਾ ਸਿਰਜ ਸਕਦੀ ਹੈ। "ਨ ਕੋ ਹਿੰਦੂ ਨ ਮੁਸਲਮਾਨ" ਵਾਲੀ ਸੁਰ ਦੀ ਨਿਰੰਤਰਤਾ ਵਿਚ ਗੁਰੂ ਅਰਜਨ ਦੇਵ ਜੀ ਦੇ ਇਹ ਬਚਨ ਸੰਸਾਰ ਭਰ ਵਾਸਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸੰਦੇਸ਼ ਵਜੋਂ ਲੈਣੇ ਚਾਹੀਦੇ ਹਨ:
ਹਜ ਕਾਬੇ ਜਾਉ ਨ ਤੀਰਥ ਪੂਜਾ॥ਏਕੋ ਸੇਵੀ ਅਵਰ ਨ ਦੂਜਾ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ॥ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥3॥
ਨ ਹਮ ਹਿੰਦੂ ਨ ਮੁਸਲਮਾਨ॥ਅਲਹ ਰਾਮ ਕੇ ਪਿੰਡੁ ਪਰਾਨ॥4॥1136


rajwinder kaur

Content Editor

Related News