ਘੁੱਗੀ ਦੀਆਂ ਝਾਂਜਰਾਂ

02/21/2020 5:16:19 PM

ਬੱਚਿਓ! ਜੋ ਮੈਂ ਤੁਹਾਨੂੰ ਕਹਾਣੀ ਦੱਸਣ ਜਾ ਰਿਹਾ ਹਾਂ, ਇਸ ਕਹਾਣੀ ਤੋਂ ਤੁਹਾਨੂੰ ਸਿੱਖਿਆ ਮਿਲੇਗੀ ਕਿ ਸਾਨੂੰ ਵਾਤਾਵਰਣ ਨੂੰ ਸੰਤੁਲਨ ਰੱਖਣ ਲਈ ਸਭ ਪਸ਼ੂ-ਪੰਛੀਆਂ ਅਤੇ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਪੰਛੀ ਤਾਂ ਬਹੁਤ ਪਿਆਰੇ ਅਤੇ ਅਣਭੋਲ ਹਨ ਜਿਨ੍ਹਾਂ ਨਾਲ ਮੱਲੋ-ਮੱਲੀ ਸਾਡੀ ਹਮਦਰਦੀ ਬਣ ਜਾਂਦੀ ਹੈ ਪਰ ਫਿਰ ਵੀ ਜੇ ਕੋਈ ਮਨੁੱਖ ਅਜਿਹੇ ਪੰਛੀਆਂ ਨੂੰ ਮਾਰਦਾ ਹੈ ਜਾਂ ਤੰਗ ਕਰਦਾ ਹੈ ਤਾਂ ਉਹ ਸਜ਼ਾ ਦਾ ਭਾਗੀ ਬਣ ਜਾਂਦਾ ਹੈ।
ਇਹ ਕਹਾਣੀ ਇਸ ਤਰ੍ਹਾਂ ਹੈ ਕਿ ਬਹੁਤ ਪੁਰਾਣੇ ਸਮੇਂ ਵਿੱਚ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹ ਮਿਹਨਤੀ ਤਾਂ ਸੀ ਪਰ ਜੀਵਾਂ ਪ੍ਰਤੀ ਨਿਰਦੇਈ ਸੀ।
ਉਸਦੇ ਖੇਤ ਪਿੰਡ ਤੋਂ ਥੋੜ੍ਹੀ ਦੂਰੀ ਪਰ ਸਨ। ਉਸਦੇ ਇੱਕ ਖੇਤ ਵਿੱਚ ਇੱਕ ਵੱਡੀ ਟਾਹਲੀ ਦਾ ਰੁੱਖ ਸੀ ਅਤੇ ਇਸ ਟਾਹਲੀ ਦੇ ਸਿਖਰ 'ਤੇ ਇੱਕ ਘੁੱਗੀ ਦਾ ਆਲ੍ਹਣਾ ਸੀ। ਕੁਝ ਸਮੇਂ ਬਾਅਦ ਉਸ ਆਲ੍ਹਣੇ ਵਿੱਚ ਘੁੰਗੀ ਨੇ ਦੋ ਅੱਡੇ ਦਿੱਤੇ, ਜਿਨ੍ਹਾਂ ਵਿਚੋ ਬਹੁਤ ਹੀ ਪਿਆਰੇ-ਪਿਆਰੇ ਘੁੱਗੀ ਦੇ ਦੋ ਬੱਚੇ ਨਿਕਲ ਆਏ। ਘੁੱਗੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ,ਸਮੇਂ-ਸਮੇਂ ਤੋਂ ਉਨ੍ਹਾਂ ਲਈ ਚੌਗਾ ਚੁੱਗ ਕੇ ਲਿਆਉਂਦੀ ਅਤੇ ਬੜੇ ਪਿਆਰ ਨਾਲ ਉਨ੍ਹਾਂ ਦੇ ਮੂੰਹਾਂ ਵਿੱਚ ਪਾਉਂਦੀ। ਮੀਂਹ-ਕਿਣੀ ਜਾਂ ਹਨ੍ਹੇਰੀ ਵਿੱਚ ਆਪਣੇ ਖੰਭਾਂ ਵਿੱਚ ਲੈ ਉਨ੍ਹਾਂ ਦੀ ਰਾਖੀ ਕਰਦੀ। ਛੋਟੇ ਬੱਚੇ ਵੀ ਆਪਣੀ ਮਾਂ ਦੀ ਉਡੀਕ ਕਰਦੇ ਅਤੇ ਜਦੋਂ
ਘੁੱਗੀ ਆਲ੍ਹਣੇ ਵਿੱਚ ਆਉਂਦੀ ਤਾਂ ਆਪਣੀ ਬੋਲੀ ਵਿੱਚ ਉਸਦਾ ਸਵਾਗਤ ਕਰਦੇ ਅਤੇ ਪਿਆਰ ਦਿਖਾਉਂਦੇ।
ਕੁਝ ਦਿਨਾਂ ਬਾਅਦ ਉਸ ਕਿਸਾਨ ਨੇ ਆਪਣੇ ਖੇਤ ਵਿੱਚ ਫ਼ਸਲ ਲਈ ਬੀਜ ਪਾਇਆ ਤਾਂ ਘੁੱਗੀ ਚੰਗਾ ਚੌਗਾ ਮਿਲਣ ਦੀ ਆਸ ਵਿੱਚ ਉਹ ਬੀਜ ਚੁੱਗ ਕੇ ਆਪਣੇ ਬੱਚਿਆਂ ਨੂੰ ਖੁਆਉਣ ਲੱਗੀ। ਕਿਸਾਨ ਨੂੰ ਇਹ ਚੰਗਾ ਨਾ ਲੱਗਿਆ ਤਾਂ ਉਸ ਇੱਕ ਜਾਲ ਲਗਾ ਕੇ ਘੁੱਗੀ ਨੂੰ ਫ਼ੜ ਲਿਆ ਅਤੇ ਉਸਦੇ ਪੈਰ ਬੰਨ੍ਹ ਦਿੱਤੇ। ਕਿਸਾਨ ਪਹਿਲਾ ਤਾਂ ਘੁੱਗੀ ਨੂੰ ਮਾਰਨ ਲੱਗਿਆ ਪਰ ਘੁੱਗੀ ਨੇ ਆਪਣੇ ਛੋਟੇ-ਛੋਟੇ ਦੋ ਬੱਚਿਆਂ ਦਾ ਵਾਸਤਾ ਪਾਇਆ ਤਾਂ ਕਿਸਾਨ ਘੁੱਗੀ ਨੂੰ ਸਜ਼ਾ ਦਿਵਾਉਣ ਲਈ ਅਦਾਲਤ ਵਿੱਚ ਲੈ ਗਿਆ। ਜੱਜ ਸਾਹਿਬ ਨੇ ਕਿਸਾਨ ਨੂੰ ਘੁੱਗੀ ਦਾ ਕਸੂਰ ਦੱਸਣ ਲਈ ਕਿਹਾ ਤਾਂ ਕਿਸਾਨ ਨੇ ਕਿਹਾ,''ਜਨਾਬ! ਮੈਂ ਕੱਲ ਹੀ ਆਪਣੀ ਫਸਲ ਲਈ ਬੀਜ ਪਾਇਆ ਹੈ ਪਰ ਇਹ ਘੁੱਗੀ ਉਹ ਬੀਜ ਚੁੱਗ-ਚੁੱਗ ਕੇ ਆਪਣੇ ਬੱਚਿਆਂ ਨੂੰ ਖੁਆਈ ਜਾਂਦੀ ਹੈ ਅਤੇ ਇਸ ਨੇ ਮੇਰਾ ਬਹੁਤ ਨੁਕਸਾਨ ਕੀਤਾ ਹੈ।''ਇਹ ਸੁਣ ਜੱਜ ਸਾਹਿਬ ਨੇ ਘੁੱਗੀ ਨੂੰ ਆਪਣੀ ਸਫਾਈ ਪੇਸ਼ ਕਰਨ ਲਈ ਕਿਹਾ ਤਾਂ ਘੁੱਗੀ ਬੋਲੀ,''ਜਨਾਬ! ਮੇਰਾ ਆਲ੍ਹਣਾ ਇਸ ਕਿਸਾਨ ਦੇ ਖੇਤ ਵਿੱਚ ਟਾਹਲੀ ਦੇ ਸਿਖਰ 'ਤੇ ਹੈ, ਮੇਰੇ ਦੋ ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਨੂੰ ਛੱਡ ਮੈਂ ਦੂਰ ਨਹੀਂ ਸੀ ਜਾ ਸਕਦੀ, ਇਸ ਲਈ ਮੈਂ ਉਸੇ ਖੇਤ 'ਚੋਂ ਕੁੱਝ ਦਾਣੇ ਚੁੱਗ ਕੇ ਬੱਚਿਆਂ ਨੂੰ ਚੌਗਾ ਦਿੱਤਾ ਹੈ ਪਰ ਇਸ ਕਿਸਾਨ ਨੇ ਮੈਨੂੰ ਫੜ ਤੁਹਾਡੇ ਕੋਲ ਪੇਸ਼ ਕੀਤਾ ਹੈ। ਮੇਰੇ ਛੋਟੇ-ਛੋਟੇ ਬੱਚੇ ਭੁੱਖ ਨਾਲ ਤੜਫ਼ ਰਹੇ ਹੋਣਗੇ, ਜੇ ਮੀਂਹ ਜਾਂ ਹਨ੍ਹੇਰੀ ਆ ਗਈ ਤਾਂ ਉਹ ਮਰ ਜਾਣਗੇ, ਉਹ ਮੇਰੇ ਬਿਨਾਂ ਜਿਉਂਦੇ ਨਹੀਂ ਰਹਿਣਗੇ। ਨਾਲੇ ਮੇਰੇ ਤਾਂ ਕੋਈ ਖੇਤ ਨਹੀਂ, ਅਸੀਂ ਪੰਛੀਆਂ ਨੇ ਤਾਂ ਮਨੁੱਖਾਂ ਦੇ ਖੇਤਾਂ ਵਿਚੋਂ ਹੀ ਚੌਗਾ ਲੈਣਾ ਹੁੰਦਾ ਹੈ। ਮੈਨੂੰ ਮੇਰੇ ਬੱਚਿਆਂ ਕੋਲ ਛੇਤੀ ਜਾਣ ਦਿਓ ਅਤੇ ਮੇਰੀਆਂ ਬੇੜੀਆਂ ਖੋਲ੍ਹ ਦਿਓ।'' ਇੰਨਾ ਕਹਿੰਦੇ-ਕਹਿੰਦੇ ਘੁੱਗੀ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਆਏ।ਇਹ ਦੇਖ ਜੱਜ ਸਾਹਿਬ ਨੂੰ ਕਿਸਾਨ ਤੇ ਗੁੱਸਾ ਆਇਆ ਅਤੇ ਕਿਹਾ, ''ਓਹ ਭਲੇ ਮਨੁੱਖ, ਤੈਨੂੰ ਪੰਛੀਆਂ ਤੇ ਤਰਸ ਨਹੀਂ ਆਉਂਦਾ? ਥੋੜ੍ਹੇ ਜਿਹੇ ਦਾਣਿਆਂ ਕਾਰਨ ਤੂੰ ਘੁੱਗੀ ਨੂੰ ਬੇੜੀਆਂ ਪਾ ਦਿੱਤੀਆਂ। ਉਧਰ ਉਸਦੇ ਬੱਚੇ ਉਸਨੂੰ ਉਡੀਕ ਰਹੇ ਹਨ।''
ਇਹ ਕਹਿ ਜੱਜ ਥੋੜ੍ਹੀ ਦੇਰ ਲਈ ਚੁੱਪ ਹੋ ਗਿਆ ਅਤੇ ਫਿਰ ਕਿਹਾ,''ਸਜ਼ਾ ਘੁੱਗੀ ਨੂੰ ਨਹੀਂ ਕਿਸਾਨ ਨੂੰ ਮਿਲਣੀ ਚਾਹੀਦੀ ਹੈ, ਉਸ ਨੇ ਘੁੱਗੀ ਵਰਗੇ ਅਮਨ-ਪਸੰਦ ਪੰਛੀ ਨੂੰ ਤੰਗ ਕੀਤਾ ਹੈ, ਇਸ ਲਈ ਕਿਸਾਨ ਨੂੰ ਬੇੜੀਆਂ ਲੱਗਣਗੀਆਂ ਅਤੇ ਉਹ ਘੁੱਗੀ ਲਈ ਚਾਂਦੀ ਦੀਆਂ ਝਾਂਜਰਾਂ ਬਣਵਾ ਕੇ ਪਾਵੇਗਾ।''ਜੱਜ ਸਾਹਿਬ ਦੇ ਹੁਕਮ 'ਤੇ ਤੁਰੰਤ ਕਾਰਵਾਈ ਕੀਤੀ ਗਈ। ਘੁੱਗੀ ਨੂੰ ਸੋਹਣੀਆਂ ਜਿਹੀਆਂ ਚਾਂਦੀ ਦੀਆਂ ਝਾਂਜਰਾਂ ਬਣਵਾ ਕੇ ਪਾਈਆਂ ਗਈਆਂ ਅਤੇ ਉਸਦੇ ਪੈਰ ਖੋਲ੍ਹ ਦਿੱਤੇ ਗਏ ਤਾਂ ਘੁੱਗੀ ਜੱਜ ਸਾਹਿਬ ਦਾ ਧੰਨਵਾਦ ਕਰਦੀ ਹੋਈ ਆਪਣੇ ਬੱਚਿਆਂ ਵੱਲ ਉਡਦੀ ਜਾ ਰਹੀ, ਸਭ ਨੂੰ ਦੱਸ ਰਹੀ ਸੀ-
ਘੁੱਗੀ ਝਾਂਜਰਾਂ ਪੁਆਵੇ,
ਕਿਸਾਨ ਬੇੜੀਆਂ ਪੁਆਵੇ।
ਘੁੱਗੀ ਦੇ ਦੋਵੇ ਛੋਟੇ-ਛੋਟੇ ਬੱਚੇ ਆਪਣੀ ਮਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਹ ਮਾਂ ਦੇ ਪਿਆਰ ਵਿੱਚ ਆਪਣੀ ਭੁੱਖ ਵੀ ਭੁੱਲ ਗਏ।

ਬਹਾਦਰ ਸਿੰਘ ਗੋਸਲ,
ਮਕਾਨ ਨੰਬਰ 3098, ਸੈਕਟਰ-37ਡੀ,
ਚੰਡੀਗੜ੍ਹ। ਮੋ. ਨੰ: 98764-52223


Aarti dhillon

Content Editor

Related News