ਜਨਮ ਦਿਨ ''ਤੇ ਵਿਸ਼ੇਸ਼: ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ
01/28/2023 11:37:32 AM

ਦੇਸ਼ ਲਈ ਆਪਣੀ ਜਾਨ ਵਾਰ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਅਤੇ ਕ੍ਰਾਂਤੀਕਾਰੀਆਂ ’ਚ ਨਵੀਂ ਸ਼ਕਤੀ ਦਾ ਸੰਚਾਰ ਕਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਏ ‘ਪੰਜਾਬ ਕੇਸਰੀ’ ਦੇ ਨਾਂ ਨਾਲ ਮਸ਼ਹੂਰ ਲਾਲਾ ਲਾਜਪਤ ਰਾਏ ਜੀ ਦਾ ਜਨਮ 28 ਜਨਵਰੀ, 1865 ਨੂੰ ਪੰਜਾਬ ਦੇ ਜਗਰਾਓਂ ਕੋਲ ਸਥਿਤ ਢੁੱਡੀਕੇ ਪਿੰਡ ’ਚ ਰਾਧਾ ਕ੍ਰਿਸ਼ਨ ਜੀ ਦੇ ਘਰ ਮਾਤਾ ਗੁਲਾਬ ਦੇਵੀ ਦੇ ਗ੍ਰਹਿ ’ਚ ਹੋਇਆ। ਪਿਤਾ ਜੀ ਅਧਿਆਪਕ ਸਨ ਅਤੇ ਸ਼ੁੱਧ ਵਿਚਾਰਾਂ ਵਾਲੇ ਧਾਰਮਿਕ ਸੁਭਾਅ ਦੇ ਬਹੁਤ ਹੀ ਵਿਦਵਾਨ ਵਿਅਕਤੀ ਸਨ, ਜਿਸ ਦਾ ਪੂਰਾ ਪ੍ਰਭਾਵ ਬਾਲਕ ਲਾਜਪਤਰਾਏ ’ਤੇ ਪਿਆ। ਲਾਲਾ ਜੀ ਦੀ ਉੱਚ ਸਿੱਖਿਆ ਲਾਹੌਰ ’ਚ ਹੋਈ। ਵਕਾਲਤ ਪਾਸ ਕਰਨ ਤੋਂ ਬਾਅਦ ਜਦੋਂ ਪਿਤਾ ਜੀ ਦਾ ਤਬਾਦਲਾ ਹਿਸਾਰ ਹੋ ਗਿਆ ਤਾਂ ਹਿਸਾਰ ’ਚ ਹੀ ਵਕਾਲਤ ਕਰਨ ਲੱਗੇ ਅਤੇ ਵਕਾਲਤ ਦੇ ਨਾਲ-ਨਾਲ ਸਮਾਜਿਕ ਕੰਮਾਂ ’ਚ ਹਿੱਸਾ ਲੈਣ ਲੱਗੇ।
ਮਾਂ-ਬਾਪ ਤੋਂ ਮਿਲੇ ਸੰਸਕਾਰਾਂ ਦੇ ਕਾਰਨ ਬਚਪਨ ਤੋਂ ਨਿਡਰ ਅਤੇ ਹਿੰਮਤੀ ਬਣੇ ਲਾਜਪਤ ਰਾਏ ਨੇ ਦੇਸ਼ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਕ੍ਰਾਂਤੀਕਾਰੀ ਗਤੀਵਿਧੀਆਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਮਾਂਡਲੇ ਜੇਲ੍ਹ ’ਚ ਬੰਦ ਕਰ ਦਿੱਤਾ। ਜੇਲ੍ਹ ’ਚ ਰਿਹਾਈ ਦੇ ਬਾਅਦ 1914 ’ਚ ਕਾਂਗਰਸ ਦੇ ਇਕ ਡੇਪੂਟੇਸ਼ਨ ’ਚ ਇੰਗਲੈਂਡ ਗਏ ਅਤੇ ਉੱਥੋਂ ਜਾਪਾਨ ਚਲੇ ਗਏ ਪਰ ਇਸੇ ਦੌਰਾਨ ਪਹਿਲੀ ਵਿਸ਼ਵ ਜੰਗ ਸ਼ੁਰੂ ਹੋ ਗਈ ਅਤੇ ਅੰਗਰੇਜ਼ ਹਕੂਮਤ ਨੇ ਇਨ੍ਹਾਂ ਦੇ ਭਾਰਤ ਆਉਣ ’ਤੇ ਰੋਕ ਲਗਾ ਦਿੱਤੀ। ਉਦੋਂ ਜਾਪਾਨ ਤੋਂ ਅਮਰੀਕਾ ਚਲੇ ਗਏ ਅਤੇ ਉੱਥੇ ਰਹਿ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੋਸ਼ਿਸ਼ ਕਰਨ ਲੱਗੇ। ਵਿਸ਼ਵ ਜੰਗ ਦੀ ਸਮਾਪਤੀ ’ਤੇ ਸਵਦੇਸ਼ ਪਰਤ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਿਰ ਤੋਂ ਸਰਗਰਮ ਹੋ ਗਏ ਅਤੇ ਉਨ੍ਹੀਂ ਦਿਨੀਂ ਚੱਲ ਰਹੇ ਅਸਹਿਯੋਗ ਅੰਦੋਲਨ ’ਚ ਵਧ-ਚੜ੍ਹ ਦੇ ਹਿੱਸਾ ਲਿਆ, ਜਿਸ ਨਾਲ ਕਾਂਗਰਸ ਪਾਰਟੀ ’ਚ ਇਨ੍ਹਾਂ ਦਾ ਕੱਦ ਵਧਣ ਲੱਗਾ ਅਤੇ ਸੀਨੀਅਰ ਨੇਤਾ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਏ। ਇਨ੍ਹਾਂ ਦੀ ਸੀਨੀਅਰਤਾ ਦੇ ਕਾਰਨ ਹੀ 1920 ਵਿਚ ਕੋਲਕਾਤਾ ’ਚ ਹੋਏ ਕਾਂਗਰਸ ਦੇ ਸਪੈਸ਼ਲ ਸੈਸ਼ਨ ’ਚ ਪ੍ਰਧਾਨ ਚੁਣ ਲਿਆ ਗਿਆ।
ਲਾਲਾ ਜੀ ਹਮੇਸ਼ਾ ਹੀ ਅੰਗਰੇਜ਼ਾਂ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦੇ ਸਨ ਅਤੇ ਇਹੀ ਕਾਰਨ ਸੀ ਕਿ 1928 ’ਚ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਕੁਚਲਣ ਵਾਲਾ ਕਾਲਾ ਕਾਨੂੰਨ ਲੱਦਣ ਦੀ ਅੰਗਰੇਜ਼ਾਂ ਦੀ ਕੋਸ਼ਿਸ਼ ਦਾ ਜਦੋਂ ਪੂਰੇ ਦੇਸ਼ ’ਚ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਤਾਂ 63 ਸਾਲਾ ਲਾਜਪਤ ਰਾਏ ਜੀ ਨੇ ਲਾਹੌਰ ’ਚ ਵਿਰੋਧ ਦੀ ਕਮਾਨ ਖ਼ੁਦ ਸੰਭਾਲ ਲਈ। 30 ਅਕਤੂਬਰ ਦੇ ਦਿਨ ਸਾਈਮਨ ਕਮੀਸ਼ਨ ਦੇ ਲਾਹੌਰ ਪਹੁੰਚਣ ’ਤੇ ਲਾਲਾ ਜੀ ਦੀ ਅਗਵਾਈ ’ਚ ਹਜ਼ਾਰਾਂ ਦੇਸ਼ ਵਾਸੀਆਂ ਨੇ ਵਿਸ਼ਾਲ ਜਲੂਸ ਕੱਢ ਕੇ ਸਟੇਸ਼ਨ ’ਤੇ ਸਾਈਮਨ ਕਮੀਸ਼ਨ ਦਾ ‘ਸਾਈਮਨ ਗੋ ਬੈਕ’ ਦੇ ਨਾਅਰਿਆਂ ਨਾਲ ਸਵਾਗਤ ਕੀਤਾ, ਜਿਸ ਤੋਂ ਨਾਰਾਜ਼ ਹੋ ਕੇ ਪੁਲਸ ਕਪਤਾਨ ਸਕਾਟ ਨੇ ਲਾਠੀਚਾਰਜ ਦਾ ਹੁਕਮ ਦਿੱਤਾ ਅਤੇ ਖ਼ੁਦ ਲਾਲਾ ਜੀ ’ਤੇ ਲਾਠੀਆਂ ਵਰ੍ਹਾਈਆਂ। ਜਿਸ ਨਾਲ ਲਾਲਾ ਜੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਪਰ ਡਟੇ ਰਹੇ। ਜ਼ਖ਼ਮੀ ਲਾਲਾ ਜੀ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਪਰ ਉਹ ਤੰਦਰੁਸਤ ਨਾ ਹੋ ਸਕੇ ਅਤੇ ਆਖਿਰ 17 ਨਵੰਬਰ 1928 ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਲੜਣ ਵਾਲੇ ਸ਼ੇਰ ਨੇ ਸੁਤੰਤਰਤਾ ਸੰਗ੍ਰਾਮ ਦੇ ਹਵਨ ਰੂਪੀ ਯੱਗ ’ਚ ਆਪਣੇ ਪ੍ਰਾਣ ਤਿਆਗ ਦਿੱਤੇ।
ਸੁਰੇਸ਼ ਕੁਮਾਰ ਗੋਇਲ