ਕਵਿਤਾ ਖਿੜਕੀ : ਕਿਸਾਨ ਦਾ ਸੰਘਰਸ਼
Monday, Jan 04, 2021 - 05:33 PM (IST)
ਕਿਸਾਨ ਦਾ ਸੰਘਰਸ਼
ਸੰਘਰਸ਼ ਨਹੀਂ ਇਕੱਲੇ ਕਿਸਾਨ ਦਾ।
ਇਹ ਹੈ ਹਰ ਇੰਨਸਾਨ ਦਾ।
ਹਾਕਮਾਂ ਦੀ ਮਾੜੀ ਸੋਚ ਦਾ
ਲੀਡਰਾਂ ਦੇ ਡੋਲਦੇ ਈਮਾਨ ਦਾ।
ਠੰਡੀਆਂ ਸੀਤ ਇਨ੍ਹਾਂ ਰਾਤਾਂ ਦਾ।
ਸੜਕਾਂ ’ਤੇ ਚਲਦੀਆਂ ਬਾਤਾਂ ਦਾ।
ਮੋੜ ਕੇ ਜਾਵਾਂਗੇ ਹਾਕਮਾਂ ਤੈਨੂੰ
ਟੋਕਰਾ ਜੋ ਦਿੱਤਾ ਤੂੰ ਸੌਗਾਤਾਂ ਦਾ।
ਕੀਤੀ ਨਾ ਤੂੰ ਸਾਡੇ ਨਾਲ ਚੰਗੀ ਵੇ।
ਕਿਸਾਨੀ ਸਾਰੀ ਸੂਲੀ ਤੂੰ ਟੰਗੀ ਦੇ।
ਸੋਚਿਆ ਵੀ ਨਹੀਂ ਹੋਣਾ ਕਦੇ ਤੂੰ
ਸਾਰੀ ਦੁਨੀਆਂ ਸਾਡੇ ਰੰਗ ਰੰਗੀ ਵੇ।
ਹੌਸਲ ਕਦੇ ਵੀ ਨਾ ਸਾਡੇ ਟੁੱਟਣੇ
ਗੁਲਾਮੀ ਦੇ ਰੱਸੇ ਲਾਹ ਸੁੱਟਣੇ।
ਹੱਕ ਆਪਣੇ ਲੈ ਕੇ ਹੀ ਰਹਾਂਗੇ
ਭਾਵੇਂ ਪੈ ਜਾਣ ਸੰਘ ਘੁੱਟਣੇ।
ਇਤਿਹਾਸ ਸਾਨੂੰ ਯਾਦ ਰੱਖੇਗਾ।
ਨਾਲ ਤੈਨੂੰ ਗਾਲ਼ਾਂ ਕੱਢੇਗਾ।
ਵਾੜ ਹੀ ਖੇਤ ਨੂੰ ਸੀ ਖਾ ਰਹੀ
ਹਰ ਕੋਈ ਗੱਲ ਇਹ ਦੱਸੇਗਾ।
ਇੱਕ ਪਾਸੇ ਗੱਲ ਲਾਉਣੀ ਪੈਣੀ ਹੈ।
ਗੱਲ ਪਈ ਸੰਗਲੀ ਲਾਹੁਣੀ ਪੈਣੀ ਹੈ।
ਅੱਜੇ ਵੀ ਕੁਝ ਨਹੀਂ ਵਿਗੜਿਆ
ਪਤਾ ਨਹੀਂ ਕਦੋਂ ਤੱਕ ਗੱਲ....
.....ਸਮਝਾਉਣੀ ਪੈਣੀ ਹੈ।
ਸੁਰਿੰਦਰ ਕੌਰ
ਗੀਤ : ਦਮ ਪਰਖ਼ੀਂ ਨਾ
ਦਮ ਪਰਖ਼ੀਂ ਨਾ ਏ ਨਾਅਰੇ, ਨਸਾਂ 'ਚ ਰੱਤ ਨਹੀਂ ਲਾਵੇ ਨੇ
ਧੂਹ ਤੇਰੇ ਤਖ਼ਤ ਹਿਲਾਉਣੇ, ਤੇਰੇ ਨਾਲ ਸਾਡੇ ਵੀ ਵਾਅਦੇ ਨੇ
ਦਮ ਪਰਖੀਂ ਨਾ ਸਰਕਾਰੇ....
ਹਿੱਕ ਪਾੜ ਕੇ ਬੰਜਰ ਦੀ, ਅਨਾਜਾਂ ਨੂੰ ਉਪਜਾਉਂਦੇ ਹਾਂ
ਮੁੜਕੇ ਨਾਲ਼ ਸਿੰਜਾ ਕੇ, ਫ਼ਸਲਾਂ ਨੂੰ ਲਹਿਰਾਉਂਦੇ ਹਾਂ
ਸਾਨਾਂ ਨੂੰ ਪਾਉਣੀਆਂ ਕਿਵੇਂ ਨਕੇਲਾਂ, ਦੱਸਿਆ ਦਾਦੇ ਨੇ
ਦਮ ਪਰਖੀਂ ਨਾ ਸਰਕਾਰੇ....
ਆਪਣੀ ਪਿਆਸ ਬੁਝਾਵਣ ਲਈ, ਹਾਂ ਖੂਹ ਪੁੱਟ ਪੀਂਦੇ ਪਾਣੀ
ਜ਼ਿੰਦਗ਼ੀ ਦੇ ਉਸਤਾਦ ਅਸੀਂ, ਅਨਪੜ੍ਹ 'ਗੂਠੇ ਛਾਪ ਨਾ ਯਾਣੀ
ਦਰਿਆਵਾਂ ਦੇ ਨੱਕ ਮੋੜ ਦੇਈਏ, ਐਸੇ ਸਿਰੜ ਇਰਾਦੇ ਨੇ
ਦਮ ਪਰਖ਼ੀਂ ਨਾ ਸਰਕਾਰੇ...
ਰਹੇ ਲਿਤਾੜੇ ਸਦੀਆਂ ਤੋਂ, ਮਜਬਾਂ ਏ ਜਾਤ-ਕੁਜਾਤਾਂ ਦੇ
ਅਸੀਂ ਬਲਦੇ ਵਾਂਗ ਮਿਸ਼ਾਲਾਂ, ਸੂਰਜ ਬਣ ਪੵਭਾਤਾਂ ਦੇ
ਚਾਨਣ ਬਣਕੇ ਉੱਗੇ ਹਾਂ, ਏ ਤੇਰੇ ਹਨੇਰੇ ਕਾਹਦੇ ਨੇ
ਦਮ ਪਰਖ਼ੀਂ ਨਾ ਸਰਕਾਰੇ....
ਜੇਠ-ਹਾੜ ਦੇ ਤਿੱਖੜ ਦੁਪਹਿਰੇ, ਲੂੰਹਦੇ ਸੇਕੇ ਅੰਬਰ ਦੇ
ਸਰਦ ਹਵਾਵਾਂ ਨਾਲ਼ ਪੇਚੇ, ਪੋਹ ਦੇ ਕੱਕਰ ਠਠੰਬਰ ਦੇ
ਗਰਜੇ ਬੜੇ ਲਿਸ਼ਕੇ, ਬਰਸੇ, ਤੇਰੇ ਹੁਕਮ ਪਿਆਦੇ ਨੇ
ਦਮ ਪਰਖ਼ੀਂ ਨਾ ਸਰਕਾਰੇ...
ਅਸੀਂ ਕਿਰਤੀ ਹਾਂ, ਨਾ ਛੇੜੀਂ, ਸਰਹੱਦਾਂ ਤੇ ਰਖਵਾਲੇ ਹਾਂ
ਅਸੀਂ ਅੱਗ ਦੇ ਭਾਂਬੜ ਹਾਂ, "ਬਾਲੀ ਰੇਤਗੜੵ" ਵਾਲੇ ਹਾਂ
ਛਲ-ਕਪਟ ਏ ਧੋਖੇ, ਸਾਡੇ ਨਾਲ ਕਮਾਏ ਜਾਂਦੇ ਨੇ
ਦਮ ਪਰਖ਼ੀ। ਨਾ ਸਰਕਾਰੇ....
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168