ਨਾ ਐੜੇ ਨੂੰ ਔਂਕੜ..
Thursday, Jan 18, 2018 - 10:35 AM (IST)
ਨਾ ਐੜੇ ਨੂੰ ਔਂਕੜ ਲੱਗਦਾ, ਨਾ ਹੀ ਲੱਗਦੀ ਸਿਹਾਰੀ-ਬਿਹਾਰੀ,
ਅੱਜਕੱਲ ਸੱਚ ਦਾ ਗਾਹਕ ਕੋਈ ਨਾ, ਕਿਉਂਕਿ ਬਹੁਤੇ ਕੂੜ ਵਪਾਰੀ।
ਕੋਝੀਆਂ ਚਾਲਾਂ ਚੱਲਦੀ ਦੁਨੀਆਂ, ਇਕ ਦੂਜੇ ਨੂੰ ਛਲਦੀ ਦੁਨੀਆ,
ਸੱਜਾ ਪਾਸਾ ਕਹਿ ਕੇ ਇਹ ਤਾਂ, ਖੱਬੇ ਵੱਲ ਨੂੰ ਚੱਲਦੀ ਦੁਨੀਆ,
ਕੌਣ ਕਰੇ ਇਹ ਸੋਚ-ਵਿਚਾਰਾਂ, ਕਲਯੁੱਗ ਮੱਤ ਬੰਦੇ ਦੀ ਮਾਰੀ।
ਨਾ ਐੜੇ ਨੂੰ ਔਂਕੜ ਲੱਗਦਾ..
ਨਿਰਗੁਣੇ ਨੂੰ ਸਾਹਬ ਨੇ ਕਹਿੰਦੇ, ਥੋੜਾ ਨਹੀਂ ਬੇਹਿਸਾਬ ਨੇ ਕਹਿੰਦੇ,
ਮਾਲਕ-ਨੌਕਰ ਦਾ ਝਗੜਾ ਪਾ ਕੇ, ਇਕ ਦੂਜੇ ਨਾਲ ਰਹਿੰਦੇ ਖਹਿੰਦੇ,
ਸੱਚ ਦਾ ਪੱਲਾ ਫੜ ਲਓ ਸਾਰੇ, ਗੁਰੂਆਂ-ਪੀਰਾਂ ਗੱਲ ਵਿਚਾਰੀ।
ਨਾ ਐੜੇ ਨੂੰ ਔਕੜ ਲੱਗਦਾ..
ਕੀ ਗੱਲ ਕਹੀਏ ਕਿਸਨੂੰ ਕਹੀਏ, ਪੱਥਰਾਂ ਨਾਲ ਦੱਸ ਕਾਹਤੋ ਖਹੀਏ,
ਤੈਨੂੰ ਕੀ ਦਾ ਰੌਲਾ ਪੈਂਦਾ, ਫਿਰ ਕਾਹਦੇ ਲਈ ਪੰਗਾ ਲਈਏ,
ਭੇਡਾਂ-ਬੱਕਰੀਆਂ ਵਾਂਗਰ ਬਹੁਤੇ, ਤੁਰਦੇ ਅਗਾੜੀ, ਤੇ ਪਿਛਾੜੀ।
ਨਾ ਐੜੇ ਨੂੰ ਔਂਕੜ ਲੱਗਦਾ ..
ਮੈਂ-ਬਾਦ ਨੇ ਪਾਇਆ ਰੌਲ਼ਾ, ਬੰਦਾ ਲੱਗੇ ਅੰਨਾ ਤੇ ਬੋਲਾ,
ਪਰਸ਼ੋਤਮ! ਸਿਆਣਾ ਕਿੱਥੋਂ ਲੱਭੀਏ, ਹੱਥ ਕਰੇ ਜੋ ਇਹਦਾ ਹੌਲਾ,
ਆਪਣਾ, ਆਪਣੇ ਦੇ ਡੰਗ ਮਾਰੇ, ਦੁਨੀਆ ਤਾਂ ਕਰਮਾਂ ਦੀ ਮਾਰੀ।
ਨਾ ਐੜੇ ਨੂੰ ਔਂਕੜ ਲੱਗਦਾ ..
ਮੈਂ ਦੀ ਮੱਝ ਵੀ ਪਈ ਅੜਿੰਗੇ, ਮਾਨਵਤਾ ਦੇ ਮਾਰ ਰਹੀ ਸਿੰਗ ਇਹ,
ਬੰਦਾ ਤਾਂ ਕੀ ਬਣਨਾ ਇਸਨੇ, ਆਪਣੇ ਆਪ ਨੂੰ ਸਮਝਦਾ ਕਿੰਗ ਇਹ,
ਸਰੋਏ! ਬੰਦਾ ਭੁੱਲ ਗਿਆ ਇਸ ਨੇ, ਛੱਡਣਾ ਜਗ ਜਦ ਆਉਂਣੀ ਵਾਰੀ।
ਨਾ ਐੜੇ ਨੂੰ ਔਂਕੜ ਲੱਗਦਾ, ਨਾ ਲੱਗਦੀ ਕੋਈ ਸਿਹਾਰੀ-ਬਿਹਾਰੀ,
ਪਰ ਅੱਜ ਸੱਚ ਦਾ ਗਾਹਕ ਕੋਈ ਨਾ, ਕਿਉਂਕਿ ਬਹੁਤੇ ਕੂੜ ਵਪਾਰੀ।
ਪਰਸ਼ੋਤਮ ਲਾਲ ਸਰੋਏ,
