ਸ਼ਰਧਾ ਦੇ ਗੇੜ ਵਿਚ ਨਾਨਕ ਨਾਮਲੇਵਾ

11/26/2020 6:01:56 PM

ਡਾ. ਬਲਕਾਰ ਸਿੰਘ
9316301328

ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ 2019 ਵਿਚ ਮਨਾਇਆ ਗਿਆ, ਜਿਸ ਤੋਂ ਪਿਆਰ ਅਤੇ ਸ਼ਰਧਾ ਨਾਲ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਸ਼ਰਧਾ ਦੀਆਂ ਸੀਮਾਵਾਂ ਤੋਂ ਅੱਗੇ ਤੁਰ ਸਕਣ ਦੀ ਸਮਰਥਾ ਹੈ। ਧਰਮ ਨੂੰ ਹੱਦਬੰਦੀਆਂ ਤੱਕ ਸੰਗੋੜਣ ਦੀਆਂ ਬਹੁਤ ਉਦਾਹਰਣਾ ਮਿਲ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ 550 ਵਰ੍ਹੇ ਪਹਿਲਾਂ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਵਿਚ ਕਿਸੇ ਵੀ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲਾ ਵਿਅਕਤੀ ਆਪਣਾ ਧਰਮ ਤਿਆਗਣ ਤੋਂ ਬਿਨਾ ਵੀ ਗੁਰੂ ਨਾਨਕ ਦੇਵ ਦੇ ਧਰਮ ਨਾਲ ਨਿਭ ਸਕਦਾ ਸੀ। ਉਨ੍ਹਾਂ ਨੇ ਧਰਮ ਵਿਚ ਵਿਸ਼ਵਾਸ਼ ਰੱਖਣ ਵਾਲਿਆਂ ਲਈ ਜਿਹੜੀਆਂ ਸਿੱਖਿਆਵਾਂ ਸਾਹਮਣੇ ਲਿਆਂਦੀਆਂ, ਉਹ ਸ਼ਰਧਾ ਦੇ ਗੇੜ ਵਿਚ ਕਿਵੇਂ ਪੈ ਗਈਆਂ। ਇਸ ਬਾਰੇ ਸੋਚਾਂਗੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਸਮਝਣ ਵਾਲੇ ਪਾਸੇ ਤੁਰ ਰਹੇ ਹੋਵਾਂਗੇ।

ਸ਼ਰਧਾ ਦੇ ਗੇੜ ਵਿਚ ਫਸੇ ਵੱਡੇ ਤੋਂ ਵੱਡੇ ਬੰਦੇ ਵੀ ਅਸਲ ਪ੍ਰਸੰਗ ਵਿਚੋਂ ਉੱਖੜ ਜਾਂਦੇ ਹਨ। ਜਦੋਂ ਸ਼ਰਧਾ ਦੇ ਚੱਕਰ ਵਿਚ ਮਹਾਂਪੁਰਸ਼ ਫਸ ਜਾਂਦੇ ਹਨ ਤਾਂ ਸਿੱਖਿਆਵਾਂ ਵੀ ਫਿਹਲ ਹੋਣ ਲੱਗ ਪੈਂਦੀਆ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਸ਼ਰਧਾ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਇਸ ਰਾਹ ’ਤੇ ਤੁਰਦਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਨਾਨਕ-ਨਾਮਲੇਵਿਆਂ ਦੀ ਗਿਣਤੀ, ਸਿੱਖਾਂ ਦੀ ਪਰਵਾਨਤ ਗਿਣਤੀ ਨਾਲੋਂ ਜ਼ਿਆਦਾ ਹੈ। ਨਾਨਕ ਨਾਮਲੇਵਾ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਵੀ ਹਨ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਦਿੱਭ ਛਬੀ ਨਾਲ ਜੁੜੇ ਹੋਏ ਹਨ। ਇਨ੍ਹਾਂ ਸਾਰੀਆਂ ਧਿਰਾਂ ਨੂੰ 550ਵੇਂ ਗੁਰਪੁਰਬ ਦੇ ਮੌਕੇ ਇਕ ਦੂਜੇ ਦੇ ਨੇੜੇ ਲਿਆਂਦੇ ਜਾਣ ਦੀ ਲੋੜ ਹੈ। ਵਣਜਾਰੇ ਸਿੱਖਾਂ ਨੂੰ ਲੈਕੇ ਜਿਹੋ ਜਿਹੇ ਯਤਨ ਹੋ ਰਹੇ ਹਨ, ਉਹ ਸ਼ਲਾਘਾਯੋਗ ਹਨ ਪਰ ਜੋ ਗੁਰੂ ਨਾਨਕ ਦੇਵ ਜੀ ਦੀ ਦਿੱਭ ਅਜ਼ਮਤ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਨੇੜੇ ਲਿਆਉਣ ਦਾ ਏਜੰਡਾ ਉਲੀਕਣਾ ਚਾਹੀਦਾ ਹੈ। ਇਸ ਵਿਚ ਸਿੱਖ ਸੰਸਥਾਵਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਰਹਿਤ ਮਰਯਾਦਾ, ਕਿਸੇ ਵੀ ਧਰਮ ਦਾ ਅਹਿਮ ਪੱਖ ਹੁੰਦੀ ਹੈ ਅਤੇ ਇਸ ਪੱਖੋਂ ਸਿੱਖ ਧਰਮ ਦੁਨੀਆਂ ਭਰ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਗੁਰਦੁਆਰਾ ਸੰਸਥਾ ਨੂੰ ਰਹਿਤ ਮਰਯਾਦਾ ਦੀ ਧੁਰੋਹਰ ਕਿਹਾ ਜਾ ਸਕਦਾ ਹੈ ਪਰ ਨਾਲ ਹੀ ਗੁਰਦੁਆਰਾ, ਹੋਰਨਾ ਧਰਮਾਂ ਵਿਚ ਪ੍ਰਾਪਤ ਧਾਰਮਿਕਾ ਸੰਸਥਾਵਾਂ ਨਾਲੋਂ ਇਸ ਕਰਕੇ ਵੱਖਰਾ ਹੈ, ਕਿਉਂਕਿ ਇਸ ਸੰਸਥਾ ਨੂੰ ਹਰ ਕਿਸੇ ਲਈ ਖੁੱਲ੍ਹਾ ਰੱਖਿਆ ਹੋਇਆ ਹੈ। ਗੁਰਦੁਆਰੇ ਵਿਚ ਪਰਵੇਸ਼ ਵਾਸਤੇ ਨੰਗੇ ਪੈਰ ਅਤੇ ਸਿਰ ਢੱਕ ਕੇ ਜਾਣ ਦੀ ਸ਼ਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਵਾਸਤੇ ਹੈ। ਇਸ ਨਾਲ ਇਹ ਪੱਖ ਸਾਹਮਣੇ ਆ ਜਾਂਦਾ ਹੈ ਕਿ ਸਿੱਖ ਧਰਮ ਵਿਚ ਵਿਸ਼ਵਾਸ਼ ਲਿਆਉਣ ਵਾਲਿਆਂ ਲਈ ਗੁਰੂ ਨਾਨਕ ਦੇਵ ਜੀ ਨੇ ਕੋਈ ਬੰਧਨ ਨਹੀਂ ਲਾਇਆ ਸੀ। ਸਹਿਜਧਾਰੀਆਂ ਦੇ ਮਸਲੇ ਪੈਦਾ ਹੁੰਦੇ ਰਹੇ ਹਨ, ਉਨ੍ਹਾਂ ਨਾਲ ਧਰਮ ਨੂੰ ਧਾਰਮਿਕ ਪਾਬੰਦੀਆਂ ਤੋਂ ਮੁਕਤ ਰੱਖਣ ਦੀ, ਜੋ ਵਿਲਖਣਤਾ ਗੁਰੂ ਨਾਨਕ ਦੇਵ ਜੀ ਨੇ ਸਥਾਪਤ ਕੀਤੀ ਸੀ, ਉਹ ਨਿਰਸੰਦੇਹ ਵੰਗਾਰੀ ਗਈ ਸੀ।

ਸਿਆਸਤ ਦੇ ਪੈਰੋਂ ਪੈਦਾ ਹੋਏ, ਇਸ ਮਸਲੇ ਬਾਰੇ ਕਾਨੂੰਨ ਮੁਤਾਬਿਕ ਕੀਤਾ ਹੋਇਆ ਜੱਜ ਦਾ ਫ਼ੈਸਲਾ ਲਾਗੂ ਹੋ ਗਿਆ ਸੀ। ਇਸ ਫ਼ੈਸਲੇ ਨੂੰ ਪੰਥਕ ਮਾਨਤਾ ਮਿਲ ਜਾਣ ਦੇ ਬਾਵਜੂਦ, ਇਸ ਫ਼ੈਸਲੇ ਨੂੰ ਗੁਰੂ ਨਾਨਕ ਦੇਵ ਜੀ ਦੀ ਭਾਵਨਾ ਮੁਤਾਬਕ ਕੀਤਾ ਗਿਆ ਫ਼ੈਸਲਾ ਨਹੀਂ ਕਿਹਾ ਜਾ ਸਕਦਾ। ਕਾਰਣ ਇਹ ਹੈ ਕਿ ਗੁਰੂ ਨਾਨਕ ਦੇ ਜੀ ਦੀ ਨਿਰੰਤਰਤਾ ਵਿਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ ਦੇ ਸ਼ਬਦ-ਗੁਰੂ ਹਨ। ਇਸ ਸਿਧਾਂਤ ਨੂੰ ਸਿੱਖ ਅਰਦਾਸ ਵਿਚ 'ਜਾਗਤ ਜੋਤਿ ਅਤੇ ਜ਼ਾਹਰਾ ਜ਼ਹੂਰ' ਦੇ ਰੂਪ ਵਿਚ ਨਿਤ ਦੁਹਰਾਇਆ ਜਾਂਦਾ ਹੈ। ਇਸ ਕਰਕੇ ਕਿਸੇ ਵੀ ਨਾਨਕ ਨਾਮਲੇਵਾ ਵਿਚ ਫਖਰ ਮਿਹਸੂਸ ਕਰਣ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।

ਨਾਨਕ-ਜੋਤਿ ਦੀਆਂ ਸ਼ਰਧਾਵਾਨ ਧਿਰਾਂ ਵਿਚ ਸਹਿਜ ਸਥਾਪਨ ਦੀ ਭੂਮਿਕਾ ਸਿੱਖ ਅਕਾਦਮੀਸ਼ਨਾਂ ਨੂੰ ਨਿਭਾਉਣੀ ਚਾਹਦੀ ਹੈ। ਇਸ ਪਾਸੇ ਅਜੇ ਅਸੀਂ ਤੁਰਨਾ ਹੈ, ਕਿਉਂਕਿ ਇਸ ਵਾਸਤੇ ਕੋਈ ਅਕਾਦਮਿਕ ਏਜੰਡਾ ਬਨਾਉਣ ਦੀ ਕਦੇ ਕੋਸ਼ਿਸ਼ ਹੀ ਨਹੀਂ ਹੋਈ। ਸਿੱਖ ਸਭਿਆਚਾਰ ਨੇ ਕਿਸੇ ਵੇਲੇ ਪੰਜਾਬੀ ਸਭਿਆਚਾਰ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸ ਵੇਲੇ ਵੀ ਇਸ ਦੀਆਂ ਸੰਭਾਵਨਾਵਾਂ ਕਾਇਮ ਹਨ। ਇਸ ਹਾਲਤ ਵਿਚ 1969 ਵਿਚ ਤਿੰਨ ਸੌ ਸਾਲਾ ਸ਼ਤਾਬਦੀ ਵੇਲੇ ਜਿੰਨੇ ਕੂ ਅਕਾਦਮਿਕ ਯਤਨ ਹੋਏ ਸਨ, ਉਸ ਤੋਂ ਅੱਗੇ ਤੁਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਕਾਰਣ ਇਹ ਹੈ ਕਿ ਸਿੱਖ ਚੇਤਨਾ ਇਹ ਗੱਲ ਸਾਹਮਣੇ ਨਹੀਂ ਲਿਆ ਰਹੀ ਕਿ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਆਸਥਾ ਦੇ ਬੰਧਨਾ ਤੋਂ ਮੁਕਤ ਕਰਕੇ, ਜਿਸ ਤਰ੍ਹਾਂ ਸਿੱਖ ਧਰਮ ਦੀ ਨੀਂਹ ਰੱਖੀ ਸੀ, ਉਸ ਨਾਲ ਪ੍ਰਾਪਤ ਵਿਚੋਂ ਲੈਣਯੋਗ ਨੂੰ ਲੈਕੇ ਅਤੇ ਛੱਡਣਯੋਗ ਨੂੰ ਛੱਡਕੇ ਅਜਿਹਾ ਸ਼ਬਦ-ਮਾਡਲ ਸਾਹਮਣੇ ਲੈ ਆਂਦਾ ਸੀ, ਜਿਸ ਨਾਲ ਧਰਮ, ਭੂਤ ਦੇ ਭੈਅ ਅਤੇ ਭਵਿਖ ਦੇ ਲਾਰੇ ਵਿਚੋਂ ਨਿਕਲਕੇ ਕਿਸੇ ਵੀ ਵਰਤਮਾਨ ਦਾ ਧਰਮ ਹੋ ਸਕਣ ਦੇ ਸਮਰਥ ਹੋ ਗਿਆ ਸੀ।

ਇਸ ਵਿਚ ਵਾਧਾ ਇਹ ਕਿ ਧਰਮ ਵਿਚੋਂ ਦੇਹੀ ਦੀ ਉਤਮਤਾ ਨੂੰ ਖਾਰਜ ਕਰ ਦਿੱਤਾ ਸੀ। ਇਹ ਸਾਰੀਆਂ ਗੱਲਾਂ ਜਿਵੇਂ ਸ਼ਰਧਾ ਦੀ ਸੁਰ ਵਿਚ ਵਿਆਖਿਆਕਾਰਾਂ, ਕਥਾਕਾਰਾਂ ਜਾਂ ਢਾਡੀਆਂ ਵੱਲੋਂ ਕਹੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੀ ਅਕਾਦਮਿਕਤਾ ਸਥਾਪਤ ਕੀਤੇ ਬਿਨਾ ਇਹ ਸਾਰੀਆਂ ਵਿਧਾਵਾਂ ਸ਼ਰਧਾ ਸਰੋਕਾਰਾਂ ਦੁਆਲੇ ਹੀ ਘੁੰਮੀ ਜਾਂਦੀਆਂ ਰਹੀਆਂ ਹਨ। ਇਸ ਹਾਲਤ ਵਿਚ ਬੰਦਾ ਅੱਗੇ ਤੁਰਨ ਦਾ ਭਰਮ ਹੀ ਪਾਲ ਸਕਦਾ ਹੈ, ਕਿਉਂਕਿ ਉਹ ਅੱਗੇ ਤੁਰ ਹੀ ਨਹੀਂ ਰਿਹਾ ਹੁੰਦਾ।

ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਨੇ ਧਰਮ ਰਾਹੀਂ ਅਗਿਆਨ ਅਤੇ ਭਰਮ ਤੋਂ ਦੂਰ ਰਹਿਣ ਦੀ ਚੇਤਨਾ ਪ੍ਰਚੰਡ ਕੀਤੀ ਸੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਆਸਥਾ ਨੂੰ ਨਾਲ ਲੈ ਕੇ ਜਿਹੋ ਜਿਹੇ ਇਨਸਾਨ ਦੀ ਸਿਰਜਨਾ ਕੀਤੀ ਸੀ, ਉਹ ਹੱਕ ਸੱਚ ਦੀ ਲੜਾਈ ਵਿਚ ਸ਼ਹੀਦ ਹੋ ਸਕਣ ਦਾ ਇਤਿਹਾਸ ਪੈਦਾ ਕਰਦਾ ਰਿਹਾ ਹੈ। ਇਸ ਰਾਹ ’ਤੇ ਤੁਰਕੇ ਹੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਇਆ ਜਾ ਸਕਦਾ ਹੈ।
 


rajwinder kaur

Content Editor

Related News