ਲੜਕੀਆਂ ਦੀ ਘੱਟ ਰਹੀ ਗਿਣਤੀ ਕਾਰਨ ਲੱਖਾਂ ਗੁੱਟ ਰਹਿਣਗੇ ਰੱਖੜੀ ਤੋਂ ਬਾਂਝੇ

Saturday, Sep 08, 2018 - 12:59 PM (IST)

ਰੱਖੜੀ ਸਿਰਫ ਇਕ ਤਿਉਹਾਰ ਹੀ ਨਹੀਂ ਸਗੋਂ ਸਾਡੀਆਂ ਪਰੰਪਰਾਵਾਂ ਦਾ ਪ੍ਰਤੀਕ ਹੈ, ਜੋ ਅੱਜ ਵੀ ਸਾਨੂੰ ਆਪਣੇ ਪਰਿਵਾਰ ਅਤੇ ਸੰਸਕਾਰਾਂ ਨਾਲ ਜੋੜ ਕੇ ਰੱਖਦਾ ਹੈ। ਰੱਖੜੀ ਭੈਣ ਦੀ ਰੱਖਿਆ ਦੀ ਬਚਨਬੱਧਤਾ ਦਾ ਦਿਨ ਹੈ, ਜਿਸ ਵਿਚ ਭਰਾ ਹਰ ਦੁੱਖ-ਤਕਲੀਫ ਵਿਚ ਆਪਣੀ ਭੈਣ ਦਾ ਸਾਥ ਨਿਭਾਉਣ ਦਾ ਵਚਨ ਦਿੰਦਾ ਹੈ। ਰੱਖੜੀ ਦਾ ਤਿਉਹਾਰ ਸਮਾਜਿਕ, ਪੁਰਾਣਿਕ, ਧਾਰਮਿਕ ਅਤੇ ਇਤਿਹਾਸਕ ਭਾਵਨਾ ਦੇ ਧਾਗੇ ਨਾਲ ਬਣਿਆ ਇਕ ਅਜਿਹਾ ਪਵਿੱਤਰ ਬੰਧਨ ਹੈ ਜਿਸਨੂੰ ਸਮਾਜ ਵਿਚ ਰੱਖੜੀ ਦੇ ਨਾਂ ਨਾਲ ਸਾਵਨ ਮਹੀਨੇ ਦੀ ਪੂਰਨਿਮਾ ਨੂੰ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਕਈ ਹੋਰ ਦੇਸ਼ਾਂ ਵਿਸ਼ੇਸ ਤੋਰ ਤੇ ਜਿੱਥੇ-ਜਿੱਥੇ ਹਿੰਦੂ ਵਸੇ ਹਨ ਵਿਚ ਵੀ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਿਸੇ ਵੇਲੇ ਇਹ ਤਿਉਹਾਰ ਹਿੰਦੁ ਧਰਮ ਦੇ ਲੋਕਾਂ ਦੁਆਰਾ ਹੀ ਮਨਾਇਆ ਜਾਂਦਾ ਸੀ ਪ੍ਰੰਤੂ ਹੁਣ ਸਿੱਖ ਧਰਮ, ਜੈਨ ਧਰਮ ਆਦਿ ਦੇ ਲੋਕਾਂ ਦੁਆਰਾ ਵੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰੱਖੜੀ ਅਰਥਾਤ ਰੱਖਿਆ ਦੀ ਕਾਮਨਾ ਵਾਲੇ ਬੰਧਨ ਦਾ ਹੀ ਪ੍ਰਤੀਕ ਹੈ। ਪ੍ਰਾਚੀਨ ਕਾਲ ਤੋਂ ਇਸ ਸਬੰਧੀ ਕਹਾਣੀਆਂ ਬੇਸ਼ੱਕ ਅਲੱਗ-ਅਲੱਗ ਹੋਣ ਪਰੰਤੂ ਹਰੇਕ ਵਿਚ ਰੱਖਿਆ ਹੀ ਮੁੱਖ ਹੈ। ਇਕ ਪੁਰਾਤਨ ਕਥਾ ਅਨੁਸਾਰ ਇੱਕ ਵਾਰ ਰਾਜਾ ਇੰਦਰ ਤੇ ਦਾਨਵਾਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਰਾਜਾ ਇੰਦਰ ਦੀ ਸ਼ਕਤੀ ਕਮਜ਼ੋਰ ਪੈਣ ਲੱਗੀ ਅਤੇ ਇੰਦਰ ਦੀ ਪਤਨੀ ਇੰਦਰਾਣੀ ਜਿਸਦਾ ਸ਼ਸ਼ੀਕਲਾ ਨਾਂ ਸੀ ਨੇ ਤਪੱਸਿਆ ਅਤੇ ਪ੍ਰਾਰਥਨਾ ਕੀਤੀ। ਇੰਦਰਾਣੀ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਨੇ ਸ਼ਸ਼ੀਕਲਾ ਨੂੰ ਇਕ ਰੱਖਿਆ ਸੂਤਰ ਦਿੱਤਾ। ਇੰਦਰਾਣੀ ਨੇ ਇਸਨੂੰ ਇੰਦਰ ਦੇ ਸੱਜੇ ਹੱਥ ਵਿਚ ਬੰਨ੍ਹ ਦਿੱਤਾ ਅਤੇ ਮੰਨਿਆ ਜਾਂਦਾ ਹੈ ਕਿ ਇਸ ਪਵਿੱਤਰ ਰੱਖਿਆ ਸੂਤਰ ਕਾਰਨ ਇੰਦਰ ਨੂੰ ਜਿੱਤ ਪ੍ਰਾਪਤ ਹੋਈ ਸੀ। ਇਸ ਕਥਾ ਅਨੁਸਾਰ ਜਿਸ ਦਿਨ ਇਹ ਰੱਖਿਆ ਸੂਤਰ ਬੰਨਿਆ ਗਿਆ ਸੀ ਉਸ ਦਿਨ ਸਾਵਨ ਮਹੀਨੇ ਦੀ ਪੂਰਨਿਮਾ ਸੀ। ਇਸੇ ਕਾਰਨ ਰੱਖੜੀ ਦਾ ਤਿਉਹਾਰ ਅੱਜ ਤੱਕ ਸਾਵਨ ਮਹੀਨੇ ਦੀ ਪੂਰਨਿਮਾ ਨੂੰ ਹੀ ਮਨਾਇਆ ਜਾਂਦਾ ਹੈ। ਇਸੇ ਤਰਾਂ ਹੀ ਇਕ ਹੋਰ ਕਥਾ ਅਨੁਸਾਰ ਇਕ ਵਾਰ ਰਾਜਾ ਬਲੀ ਨੇ ਸਵਰਗ ਤੇ ਹਮਲਾ ਕਰਕੇ ਸਾਰਿਆਂ ਦੇਵਤਿਆਂ ਨੂੰ ਹਰਾ ਦਿੱਤਾ ਤਾਂ ਇੰਦਰ ਸਹਿਤ ਸਾਰੇ ਦੇਵਤਾ ਭਗਵਾਨ ਵਿਸ਼ਨੂੰ ਦੀ ਸ਼ਰਨ ਵਿਚ ਗਏ ਅਤੇ ਰਾਜਾ ਬਲੀ ਤੋਂ ਆਪਣੀ ਰੱਖਿਆ ਦੀ ਪ੍ਰਾਰਥਨਾ ਕੀਤੀ।

ਇਸ ਕਥਾ ਅਨੁਸਾਰ ਵਿਸ਼ਨੂੰ ਨੇ ਇਕ ਬ੍ਰਾਹਮਣ ਦਾ ਰੂਪ ਧਾਰਿਆ ਅਤੇ ਰਾਜਾ ਬਲੀ ਤੋਂ ਭਿੱਖਿਆ ਮੰਗਣ ਚਲੇ ਗਏ ਜਿਸ ਵਿਚ ਤਿੰਨ ਕਦਮ ਭੂਮੀ ਦਾਨ ਵਿਚ ਮੰਗ ਲਈ ਜੋ ਕਿ ਰਾਜਾ ਬਲੀ ਨੇ ਖੁਸ਼ ਹੋਕੇ ਦੇ ਦਿੱਤੀ ਪ੍ਰੰਤੂ ਇਸਤੋਂ ਬਾਅਦ ਵਿਸ਼ਨੂੰ ਨੇ ਤਿੰਨ ਕਦਮਾਂ ਵਿਚ ਸਾਰਾ ਆਕਾਸ਼, ਪਾਤਾਲ ਅਤੇ ਧਰਤੀ ਨਾਪ ਕੇ ਰਾਜਾ ਬਲੀ ਨੂੰ ਰਸਾਤਲ ਵਿਚ ਭੇਜ ਦਿੱਤਾ ਅਤੇ ਰਸਾਤਲ ਵਿਚ ਰਾਜਾ ਬਲੀ ਨੇ ਆਪਣੀ ਭਗਤੀ ਨਾਲ ਵਿਸ਼ਨੂੰ ਨੂੰ ਪ੍ਰਸੰਨ ਕਰਕੇ ਇਹ ਬਚਨ ਲੈ ਲਿਆ ਕਿ ਵਿਸ਼ਨੂੰ ਦਿਨ-ਰਾਤ ਉਸਦੇ ਸਾਹਮਣੇ ਰਹਿਣਗੇ। ਵਿਸ਼ਨੂੰ ਦੇ ਵਾਪਸ ਨਾ ਆਉਣ ਤੇ ਪ੍ਰੇਸ਼ਾਨ ਲੱਛਮੀ ਨੂੰ ਨਾਰਦ ਨੇ ਸਲਾਹ ਦਿੱਤੀ ਕਿ ਰਾਜਾ ਬਲੀ ਨੂੰ ਭਰਾ ਬਣਾ ਕੇ ਉਸਨੂੰ ਰੱਖਿਆ ਸੂਤਰ ਬੰਨੋ। ਇਸ ਕਥਾ ਅਨੁਸਾਰ ਲੱਛਮੀ ਨੇ ਰਾਜਾ ਬਲੀ ਨੂੰ ਰੱਖਿਆ ਸੂਤਰ ਬੰਨਕੇ ਉਪਹਾਰ ਵਿਚ ਵਿਸ਼ਨੂੰ ਨੂੰ ਮੰਗਕੇ ਆਪਣੇ ਨਾਲ ਲੈ ਗਈ। ਰੱਖੜੀ ਦੀ ਪਰੰਪਰਾ ਮਹਾਭਾਰਤ ਵਿਚ ਵੀ ਪ੍ਰਚਲਿਤ ਸੀ, ਜਿੱਥੇ ਕ੍ਰਿਸ਼ਨ ਦੀ ਸਲਾਹ ਤੇ ਸੈਨਿਕਾਂ ਅਤੇ ਪਾਂਡਵਾ ਨੂੰ ਰੱਖਿਆ ਸੂਤਰ ਬੰਿਨਆ ਗਿਆ ਸੀ। ਇਹੀ ਉਹ ਵਚਨ ਹੈ ਜਿਸਨੇ ਅੱਜ ਦੇ ਦੌਰ ਵਿਚ ਵੀ ਭਰਾ-ਭੈਣ ਨੂੰ ਵਿਸ਼ਵਾਸ਼ ਦੇ ਬੰਧਨ ਵਿਚ ਬੰਨਿਆ ਹੈ। ਰੱਖੜੀ ਦੇ ਤਿਉਹਾਰ ਦੇ ਦਿਨ ਭੈਣ ਜਿੰਨੀ ਬੇਸਬਰੀ ਨਾਲ ਆਪਣੇ ਭਰਾ ਦੇ ਆਉਣ ਦਾ ਇੰਤਜ਼ਾਰ ਕਰਦੀ ਹੈ ਉਨੇ ਹੀ ਉਤਸ਼ਾਹ ਨਾਲ ਭਰਾ ਵੀ ਆਪਣੀ ਭੈਣ ਨਾਲ ਮਿਲਕੇ ਉਸਦਾ ਹਾਲ ਚਾਲ ਜਾਣਨ ਲਈ ਉਸ ਕੋਲ ਆਉਂਦਾ ਹੈ। ਸਮੇਂ ਵਿਚ ਆ ਰਹੇ ਬਦਲਾਓ ਨੇ ਇਸ ਤਿਉਹਾਰ ਦਾ ਵੀ ਸਰੂਪ ਬਦਲ ਦਿੱਤਾ ਹੈ। ਹੁਣ ਦੇਸ਼ ਵਿਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਦੂਰ ਦੁਰਾਡੇ ਬੈਠੇ ਭਰਾਵਾਂ ਨੂੰ ਚਿੱਠੀਆਂ ਰਾਹੀਂ ਹੀ ਰੱਖੜੀਆਂ ਭੇਜਦੀਆਂ ਹਨ। ਇਸ ਦਿਨ ਕਈ ਮਹਿਲਾਵਾਂ ਸਰਹੱਦਾਂ ਤੇ ਰਾਖੀ ਕਰਨ ਵਾਲੇ ਫੌਜੀਆਂ ਨੂੰ ਵੀ ਰੱਖੜੀ ਬੰਨ੍ਹਦੀਆਂ ਹਨ। ਕੁੱਝ ਲੋਕ ਇਸ ਦਿਨ ਬੂੱਟਿਆਂ ਨੂੰ ਵੀ ਰੱਖੜੀ ਬੰਨ੍ਹਕੇ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰਨ ਦਾ ਵਚਨ ਕਰਦੇ ਹਨ। ਇਸ ਤਿਉਹਾਰ ਦਾ ਸਿੱਧਾ ਸੰਬੰਧ ਭੈਣਾਂ ਨਾਲ ਹੈ ਭਾਵ ਲੜਕੀਆਂ ਨਾਲ ਹੈ ਅਤੇ ਸਾਡੇ ਦੇਸ਼ ਵਿਚ ਪਿਛਲੇ ਕੁੱਝ ਦਹਾਕਿਆਂ ਤੋਂ ਲੜਕੀਆਂ ਦੀ ਕਈ ਸੂਬਿਆਂ ਵਿਚ ਘੱਟ ਰਹੀ ਗਿਣਤੀ ਇਸ ਤਿਉਹਾਰ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਦੇਸ਼ ਦੀ ਆਬਾਦੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੇ ਅਤੇ 2011 ਦੀ ਜਨਗਣਨਾ ਅਨੁਸਾਰ ਦੇਸ਼ ਦੀ ਅਬਾਦੀ ਲਗਭਗ 1.21 ਅਰਬ ਹੋ ਗਈ ਹੈ ਪਰ ਜੇਕਰ ਕੁਝ ਘਟਿਆ ਹੈ ਤਾਂ ਉਹ ਹੈ ਬਾਲ ਲਿੰਗ ਅਨੁਪਾਤ। ਭਾਰਤ ਵਿਚ 1991 ਦੀ ਮਰਦਮਸ਼ੁਮਾਰੀ ਵਿਚ ਪ੍ਰਤੀ 1000 ਮੁੰਡਿਆਂ ਦੇ ਮੁਕਾਬਲੇ 945 ਕੁੜੀਆਂ ਸਨ ਜੋਕਿ 2011 ਵਿਚ ਹੋਰ ਘਟਕੇ 914 ਰਹਿ ਗਈਆਂ ਹਨ।

ਪੰਜਾਬ ਵਿਚ 1991 ਵਿਚ 1000 ਮੁੰਡਿਆਂ ਦੇ ਮੁਕਾਬਲੇ 875 ਕੁੜੀਆਂ ਸਨ ਜੋਕਿ 2011 ਵਿਚ ਘੱਟ ਕੇ 846 ਰਹਿ ਗਈਆਂ ਹਨ। ਜੇਕਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਅੰਕੜੇ ਵੇਖੀਏ ਤਾਂ ਜ਼ਿਲਾ ਰੂਪਨਗਰ ਵਿਚ 1991 ਵਿਚ 1000 ਮੁੰਡਿਆਂ ਪਿੱਛੇ 884 ਕੁੜੀਆਂ ਸਨ ਜੋ ਕਿ 2011 ਵਿਚ ਘਟਕੇ 866 ਹੀ ਰਹਿ ਗਈਆਂ ਹਨ। ਜ਼ਿਲਾ ਫਤਹਿਗੜ•ਸਾਹਿਬ ਵਿਚ 1991 ਵਿਚ 874 ਕੁੜੀਆਂ ਸਨ ਜੋਕਿ 2011 ਵਿਚ 843 ਰਹਿ ਗਈਆਂ ਹਨ। ਜ਼ਿਲਾ ਕਪੂਰਥਲਾ ਵਿਚ 1991 ਵਿਚ 879 ਕੁੜੀਆਂ ਸਨ ਜੋਕਿ 2011 ਵਿਚ 872 ਰਹਿ ਗਈਆਂ ਹਨ। ਜ਼ਿਲਾ ਗੁਰਦਾਸਪੁਰ ਵਿਚ 1991 ਵਿਚ 878 ਕੁੜੀਆਂ ਸਨ ਜੋਕਿ 2011 ਵਿਚ 824 ਰਹਿ ਗਈਆਂ ਹਨ। ਜ਼ਿਲਾ ਪਟਿਆਲਾ ਵਿਚ 1991 ਵਿਚ 871 ਕੁੜੀਆਂ ਸਨ ਜੋ ਕਿ 2011 ਵਿਚ 835 ਰਹਿ ਗਈਆਂ ਹਨ। ਜ਼ਿਲਾ ਮਾਨਸਾ ਵਿਚ 1991 ਵਿਚ 873 ਕੁੜੀਆਂ ਸਨ ਜੋਕਿ 2011 ਵਿਚ 831 ਰਹਿ ਗਈਆਂ ਹਨ। ਜ਼ਿਲਾ ਜਲੰਧਰ ਵਿਚ 1991 ਵਿਚ 886 ਕੁੜੀਆਂ ਸਨ ਜੋਕਿ 2011 ਵਿਚ 874 ਰਹਿ ਗਈਆਂ ਹਨ। ਜ਼ਿਲਾ ਸੰਗਰੂਰ ਵਿਚ 1991 ਵਿਚ 873 ਕੁੜੀਆਂ ਸਨ ਜੋ ਕਿ 2011 ਵਿਚ 835 ਰਹਿ ਗਈਆਂ ਹਨ। ਜ਼ਿਲਾ ਨਵਾਂਸ਼ਹਿਰ ਵਿਚ 1991 ਵਿਚ 900 ਸਨ ਜੋ ਕਿ 2011 ਵਿਚ 879 ਰਹਿ ਗਈਆਂ ਹਨ।

ਜ਼ਿਲਾ ਬਠਿੰਡਾ ਵਿਚ 1991 ਵਿਚ 860 ਕੁੜੀਆਂ ਸਨ, ਜੋ ਕਿ 2011 ਵਿਚ 854 ਰਹਿ ਗਈਆਂ ਹਨ। ਜ਼ਿਲਾ ਅੰਮ੍ਰਿਤਸਰ ਵਿਚ 1991 ਵਿਚ 861 ਕੁੜੀਆਂ ਸਨ ਜੋ ਕਿ 2011 ਵਿਚ 824 ਰਹਿ ਗਈਆਂ ਹਨ। ਜ਼ਿਲਾ ਹੁਸ਼ਿਆਰਪੁਰ ਵਿਚ 1991 ਵਿਚ 884 ਕੁੜੀਆਂ ਸਨ, ਜੋ ਕਿ 2011 ਵਿਚ 859 ਰਹਿ ਗਈਆਂ ਹਨ। ਜ਼ਿਲਾ ਫਿਰੋਜ਼ਪੁਰ ਵਿਚ 1991 ਵਿਚ 887 ਕੁੜੀਆਂ ਸਨ, ਜੋ ਕਿ 2011 ਵਿਚ 846 ਰਹਿ ਗਈਆਂ ਹਨ। ਜ਼ਿਲਾ ਲੁਧਿਆਣਾ ਵਿਚ 1991 ਵਿਚ 877 ਕੁੜੀਆਂ ਸਨ ਜੋ ਕਿ 2011 ਵਿਚ 865 ਰਹਿ ਗਈਆਂ ਹਨ। ਜ਼ਿਲਾ ਫਰੀਦਕੋਟ ਵਿਚ 1991 ਵਿਚ 865 ਕੁੜੀਆਂ ਸਨ ਜੋ ਕਿ 2011 ਵਿਚ 851 ਰਹਿ ਗਈਆਂ ਹਨ। ਜ਼ਿਲਾ ਮੁਕਤਸਰ ਵਿਚ 1991 ਵਿਚ 858 ਕੁੜੀਆਂ ਸਨ ਜੋ ਕਿ 2011 ਵਿਚ 830 ਰਹਿ ਗਈਆਂ ਹਨ। ਜ਼ਿਲਾ ਮੋਗਾ ਵਿਚ 1991 ਵਿਚ 867 ਕੁੜੀਆਂ ਸਨ ਜੋ ਕਿ 2011 ਵਿਚ 863 ਰਹਿ ਗਈਆਂ ਹਨ। ਪੰਜਾਬ ਵਿਚ 2001 ਤੋਂ ਬਾਅਦ ਨਵੇਂ ਬਣੇ ਜ਼ਿਲਿਆ ਵਿਚ ਸੰਨ 2011 ਵਿਚ 1000 ਮੁੰਡਿਆਂ ਦੇ ਮੁਕਾਬਲੇ ਤਰਨਤਾਰਨ ਵਿਚ 819, ਮੋਹਾਲੀ ਵਿਚ 842 ਅਤੇ ਬਰਨਾਲਾ ਵਿਚ 847 ਕੁੜੀਆਂ ਦਾ ਲਿੰਗ ਅਨੁਪਾਤ ਹੈ।

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ• ਵਿਚ 1991 ਵਿਚ 899 ਸਨ ਜੋ ਕਿ 2011 ਵਿਚ 867 ਰਹਿ ਗਈਆਂ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ 1991 ਵਿਚ 879 ਕੁੜੀਆਂ ਸਨ ਜੋ ਕਿ 2011 ਵਿਚ 830 ਰਹਿ ਗਈਆਂ। ਹਿਮਾਚਲ ਪ੍ਰਦੇਸ਼ ਵਿਚ 1991 ਵਿਚ 956 ਸਨ ਜੋ ਕਿ 2011 ਵਿਚ ਘੱਟ ਕੇ 906 ਰਹਿ ਗਈਆਂ। ਜੰਮੂ-ਕਸ਼ਮੀਰ ਵਿਚ 2001 ਵਿਚ 941 ਕੁੜੀਆਂ ਸਨ ਜੋ ਕਿ 2011 ਵਿਚ ਘੱਟ ਕੇ 859 ਹੋ ਗਈ ਹੈ। ਹੁਣ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਤੋਂ ਇਲਾਵਾ ਜਨਮ ਤੋਂ ਬਾਅਦ ਕੂੜੇ ਦੇ ਢੇਰ, ਰੇਲਵੇ ਟ੍ਰੈਕ ਆਦਿ ਤੇ ਸੁਟਣਾ ਸ਼ੁਰੂ ਹੋ ਗਿਆ ਹੈ, ਜੋ ਕਿ ਇੱਕ ਖਤਰਨਾਕ ਰੁਝਾਨ ਹੈ। ਸਮਾਜ ਵਿਚ ਲਿੰਗ ਅਨੁਪਾਤ ਵਿਚ ਵਧ ਰਿਹਾ ਅੰਤਰ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਖਤਰਨਾਕ ਹੈ। ਕੁੜੀਆਂ ਦੀ ਘਟ ਰਹੀ ਗਿਣਤੀ ਸਮਾਜ ਵਿਚੋਂ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੀ ਮਹੱਤਤਾ ਨੂੰ ਵੀ ਠੇਸ ਪਹੁੰਚਾ ਰਹੀ ਹੈ ਅਤੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਣ ਵਾਲੀਆਂ ਭੈਣਾਂ ਕਈ ਪਰਿਵਾਰਾਂ ਵਿਚੋਂ ਖਤਮ ਹੋ ਰਹੀਆਂ ਹਨ ਜਿਸ ਕਾਰਨ ਲੱਖਾਂ ਗੁੱਟ ਰੱਖੜੀ ਤੋਂ ਬਾਂਝੇ ਰਹਿਣਗੇ। ਅੱਜ ਰੱਖੜੀ ਦੇ ਦਿਨ ਤੇ ਸਾਨੂੰ ਇਸ ਸਮੱਸਿਆ ਸਬੰਧੀ ਗੰਭੀਰਤਾ ਨਾਲ ਸੋਚਣਾ ਪਵੇਗਾ।  
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜ਼ਿਲਾ ਰੂਪਨਗਰ ਪੰਜਾਬ 
9417563054


Related News