ਕਿਤਾਬ ਘਰ : ਘੁਮੱਕੜ ਸ਼ਾਸਤਰ

07/30/2021 3:23:37 PM

ਭਾਰਤ ਇੱਕ ਕਮਾਲ ਦਾ ਦੇਸ਼ ਹੈ ਜਿੱਥੇ ਬੁੱਧ, ਮਹਾਵੀਰ, ਨਾਨਕ ਵਰਗੇ ਪੀਰ ਪਗੰਬਰ ਪੈਦਾ ਹੋਏ ਅਤੇ ਸਮਾਜ ਨੇ ਪਹਿਲੇ ਦਰਜ਼ੇ ਨਾਲ ਅਪਣਾਏ। ਕਾਰਣ..? ਕਿਉਂਕਿ ਇਹ  ਸਾਰੇ ਯਾਤਰਾ ਉੱਪਰ ਨਿਕਲ ਗਏ ਤੇ ਮਹਾਨ‘ਘੁਮੱਕੜ’ ਬਣਕੇ ਮੁੜੇ। ਸਾਡੇ ਅੱਜ ਦੇ ਸਮੇਂ ਵਿੱਚ ਸੌ ਵਿੱਚੋਂ ਦਸ ਬੰਦੇ ਹੋਣਗੇ ਜੋ ਬਾਹਰ ਘੁੰਮਣ ਫਿਰਣ ਜਾਂਦੇ ਨੇ। ਬਹੁਤੇ ਘਰੋਂ ਡਰਦੇ ਨਹੀਂ ਜਾਂਦੇ, ਕੁਝ ਹਾਲਾਤ ਮਾੜੇ ਕਰਕੇ ਤੇ ਕੁਝ ਨੂੰ ਬਾਹਰ ਘੁੰਮਣਾ ਨਹੀਂ ਆਉਂਦਾ। ਇਸ ਦਾ ਕਾਰਣ ਹੈ ਤੁਹਾਡਾ ਆਪਣੇ ਮਾਂ ਪਿਉ ਪ੍ਰਤੀ ਬਹੁਤਾ ਵਫ਼ਾਦਾਰ ਰਹਿਣਾ। ਤੁਸੀਂ ਹਰ ਪਲ ਹੀ ਆਪਣੇ ਮਾਂ ਪਿਉ ਬਾਰੇ ਸੋਚਦੇ ਹੋ। ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਨੇ ਸਾਨੂੰ ਜੀਵਨ ਦਿੱਤਾ ਪਰ ਅਸੀਂ ਇੰਨਾ ਉਹਨਾਂ ਦੀ ਸ਼ਰਧਾ ਵਿੱਚ ਧਸ ਜਾਨੇ ਹਾਂ ਕਿ ਜਿਉਣਾ ਹੀ ਭੁੱਲ ਜਾਂਦੇ ਹਾਂ। ਚੰਗਾ ਕੰਮ ਕਰਨਾ, ਚੰਗਾ ਰਹਿਣ ਸਹਿਣ ਪਰ ਫਿਰ ਵੀ ਤੁਸੀਂ ਮਸੋਸੇ ਜਿਹੇ ਰਹਿਨੇ ਹੋ। ਜੇਕਰ ਸਿਧਾਰਥ ਨੂੰ ਚਾਰ ਦ੍ਰਿਸ਼ ਨਾ ਦਿਖਦੇ ਕੀ ਉਹ ਬੁੱਧ ਹੁੰਦਾ? ਬਾਬਾ ਨਾਨਕ ਜੇਕਰ ਉਦਾਸੀਆਂ ਨਾ ਕਰਦਾ ਕੀ ਬਾਬਾ ਨਾਨਕ ਹੁੰਦਾ? ਇਹ ਸਭ ਉਹ ਪੀਰ ਪਗੰਬਰ ਹਨ ਜਿਹਨਾਂ ਨੇ ਘਰ ਛੱਡਿਆ ਤੇ ਗਿਆਨ ਹਾਸਿਲ ਕੀਤਾ।

‘ਘੁਮੱਕੜ ਸ਼ਾਸ਼ਤਰ’ ਕਿਤਾਬ ਵੀ ਸਾਨੂੰ ਘੁਮੱਕੜ ਬਣਨ ਲਈ ਪ੍ਰੇਰਦੀ ਹੈ ਕਿਉਂਕਿ ਰਾਹੁਲ ਚੰਗੀ ਤਰ੍ਹਾਂ ਜਾਣਦਾ ਕਿ ਭਾਰਤ ਵਿੱਚ ਜੋ ਸਥਿਤੀ ਹੈ ਉਹ ਰੂੜੀ ਗਿਆਨ ਕਾਰਨ ਹੈ। ਰਾਹੁਲ ਨੂੰ ਸਾਲਾਂ ਤੋਂ ਸਾਡੇ ਭਵਿੱਖ ਦਾ ਪਤਾ ਸੀ ਕਿ ਭਾਰਤ ਵਿੱਚ ਲੋਕ ਘੁੰਮਣਾ ਪਸੰਦ ਨਹੀਂ ਕਰਦੇ। ਹਾਂ ਜਦੋਂ ਹੀ ਘੁੰਮਣਾ ਬੰਦ ਹੋਇਆ ਉਸ ਤੋਂ ਬਾਅਦ ਪੀਰ, ਗੁਰੂ ਪਗੰਬਰ ਵੀ ਘੱਟ ਗਏ।ਰਾਹੁਲ ਕਿਤਾਬ ਬੜੇ ਸੋਹਣੇ ਢੰਗ ਨਾਲ ਲਿੱਖਦਾ ਹੈ। ਕਿਤਾਬ ਵੱਖ-ਵੱਖ ਅਧਿਆਇ ਵਿੱਚ ਵੰਡੀ ਹੈ ਜਿਹਨਾਂ ਵਿੱਚ ਸਾਨੂੰ ਇੱਕ ਹੋਣਹਾਰ ਘੁਮੱਕੜ ਬਣਾਉਣ ਲਈ ਪ੍ਰੇਰਿਆ ਗਿਆ ਹੈ। ਲੇਖਕ ਸਾਨੂੰ ਬਹੁ ਦਿਸ਼ਾਵੀ ਆਤਮ ਨਿਰਭਰ ਬਣਾਉਣਾ ਚਾਹੁੰਦਾ ਹੈ। ਕਿਤੇ ਅਸੀਂ ਦੋ ਚਾਰ ਦੋਸਤਾਂ ‘ਚ ਨਾ ਅੜਕੇ ਰਹਿ ਜਾਈਏ ਉਹ ਸਾਨੂੰ ਕਹਿੰਦਾ ਤੁਹਾਨੂੰ ਪਿੰਡੋਂ ਪਿੰਡ, ਸ਼ਹਿਰੋ ਸ਼ਹਿਰ ਦੋਸਤ ਗਲਵੱਕੜੀ ਪਾਉਣ ਲਈ ਤਿਆਰ ਖੜੇ ਨੇ। ਇੱਕ ਜਗ੍ਹਾ ਖ਼ਲੀਲ ਜਿਬਰਾਨ ਨੇ ਲਿਖਿਆ ਸੀ ਕਿ ‘‘ਆਪਣੇ ਬੱਚਿਆਂ ਨੂੰ ਸੁਪਨੇ ਦਿਓ ਪਰਦੇਖਣ ਉਹ ਖੁਦ ਦੀ ਅੱਖ ਨਾਲ.” ਪਰ ਮੇਰਾ ਵਿਚਾਰ ਹੈ ਕਿ, ‘‘ਤੁਸੀਂ ਬੱਚੇ ਪੈਦਾ ਕੀਤੇ ਹਨ ਇਹ ਤੁਹਾਡੇ ਸੰਸਕਾਰ ਨੂੰ ਉਦੋਂ ਤੱਕ ਸਾਂਭ ਕੇ ਰੱਖਣਗੇ ਜਦੋਂ ਤੱਕ ਗਿਆਨ ਹਾਸਿਲ ਨਾ ਹੋਇਆ ਜਦ ਹੀ ਇਹਨਾਂ ਨੂੰ ਨਿਰਵਾਣ ਪ੍ਰਾਪਤ ਹੋਇਆ ਇਹ ਕੂੜ ਸੰਸਕਾਰ ਛੱਡ ਦੇਣਗੇ ਤੇ ਤੁਹਾਡੇ ਤੋਂ ਬਾਗ਼ੀ ਹੋ
ਜਾਣਗੇ...”

ਰਾਹੁਲ ਵੀ ਸਾਨੂੰ ਅੰਦਰੋਂ ਹਿਲੋਰਦਾ ਕਿ ਤੁਸੀਂ ਬਗਾਵਤ ਕਰੋ ਤੇ ਘੁਮੱਕੜ ਸਨਿਆਸੀ ਬਣੋ। ਆਪਣੇ ਰਿਸ਼ਤਿਆਂ ਦੇ ਪ੍ਰੇਮ ਨੂੰ ਛੱਡੋ ਤੇ ਯਾਤਰਾ ਉੱਤੇ ਤੁਰੋ ਤੁਹਾਨੂੰ ਕੋਈ ਰਾਹ 'ਤੇ ਉਡੀਕ ਰਿਹਾ ਹੈ। ਉਸਦੀ ਉਡੀਕ ਖ਼ਤਮ ਕਰਨ ਲਈ ਤੁਹਾਨੂੰ ਘਰ ਛੱਡਣਾ ਪਵੇਗਾ।

ਘੁਮੱਕੜ ਸ਼ਾਸਤਰ ਉਹ ਹੀ ਪੜ੍ਹਨਗੇ ਜਿਹਨਾਂ ਅੰਦਰ ਕੁਝ ਕਰਨ ਦਾ ਹੌਂਸਲਾ ਹੈ। ਮੈਂ ਸਿਰਫ ਦੋ ਕਿਤਾਬਾਂ ਨੂੰ ਆਪਣੇ ਅੰਦਰ ਬੜੇ ਔਖੇ ਤੇ ਸਲੀਕੇ ਢੰਗ ਨਾਲ ਸਾਂਭਿਆ ਹੈ: ਇੱਕ ‘ਘੁਮੱਕੜ ਸ਼ਾਸਤਰ’ ਦੂਜੀ ‘ਕਿਤਾਬ ਏ ਮੀਰਦਾਦ’ ਕਿਉਂਕਿ ਦੋਵੇਂ ਹੀ ਆਤਮ ਨਿਰਭਰ ਬਣਾਉਂਦੀਆਂ ਨੇ। ਸਾਡੇ ਤੀਜੇ ਨੇਤਰ ਨੂੰ ਖੋਲ੍ਹਣ ਲਈ ਸਾਨੂੰ ਯਾਤਰੀ ਬਣਨਾ ਚਾਹੀਦਾ ਹੈ ਨਾ ਕਿ ਖੂਹ ਦੇ ਡੱਡੂ ਬਣਕੇ ਰਹਿਣਾ ਚਾਹੀਦਾ। ਸਾਡੇ ਅੰਦਰ ਬੜਾ ਕੁਝ ਭਰਿਆ ਪਿਆ ਹੈ। ਜਿਹੜਾ ਸਮੇਂ ਸਮੇਂ ਨਾਲ ਅਨੁਭਵ ਕਰਕੇ ਬਾਹਰ ਨਿਕਲਦਾ ਹੈ।

ਘੁੰਮਣਾ ਚੰਗਾ ਲੇਖਕ, ਚਿੱਤਰਕਾਰ ਤੇ ਕਵੀ ਬਣਾਉਂਦਾ ਹੈ। ਮੈਨੂੰ ਲੱਗਦਾ ਅਸੀਂ ਇੱਟ ‘ਤੇ ਖੜ ਕੇ ਪਹਾੜ ਨੂੰ ਨਹੀਂ ਨਾਪ ਸਕਦੇ ਤੇ ਨਾ ਇੱਟ ਦੇ ਅਨੁਭਵ ਨਾਲ ਪਹਾੜ ‘ਤੇ ਕਵਿਤਾ ਲਿਖ ਸਕਦੇ ਹਾਂ। ਸਾਨੂੰ ਘੁੰਮਣਾ ਹੀ ਚਾਹੀਦਾ। ਰੋਜ਼ ਨਵੇਂ ਨਵੇਂ ਦ੍ਰਿਸ਼, ਲੋਕ, ਸੱਭਿਆਚਾਰ, ਕਲਾ ਕਲਾਵਾਂ ਦੇਖਣੀਆਂ ਜ਼ਰੂਰੀ ਹਨ। ਜੇਕਰ ਇਹੋ ਇਕ ਜ਼ਿੰਦਗੀ ਹੈ ਤਾਂ ਸਾਨੂੰ ਘਰੇ ਰਹਿਕੇ ਪਰਿਵਾਰਿਕ ਹੀ ਨਹੀਂ ਮਾਨਣੀ ਚਾਹੀਦੀ, ਜ਼ਿੰਦਗੀ ਦੇ ਕੁਝ ਸਾਲ ਘੁਮੱਕੜੀ ਲਈ ਕੱਢੋ ਤੇ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਵਿੱਚ ਵਾਧਾ ਕਰੋ। ਘੁੰਮਣ ਦੇ ਵੀ ਕਈ ਢੰਗ ਨੇ। ਜੇਕਰ ਕਿਸੇ ਸਾਧਨ ਦਾ ਸਹਾਰਾ ਲੈਂਦੇ ਹੋ ਤਾਂ ਤੁਸੀਂ ਸਹਿਜ ਗੁਆ ਲਵੋਗੇ। ਇਸ ਲਈ ਹਮੇਸ਼ਾ ਪੈਦਲ ਯਾਤਰਾ ਉੱਪਰ ਹੀ ਨਿੱਕਲੋ ਅਤੇ ਸਹਿਜ ਨਾਲ ਦੇਸ਼ ਦੇਸ਼ਾਂਤਰ ਨੂੰ ਘੁੰਮੋ।  ਆਪਣੇ ਨਾਲ ਲਿਖਣ ਲਈ ਕਾਗਜ਼ ਕਲਮ ਰੱਖੋ ਤਾਂ ਜੋ ਤੁਸੀਂ ਸਾਹਿਤ ਵਿੱਚ ਚੰਗੀ ਕਲਾ ਅਤੇ ਨਵਾਂ ਅਨੁਭਵ ਦੇ ਸਕੋ। ਹਮੇਸ਼ਾ ਰੂੜੀ ਗਿਆਨ ਨੂੰ ਛਿੱਕੇ ਟੰਗੋ। ਆਪਣੇ ਆਪ ਨੂੰ ਆਤਮ ਨਿਰਭਰ ਕਰੋ ਅਤੇ ਨਿਕਲ ਜਾਓ ਇੱਕ ਲੰਮੀ ਯਾਤਰਾ ਤੇ...

ਅੰਤ ਵਿੱਚ ਇਹੀ ਕਹਾਂਗਾ ਕਿ ਕਿਤਾਬ ਨੂੰ ਓਹੀ ਪਾਠਕ ਹੱਥ ਪਾਉਣ ਜਿਹਨਾਂ ਨੂੰ ਘੁਮੱਕੜੀ ਚੰਗੀ ਲੱਗਦੀ ਹੈ, ਕਿਉਂਕਿ ਪੜ੍ਹਨ ਤੋਂ ਬਾਅਦ ਤੁਸੀਂ ਨਵੇਂ ਰਾਹ ਚੁਣੋਗੇ ਅਤੇ ਇੱਕ ਲੰਮੀ ਯਾਤਰਾ ਉਪਰ ਨਿਕਲੋਗੇ ਜਿੱਥੋਂ ਸਾਡੇ ਲਈ ਇੱਕ ਨਵਾਂ ਰਾਹੁਲ ਲਿਖੇਗਾ–
‘ਘੁਮੱਕੜ ਸ਼ਾਸਤਰ’

ਆਲੋਚਨਾ: ਸੁਖਦੀਪ
ਕਿਤਾਬ: ਘੁਮੱਕੜ ਸ਼ਾਸਤਰ
ਮੂਲ ਲੇਖਕ: ਰਾਹੁਲ ਸਾਂਕਰਤਿਆਂਨ
ਅਨੁਵਾਦ: ਦਕਸ਼ਦੀਪ ਕੌਰ
ਪ੍ਰਕਾਸ਼ਕ: ਰੀਥਿੰਕ ਫ਼ਾਉਂਡੇਸ਼ਨ

 


Harnek Seechewal

Content Editor

Related News