ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ 'ਤੇ ਵਿਸ਼ੇਸ਼: ਦੱਬੇ ਕੁਚਲੇ ਵਰਗਾਂ ਨੂੰ ਆਪਣੇ ਹੱਕਾਂ ਲਈ ਲੜਣ ਲਈ ਕੀਤਾ ਤਿਆਰ

Wednesday, Mar 15, 2023 - 01:47 PM (IST)

ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ 'ਤੇ ਵਿਸ਼ੇਸ਼: ਦੱਬੇ ਕੁਚਲੇ ਵਰਗਾਂ ਨੂੰ ਆਪਣੇ ਹੱਕਾਂ ਲਈ ਲੜਣ ਲਈ ਕੀਤਾ ਤਿਆਰ

ਭਾਰਤ ਦੀ ਅਬਾਦੀ ਦਾ ਵੱਡਾ ਹਿੱਸਾ ਸਮਾਜਿਕ ਅਤੇ ਧਾਰਮਿਕ ਕੁਰਿਤੀ ਜਾਤ ਅਧਾਰਤ ਵਿਤਕਰੇ ਦਾ ਸ਼ਿਕਾਰ ਰਿਹਾ ਹੈ। ਇਸ ਵਿੱਤਕਰੇ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਮੁਹਿੰਮ ਚਲਾਈ ਹੈ। 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ ਪਰ ਜਾਤ ਪਾਤ ਅਧਾਰਿਤ ਵਿਤਕਰੇ ਤੋਂ ਬਹੁਤੇ ਲੋਕਾਂ ਨੂੰ ਅਜਾਦੀ ਨਾਂ ਮਿਲ ਸਕੀ। ਇਸ ਅਜ਼ਾਦੀ ਦੀ ਲੋਅ ਅਛੂਤਾਂ ਅਤੇ ਪੱਛੜੇ ਵਰਗਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਾਰ ਵੀ ਕਿਹਾ ਜਾਂਦਾ ਹੈ ਨੇ ਮੁਹਿੰਮ ਚਲਾਈ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬੇ ਵਿੱਚ ਸਰਕਾਰ ਬਣਾ ਕੇ ਮੰਨੂਵਾਦੀ ਸੱਤਾਧਾਰੀ ਪ੍ਰਥਾ ਨੂੰ ਤੋੜਿਆ। ਸਾਹਿਬ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨਾਨਾ ਸਾਹਿਬ ਦਿਤਾ ਅਤੇ ਨਾਨੀ ਪ੍ਰਸਿੰਨੀ ਦੇਵੀ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ। ਆਪ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ ਅਤੇ ਚਮਾਰ ਜਾਤ ਨਾਲ ਸਬੰਧ ਰੱਖਦੇ ਸਨ ਜੋ ਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ। ਆਪ ਦਾ ਪਰਿਵਾਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਸਨ ਪ੍ਰੰਤੂ ਆਪ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਆਪ ਦਾ ਨਾਨੀ ਨਾਲ ਗੂੜ੍ਹਾ ਪਿਆਰ ਸੀ ਜਿਸ ਕਰਕੇ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ ਅਤੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਹੀ ਬਣਾਇਆ ਸੀ। ਆਪ ਨੇ ਮੁੱਢਲੀ ਪੜ੍ਹਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਰੋਪੜ ਤੋਂ 1956 ਵਿੱਚ ਵਿਗਿਆਨ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਆਪ ਦੀ ਮੰਗਣੀ ਇੱਕ ਕਾਂਗਰਸੀ ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਆਪ ਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿਤਾ ਅਤੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ।

1957 ਵਿੱਚ ਆਪ ਨੇ ਸਰਵੇ ਆਫ ਇੰਡੀਆ ਦੀ ਪ੍ਰੀਖਿੱਆ ਪਾਸ ਕੀਤੀ ਅਤੇ ਇਸਦੀ ਟ੍ਰੇਨਿੰਗ ਲਈ ਦੇਹਰਾਦੂਨ ਚੱਲੇ ਗਏ। ਇਸ ਟ੍ਰੇਨਿੰਗ ਲਈ ਸਮੂਹ ਸਿੱਖਿਆਰਥੀਆਂ ਨੂੰ ਇੱਕ ਬਾਂਡ ਭਰਨ ਲਈ ਕਿਹਾ ਗਿਆ ਜਿਸ ਅਨੁਸਾਰ ਇੱਕ ਨਿਸ਼ਚਿਤ ਸਮੇਂ ਲਈ ਸਰਵੇ ਆਫ ਇੰਡੀਆ ਵਿੱਚ ਨੌਕਰੀ ਕਰਨਾ ਜ਼ਰੂਰੀ ਸੀ ਪਰੰਤੂ ਆਪ ਨੇ ਮਨ੍ਹਾ ਕਰ ਦਿੱਤਾ ਅਤੇ ਇਹ ਟ੍ਰੇਨਿੰਗ ਛੱਡ ਕੇ ਵਾਪਸ ਆ ਗਏ। ਇਸ ਤੋਂ ਬਾਅਦ ਆਪ ਨੇ ਰੱਖਿਆ ਉਤਪਾਦਨ ਵਿਭਾਗ ਪੂਨਾ ਵਿੱਚ ਸਹਾਇਕ ਵਿਗਿਆਨੀ ਦੇ ਤੌਰ ਤੇ ਨੌਕਰੀ ਸ਼ੁਰੂ ਕੀਤੀ। 1965 ਵਿੱਚ ਉਨ੍ਹਾਂ ਨੇ ਆਪਣੇ ਅਦਾਰੇ ਵਿੱਚ ਇੱਕ ਹੋਰ ਅਛੂਤ ਸਟਾਫ ਮੈਂਬਰ ਦੀਨਾ ਭਾਨਾ ਨਾਲ ਮਿਲ ਕੇ ਡਾਕਟਰ ਅੰਬੇਡਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਵਸ ਸਬੰਧੀ ਹੋਣ ਵਾਲੀਆਂ ਛੁੱਟੀਆਂ ਪ੍ਰਬੰਧਕਾਂ ਵਲੋਂ ਰੱਦ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਘਰਸ ਕਰਕੇ ਬੰਦ ਕੀਤੀਆਂ ਗਈਆਂ ਇਹ ਛੁੱਟੀਆਂ ਮੁੜ ਸ਼ੁਰੂ ਕਰਵਾਈਆਂ। ਇਸ ਤੋਂ ਬਾਅਦ ਆਪ ਨੇ 1971 ਵਿੱਚ ਆਪਣੀ ਇਸ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਅਤੇ ਦੇਸ਼ ਵਿੱਚ ਦਲਿਤਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪੱਛੜੀਆਂ ਜਾਤੀਆਂ ਅਤੇ ਘੱਟ ਗਿਣਤੀ ਕਰਮਚਾਰੀ ਵੈਲਫੇਅਰ ਸੰਸਥਾ ਬਾਮਸੇਫ ਦੀ ਸਥਾਪਨਾ ਕੀਤੀ। ਆਪ ਨੇ ਸ਼ੁਰੂ ਵਿੱਚ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਸਮਰਥਨ ਕੀਤਾ ਪਰ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਇਸ ਦੇ ਸਹਿਯੋਗ ਕਾਰਨ ਨਰਾਜ਼ ਹੋ ਗਏ। ਆਪ ਨੇ ਕਿਹਾ ਕਿ ਪਾਰਟੀ ਪਹਿਲੀ ਚੋਣ ਹਾਰਨ ਲਈ ਅਗਲੀ ਚੋਣ ਜਿੱਤਣ ਲਈ ਅਤੇ ਤੀਜੀ ਚੋਣ ਜਿੱਤਣ ਲਈ ਲੜੇਗੀ। ਆਦਿ ਧਰਮ ਲਹਿਰ ਦੇ ਆਗੂ ਅਤੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਫ਼ਨਾ ਸੱਚ ਕਰ ਦਿਖਾਇਆ। ਆਪ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਵਿਚਕਾਰ ਸਮਝੋਤਾ ਸੀ ਨੇ ਸਿਰਫ਼ ਚਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੌਤੇ ਕਾਰਨ ਪੀ. ਐੱਮ. ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦਿੱਤੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਵਾਂਝੇ ਰਹਿਣਾ ਪਿਆ ਹੈ। ਆਪ ਨੇ ਇਸ ਸਬੰਧੀ ਅਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ।

ਆਪ ਨੇ ਦਲੀਲ ਦਿੱਤੀ ਕਿ ਦਲਿਤਾਂ ਨੂੰ ਦੂਜੀਆਂ ਪਾਰਟੀਆਂ ਨਾਲ ਕੰਮ ਕਰਕੇ ਸਮਝੌਤਾ ਕਰਨ ਦੀ ਬਜਾਏ ਆਪਣੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। 1973 ਵਿੱਚ ਬੈਕਵਰਡ ਐਂਡ ਮਾਇਨਾਰਿਟੀ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ –ਬਾਮਸੇਫ ਦੀ ਸਥਾਪਨਾ ਕੀਤੀ ਅਤੇ ਇਸ ਦਾ ਦਫ਼ਤਰ 1976 ਵਿੱਚ ਦਿੱਲੀ ਵਿੱਚ ਖੋਲ੍ਹਿਆ ਗਿਆ। ਇਸ ਸੰਸਥਾ ਦਾ ਮੁੱਖ ਉਦੇਸ਼ ਡਾਕਟਰ ਅੰਬੇਡਕਰ ਵਲੋਂ ਦਿੱਤੇ ਗਏ ਪੜ੍ਹੋ, ਜੁੜ੍ਹੋ ਅਤੇ ਸੰਘਰਸ਼ ਕਰੋ ਰੱਖਿਆ ਗਿਆ। ਆਪ ਨੇ ਡਾਕਟਰ ਅੰਬੇਡਕਰ ਅਤੇ ਸਮਾਜ ਦੇ ਹੋਰ ਰਹਿਵਰਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਲਈ ਅਪਣੇ ਸਾਥੀਆਂ ਨਾਲ ਸਾਈਕਲ ਯਾਤਰਾ ਕੀਤੀ ਅਤੇ ਬਹੁਜਨ ਹਿਤਾਏ, ਬਹੁਜਨ ਸੁਖਾਏ ਲਹਿਰ ਚਲਾਈ। ਸਾਲ 1980 ਵਿੱਚ ਆਪ ਨੇ ਅੰਬੇਡਕਰ ਮੇਲਾ ਨਾਮ ਤੇ ਪੈਦਲ ਯਾਤਰਾ ਕੀਤੀ। ਡਾਕਟਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐੱਸ-4 ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ ਅਤੇ ਡਾਕਟਰ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ 1984 ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ) ਬਣਾ ਦਿੱਤੀ ਅਤੇ ਕਰੋੜਾਂ ਦਲਿਤਾਂ ਦਾ ਸੁਫ਼ਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ ਤੇ ਕਾਬਜ਼ ਹੋਣ ਦਾ ਐਲਾਨ ਕਰ ਦਿੱਤਾ। ਉਸਨੇ ਆਪਣੀ ਪਹਿਲੀ ਚੋਣ 1984 ਵਿੱਚ ਛੱਤੀਸਗੜ੍ਹ ਵਿੱਚ ਲੜੀ। 1988 ਵਿੱਚ ਉਸ ਨੇ ਇਲਾਹਾਬਾਦ ਸੀਟ ਤੋਂ ਵੀ.ਪੀ. ਸਿੰਘ ਦੇ ਖ਼ਿਲਾਫ਼ ਚੋਣ ਲੜੀ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਪਰ 70000 ਦੇ ਕਰੀਬ ਵੋਟਾਂ ਨਾਲ ਹਾਰ ਹੋਈ। 1989 ਵਿੱਚ ਪੂਰਬੀ ਦਿੱਲੀ ਤੋਂ ਐੱਚ.ਕੇ.ਐੱਲ. ਭਗਤ ਦੇ ਵਿਰੁੱਧ ਅਤੇ ਅਮੇਠੀ ਵਿੱਚ ਰਾਜੀਵ ਗਾਂਧੀ ਦੇ ਵਿਰੁੱਧ ਚੋਣ ਲੜੀ ਅਤੇ ਦੋਵਾਂ ਸੀਟਾਂ ਤੇ ਤੀਜੇ ਸਥਾਨ ਤੇ ਰਹੇ। ਉਸ ਨੇ ਹੁਸ਼ਿਆਰਪੁਰ ਤੋਂ 11ਵੀਂ ਲੋਕ ਸਭਾ ਦੀ ਨੁਮਾਇੰਦਗੀ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਵੀ ਚੁਣੇ ਗਏ। 1992 ਵਿੱਚ ਬਾਬਰੀ ਮਸਜ਼ਿਦ ਦੇ ਢਾਹੇ ਜਾਣ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਅਤੇ ਕਾਂਸ਼ੀ ਰਾਮ ਨੇ ਪੱਛੜੀਆਂ ਅਤੇ ਦਲਿਤ ਜਾਤੀਆਂ ਵਿੱਚ ਏਕਤਾ ਪੈਦਾ ਕਰਕੇ ਫਿਰਕੂ ਤਾਕਤਾਂ ਨੂੰ ਸੱਤਾ ਤੋਂ ਦੂਰ ਰੱਖਣ ਲਈ ਹੱਥ ਮਿਲਾਇਆ।

ਯੂਪੀ ਵਿੱਚ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਗੱਠਜੋੜ ਵਾਲੀ ਸਰਕਾਰ ਬਣੀ ਪਰੰਤੂ ਇਹ ਗਠਜੋੜ ਜੂਨ 1995 ਵਿੱਚ ਟੁੱਟ ਗਿਆ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ 2.07 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। 1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ। ਸਾਲ 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਆਪ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਬਸਪਾ ਨੇ 1999 ਦੀਆਂ ਸੰਸਦੀ ਚੋਣਾਂ ਵਿੱਚ 14 ਸੰਸਦੀ ਸੀਟਾਂ ਜਿੱਤੀਆਂ ਸਨ। 18 ਫਰਵਰੀ 2001 ਨੂੰ ਆਦਿ ਧਰਮ ਮੰਡਲ ਦੀ ਸਥਾਪਨਾ ਦੇ 75 ਸਾਲ ਹੋਣ ਤੇ ਬਹੁਜਨ ਸਮਾਜ ਪਾਰਟੀ ਵਲੋਂ ਹੁਸ਼ਿਆਰਪੁਰ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਪ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ ਤੇ ਚੱਲਣ ਦਾ ਸੁਨੇਹਾ ਦਿਤਾ। 1998 ਵਿੱਚ ਆਪ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜ੍ਹਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘੱਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ. ਐੱਸ. ਪੀ ਨੇ ਕਈ ਵਾਰ ਸਰਕਾਰ ਬਣਾਈ। ਆਪ ਦੇਸ਼ ਦੇ ਬਹੁਜਨ ਸਮਾਜ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਚਾਹੁੰਦੇ ਸਨ ਪਰ ਸਫ਼ਲ ਨਾਂ ਹੋ ਸਕੇ। ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਆਪ ਨੂੰ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਕੀਤੀ ਪਰੰਤੂ ਆਪ ਨੇ ਸਾਫ਼ ਕਹਿ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਜਿਸ ਨਾਲ ਉਹ ਦਲਿਤਾਂ ਸਮੇਤ ਬਾਕੀ ਲੋਕਾਂ ਦੇ ਭਲੇ ਲਈ ਕੰਮ ਕਰ ਸਕਣ। ਜਿਸਕੀ ਜਿਤਨੀ ਸੰਖਿਆ ਭਾਰੀ ਉਤਨੀ ਉਸਦੀ ਹਿੱਸੇਦਾਰੀ ਦਾ ਨਾਅਰਾ ਦੇਣ ਵਾਲੇ ਕਾਂਸ਼ੀ ਰਾਮ ਸੱਤਾ ਦਾ ਚਸਕਾ ਪਾ ਕੇ ਸੱਤਾ ਨੂੰ ਦਲਿਤਾਂ ਦੇ ਦਰਵਾਜੇ ਤੱਕ ਲਿਆਉਣਾ ਚਾਹੁੰਦੇ ਸਨ। ਉਹ ਰਾਸ਼ਟਰਪਤੀ ਬਣ ਕੇ ਚੁੱਪਚਾਪ ਬੈਠਣ ਲਈ ਤਿਆਰ ਨਹੀਂ ਹੋਏ। ਉਹ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ 1994 ਵਿੱਚ ਦਿਲ ਦਾ ਦੌਰਾ ਪੈ ਗਿਆ। 2003 ਵਿੱਚ ਆਪ ਦੀ ਹਾਲਤ ਹੋਰ ਜ਼ਿਆਦਾ ਖ਼ਰਾਬ ਹੋ ਗਈ ਅਤੇ 2004 ਤੋਂ ਬਾਅਦ ਹਰ ਤਰ੍ਹਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿੱਤਾ।

ਅੰਤ ਮਿਤੀ 09 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ। ਆਪ ਦੀ ਮੌਤ 'ਤੇ ਸੋਗ ਸੰਦੇਸ਼ ਵਿੱਚ ਉਸ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਸ਼ੀ ਰਾਮ ਨੂੰ ਸਮੇਂ ਦੇ ਮਹਾਨ ਸਮਾਜ ਸੁਧਾਰਕਾਂ ਵਿੱਚੋਂ ਇੱਕ ਦੱਸਿਆ। ਆਪ ਦੇ ਭਾਸ਼ਣਾਂ ਨੂੰ ਅਨੁਜ ਕੁਮਾਰ ਦੁਆਰਾ ਬਹੁਜਨ ਨਾਇਕ ਕਾਂਸ਼ੀ ਰਾਮ ਦੇ ਭਾਸ਼ਨ, ਐੱਸ.ਐੱਸ. ਗੌਤਮ ਅਤੇ ਏ.ਆਰ. ਦੁਆਰਾ ਸੰਕਲਿਤ ਕਾਂਸ਼ੀ ਰਾਮ ਦੀਆਂ ਲਿਖਤਾਂ ਅਤੇ ਭਾਸ਼ਣ ਵਰਗੀਆਂ ਕਿਤਾਬਾਂ ਵਿੱਚ ਸੰਕਲਿਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਕਾਂਸ਼ੀ ਰਾਮ ਦੇ ਨਾਮ ਉੱਤੇ ਕਈ ਸਰਕਾਰੀ ਪ੍ਰੋਗਰਾਮ ਅਤੇ ਸਕੀਮਾਂ ਅਤੇ ਜਨਤਕ ਸੰਸਥਾਵਾਂ ਹਨ। ਉਨ੍ਹਾਂ ਦੇ ਜਨਮ ਸਥਾਨ ਪਿਰਥੀਪੁਰ ਬੂੰਗਾ ਸਾਹਿਬ ਵਿੱਚ ਉਨ੍ਹਾਂ ਦੀ ਮੂਰਤੀ ਦੇ ਨਾਲ ਇੱਕ ਯਾਦਗਾਰ ਹੈ। ਲਖਨਊ ਵਿੱਚ ਗ੍ਰੀਨ ਈਕੋ ਗਾਰਡਨ ਦਾ ਨਾਮ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ ਹੈ। 2017 ਵਿੱਚ ਇੱਕ ਹਿੰਦੀ ਭਾਸ਼ਾ ਦੀ ਬਾਇਓਪਿਕ ਫਿਲਮ ਦਾ ਗ੍ਰੇਟ ਲੀਡਰ ਕਾਂਸ਼ੀ ਰਾਮ ਰਿਲੀਜ਼ ਕੀਤੀ ਗਈ ਸੀ ਜਿਸ ਦਾ ਨਿਰਦੇਸ਼ਨ ਅਤੇ ਨਿਰਮਾਣ ਅਰਜੁਨ ਸਿੰਘ ਦੁਆਰਾ ਕੀਤਾ ਗਿਆ ਸੀ। ਪੰਜਾਬੀ ਵਿੱਚ ਵੀ ਪੰਮੀ ਲਾਲੋ ਮਜਾਰਾ ਵਲੋਂ ਮੈਂ ਕਾਂਸ਼ੀ ਰਾਮ ਬੋਲਦਾ ਕਿਤਾਬ ਲਿਖੀ ਗਈ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜੀਆਂ ਵਸਤਾਂ ਦੀ ਇੱਕ ਲਾਇਬ੍ਰੇਰੀ ਤਿਆਰ ਕੀਤੀ ਗਈ ਹੈ। ਇਸ ਟਰਸੱਟ ਦਾ ਨੀਂਹ ਪੱਥਰ ਮੋਜੂਦਾ ਬੀ. ਐੱਸ. ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ 01 ਅਗਸਤ, 1997 ਨੂੰ ਰੱਖਿਆ ਸੀ ਅਤੇ ਇਸ ਦਾ ਉਦਘਾਟਨ 15 ਮਾਰਚ, 2013 ਨੂੰ ਪੀ.ਐੱਲ. ਪੂਨੀਆ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨੇ ਕੀਤਾ ਸੀ। ਕਾਂਗਰਸੀ ਆਗੂ ਸ਼ਮਸੇਰ ਸਿੰਘ ਦੂਲੋਂ ਵਲੋਂ ਇਸ ਪਿੰਡ ਵਿੱਚ ਵਿਸ਼ੇਸ਼ ਤੌਰ ਤੇ ਇੱਕ ਭਵਨ ਬਣਵਾਇਆ ਗਿਆ ਹੈ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ-ਸਨਮਾਨ ਦਿੰਦੀ ਹੈ ਅਤੇ ਸਮੇਂ-ਸਮੇਂ ਤੇ ਸਮਾਜਿਕ, ਧਾਰਮਿਕ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹੋਰ ਆਗੂ ਇਸ ਟਰੱਸਟ ਵਿੱਚ ਆਉਂਦੇ ਹਨ ਅਤੇ ਬਾਬੂ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦੇ ਹਨ। ਹਰ ਸਾਲ ਦੀ ਤਰ੍ਹਾਂ ਅੱਜ ਇਸ ਟਰੱਸਟ ਵਲੋਂ ਬਾਬੂ ਜੀ ਦੇ ਜਨਮ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਪਹੁੰਚ ਕੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰ ਵਟਾਂਦਰਾ ਕਰਨਗੇ।

ਕੁਲਦੀਪ ਚੰਦ ਦੋਭੇਟਾ


author

Aarti dhillon

Content Editor

Related News