ਲੇਖ : ਜਾਣੋ ਬੀਬੀ ਸੜਕ ਦੀ ਆਤਮ-ਕਥਾ
Sunday, Nov 01, 2020 - 03:25 PM (IST)
ਮੌਜੂਦਾ ਦੌਰ ਵਿਚ ਪੱਛਮੀ ਸਭਿਆਚਾਰ ਦੇ ਪਰਛਾਵੇ ਹੇਠ ਪੰਜਾਬੀਆਂ ਲੋਕਾਂ ਨੇ ਮਾਤਾ ਜੀ ਨੂੰ ਮਾਮ ਜਾਂ ਮੰਮੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸ਼ਾਇਦ ਕਿਸੇ ਟਾਂਵੇ-ਟਾਂਵੇ ਨੂੰ ਹੀ ਪਤਾ ਹੋਵੇਗਾ ਕਿ ਅਸਲੀ ਪੰਜਾਬੀ ਸਭਿਆਚਾਰ ਵਿਚ ਬਹੁਤੇ ਜੁਆਕ ਆਪਣੀਆਂ ਮਾਤਾਵਾਂ ਨੂੰ 'ਬੀਬੀ' ਕਹਿ ਕੇ ਅਤੇ ਜਾਂ ਫਿਰ ਭਾਬੀਆਂ, ਆਪਣੀ ਨਨਾਣ (ਪਤੀ ਦੀ ਭੈਣ) ਨੂੰ 'ਬੀਬੀ' ਕਹਿ ਕੇ ਸੰਬੋਧਨ ਕਰਦੇ ਸਨ। ਬੀਬੀ ਅਲਫਾਜ਼ ਵੈਸੇ ਵੀ ਬੀਬੇਪਣ ਅਤੇ ਸਾਊਪੁਣੇ ਦਾ ਲਖਾਇਕ ਹੈ। ਮੈਂ ਹਾਂ ਪੰਜਾਬ ਦੀ ਇਕ ਸੜ੍ਹਕ - ਬੀਬੀ ਸੜ੍ਹਕ। ਕਈਆਂ ਨੂੰ ਇਹ ਭੁਲੇਖਾ ਹੈ ਕਿ ਮੇਰਾ ਨਾਮ ਬਾਬਾ ਬਕਾਲਾ ਸਾਹਿਬ ਤੋਂ ਬਟਾਲਾ ਵਾਲੀ ਰੋਡ ਹੋਣ ਕਰਕੇ ਅੰਗਰੇਜ਼ੀ ਵਰਣਮਾਲਾ ਦੇ ਬੀ.ਬੀ. ਅੱਖਰਾਂ ਕਰਕੇ ਬੀਬੀ ਸੜ੍ਹਕ ਪਿਆ ਹੋਵੇਗਾ। ਪਰ ਉਹ ਲੋਕ ਕੀ ਜਾਨਣ ਕਿ ਗੋਤਮ ਰਿਸ਼ੀ ਦੇ ਸਰਾਪ ਨਾਲ ਪੱਥਰ ਹੋਈ ਅਹਿਲਿਆ ਇਸਤਰੀ ਵਾਂਗ ਮੇਰੇ ਸਰੀਰ 'ਤੇ ਵੀ ਹਜ਼ਾਰਾਂ ਟੋਏ ਪਏ ਹੋਏ ਹਨ ਅਤੇ ਮੈਂ ਕਈ ਵਰ੍ਹਿਆਂ ਤੋਂ ਇਸ ਦਾ ਦਰਦ ਭੋਗ ਰਹੀ ਹਾਂ। ਨਾਲੇ ਇਹ ਆਤਮ ਕਥਾ ਮੇਰੀ ਇਕੱਲੀ ਦੀ ਹੀ ਨਹੀਂ, ਸਗੋਂ ਪੰਜਾਬ ਭਰ ਵਿਚ ਬਹੁਤੇ ਪਿੰਡਾਂ ਨੂੰ ਕਸਬਿਆਂ ਨਾਲ ਅਤੇ ਕਸਬਿਆਂ ਨੂੰ ਸ਼ਹਿਰਾਂ ਨਾਲ ਜੋੜਣ ਵਾਲੀ ਹਰੇਕ ਲਿੰਕ ਸੜ੍ਹਕ ਕਹਾਣੀ ਮੇਰੇ ਵਰਗੀ ਹੀ ਜਾਪਦੀ ਹੈ।
ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ
ਸਿਆਣੇ ਕਹਿੰਦੇ ਨੇ ਕਿ 'ਆਪਣਾ ਝੱਗਾ ਚੁੱਕਿਆਂ ਆਪਣਾ ਢਿੱਡ ਹੀ ਨੰਗਾ ਹੁੰਦਾ ਏ'। ਪਰ ਸੱਚੀ ਗੱਲ ਤਾਂ ਇਹ ਹੈ ਕਿ ਲੋਕੀਂ ਮੈਨੂੰ ਤਾਹਨੇ ਮਾਰਦੇ ਹਨ ਕਿ 'ਤੇਰਾ ਵੱਡਾ ਪੁੱਤ ਤਾਂ ਆਪਣੇ ਵੇਲੇ ਸੜ੍ਹਕਾਂ ਨੂੰ ਮਰਹਮ ਪੱਟੀ ਕਰਨ ਵਾਲੇ ਮਹਿਕਮੇ ਦਾ ਮੰਤਰੀ ਰਹਿ ਚੁੱਕਾ ਹੈ ਅਤੇ ਓਹ ਤਾਂ ਹੁਣ ਵੀ ਸੈਂਟਰ ਵਿਚ ਸਾਂਸਦ ਹੈ ਅਤੇ ਨਾਲੇ ਅੱਜਕਲ ਤਾਂ ਉਹ ਪੰਜਾਬ ਦੇ ਮਸਲੇ ਵੀ ਸਾਂਸਦ ਵਿਚ ਉਠਾਉਂਦਾ ਹੈ। ਉਹ ਤੇਰੀ ਖ਼ਬਰਸਾਰ ਕਿਉਂ ਨਹੀਂ ਲੈਦਾ?' ਮੈਂ ਕੀ ਦੱਸਾਂ 'ਭੋਲਿਓ ਲੋਕੋ! ਹੁਣ ਤਾਂ ਪੁੱਤ ਵੀ ਕਪੁੱਤ ਹੋਈ ਜਾਂਦੇ ਨੇ। ਵੱਡਾ ਪੁੱਤ ਪਹਿਲੋਂ ਤਾਂ ਕਦੇ ਕਦੇ ਇਧਰੋਂ ਦੀ ਲੰਘ ਜਾਂਦਾ ਸੀ ਪਰ ਜਦੋਂ ਦੇ ਮੇਰੇ ਜਖਮ ਹੋਰ ਡੂੰਘੇ ਹੋ ਗਏ ਨੇ, ਉਹ ਮੇਰੀ ਸੌਂਕਣ (ਡੇਰੇ ਵਾਲੀ ਸੜ੍ਹਕ) ਕੰਨੀਓਂ ਲੰਘ ਜਾਂਦਾ ਏ। ਮੇਰਾ ਬਟਾਲੇ ਵਾਲਾ ਪੁੱਤਰ ਤਾਂ ਮੇਰੇ ਜ਼ਖਮਾਂ ਵਿਚੋਂ ਆਉਂਦੀ ਬੋਅ ਕਰਕੇ ਚੰਡੀਗੜ੍ਹ ਹੀ ਰਹਿਣ ਲਗ ਪਿਆ। ਸਭ ਤੋਂ ਛੋਟਾ ਤਰੱਕੀ ਕਰਕੇ ਹੁਣ ਤਰਨਤਾਰਨ ਸਾਹਿਬ ਤੋਂ ਸਾਂਸਦ ਜੁ ਬਣ ਗਿਆ ਹੈ, ਉਹ ਤਾਂ ਹੁਣ ਸਿਆਸੀ ਲਾਰਿਆਂ ਵਾਂਗ ਅਗਲੀ ਇਲੈਕਸ਼ਨ ਵੇਲੇ ਹੀ ਆਪਣੀ ਮਾਂ ਦਾ ਚੇਤਾ ਕਰੂ।
ਪੜ੍ਹੋ ਇਹ ਵੀ ਖ਼ਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ
ਹੁਣ ਤਾਂ ਮੈਂ ਸਬਰ ਨਾਲ ਬਾਬਾ-ਬਕਾਲਾ ਸਾਹਿਬ ਦੇ ਮੇਲੇ ਦੀ ਉਡੀਕ ਵਿਚ ਸੀ ਪਰ ਪਿੱਛੇ ਜਿਹੇ ਕੋਰੋਨਾ ਦੇ ਸੰਤਾਪ ਕਰਕੇ ਜੋੜ ਮੇਲਾ ਵੀ ਨਾ ਲਗਿਆ ਅਤੇ ਨਾ ਹੀ ਮੇਰੇ ਕਿਸੇ ਪੁੱਤ ਨੂੰ ਮੇਰਾ ਚੇਤਾ ਆਇਆ। ਪਹਿਲਾਂ ਤਾਂ ਕਦੇ ਕਦੇ ਮੇਰੇ ਸਿਰ ਦੇ ਸਾਂਈ ਬਾਦਲ ਸਾਹਬ ਦਾ ਹੈਲੀਕਾਪਟਰ ਸਠਿਆਲਾ ਕਾਲਜ ਉਤਰਦਾ ਹੁੰਦਾ ਸੀ ਪਰ ਹੁਣ ਮੇਰਾ ਨਵਾਂ ਖਸਮ ਕੈਪਟਨ ਤਾਂ ਮੇਰੇ ਵੱਲ ਝਾਤੀ ਵੀ ਨਹੀਂ ਮਾਰਦਾ। ਹੁਣ ਮੈਂ ਇਨ੍ਹਾਂ ਨਿਖੱਟੂ ਪੁੱਤਰਾਂ ਦੀ ਸ਼ਿਕਾਇਤ ਕਿਸਨੂੰ ਲਗਾਵਾਂ ਕਿ ਮੇਰਾ ਕੋਈ ਵੀ ਪੁੱਤ ਮੇਰਾ ਖ਼ਿਆਲ ਨਹੀਂ ਰੱਖਦਾ। ਕੀ ਕਰਾਂ, ਜਦੋਂ ਮੇਰਾ ਨਵਾਂ ਖਸਮ ਕਿਤੇ ਭੁੱਲ-ਭੁਲੇਖੇ ਏਧਰ ਕਿਤੇ ਚੱਕਰ ਮਾਰਦਾ ਵੀ ਹੈ ਤਾਂ ਮੇਰੇ ਨਿਖੱਟੂ ਪੁੱਤ ਮੇਰੇ ਜਖਮਾਂ ਨੂੰ ਇਵੇਂ ਮਿੱਟੀ ਨਾਲ ਭਰ ਦਿੰਦੇ ਹਨ, ਜਿਵੇਂ ਕੋਈ ਜੱਟ ਫਸਲ ਨੂੰ ਪਾਣੀ ਦਾ ਨੱਕਾ ਮੋੜਦਿਆਂ ਅਚਾਨਕ ਜ਼ਖਮੀ ਹੋ ਜਾਵੇ ਤਾਂ ਉਹ ਜ਼ਖਮ ਨੂੰ ਗਿੱਲੀ ਮਿੱਟੀ ਨਾਲ ਢੱਕ ਦੇਂਦਾ ਏ, ਪਿਛੋਂ ਭਾਂਵੇ ਜ਼ਖਮ ਹੋਰ ਖ਼ਰਾਬ ਹੀ ਹੋ ਜਾਵੇ। ਉਤੋਂ ਮੇਰੇ ਆਲ-ਦੁਆਲੇ ਲਗੀਆਂ ਝੰਡੀਆਂ ਤੇ ਬੈਨਰਾਂ ਅਤੇ ਸਵਾਗਤੀ ਗੇਟਾਂ ਨੂੰ ਨਿਹਾਰਦੇ ਹੋਏ ਮੇਰੇ ਭੋਲੇ-ਭਾਲੇ ਕੈਪਟਨ ਸਾਹਬ ਨੂੰ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿਚੋਂ ਦੀ ਮੇਰੇ ਜਖ਼ਮਾਂ ਦਾ ਚੇਤਾ ਕਿਥੋਂ ਆਉਂਣਾ ਹੋਇਆ? ਨਾਲੇ ਹੁਣ ਉਹ ਵੀ ਕੀਹਦਾ ਕੀਹਦਾ ਚੇਤਾ ਰਖੇ, ਉਸ ਖ਼ਸਮਾਂ ਨੂੰ ਖ਼ਾਣੀ ਖ਼ਬਾਰਾਂ ਆਲੀ ਬੀਬੀ ਨੂੰ ਪਹਾੜਾਂ ਦੀ ਸੈਰ ਕਰਵਾਉਂਣੀ ਜੁ ਹੋਈ, ਤਾਂ ਇਸ ਬੀਬੀ ਦਾ ਚੇਤਾ ਕਿਮੇਂ ਆਵੇ?
ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਹੁਣ ਤਾਂ ਉਤੋਂ ਚੋਣਾਂ ਵੀ ਨੇੜੇ ਆ ਗਈਆਂ ਨੇ। ਪਿੰਡ ਦੀ ਸਰਪੰਚੀ-ਪੰਚੀ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਵਿਧਾਨ ਸਭਾ ਜਾਂ ਲੋਕ ਸਭਾ ਅਤੇ ਭਾਂਵੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ। ਚੋਣਾਂ ਕੋਈ ਵੀ ਹੋਣ, ਮੇਰੇ ਸਾਰੇ ਬੀਬੇ ਪੁੱਤਰ ਮੇਰੀ ਛਾਤੀ 'ਤੇ ਹੋਏ ਹਜ਼ਾਰਾਂ ਜ਼ਖ਼ਮਾਂ ਦਾ ਵਾਸਤਾ ਪਾ ਕੇ ਆਮ ਲੋਕਾਂ ਕੋਲੋਂ ਵੋਟਾਂ ਦੀ ਭੀਖ ਇਵੇਂ ਮੰਗਦੇ ਨੇ, ਜਿਵੇਂ ਕਿਸੇ ਸ਼ਹਿਰ ਦੇ ਰੇਲਵੇ ਫਾਟਕ ਦੇ ਬੰਦ ਹੁੰਦਿਆਂ ਇਕ ਭੇਖੀ ਜਿਹਾ ਮੰਗਤਾ ਆਪਣੀ ਭੁੱਖ਼ ਨਾਲ ਮਰੀ ਮਾਂ ਦੇ ਅੰਤਿਮ ਸੰਸਕਾਰ ਦਾ ਵਾਸਤਾ ਪਾ ਕੇ ਰੁੱਕੇ ਹੋਏ ਵਾਹਨਾਂ ਵਿਚ ਸਵਾਰ ਲੋਕਾਂ ਕੋਲੋਂ ਰੁਪਏ ਠੱਗਦਾ ਹੈ। ਜਿਵੇਂ ਉਹ ਮੰਗਤਾ ਆਪਣੇ ਦਾਰੂ-ਮੁਰਗੇ ਅਤੇ ਐਸ਼-ਪ੍ਰਸਤੀ ਲਈ ਰੋਜ਼ ਆਪਣੀ ਮਾਂ ਦਾ ਅੰਤਿਮ ਸੰਸਕਾਰ ਕਰਨ ਦਾ ਢੌਂਗ ਰੱਚਦਾ ਰਹਿੰਦਾ ਹੈ, ਇਵੇਂ ਮੇਰੇ ਸਾਊ ਪੁੱਤਰ ਹਰ ਵਾਰ ਮੇਰੇ ਜਖ਼ਮਾਂ ਦੀ ਮਹਰਮ-ਪੱਟੀ ਲਈ ਰਾਜ-ਸੱਤਾ ਦਾ ਵਾਸਤਾ ਦੇ ਕੇ ਵੋਟਰਾਂ ਨੂੰ ਠੱਗਦੇ ਹਨ।
ਹੁਣ ਤਾਂ ਮੇਰੀ ਹਾਲਤ ਏਨ੍ਹੀਂ ਮਾੜੀ ਹੋ ਗਈ ਹੈ ਕਿ ਮੇਰੀ ਜਾਣ-ਪਛਾਣ ਵਾਲੇ ਲੋਕ ਮੇਰੇ ਨੇੜਿਓਂ ਲੰਘਣਾ ਵੀ ਭੈੜਾ ਸਮਝਦੇ ਹਨ। ਕਈ ਵਾਰ ਤਾਂ ਮੇਰੀ ਮਾੜੀ ਹਾਲਤ ਵੇਖ ਕੇ ਕਈ ਯਾਤਰੂ ਕੋਲੰਬਸ ਵਾਂਗ ਨਵੇਂ-ਨਵੇਂ ਰਸਤਿਆਂ ਦੀ ਖ਼ੋਜ ਵਿਚ ਏਧਰ-ਓਧਰ ਭੱਟਕਦੇ ਦਿਖਾਈ ਦਿੰਦੇ ਹਨ। ਪਰ ਭਲਾ ਹੋਵੇ ਸਰਕਾਰਾਂ ਦਾ ਜਿਹੜੀਆਂ ਡੇਰੇਦਾਰਾਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਆਪਣੇ ਹੱਕ ਵਿਚ ਪੱਕਿਆਂ ਕਰਨ ਲਈ, ਡੇਰਿਆਂ ਨੂੰ ਹਵਾਈ ਜਹਾਜ਼ ਦੇ ਰਨ-ਵੇਅ ਵਰਗੀਆਂ ਡੱਬਲ ਸੜਕਾਂ ਬਣਾ ਦਿੰਦੀਆਂ ਹਨ। ਇਕ ਗੱਲ ਤਾਂ ਮੰਨਣੀ ਪਊ ਕਿ ਆਮ ਲੋਕੀਂ ਭਾਂਵੇ ਮੇਰੇ ਜਖ਼ਮਾਂ ਤੋਂ ਦੁੱਖੀ ਹੀ ਹੋਵਣ ਪਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਵੱਲੋਂ ਚਲਦੀ ਸਰਕਾਰ ਵਿਰੁੱਧ ਭੜ੍ਹਾਸ ਕੱਢਣ ਦਾ ਕੋਈ ਮੌਕਾ ਅਜਾਈਂ ਜਾਣ ਨਹੀਂ ਦਿੱਤਾ ਜਾਂਦਾ। ਬਹੁਤੇ ਵਿਰੋਧੀ ਤਾਂ ਮੇਰੇ ਜ਼ਖ਼ਮਾਂ ਉਤੇ ਮਰਹਮ-ਪੱਟੀ ਲਗਾਉਣ ਵਾਲੇ ਮੰਤਰੀ ਨੂੰ ਤਾਂ ਪੂਰੇ ਰਗੜੇ ਲਾਉਂਦੇ ਹਨ ਪਰ ਜਦੋਂ ਆਪ ਸਰਕਾਰ ਚਲਾਉਂਦੇ ਹਨ ਤਾਂ ਮੇਰਾ ਚੇਤਾ ਹੀ ਭੁੱਲਾ ਛੱਡਦੇ ਹਨ।
ਪੜ੍ਹੋ ਇਹ ਵੀ ਖ਼ਬਰ - Beauty Tips : ‘ਚਿਹਰੇ ਦੀ ਚਮਕ’ ਨੂੰ ਬਰਕਰਾਰ ਰੱਖਣ ਲਈ ਲਿਆਉਣੇ ਜ਼ਰੂਰੀ ਨੇ ਇਹ ਬਦਲਾਅ
ਜਿਥੇ ਮੇਰੇ ਸਰੀਰ ’ਤੇ ਪਏ ਟੋਇਆਂ ਦੇ ਅਨੇਕਾਂ ਨੁਕਸਾਨ ਹੋਣਗੇ, ਉਥੇ ਫਾਇਦੇ ਵੀ ਬਹੁਤ ਨੇ। ਬਾਬਾ ਬਕਾਲਾ ਸਾਹਿਬ ਵਾਲਿਆਂ ਦੀ ਸਦਾ ਇਹੋ ਸ਼ਿਕਾਇਤ ਰਹੀ ਸੀ ਕਿ ਇਥੇ ਰੋਡਵੇਜ਼ ਦੀਆਂ ਬੱਸਾਂ ਘੱਟ ਰੁੱਕਦੀਆਂ ਹਨ ਪਰ ਹੁਣ ਤਾਂ ਮੇਰੇ ਡੂੰਘੇ ਟੋਇਆਂ ਵਿਚੋਂ ਦੀ ਢਿਚੂੰ-ਢਿਚੂੰ ਕਰਕੇ ਲੰਘਦੀਆਂ ਮੋਟਰ-ਲਾਰੀਆਂ 'ਤੇ ਚੜ੍ਹਣ ਵਾਲੇ ਪੜਾਕੂਆਂ ਅਤੇ ਨੌਕਰੀ ਪੇਸ਼ਾ ਬਾਬੂਆਂ ਨੂੰ ਸਵਾਰ ਹੋਣ ਲਗਿਆਂ ਕੋਈ ਦਿੱਕਤ ਨਹੀਂ ਆਉਦੀਂ। ਹੋਰ ਤਾਂ ਹੋਰ ਮੇਰੀ ਛਾਤੀ ਤੋਂ ਦੀ ਲੰਘਦੀਆਂ ਸਵਾਰੀਆਂ ਨੂੰ ਹਾਜ਼ਮੋਲਾ ਜਾਂ ਈਨੋ ਦੀ ਪੁੜੀ ਨਾਲੋਂ ਵਧੀਆ ਖਾਣਾ ਹਜ਼ਮ ਹੋ ਜਾਂਦਾ ਹੈ। ਜੇ ਕਿਤੇ ਤੁਹਾਨੂੰ ਮੱਖਣ ਵਾਲੀ ਲੱਸੀ ਪੀਣ ਦਾ ਸ਼ੌਂਕ ਜਾਗੇ ਤਾਂ ਥੋੜ੍ਹਾ ਜਿਹਾ ਦਹੀਂ, ਖੰਡ ਅਤੇ ਬਰਫ ਪਾ ਕੇ ਇਕ ਬਾਬਾ ਬਕਾਲਾ ਸਾਹਿਬ ਤੋਂ ਬਟਾਲਾ ਤੱਕ ਗੇੜ੍ਹਾ ਲਾ ਲਓ ਤਾਂ ਘੁੱਦੇ ਹਲਵਾਈ ਦੀ ਲੱਸੀ ਦਾ ਸਵਾਦ ਵੀ ਭੁੱਲ ਜਾਉਗੇ। ਬਾਕੀ ਮੇਰੇ ਟੋਇਆਂ ਕਰਕੇ ਸਵੈ-ਰੋਜ਼ਗਾਰ ਜਿਵੇਂ ਟਾਇਰਾਂ ਨੂੰ ਪੈਂਚਰ ਲਾਉਂਣ ਵਾਲਿਆਂ ਅਤੇ ਗੱਡੀਆਂ-ਬੱਸਾਂ ਦੀ ਰਿਪੇਅਰ ਵਾਲਿਆਂ ਦੇ ਕੰਮ ਨੂੰ ਭਾਰੀ ਹੁੰਗਾਰਾ ਮਿਲਿਆ ਹੈ। ਇਥੋਂ ਤੱਕ ਕਿ ਰਿਕਵਰੀ ਵੈਨ ਅਤੇ ਧੱਕਾ ਲਾਉਂਣ ਵਾਲਿਆਂ ਦੀ ਵੀ ਚਾਂਦੀ ਹੈ।
Cooking : ਤਿਉਹਾਰਾਂ ਦੇ ਮੌਕੇ ਘਰ ਦੀ ਰਸੋਈ ’ਚ ਇਸ ਤਰ੍ਹਾਂ ਬਣਾਓ ਸਵਾਦਿਸ਼ਟ ‘ਚਮਚਮ’
ਕਰੀਬ ਸੱਤ ਸਾਲਾਂ ਦੀ ਰੁਕਾਵਟ ਦੀ ਖ਼ੇਦ ਤੋਂ ਬਾਅਦ ਮਸਾਂ-ਮਸਾਂ ਫਲਾਈ-ਓਵਰ ਬਣਿਆ ਸੀ ਕਿ ਪਿਛੇ ਜਿਹੇ ਸਰਕਾਰ ਨੇ ਮੈਨੂੰ ਮੁਟਿਆਰ ਦੇ ਸਾਰੇ ਰੋਮਾਂ ਨੂੰ ਕੱਟਣ ਵਾਂਗ ਬਹਾਨਾ ਬਣਾ ਕੇ ਆਲੇ-ਦੁਆਲੇ ਦੇ ਸਾਰੇ ਰੁੱਖ ਕੱਟ ਦਿੱਤੇ ਅਤੇ ਫੋਰ-ਲੇਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਮਹਿਕਮੇ ਨੇ ਬਾਬਾ ਬਕਾਲਾ ਸਾਹਿਬ ਦੇ ਨੇੜ੍ਹੇ-ਤੇੜੇ ਮਾੜਾ ਮੋਟਾ ਕੰਮ ਕਰਕੇ ਇਕ ਡਿਵਾਇਡਰ ਜਿਹਾ ਬਣਾ ਕੇ ਮੈਨੂੰ ਹੋਰ ਤੰਗੀ ਦੇ ਦਿੱਤੀ ਹੈ। ਹਰ ਵੇਲੇ ਗੰਨੇ ਦੀ ਇਕ ਟਰਾਲੀ ਦੇ ਪਿੱਛੇ-ਪਿੱਛੇ ਵਾਹਨਾਂ ਦੀ ਰੇਲ-ਗੱਡੀ ਦੇ ਡੱਬਿਆਂ ਵਾਂਗੂ ਲਾਇਨ ਬਣ ਜਾਂਦੀ ਹੈ। ਖੈਰ ਜਿਵੇਂ ਸਿਆਣੇ ਕਹਿੰਦੇ ਨੇ ਕਿ 12 ਵਰ੍ਹਿਆਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਏ। ਮੈਂ ਕਿਤੇ ਰੂੜੀ ਤੋਂ ਵੀ ਗਈ ਗੁਜ਼ਰੀ ਨਹੀਂ, ਬਸ ਚੋਣਾਂ ਨੇੜੇ ਆ ਗਈਆਂ ਨੇ, ਸ਼ਾਇਦ ਹੁਣ ਹੀ ਮੇਰੀ ਵੀ ਕਿਤੇ ਸੁਣੀ ਜਾਵੇ।
ਅਗਲੀਆਂ ਚੋਣਾਂ ਦੀ ਆਸ 'ਚ
ਤੁਹਾਡੀ ਬੀਬੀ ਸੜਕ
ਲਿਖਤ - ਤਾਇਆ ਰੱਬ ਸਿਹੁੰ
ਦਲਜੀਤ ਸਿੰਘ, ਮਹਿਤਾ ਚੌਂਕ,
ਅੰਮ੍ਰਿਤਸਰ
email : wmunch09@gmail.com