ਸਰਹਿੰਦ ਫ਼ਤਿਹ ਦਿਵਸ (12 ਮਈ) 'ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

Friday, May 12, 2023 - 05:17 AM (IST)

ਸਰਹਿੰਦ ਫ਼ਤਿਹ ਦਿਵਸ (12 ਮਈ) 'ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

ਮਾਤਾ ਗੁਜਰੀ ਜੀ ਅਤੇ ਦਸਮ ਪਾਤਸ਼ਾਹ ਦੇ ਦੋ ਛੋਟੇ ਲਾਡਲਿਆਂ ਦੀ ਸਰਹਿੰਦ ਵਿਖੇ ਹੋਈ ਸ਼ਹਾਦਤ ਸਿੱਖ, ਪੰਜਾਬ, ਭਾਰਤ ਅਤੇ ਦੁਨੀਆ ਦੇ ਇਤਿਹਾਸ ਅੰਦਰ ਵਾਪਰੀ ਕੋਈ ਆਮ ਜਿਹੀ ਘਟਨਾ ਨਹੀਂ ਸੀ। ਸਮੇਂ ਦੀ ਹਿੱਕ ’ਤੇ ਡੂੰਘੀਆਂ ਪੈੜਾਂ ਪਾਉਣ, ਸਮੇਂ ਦੇ ਤ੍ਰਿਖੇ ਵੇਗ ਨੂੰ ਇਕੋ ਬਲਕਾਰੀ ਝਟਕੇ ਨਾਲ ਨਿਰਣਾਇਕ ਮੋੜਾ ਦੇਣ, ਸਿੱਖ ਹਿਰਦਿਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦੇਣ, ਸਿੱਖ ਵਿਚਾਰਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਣ, ਸਿੱਖ ਰਾਜ ਦੀ ਸਥਾਪਨਾ ਦਾ ਬੀਜ ਬੀਜਣ ਅਤੇ ਦਿੱਲੀ ਦੇ ਜ਼ਾਲਮ ਔਰੰਗਜ਼ੇਬੀ ਤਖ਼ਤ ਦੀਆਂ ਨੀਹਾਂ ਹਿਲਾ ਕੇ ਰੱਖ ਦੇਣ ਵਾਲੀ ਇਹ ਇਕ ਵਿਆਪਕ ਪ੍ਰਭਾਵ ਛੱਡਣ ਵਾਲੀ ਬਹੁਤ ਵੱਡੀ ਯੁੱਗ-ਪਲਟਾਊ ਇਨਕਲਾਬੀ ਘਟਨਾ ਸੀ। ਪ੍ਰਭਾਵਾਂ ਅਤੇ ਪ੍ਰਤੀਕਰਮਾਂ ਪੱਖੋਂ ਇਹ ਘਟਨਾ ਬਹੁਤ ਗਹਿਰੀ, ਜ਼ੋਰਾਵਰ, ਬਹੁਪੱਖੀ ਅਤੇ ਬਹੁਦਿਸ਼ਾਵੀ ਸੀ।

ਉਂਝ ਤਾਂ ਸਿੱਖੀ ਦਾ ਅੰਗਿਆਰ ਵਾਂਗ ਭਖਦਾ ਸਮੁੱਚਾ ਇਤਿਹਾਸ ਇਕ ਤੋਂ ਇਕ ਵੱਧ ਅਦੁੱਤੀ ਅਤੇ ਹਿਰਦੇਵੇਧਕ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਅੱਜ ਤਕਰੀਬਨ 319 ਸਾਲ ਬੀਤ ਜਾਣ ਤੋਂ ਬਾਅਦ ਵੀ ਜਦੋਂ ਕੋਈ ਸੰਵੇਦਨਸ਼ੀਲ ਇਨਸਾਨ, ਪੰਜਾਬੀ ਅਤੇ ਸਿੱਖ ‘ਸਾਕਾ ਸਰਹਿੰਦ’ ਬਾਰੇ ਪੂਰੀ ਸੁਹਿਰਦਤਾ ਨਾਲ ਭਿੱਜ ਕੇ ਕੋਈ ਗੱਲ ਕਰਦਾ, ਸੁਣਦਾ, ਸੁਣਾਉਂਦਾ ਜਾਂ ਇਸ ਬਾਰੇ ਕੁਝ ਪੜ੍ਹਦਾ, ਸੋਚਦਾ ਅਤੇ ਲਿਖਦਾ ਹੈ ਤਾਂ ਸੁਭਾਵਕ ਹੀ ਉਸ ਦਾ ਦਿਲ ਭਰ ਆਉਂਦਾ ਹੈ, ਹਿਰਦਾ ਬੁਰੀ ਤਰ੍ਹਾਂ ਛਲਣੀ ਹੋ ਜਾਂਦਾ ਹੈ, ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਅੱਖਾਂ 'ਚੋਂ ਆਪਮੁਹਾਰੇ ਹੰਝੂਆਂ ਦੇ ਪਰਨਾਲੇ ਵਹਿ ਤੁਰਦੇ ਹਨ। ਬੰਦੇ ਤਾਂ ਬੰਦੇ ਇੱਟਾਂ, ਕੰਧਾਂ, ਪਸ਼ੂ-ਪੰਛੀ, ਸ਼ਹਿਰ, ਸਾਜ਼ੋ-ਸਾਮਾਨ, ਪ੍ਰਕਿਰਤੀ, ਦੁਸ਼ਮਣ ਅਤੇ ਜੱਲਾਦ ਤੱਕ ਵੀ ਕੰਬ ਉੱਠੇ ਵਿਖਾਈ ਪੈਂਦੇ ਹਨ। ਸਭ ਕੁਝ ਰੁਕ ਗਿਆ ਪ੍ਰਤੀਤ ਹੁੰਦਾ ਹੈ:

“ਜਿੰਦਾਂ ਨਿੱਕੀਆਂ ਸੀ ਦੋ, ਗਈਆਂ ਨੀਂਹਾਂ ’ਚ ਖਲੋ।
ਤੱਕ ਜ਼ੁਲਮੀ ਨਜ਼ਾਰਾ, ਇੱਟ ਇੱਟ ਪਈ ਰੋ।
ਕੂਲੇ ਪਿੰਡਿਆਂ ’ਤੇ ਉਸਰੀ ਸੀ ਜਦੋਂ ਖ਼ੂਨੀ ਕੰਧ।
ਭਰਪੂਰ ਉਦੋਂ ਰੋਈ ਭੁੱਬਾਂ ਮਾਰ ਸਰਹਿੰਦ।”        (ਭਰਪੂਰ ਸਿੰਘ)

ਅਤੇ 

‘‘ਦੋ ਬੜੀਆਂ ਕੀਮਤੀ ਜਿੰਦਾਂ,
ਨੀਂਹਾਂ ਵਿੱਚ ਆਣ ਖਲੋ ਗਈਆਂ
ਇਹ ਤੱਕ ਕੇ ਤਸੀਹਾ ਗ਼ਮ ਦਾ,
ਕੰਧਾਂ ਵੀ ਪਾਗ਼ਲ ਹੋ ਗਈਆਂ।”        (ਚਰਨ ਸਿੰਘ ਸਫ਼ਰੀ)

ਅਤੇ

‘‘ਬੱਚੇ ਨੀਹਾਂ ’ਚ ਜਦੋਂ ਖਲਾਰ ਦਿੱਤੇ,
ਸ਼ਾਹੀ ਮੁਗ਼ਲ ਪਠਾਣੀਆਂ ਰੋ ਪਈਆਂ।
ਵੈਣ ਪਾਏ ਕਬੂਤਰਾਂ ਆਲ੍ਹਣੇ ’ਚੋਂ,
ਦੁੱਧਾਂ ਸਣੇ ਮਧਾਣੀਆਂ ਰੋ ਪਈਆਂ।’’     (ਇੰਦਰਜੀਤ ਹਸਨਪੁਰੀ)

ਲੋਕ-ਗੀਤ ਬਣਨ ਦੀ ਤੀਬਰ ਸਮਰੱਥਾ ਰੱਖਦੇ ਉਪਰੋਕਤ ਤਿੱਖੇ ਦਰਦ ਭਰੇ ਕਾਵਿ-ਬੋਲਾਂ ਤੋਂ ਜ਼ਾਹਿਰ ਹੈ ਕਿ ਸਰਹਿੰਦ ਦੇ ਸਾਕੇ ਦਾ ਪੰਜਾਬ ਦੇ ਲੋਕ-ਮਨਾਂ ’ਤੇ ਪਿਆ ਪ੍ਰਭਾਵ ਬਹੁਤ ਪ੍ਰਚੰਡ, ਗਹਿਰਾ ਅਤੇ ਸਦੀਵੀ ਹੈ। ਤਿੱਖੀ ਅਤੇ ਮਾਰਮਿਕ ਲੋਕ-ਵੇਦਨਾ ਨਾਲ ਲਬਰੇਜ਼ ਇਨ੍ਹਾਂ ਹਿਰਦੇਵੇਧਕ ਬੋਲਾਂ ’ਚੋਂ ਨਿਰਸੰਦੇਹ ਪੰਜਾਬੀਆਂ ਦੇ ਮਨਾਂ ਵਿਚਲੇ ਤੀਬਰ ਦੁੱਖ ਅਤੇ ਰੋਹ ਦਾ ਪ੍ਰਤੱਖ ਦੀਦਾਰ ਹੁੰਦਾ ਹੈ। ਇਹ ਪੀੜਾ, ਰੋਸ ਅਤੇ ਰੋਹ ਹੀ ਬਾਅਦ ਵਿੱਚ ਮੁਗ਼ਲ ਹਕੂਮਤ ਵਿਰੁੱਧ ਉਦੋਂ ਤਕੜੇ ਗੁੱਸੇ ਅਤੇ ਵਿਦਰੋਹ ਦਾ ਪ੍ਰਚੰਡ ਵਕਤੀ ਉਬਾਲ/ਭੂਚਾਲ ਬਣ ਕੇ ਸਾਹਮਣੇ ਆਇਆ ਜਦੋਂ ਦਸਮ ਪਾਤਸ਼ਾਹ ਦੀ ਥਾਪੜਾ ਪ੍ਰਾਪਤ ਉੱਘੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਸਿੱਖ ਫ਼ੌਜਾਂ ਨੇ ਸਰਹਿੰਦ ਉੱਪਰ ਵੱਡਾ ਧਾਵਾ ਬੋਲਿਆ।

ਇਸ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਅਤੇ ਇਸ ਦੇ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਨ ਨੂੰ ‘ਹੰਕਾਰਿਆ ਸੋ ਮਾਰਿਆ’, ‘ਅਤਿ ਅਤੇ ਰੱਬ ਦਾ ਵੈਰ, ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ ਭਾਵਨਾ ਅਨੁਰੂਪ ਨੱਕ ਵਿੱਚ ਨਕੇਲ ਪਾ ਕੇ, ਘੋੜੇ ਪਿੱਛੇ ਬੰਨ੍ਹ ਕੇ, ਸੁਹਾਗਾ ਬਣਾ ਕੇ ਬਰਬਾਦ ਹੋਏ ਸਰਹਿੰਦ ਸ਼ਹਿਰ ’ਤੇ ਫੇਰਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ‘ਸਾਕਾ ਸਰਹਿੰਦ’ ਦੇ ਠੀਕ 6 ਸਾਲ ਬਾਅਦ 12 ਮਈ ਸੰਨ 1710 ਈਸਵੀ ਨੂੰ ਸਿੱਖਾਂ ਨੇ ਸਰਹਿੰਦ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ:

‘ਜੋਗੀ ਜੀ ਇਸਕੇ ਬਾਅਦ, ਹੁਈ ਥੋੜੀ ਦੇਰ ਥੀ
ਬਸਤੀ ਸਰਹਿੰਦ ਸ਼ਹਿਰ ਕੀ, ਈਂਟੋਂ ਨਾ ਢੇਰ ਥੀ।’’   (ਜੋਗੀ ਅੱਲਾ ਯਾਰ ਖਾਂ)

ਮਾਤਾ ਗੁਜਰੀ ਜੀ ਅਤੇ ਗੁਰੂ ਦੇ ਦੋ ਛੋਟੇ ਲਾਲਾਂ ਦੀ ਸਰਹਿੰਦ ਵਿਖੇ ਹੋਈ ‘ਸ਼ਹਾਦਤ’ ਜਿੱਥੇ ਸਰਹਿੰਦ ਦੀ ਬਰਬਾਦੀ ਦਾ ਮੂਲ ਕਾਰਣ ਸਾਬਤ ਹੋਈ, ਉਥੇ ਇਹ ਸਰਹਿੰਦ ਉੱਪਰ ਨਵੇਂ ਇਤਿਹਾਸ ਦੀ ਸਿਰਜਣਾ ਅਰਥਾਤ ਸਿੱਖ/ਲੋਕ ਰਾਜ ਦੀ ਸਥਾਪਨਾ ਦਾ ਨੀਂਹ-ਪੱਥਰ ਵੀ ਸਾਬਤ ਹੋਈ:

“ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।’’      (ਜੋਗੀ ਅੱਲਾ ਯਾਰ ਖਾਂ)

ਇੱਥੇ ਹੀ ਬਸ ਨਹੀਂ, ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਸਿੱਖ ਵਿਚਾਰਧਾਰਾ ਅੰਦਰ ਇਕ ਨਵਾਂ ਮੋੜ ਲਿਆਉਣ ਦਾ ਵੱਡਾ ਸਬੱਬ ਵੀ ਬਣੀਆਂ। ਅਨੰਦਪੁਰ ਸਾਹਿਬ ਦਾ ਘੇਰਾ, ਚਮਕੌਰ ਦੀ ਅਦੁੱਤੀ ਜੰਗ ਅਤੇ ਸਾਕਾ ਸਰਹਿੰਦ ਉਹ ਬਲਕਾਰੀ ਇਤਿਹਾਸਕ ਘਟਨਾਵਾਂ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਕਾਰੀ ਅਤੇ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ‘ਜ਼ਫ਼ਰਨਾਮਾ’ ਲਿਖਣ ਲਈ ਪ੍ਰੇਰਿਤ ਕੀਤਾ। ਜ਼ਫ਼ਰਨਾਮਾ ਭਾਵ ਜਿੱਤ ਦੀ ਚਿੱਠੀ ਦਸਮ ਪਾਤਸ਼ਾਹ ਦੁਆਰਾ ਰਚਿਤ ਉਹ ਅਹਿਮ ਕੀਮਤੀ ਇਤਿਹਾਸਕ-ਸਾਹਿਤਕ ਦਸਤਾਵੇਜ਼ ਹੈ, ਜੋ ਸਾਕਾ ਸਰਹਿੰਦ ਤੋਂ ਬਾਅਦ ਗੁਰੂ ਸਾਹਿਬ ਦੀ ਸੋਚ ਵਿੱਚ ਆਈ ਇਕ ਨਵੀਂ ਤਬਦੀਲੀ ਨੂੰ ਨਿੱਘਰ ਅਤੇ ਨਿਸ਼ਚਿਤ ਸਿਧਾਂਤਕ ਵਿਚਾਰਧਾਰਕ ਧਰਾਤਲ ਪ੍ਰਦਾਨ ਕਰਦਾ ਵਿਖਾਈ ਦਿੰਦਾ ਹੈ।

ਜ਼ਫ਼ਰਨਾਮਾ ਲਿਖਣ ਲਈ ਸਾਜ਼ਗਾਰ ਰਚਨਾਤਮਕ ਮਾਹੌਲ ਅਤੇ ਸਿਰਜਣਾਤਮਕ ਤਾਰਕਿਕ ਪਿਛੋਕੜ ਉਦੋਂ ਹੀ ਉਸਰਨਾ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੀ ਧਰਤੀ ਤੋਂ ਉੱਚ ਕੇ ਪੀਰ ਬਣ ਕੇ ਨਿਕਲਣ ਤੋਂ ਬਾਅਦ ਆਲਮਗੀਰ ਹੁੰਦੇ ਹੋਏ ਮਾਲਵੇ ਦੇ ਇਲਾਕੇ ਅੰਦਰ ‘ਜੱਟਪੁਰੇ’ ਨਾਂ ਦੀ ਥਾਂ ’ਤੇ ਆਪਣੇ ਇਕ ਪਿਆਰੇ ਮੁਰੀਦ ਰਾਇ ਕੱਲੇ ਕੋਲ ਕੁਝ ਦਿਨਾਂ ਲਈ ਠਹਿਰੇ ਹੋਏ ਸਨ। ਰਾਇ ਕੱਲੇ ਕੋਲ ਨਿਵਾਸ ਦੌਰਾਨ ਹੀ ਗੁਰੂ ਸਾਹਿਬ ਨੂੰ ਨੂਰਾ ਮਾਹੀ ਨਾਂ ਦੇ ਵਿਅਕਤੀ (ਜੋ ਕਿ ਰਾਇ ਕੱਲੇ ਦਾ ਜਿਗਰੀ ਯਾਰ ਸੀ) ਕੋਲੋਂ ਸਰਹਿੰਦ ਵਿੱਚ ਵਾਪਰੇ ਭਾਣੇ ਦੀ ਸਾਰੀ ਵਿੱਥਿਆ ਦਾ ਪਤਾ ਲੱਗਾ।

ਨੂਰਾ ਮਾਹੀ ਜਦੋਂ ਖ਼ੂਨ ਦੇ ਅੱਥਰੂ ਕੇਰ ਕੇਰ ਹਟਕੋਰੇ ਲੈਂਦਾ ਹੋਇਆ ਸਰਹਿੰਦ ਵਿੱਚ ਵਾਪਰੇ ਹੌਲਨਾਕ ਬਿਰਤਾਂਤ ਦਾ ਵਰਨਣ ਕਰ ਰਿਹਾ ਸੀ ਤਾਂ ਉਸ ਸਮੇਂ ਗੁਰੂ ਸਾਹਿਬ ਕਿਸੇ ਡੂੰਘੀ ਉਦਾਸੀ ਦੀ ਅਵਸਥਾ ਵਿੱਚ ਮਿੱਟੀ ਦੀ ਇਕ ਢਿੱਗ ਉੱਪਰ ਅਡੋਲ ਬੈਠੇ ਸੁਣ ਰਹੇ ਸਨ ਅਤੇ ਨਾਲ ਹੀ ਹੱਥ ਵਿੱਚ ਫੜੇ ਤੀਰ ਦੀ ਨੋਕ ਨਾਲ ਕਾਹੀ ਦੇ ਇਕ ਬੂਟੇ ਦੀਆਂ ਜੜ੍ਹਾਂ ਨੂੰ ਅਚੇਤ ਹੀ ਖੋਦਦੇ ਜਾ ਰਹੇ ਸਨ। ਜਦੋਂ ਨੂਰਾ ਮਾਹੀ ਨਿੱਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਿਰਤਾਂਤ ਸੁਣਾ ਚੁੱਕਿਆ ਤਾਂ ਕੁਝ ਪਲਾਂ ਦੀ ਡੂੰਘੀ ਚੁੱਪੀ ਪਿੱਛੋਂ ਗੁਰੂ ਜੀ ਨੇ ਕਾਹੀ ਦੀ ਜੜ੍ਹ ਨੂੰ ਤੀਰ ਉੱਪਰ ਟੰਗ ਆਸਮਾਨ ਵੱਲ ਲਹਿਰਾਉਂਦਿਆਂ ਭਰੀਆਂ ਹੋਈਆਂ ਅੱਖਾਂ ਨਾਲ ਅਤੇ ਬੜੇ ਜ਼ਬਤਮਈ ਨਿਰਣਾਨੁਮਾ ਅੰਦਾਜ਼ ਵਿੱਚ ਵਚਨ ਕੀਤਾ: ‘‘ਜ਼ਾਲਮਾਂ ਦੀ ਜੜ੍ਹ ਹੁਣ ਇਵੇਂ ਪੁੱਟੀ ਜਾਵੇਗੀ।’’    

ਸਰਹਿੰਦ ਅਤੇ ਦਿੱਲੀ ਦੇ ਜਾਬਰ ਹੁਕਮਰਾਨਾਂ ਦੀ ਸੰਭਾਵੀ ਬਰਬਾਦੀ ਦੇ ਸੂਚਕ ਇਨ੍ਹਾਂ ਭਵਿੱਖਵਾਣੀਨੁਮਾ ਅਤਿ ਸੂਤਰਿਕ ਅਤੇ ਗਹਿਰੇ ਬੋਲਾਂ ਤੋਂ ਜ਼ਾਹਿਰ ਹੈ ਕਿ ਇਤਿਹਾਸ ਦੇ ਇਸ ਮੋੜ ’ਤੇ ਗੁਰੂ ਸਾਹਿਬ ਨੇ ਮਨ ਹੀ ਮਨ ਪੰਜਾਬ ਅਤੇ ਭਾਰਤ ਦੀ ਧਰਤੀ ਤੋਂ ਹੁਣ ਜ਼ੁਲਮਾਂ ਅਤੇ ਦੁਸ਼ਟਾਂ ਦਾ ਬੀਜ ਨਾਸ਼ ਕਰਨ (ਦੁਸ਼ਟ ਦਮਨ) ਦੀ ਪੱਕੀ ਧਾਰ ਲਈ ਸੀ ਅਤੇ ਇਸ ਮਕਸਦ ਦੀ ਪੂਰਤੀ ਹਿੱਤ ਅਗਲੀ ਨਵੀਂ ਕਾਰਗਰ ਰਣਨੀਤੀ ਦੀ ਮੁੱਢਲੀ ਵਿਚਾਰਧਾਰਕ ਰੂਪ-ਰੇਖਾ ਵੀ ਮਨ ਹੀ ਮਨ ਉਲੀਕ ਲਈ ਹੋਈ ਸੀ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ‘ਦੀਨੇ’ ਪਿੰਡ ਚਲੇ ਗਏ ਅਤੇ ਫਿਰ ਇੱਥੇ ਠਹਿਰਾਓ ਦੌਰਾਨ ਹੀ ਉਨ੍ਹਾਂ ਨੇ ਔਰੰਗਜ਼ੇਬ ਨੂੰ ਭੇਜੀ ਜਾਣ ਲਈ ਇਕ ਅਹਿਮ ਇਤਿਹਾਸਕ ਚਿੱਠੀ ‘ਜ਼ਫ਼ਰਨਾਮਾ’ (ਜਿਸ ਨੂੰ ਪੜ੍ਹ ਕੇ ਪੈਦਾ ਹੋਏ ਸਵੈ-ਗਿਲਾਨੀ ਅਤੇ ਸਵੈ-ਫ਼ਿਟਕਾਰ ਦੇ ਤਿੱਖੇ ਭਾਵਾਂ ਦੇ ਅਸਰ ਕਰਨ ਔਰੰਗਜ਼ੇਬ ਬਹੁਤਾ ਸਮਾਂ ਜਿਊਂਦਾ ਨਹੀਂ ਸੀ ਰਹਿ ਸਕਿਆ) ਦੀ ਰਚਨਾ ਕੀਤੀ।

ਜ਼ਫ਼ਰਨਾਮਾ ਲਿਖੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਇਸ ਤੱਥ ਦਾ ਸ਼ਿੱਦਤ ਅਹਿਸਾਸ ਹੋ ਚੁੱਕਾ ਸੀ ਕਿ ਲੱਤਾਂ ਦੇ ਭੂਤ ਗੱਲਾਂ-ਬਾਤਾਂ ਨਾਲ ਕਦੋਂ ਮੰਨਦੇ ਹਨ, ਇਹ ਤਾਂ ਸਗੋਂ ਹੋਰ ਭੂਤਰਦੇ ਹਨ। ਇਸ ਲਈ ਵਜ਼ੀਰ ਖ਼ਾਨ ਵਰਗੇ ਅਤਿ ਵਿਗੜੇ ਹੋਏ ਜ਼ਾਲਮਾਂ, ਨੀਚ ਅਤੇ ਦੁਸ਼ਟ ਬੰਦਿਆਂ ਦਾ ਭਾਰ ਧਰਤੀ ਮਾਂ ਦੀ ਹਿੱਕ ਤੋਂ ਘਟਾਉਣ ਲਈ, ਉਨ੍ਹਾਂ ਦੇ ਜ਼ੁਲਮਾਂ ਨੂੰ ਨੱਥ ਪਾਉਣ ਲਈ ‘ਪੀਰੀ’ ਦੀ (ਸਵੈ-ਸਨਮਾਨ ਅਤੇ ਬਚਾਅ ਲਈ ਉਠਾਈ ਗਈ) ਕਿਰਪਾਨ ਦੇ ਨਾਲ ਨਾਲ ਹੁਣ ‘ਮੀਰੀ’ ਦੀ (ਵਿਗੜੇ ਦੁਸ਼ਟਾਂ ਨੂੰ ਕਰਾਰੇ ਹੱਥੀਂ ਟੱਕਰਨ ਅਤੇ ਉਨ੍ਹਾਂ ਨੂੰ ਕੀਤੇ ਕੁਕਰਮਾਂ ਦਾ ਬਣਦਾ ਫਲ ਭੁਗਤਾਉਣ ਲਈ ਉਠਾਈ ਗਈ) ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਹੀ ਪੈਣਾ ਹੈ। ਅਰਥਾਤ ‘ਹੱਥੀ ਬਾਝ ਕਰਾਰਿਆ ਵੈਰੀ ਹੋਇ ਨਾ ਮਿਤੁ’ ਦੀ ਲੋਕ-ਨੀਤੀ ਨੂੰ ਆਖ਼ਰੀ ਹਥਿਆਰ ਵਜੋਂ ਅਮਲੀ ਜਾਮਾ ਪਹਿਨਾਉਣਾ ਹੀ ਪੈਣਾ ਹੈ। ਕੇਵਲ ਆਪਣੇ ਬਚਾਅ ਵਿੱਚ ਜੰਗਾਂ ਲੜਨ ਅਤੇ ਸ਼ਮਸ਼ੀਰ ਉਠਾਉਣ ਨਾਲ ਹੀ ਗੱਲ ਨਹੀਂ ਬਣਨੀ ਸਗੋਂ ਹੁਣ ਸ਼ਮਸ਼ੀਰ ਨੂੰ ਜ਼ਾਲਮਾਂ ਅਤੇ ਦੁਸ਼ਟਾਂ ਉੱਪਰ ਕਰਾਰੇ ਵਾਰ ਵਜੋਂ ਅਰਥਾਤ ਹਮਲਾਵਰ ਵਜੋਂ ਇਸਤੇਮਾਲ ਕਰਨ ਦਾ ਢੁੱਕਵਾਂ ਸਮਾਂ ਆ ਗਿਆ ਹੈ। ਜ਼ਫ਼ਰਨਾਮਾ ਉਹ ਚਿੱਠੀ ਸੀ ਜਿਸ ਰਾਹੀਂ ਗੁਰੂ ਸਾਹਿਬ ਨੇ ਆਪਣੇ ਉਪਰੋਕਤ ਚਿਤਵੇ ਵਿਚਾਰਾਂ ਨੂੰ ਇਕ ਨਿਸ਼ਚਿਤ ਅਤੇ ਨਿੱਘਰ ਸਿਰਜਣਾਤਮਕ ਸਿਧਾਂਤਕ ਤਰਕ/ਆਧਾਰ ਪ੍ਰਦਾਨ ਕੀਤਾ ਅਤੇ ਫਿਰ ਇਸ ਰਚਨਾ ਦੇ ਮਾਧਿਅਮ ਰਾਹੀਂ ਹੀ ਉਨ੍ਹਾਂ ਨੇ ਸਿੱਖਾਂ ਨੂੰ ਲਲਕਾਰ ਦੇ ਰੂਪ ਵਿੱਚ ਇਕ ਨਵੀਂ ਦਾਰਸ਼ਨਿਕ/ਵਿਚਾਰਧਾਰਕ ਸੇਧ ਵੀ ਪ੍ਰਦਾਨ ਕੀਤੀ:

‘‘ਚੂੰ ਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’       (ਜ਼ਫ਼ਰਨਾਮਾ)

ਅਰਥਾਤ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਜਦੋਂ ਪਾਣੀ ਸਿਰ ਉੱਤੋਂ ਲੰਘ ਜਾਏ ਅਤੇ ਜ਼ਾਲਮਾਂ ਨੂੰ ਨੱਥ ਪਾਉਣ ਦਾ ਜਦੋਂ ਕੋਈ ਹੀਲਾ ਬਾਕੀ ਨਾ ਰਹੇ ਤਾਂ ਤਲਵਾਰ ਉਠਾਉਣਾ ਉਚਿਤ ਹੈ। ਗੁਰੂ ਸਾਹਿਬ ਦੀ ਨਵੀਂ ਸੋਚ ਦਾ ਉਪਰੋਕਤ ਮੁੱਖ ਸੂਤਰ ਉਦੋਂ ਅਮਲੀ ਰੂਪ ਵਿੱਚ ਸਾਡੇ ਸਾਹਮਣੇ ਆਇਆ ਜਦੋਂ ਗੁਰੂ ਸਾਹਿਬ ਦੀ ਥਾਪੜਾ ਪ੍ਰਾਪਤ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੇ ਦੁਸ਼ਟ ਵਜ਼ੀਰ ਖ਼ਾਨ ਦੇ ਕੀਤੇ ਕੁਕਰਮਾਂ ਦਾ ਫਲ ਭੁਗਤਾਉਣ ਲਈ ਸਰਹਿੰਦ ਉੱਪਰ ਤਕੜਾ ਹਮਲਾ ਕਰ ਦਿੱਤਾ।

ਸਿੱਖ ਇਤਿਹਾਸ ਅੰਦਰ ਚੱਪੜਚਿੜੀ ਦੇ ਸਥਾਨ 'ਤੇ ਲੜੀ ਗਈ ‘ਸਰਹਿੰਦ ਦੀ ਜੰਗ’ ਆਪਣੇ-ਆਪ ਵਿੱਚ ਇਕ ਵੱਖਰੀ ਕਿਸਮ ਦੀ ਤਿੱਖੀ ਪ੍ਰਤੀਕਰਮੀ ਅਤੇ ਹਮਲਾਵਰ ਪਹੁੰਚ ਵਾਲੀ ਜੰਗ ਸੀ। ਇਸ ਤੋਂ ਪਹਿਲਾਂ ਜ਼ਾਲਮ ਮੁਗ਼ਲ ਹਕੂਮਤਾਂ ਨਾਲ ਗੁਰੂ ਸਾਹਿਬਾਨ (ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ) ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਸਵੈ-ਰੱਖਿਆ ਵਿੱਚ ਸਨ, ਆਪਣੇ ਬਚਾਓ ਵਿੱਚ ਸਨ। ਜ਼ਾਲਮ ਮੁਗ਼ਲ ਹਾਕਮਾਂ ਵੱਲੋਂ ਭਾਵੇਂ ਜਬਰ ਅਤੇ ਜ਼ੁਲਮ ਦੀ ਅੱਤ ਕੀਤੀ ਗਈ। ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ। ਜ਼ਾਲਮ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਪਰ ਇਸ ਸਭ ਕਾਸੇ ਦੇ ਬਾਵਜੂਦ ਅਡੋਲਤਾ ਅਤੇ ਦ੍ਰਿੜ੍ਹਤਾ ਦੀ ਸ਼ਕਤੀਸ਼ਾਲੀ ਮਿਸਾਲ ਅਤੇ ‘ਰੁੱਖਾਂ’ ਵਰਗਾ ਦਰਵੇਸ਼ਾਵੀ ਜੇਰਾ ਰੱਖਣ ਵਾਲੇ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਭਰ ਵਗਦੇ ਡੂੰਘੇ ਦਰਿਆਵਾਂ ਵਾਂਗ ਸ਼ਾਂਤ-ਚਿਤ ਵਿਚਰਦੇ ਰਹੇ।

ਉਨ੍ਹਾਂ ਨੇ ਇਨ੍ਹਾਂ ਬੇਕਿਰਕ ਜ਼ੁਲਮਾਂ ਦੇ ਪ੍ਰਤੀਕਰਮ ਵਿੱਚ ਹਮਲਾਵਰ ਹੋ ਕੇ ਕੋਈ ਜੰਗ ਨਹੀਂ ਸੀ ਕੀਤੀ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿ ਗੋਬਿੰਦ ਸਾਹਿਬ ਨੇ ਬੇਸ਼ਕ ‘ਮੀਰੀ’ ਅਤੇ ‘ਪੀਰੀ’ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਉਨ੍ਹਾਂ ਨੇ ਇਸਤੇਮਾਲ ਕੇਵਲ ਤੇ ਕੇਵਲ ਪੀਰੀ ਦੀ ਤਲਵਾਰ ਦਾ ਹੀ ਕੀਤਾ ਸੀ ਅਰਥਾਤ ਆਤਮ-ਸਨਮਾਨ ਅਤੇ ਸਵੈ-ਰੱਖਿਆ ਹਿੱਤ ਹੀ ਹਥਿਆਰਾਂ ਦੀ ਵਰਤੋਂ ਕੀਤੀ ਸੀ। ਇਸ ਦੇ ਸਮਵਿੱਥ ਚੱਪੜਚਿੜੀ ਦੇ ਸਥਾਨ 'ਤੇ ਹੋਈ ਸਰਹਿੰਦ ਦੀ ਜੰਗ ਦੀ ਵੱਖਰਤਾ ਇਹ ਸੀ ਕਿ ਇਹ ਦੁਸ਼ਟ ਵਜ਼ੀਰ ਖ਼ਾਨ ਨੂੰ ਉਸ ਦੇ ਕੀਤੇ ਪਾਪਾਂ ਦਾ ਹਿਸਾਬ ਚੁੱਕਤਾ ਕਰਨ ਹਿੱਤ ‘ਰੱਬੀ ਨਿਆਂ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ-ਨੀਤੀ ਤਹਿਤ ਹਮਲਾਵਰ ਹੋ ਕੇ ਲੜੀ ਗਈ ਸੀ ਅਰਥਾਤ ਇਸ ਜੰਗ ਵਿੱਚ ਪਹਿਲੀ ਵਾਰ ਸਿੱਖ ਫੌਜਾਂ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ‘ਪੀਰੀ’ ਦੀ ਤਲਵਾਰ ਦੇ ਨਾਲ-ਨਾਲ ‘ਮੀਰੀ’ ਦੀ (ਦੁਸ਼ਟ-ਦੁਸ਼ਮਣਾਂ ਦਾ ਬੀਜ ਨਾਸ਼ ਕਰਨ ਵਾਲੀ) ਤਲਵਾਰ ਦੀ ਖੁੱਲ੍ਹ ਕੇ ਵਰਤੋਂ ਵੀ ਕੀਤੀ ਸੀ।

ਸਿੱਖ ਵਿਚਾਰਧਾਰਾ ਜਿੱਥੇ ਆਪਣੇ ਪੈਰੋਕਾਰਾਂ ਨੂੰ ਜ਼ੁਲਮਾਂ/ਵਧੀਕੀਆਂ ਨੂੰ ਸਬਰ-ਸੰਤੋਖ ਅਤੇ ਸਿਦਕਦਿਲੀ ਨਾਲ ਸਹਿਣ ਕਰਨ ਅਤੇ ਦੁਸ਼ਮਣ ਨੂੰ ਮੁਆਫ਼ ਕਰ ਦੇਣ ਦਾ ਸਬਕ ਸਿਖਾਉਂਦੀ ਹੈ, ਉਥੇ ਨਾਲ ਹੀ ਇਹ ਅੰਤਰ-ਸੂਝ ਵੀ ਪ੍ਰਦਾਨ ਕਰਦੀ ਹੈ ਕਿ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਪਾਣੀ ਸਿਰ ਉਤੋਂ ਦੀ ਲੰਘ ਜਾਵੇ, ਜ਼ਾਲਮਾਂ ਨੂੰ ਨੱਥ ਪਾਉਣ ਦੇ ਸਭ ਵਸੀਲੇ ਨਕਾਰਾ ਸਾਬਤ ਹੋ ਜਾਣ ਤਾਂ ਆਖ਼ਿਰਕਾਰ ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਦੀ ਧਾਰਨਾ ਅਧੀਨ ਨਾ ਕੇਵਲ ‘ਪੀਰੀ’ ਦੇ ਨਾਲ-ਨਾਲ ‘ਮੀਰੀ’ ਦੀ ਤਲਵਾਰ ਉਠਾਉਣਾ ਬਿਲਕੁਲ ਉਚਿਤ ਹੈ ਸਗੋਂ ‘ਜੇਹਾ ਬੀਜੈ ਸੋ ਲੁਣੈ’ ਦੇ ਲੋਕ-ਸਿਧਾਂਤ ਅਧੀਨ ਬੰਦਾ ਸਿੰਘ ਬਹਾਦਰ ਵਾਂਗ ਜ਼ਾਲਮ ਨੂੰ ਨੱਥ ਪਾਉਣਾ, ਉਸ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣਾ ਅਰਥਾਤ ਬਦਲਾ ਲੈਣਾ ਵਾਜਿਬ ਹੈ। ਇਹੀ ‘ਰੱਬੀ ਨਿਆਂ’ ਹੈ, ‘ਹੁਕਮ’ ਹੈ।

ਇਹ ਉਹ ਸਿਧਾਂਤ/ਸੰਕਲਪ ਹੈ ਜਿਹੜਾ ਸਿੱਖ ਦਰਸ਼ਨ ਅੰਦਰ ਸਿਧਾਂਤਕ ਪੱਧਰ ’ਤੇ ਭਾਵੇਂ ਦਸਮ ਪਿਤਾ ਦੀ ਔਰੰਗਜ਼ੇਬ ਨੂੰ ਲਿਖੀ ਇਤਿਹਾਸਕ ਜਿੱਤ ਦੀ ਚਿੱਠੀ (ਜ਼ਫ਼ਰਨਾਮਾ) ਰਾਹੀਂ ਸ਼ਾਮਲ ਹੋਇਆ ਪਰ ਅਮਲੀ ਰੂਪ ਵਿੱਚ ਇਹ ਆਪਣੀ ਵੱਖਰੀ ਵਿਵਹਾਰਕ ਸਾਰਥਿਕਤਾ ਸਹਿਤ ਸਰਹਿੰਦ ਦੀ ਜੰਗ ਵਿੱਚ ਉਦੋਂ ਉਜਾਗਰ ਹੋਇਆ ਜਦੋਂ ਇਕ ਵੱਡੀ ਲੋਕ (ਸਿੱਖ) ਫ਼ੌਜ ਦੀ ਅਗਵਾਈ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਵੱਡਾ ਹੱਲਾ ਬੋਲ ਦਿੱਤਾ ਅਤੇ ਜ਼ਾਲਮ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਿਨ 12 ਮਈ, ਸੰਨ 1710 ਈਸਵੀ ਨੂੰ ਵਜ਼ੀਰ ਖ਼ਾਨ ਮਾਰਿਆ ਗਿਆ, ਸਿੱਖ ਇਤਿਹਾਸ ਅੰਦਰ ਇਹ ਦਿਨ ‘ਸਰਹਿੰਦ ਫ਼ਤਿਹ ਦਿਵਸ’ ਵਜੋਂ ਜਾਣਿਆ ਜਾਂਦਾ ਹੈ।

ਨਿਰਸੰਦੇਹ ਇਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ (ਸਾਕਾ ਸਰਹਿੰਦ) ਹੀ ਸੀ, ਜਿਸ ਦੀ ‘ਤੇਜੱਸਵੀ ਕੁੱਖ’ ਵਿੱਚੋਂ ਸਿੱਖ ਕੌਮ ਨੂੰ ਨਾ ਕੇਵਲ ‘ਵੱਡੇ ਸੰਕਟਾਂ ਵਿੱਚ ਵੀ ਅਡੋਲ ਵਿਚਰਦੇ ਰਹਿਣ ਦੀ ਪ੍ਰਤੀਕ’ ਜ਼ਫ਼ਰਨਾਮਾ ਜਿਹੀ ਮਹਾਨ ਰਚਨਾ ਹੀ ਨਸੀਬ ਹੋਈ ਸਗੋਂ ਇਸ ਵਿੱਚ ਪੇਸ਼ ਨਵੀਂ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਸਮਰੱਥਾ ਰੱਖਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਵੱਡੇ ਲਿਸ਼ਕਾਰੇ ਵਾਲਾ ਇਕ ਬਲਕਾਰੀ ਸਿੱਖ ਯੋਧਾ (ਜਰਨੈਲ) ਵੀ ਪ੍ਰਾਪਤ ਹੋਇਆ।

-ਡਾ. ਜਗਜੀਵਨ ਸਿੰਘ, ਐਸੋਸੀਏਟ ਪ੍ਰੋਫ਼ੈਸਰ


author

Mukesh

Content Editor

Related News