ਸਿੱਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ

07/10/2023 3:56:47 PM

"ਜੂਨ 1903 ਦੀ ਸੰਗਰਾਂਦ ਨੂੰ ਜਦ ਪਿੰਡ ਬਕਾ ਪੁਰ-ਫਿਲੌਰ ਦੇ ਭਰਵੇਂ ਪੰਥਕ ਇਕੱਠ ਵਿੱਚ ਮੌਲਵੀ ਕਰੀਮ ਬਖ਼ਸ਼ ਸਮੇਤ ਪਰਿਵਾਰ ਸਿੰਘ ਸਜੇ। "

ਮੁਸਲਿਮ ਬਾਲ ਕਰੀਮ ਬਖ਼ਸ਼ (1860-1935) ਦਾ ਜਨਮ ਪਿਤਾ ਨੱਥੂ ਅਤੇ ਮਾਤਾ ਬੱਸਰੀ ਦੇ ਘਰ, ਪਿੰਡ ਬਕਾਪੁਰ- ਫ਼ਿਲੌਰ ਜ਼ਿਲ੍ਹਾ ਜਲੰਧਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਖੁੱਸਣ ਤੋਂ 11 ਸਾਲ ਬਾਅਦ 1860 ਵਿੱਚ ਹੋਇਆ। ਬਾਲ ਉਮਰ ਵਿੱਚ ਹੀ ਉਹ ਕੁੱਝ ਸਾਧੂ ਵਿਰਤੀ ਵਾਲੇ ਹੋਣ ਕਰਕੇ ਆਮ ਬਾਲਾਂ ਜਾਂ ਦੁਨਿਆਵੀ ਰੁਝੇਵਿਆਂ ਤੋਂ ਵਿੱਥ ਰੱਖਦੇ। ਮਾਤਾ-ਪਿਤਾ ਨੇ ਇਸ ਨੂੰ ਪ੍ਰੇਸ਼ਾਨੀ ਦਾ ਬਾਇਸ ਜਾਣ ਕੇ ਉਨ੍ਹਾਂ ਦਾ ਵਿਆਹ ਜਿੰਦੋਂ ਨਾਮ ਦੀ ਇਕ ਬੇਟੀ ਨਾਲ ਕਰ ਦਿੱਤਾ ਪਰ ਬਾਲ ਕਰੀਮ ਬਖ਼ਸ਼ ਦੇ ਸੁਭਾਅ ਵਿਚ ਕੋਈ ਖ਼ਾਸ ਤਬਦੀਲੀ ਨਾ ਆਈ। ਉਹ ਆਪਣੇ ਆਪ ਨੂੰ ਰੁਹਾਨੀ ਰੰਗਤ ਦੀ ਪਾਣ ਚਾੜਣ ਲਈ ਬਿਹਬਲ ਰਹਿੰਦਾ। ਉਨ੍ਹਾਂ ਨੂੰ ਬੰਗਿਆਂ ਦੇ ਸੰਤ ਕਾਹਲਾ ਸਿੰਘ ਦੀ ਕਿਸੇ ਦੱਸ ਪਾਈ ਤਾਂ ਉਹ ਉਨ੍ਹਾਂ ਦੇ ਮੁਰੀਦ ਹੋ ਗਏ। ਸੇਵਾ ਕਰਨ ਦੇ ਨਾਲ-ਨਾਲ ਉਨ੍ਹਾਂ ਧਾਰਮਿਕ ਵਿਦਿਆ ਵੀ ਗ੍ਰਿਹਣ ਕੀਤੀ। ਅਫ਼ਸੋਸ ਕਿ ਸੰਤ ਕਾਹਲਾ ਸਿੰਘ ਜੀ ਦੋ ਕੁ ਸਾਲ ਬਾਅਦ ਹੀ ਚੜ੍ਹਾਈ ਕਰ ਗਏ। ਉਥੋਂ ਉਹ ਅਗਲੇ ਮੁਰਸ਼ਿਦ ਦੀ ਭਾਲ਼ ਵਿੱਚ ਸੰਤ ਕਾਹਲਾ ਸਿੰਘ ਜੀ ਦੇ ਪ੍ਰੇਮੀ ਸੰਤ ਦੂਲਾ ਸਿੰਘ ਦੇ ਡੇਰੇ ਠੱਕਰਵਾਲ- ਹੁਸ਼ਿਆਰਪੁਰ ਚਲੇ ਗਏ।

ਇਸੇ ਸਮੇਂ ਉਨ੍ਹਾਂ ਪ੍ਰਾਇਮਰੀ ਸਕੂਲ ਫ਼ਿਲੌਰ ਵਿਚ ਫ਼ਾਰਸੀ ਦੇ ਅਧਿਆਪਕ ਵਜੋਂ ਨੌਕਰੀ ਕਰ ਲਈ। ਇਥੇ ਵੀ ਉਨ੍ਹਾਂ ਸਿੱਖ ਰਹੁ-ਰੀਤਾਂ ਨੂੰ ਬਰਕਰਾਰ ਰੱਖਿਆ। ਗੁਰੂ ਜੱਸ ਗਾਉਂਦੇ, ਮਿਲਦੇ ਗਿਲਦਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਲਾਉਂਦੇ। ਜਦ ਵੀ ਸਮਾਂ ਲੱਗਦਾ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਸਰੋਵਰ ਵਿੱਚ ਇਸ਼ਨਾਨ ਅਤੇ ਗੁਰੂ ਘਰ ਦੀ ਸੇਵਾ ਕਰਦੇ। ਇਸੇ ਤਰ੍ਹਾਂ ਉਨ੍ਹਾਂ ਦੇ ਘਰੋਂ ਬੀਬੀ ਜਿੰਦੋਂ ਵੀ ਸਿੱਖ ਰੰਗਤ ਵਿਚ ਆ ਗਈ।

ਇਸ ਮੁਸਲਿਮ ਵਲੋਂ ਸਿੱਖ ਰਹੁ-ਰੀਤਾਂ ਦਾ ਧਾਰਨੀ ਅਤੇ ਸਿੱਖ ਸਜਣ ਦੀ ਤਾਂਘ ਰੱਖਣ ਦੀ ਖ਼ਬਰ ਕਿਸੇ ਜ਼ਰੀਏ, ਸਿੱਖ ਕੰਨਿਆਂ ਪਾਠਸ਼ਾਲਾ ਫਿਰੋਜ਼ਪੁਰ ਦੇ ਮੋਢੀ ਭਾਈ ਤਖ਼ਤ ਸਿੰਘ ਪਾਸ ਪੁੱਜੀ ਤਾਂ ਉਨ੍ਹਾਂ ਇਸ ਮੁੱਦੇ 'ਤੇ ਸਿੰਘ ਸਭਾ ਭਸੌੜ ਨਾਲ ਗੱਲ ਕੀਤੀ। ਭਸੌੜ ਸਿੰਘ ਸਭਾ ਪਹਿਲਾਂ ਵੀ ਸ਼ੁੱਧੀ ਲਹਿਰ ਤਹਿਤ ਦਰਜਣਾਂ ਪਤਿਤ ਜਾਂ ਗ਼ੈਰ ਸਿੱਖਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰ ਚੁੱਕੀ ਸੀ। ਉਨ੍ਹਾਂ ਇਕ ਗੁਪਤ ਬੰਦਾ ਬਕਾਪੁਰ ਭੇਜ ਕੇ ਸੱਚ ਤਸਦੀਕ ਕਰਵਾਇਆ। ਵਿਚਾਰ-ਚਰਚਾ ਉਪਰੰਤ 1901 ਦੇ ਸਾਲਾਨਾ ਸਮਾਗਮ ਵਿੱਚ ਭਸੌੜ ਆਗੂਆਂ ਨੇ ਬਕਾਪੁਰ ਪਰਿਵਾਰ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ। ਪਰ ਤਦੋਂ ਪੰਜਾਬ ਵਿੱਚ ਪਲੇਗ ਫੈਲ ਜਾਣ 'ਤੇ ਸਮਾਗਮ ਰੱਦ ਕਰਨਾ ਪਿਆ। 1902 ਦੇ ਸਾਲਾਨਾ ਸਮਾਗਮ ਲਈ ਫਿਰ ਸਮਾਂ ਨੀਅਤ ਕੀਤਾ ਗਿਆ ਪਰ ਉਸ ਵੇਲੇ ਕੁੱਝ ਸਿੱਖ ਆਗੂਆਂ ਵਲੋਂ ਵਿਰੋਧ ਦਰਜ਼ ਕਰਨ 'ਤੇ ਪ੍ਰੋਗਰਾਮ ਫਿਰ ਧਰਿਆ ਧਰਾਇਆ ਰਹਿ ਗਿਆ। ਸ਼ਾਬਾਸ਼ ਭਸੌੜ ਵਾਲਿਆਂ ਦੇ ਕਿ ਉਨ੍ਹਾਂ ਹਿੰਮਤ ਨਾ ਛੱਡੀ। ਉਨ੍ਹਾਂ ਭਾਈ ਬਸੰਤ ਸਿੰਘ ਫਿਰ ਭਾਈ ਤਖ਼ਤ ਸਿੰਘ ਨੂੰ ਬਕਾ ਪੁਰ ਭੇਜਿਆ।

ਉਪਰੰਤ ਭਸੌੜ ਸਿੰਘ ਸਭਾ ਦੇ ਸਕੱਤਰ ਭਾਈ ਤੇਜਾ ਸਿੰਘ ਜੀ ਖ਼ੁਦ ਬਕਾਪੁਰ ਗਏ। ਉਥੇ ਵਾਚਿਆ ਕਿ ਮੌਲਵੀ ਪਰਿਵਾਰ ਦੀਆਂ ਸਾਰੀਆਂ ਰਹੁ-ਰੀਤਾਂ ਸਿੱਖਾਂ ਵਾਲੀਆਂ ਨੇ। ਮੌਲਵੀ ਸਾਹਿਬ ਦੀ ਬੇਗਮ ਮਾਈ ਜਿੰਦੋ, ਜੋ ਤਦੋਂ ਹਫ਼ਤਾ ਕੁ ਪਹਿਲਾਂ ਚੱਲ ਵਸੀ ਸੀ, ਦੀਆਂ ਸਾਰੀਆਂ ਰਸਮਾਂ ਸਿੱਖਾਂ ਵਾਲੀਆਂ ਕੀਤੀਆਂ ਗਈਆਂ। ਇਥੋਂ ਤੱਕ ਕਿ ਮੌਲਵੀ ਪਰਿਵਾਰ ਨੇ ਘਰ ਦੇ ਇਕ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀ। ਗੁਰਬਾਣੀ ਦਾ ਪਾਠ ਅਤੇ ਕੀਰਤਨ ਰੋਜ਼ ਦਾ ਆਹਰ ਹੁੰਦਾ। ਭਾਈ ਤੇਜਾ ਸਿੰਘ ਜੀ ਨੇ ਭਸੌੜ ਪਹੁੰਚਦਿਆਂ ਹੀ ਇਕ ਇਸ਼ਤਿਹਾਰ ਜਾਰੀ ਕੀਤਾ ਕਿ ਪਿੰਡ ਬਕਾ ਪੁਰ ਵਿਖੇ 13-14 ਜੂਨ 1903 ਦੀ ਸੰਗਰਾਂਦ ਭਾਵ ਇੱਕ ਹਾੜ ਨੂੰ ਪੰਥਕ ਇਕੱਠ ਹੋਵੇਗਾ, ਜਿਸ ਵਿਚ ਮੁਸਲਿਮ ਪਰਿਵਾਰ ਸਿੰਘ ਸਜੇਗਾ। ਇਸ ਸਬੰਧੀ ਸਾਰੀਆਂ ਪੰਥਕ ਜਥੇਬੰਦੀਆਂ, ਸਰਕਰਦਾ ਨੇਤਾਵਾਂ ਅਤੇ ਇਕ ਵਿਸ਼ੇਸ਼ ਚਿੱਠੀ ਬਕਾਪੁਰ ਨਿਵਾਸੀਆਂ ਦੇ ਨਾਮ ਪੁਰ ਭੇਜੀ ਗਈ।

PunjabKesari

ਨਿਸ਼ਚਿਤ ਦਿਨ ਲਾਹੌਰ, ਗੁਜਰਾਂਵਾਲਾ, ਅੰਮ੍ਰਿਤਸਰ, ਲੁਧਿਆਣਾ ਵਗੈਰਾ ਤੋਂ ਸਿੱਖ ਸ਼ਰਧਾਲੂ ਆਣ ਪਹੁੰਚੇ। ਭਾਈ ਬਸੰਤ ਸਿੰਘ ਨਾਰੰਗਵਾਲ ਵੀ ਆਪਣੇ ਜਥੇ ਸਮੇਤ, 'ਦੀਨ ਦਯਾਲ ਭਰੋਸੇ ਤੇਰੇ---' ਸ਼ਬਦ ਗਾਉਂਦੇ  ਫ਼ਿਲੌਰ ਰੇਲਵੇ 'ਟੇਸ਼ਣ ਤੋਂ ਤੁਰ ਕੇ, ਬਕਾਪੁਰ ਆਏ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਦਾ ਜਥਾ ਸ.ਸੁੰਦਰ ਸਿੰਘ ਮਜੀਠੀਆ ਦੇ ਬਜ਼ੁਰਗ ਤਾਇਆ ਬਾਬਾ ਹੀਰਾ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਪਹੁੰਚਿਆ। ਵਿਦਿ: ਵਿੱਚ ਭਾਈ ਜੋਧ ਸਿੰਘ, ਮਾਸਟਰ ਤਾਰਾ ਸਿੰਘ ਅਤੇ ਫਰੀਦਕੋਟ ਰਿਆਸਤ ਵਾਲੇ ਸ.ਮਾਨ ਸਿੰਘ ਵੀ ਉਚੇਚ ਸ਼ਾਮਲ ਸਨ। ਭਾਈ ਤੇਜਾ ਸਿੰਘ ਨੇ ਕਰੀਮ ਬਖ਼ਸ਼ ਦੇ ਘਰ ਦੀ ਧੁਆਈ ਬਾਹਰੋਂ ਆਈ ਸੰਗਤ ਦੇ ਨ੍ਹਾਉਣ ਧੋਣ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਵਜੋਂ ਖੂਹਾਂ ਤੋਂ ਗਾਗਰਾਂ ਨਾਲ ਪਾਣੀ ਢੋਣ ਦੀ ਡਿਊਟੀ ਖ਼ਾਲਸਾ ਕਾਲਜ ਦੇ ਮੁੰਡਿਆਂ ਦੀ ਲਾਈ। ਕਹਿੰਦੇ ਜੇਠ ਹਾੜ ਦੀਆਂ ਧੁੱਪਾਂ ਵਿਚ ਵਿਦਿਆਰਥੀਆਂ ਨੂੰ ਪਾਣੀ ਢੋਣ ਲਈ ਬਹੁਤ ਤਰੱਦਦ ਕਰਨਾ ਪਿਆ। ਇਥੋਂ ਤੱਕ ਕਿ ਗਾਗਰਾਂ ਨਾਲ਼ ਪਾਣੀ ਢੋਂਹਦਿਆਂ ਉਨ੍ਹਾਂ ਦੇ ਪੈਰਾਂ ਵਿੱਚ ਛਾਲੇ ਅਤੇ ਮੋਢਿਆਂ ਦਾ ਮਾਸ ਤੱਕ ਉੱਚੜ ਗਿਆ। 

ਪਹਿਲੇ ਦਿਨ ਕੀਰਤਨ ਵਿੱਚ ਇਸ਼ਨਾਨ ਪਾਨ ਕਰਨ ਉਪਰੰਤ ਕਰੀਮ ਬਖ਼ਸ਼ ਹੋਰਾਂ ਵੱਡੇ ਤੜਕੇ ਰਾਤ 2 ਵਜੇ ਹਾਜ਼ਰੀ ਭਰੀ। ਸਿੰਘ ਸਭਾ ਗੁਜਰਵਾਲ, ਭਾਈ ਬਸੰਤ ਸਿੰਘ ਨਾਰੰਗਵਾਲ, ਭਾਈ ਅਨੂਪ ਸਿੰਘ, ਲੁਧਿਆਣਾ ਦੀ ਯੂਥ ਲੀਗ ਅਤੇ ਬੀਬੀਆਂ ਦੇ ਇਕ ਜਥੇ ਨੇ ਕੀਰਤਨ ਕੀਤਾ। ਸ਼ਾਮ ਦੇ ਦੀਵਾਨ ਵਿਚ ਭਾਈ ਤੇਜਾ ਸਿੰਘ ਨੇ ਕਥਾ ਵਿਚਾਰ ਕਰਦਿਆਂ ਅੰਮ੍ਰਿਤ ਪਾਨ ਲਈ ਇਕੱਤਰ ਸੰਗਤ ਤੋਂ ਨਾਮ ਮੰਗੇ। ਸੱਭ ਤੋਂ ਪਹਿਲਾਂ ਭਾਈ ਬਸੰਤ ਸਿੰਘ ਬੀ. ਏ. ਨਾਰੰਗਵਾਲ ਨੇ ਆਪਣਾ ਨਾਮ ਪੇਸ਼ ਕੀਤਾ। ਦੂਜੇ ਦਿਨ ਅੰਮ੍ਰਿਤ ਸੰਚਾਰ ਹੋਇਆ। ਜਿੱਥੇ ਭਾਈ ਤੇਜਾ ਸਿੰਘ ਭਸੌੜ, ਭਾਈ ਤਖ਼ਤ ਸਿੰਘ ਫਿਰੋਜ਼ਪੁਰ, ਭਾਈ ਬਸੰਤ ਸਿੰਘ ਬਪਿਆਣਾ-ਪਟਿਆਲਾ ਸਟੇਟ , ਭਾਈ ਸੋਹਣ ਸਿੰਘ ਗੁਜਰਾਂਵਾਲਾ ਅਤੇ ਭਾਈ ਅਮਰ ਸਿੰਘ ਰਾਜਾ ਘੁਮਾਣ ਹੋਰਾਂ ਪੰਜ ਪਿਆਰਿਆਂ ਦੀ ਸੇਵਾ ਨਿਭਾਈ, ਉਥੇ ਤਦੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਬੀ.ਏ. ਆਖੀਰੀ ਸਾਲ ਦੇ ਵਿਦਿਆਰਥੀ ਭਾਈ ਜੋਧ ਸਿੰਘ ਹੋਰਾਂ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਦਿੱਤੀਆਂ।

ਜਿੱਥੇ ਮੌਲਵੀ ਕਰੀਮ ਬਖ਼ਸ਼ (43 ਸਾਲ) ਉਨ੍ਹਾਂ ਦੇ ਚਾਰ ਪੁੱਤਰ ਰੁਕਨਦੀਨ (15), ਫਤਹਿਦੀਨ (12), ਗ਼ੁਲਾਮ ਮੁਹੰਮਦ (6), ਖ਼ੈਰਦੀਨ(4) ਅਤੇ ਬੇਟੀ ਬੀਬੀ ਨੂਰਾਂ (9) ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਕ੍ਰਮਵਾਰ ਭਾਈ ਲਖਵੀਰ ਸਿੰਘ, ਮਹਿਤਾਬ ਸਿੰਘ, ਕਿਰਪਾਲ ਸਿੰਘ,ਹਰਨਾਮ ਸਿੰਘ, ਗੁਰਬਖਸ਼ ਸਿੰਘ ਅਤੇ ਵਰਿਆਮ ਕੌਰ ਹੋਏ। ਉਥੇ ਭਾਈ ਬਸੰਤ ਸਿੰਘ-ਨਾਰੰਗਵਾਲ ਅੰਮ੍ਰਿਤ ਪਾਨ ਉਪਰੰਤ ਭਾਈ ਰਣਧੀਰ ਸਿੰਘ (ਅਖੰਡ ਕੀਰਤਨੀਏਂ ਜਥੇ ਵਾਲੇ) ਬਣੇ। ਕਰੀਮ ਬਖ਼ਸ਼ ਦੇ ਪਰਿਵਾਰ ਸਮੇਤ ਉਸ ਦਿਨ ਕੁੱਲ 35 ਜਣਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਈ ਲਖਵੀਰ ਸਿੰਘ ਹੋਰਾਂ ਅੱਗੇ ਜਾ ਕੇ ਪੰਥਕ ਸਫਾਂ ਵਿੱਚ ਬਹੁਤ ਵਡਿਆਈ ਖੱਟੀ। ਉਨ੍ਹਾਂ ਦੇ ਵੱਡੇ ਪੁੱਤਰ ਭਾਈ ਮਹਿਤਾਬ ਸਿੰਘ ਨੇ ਅੰਮ੍ਰਿਤਸਰ 'ਖ਼ਾਲਸਾ ਬਰਾਦਰੀ' ਨਾਮ ਦੀ ਸਭਾ ਬਣਾਈ। ਸ੍ਰੀ ਦਰਬਾਰ ਸਾਹਿਬ ਲੰਬਾ ਸਮਾਂ ਸੇਵਾ ਕਰਨ ਦੇ ਨਾਲ-ਨਾਲ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ।

ਲੇਖਕ: ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News