ਮਸ਼ੀਨ ਦੀ ਲਪੇਟ ''ਚ ਆਉਣ ਨਾਲ ਵਰਕਰ ਦੀ ਮੌਤ

02/06/2020 11:23:47 PM

ਸਾਹਨੇਵਾਲ/ਕੁਹਾੜਾ, (ਜਗਰੂਪ)— ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਬਿਲਗਾ 'ਚ ਸਥਿਤ ਇਕ ਸਪਿਨਿੰਗ ਮਿੱਲ 'ਚ ਹੋਏ ਇਕ ਹਾਦਸੇ ਦੌਰਾਨ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਇਕ ਵਰਕਰ ਦੀ ਮੌਤ ਹੋ ਗਈ, ਜਿਸਦੇ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸਾਹਨੇਵਾਲ ਦੇ ਥਾਣੇਦਾਰ ਗੁਰਮੀਤ ਸਿੰਘ ਦੀ ਪੁਲਸ ਪਾਰਟੀ ਨੇ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਬਾਂਸਲ ਸਪਿਨਿੰਗ ਮਿੱਲ, ਬਿਲਗਾ 'ਚ ਕੰਮ ਕਰਨ ਵਾਲਾ ਰਾਮ ਸਵਰੂਪ (62) ਪੁੱਤਰ ਗਿਆਨ ਪ੍ਰਕਾਸ਼ ਵੀਰਵਾਰ ਸਵੇਰੇ ਆਪਣੀ ਡਿਊਟੀ 'ਤੇ ਆਇਆ ਸੀ। ਜੋ ਮਸ਼ੀਨ ਦੇ ਨੇੜੇ ਖੜ੍ਹਾ ਧਾਗੇ ਦੀ ਬੁਣਾਈ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਹੀ ਉਸਦੀ ਕਮੀਜ਼ ਦਾ ਬਟਨ ਮਸ਼ੀਨ ਦੇ ਟਾਂਕੇ ਦੀ ਚਪੇਟ 'ਚ ਆਉਣ ਨਾਲ ਰਾਮ ਸਵਰੂਪ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਦੋਰਾਹਾ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਰਾਮ ਸਵਰੂਪ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਵਾਰਸਾਂ ਦੇ ਆਉਣ ਤੱਕ ਸਿਵਲ 'ਚ ਰਖਵਾਇਆ ਗਿਆ ਹੈ। ਜਿਨ੍ਹਾਂ ਦੇ ਆਉਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


KamalJeet Singh

Content Editor

Related News