ਪੰਜਾਬੀ ਮਾਂ ਬੋਲੀ ਦਾ ਹੱਥੀਂ ਗਲਾ ਘੁੱਟਣ 'ਤੇ ਤੁਰੀ ਪੰਜਾਬ ਸਰਕਾਰ: ਲੌਂਗੋਵਾਲ

07/05/2020 1:54:29 PM

ਭਵਾਨੀਗੜ੍ਹ (ਕਾਂਸਲ): ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸਾਡੀ ਮਾਂ ਬੋਲੀ ਪੰਜਾਬੀ ਦਾ ਵਿਸਤਾਰ ਕਰਨ ਦੀ ਥਾਂ ਆਪਣੇ ਹੱਥੀਂ ਗਲਾ ਘੋਟ ਕੇ ਪੰਜਾਬੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵਲੋਂ ਵਕਫ ਬੋਰਡ 'ਚ ਪੰਜਾਬੀ ਨਾ ਜਾਣਦੇ ਅਤੇ ਬਾਹਰਲੇ ਹੋਰ ਰਾਜਾਂ ਦੇ ਵਿਅਕਤੀਆਂ ਨੂੰ  ਨੌਕਰੀ ਦਿੱਤੇ ਜਾਣ ਦੇ ਲਏ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਹੇ।ਜਿਕਰਯੋਗ ਹੈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਸ਼ਬਦ ਅੱਜ ਸਥਾਨਕ ਸ਼ਹਿਰ ਵਿਖੇ ਸਵ. ਕਾਨੂੰਗੋ ਬਾਲ ਕ੍ਰਿਸ਼ਨ ਮੜਕਨ ਜੀ, ਜਿਨ੍ਹਾਂ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ 'ਚ ਮੌਤ ਹੋ ਗਈ,ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਵਕਫ ਬੋਰਡ ਪੰਜਾਬ ਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਹ ਫੈਸਲਾ ਕਰਨਾ ਕਿ ਬਾਹਰ ਦਾ ਪੜ੍ਹਿਆ, ਭਾਵੇਂ ਉਹ ਪੰਜਾਬੀ ਨਹੀਂ ਜਾਣਦਾ, ਉਸ ਨੂੰ ਵਕਫ ਬੋਰਡ 'ਚ ਨੌਕਰੀ ਦਿੱਤੀ ਜਾ ਸਕਦੀ ਹੈ। ਕਾਂਗਰਸ ਸਰਕਾਰ ਦਾ ਇਹ ਫੈਸਲਾ ਪੰਜਾਬੀ ਮਾਂ ਬੋਲੀ ਉਪਰ ਕੁਹਾੜਾ ਚਲਾਉਣ ਵਾਲਾ ਗਲਤ ਫੈਸਲਾ ਹੈ ਜਿਸ ਦਾ ਬਹੁਤ ਵੱਡੇ ਪੱਧਰ ਉਪਰ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਵਕਫ ਬੋਰਡ 'ਚ ਪੰਜਾਬੀ ਮਾਂ ਬੋਲੀ ਨੂੰ ਹੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਮੈਂਬਰ ਵੀ ਪੰਜਾਬੀ ਹੀ ਹੋਣੇ ਚਾਹੀਦੇ ਹਨ। ਬਾਹਰਲੇ ਰਾਜਾਂ ਦੇ ਮੈਂਬਰ ਨਹੀਂ ਹੋਣੇ ਚਾਹੀਦੇ ਅਤੇ ਇਸ 'ਚ ਜੋ ਪੰਜਾਬ ਬੋਲਣੀ ਜਾਣਦਾ ਹੈ ਉਸ ਨੂੰ ਹੀ ਨੌਕਰੀ ਮਿਲਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ 'ਚ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਣ ਗੁਰੂਘਰਾਂ ਵਿਚ ਗੁਰੂ ਮਰਿਆਦਾ ਅਨੁਸਾਰ ਪੰਗਤ ਵਿਚ ਬੈਠ ਕੇ ਹੀ ਲੰਗਰ ਛਕਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਗੁਰੂਘਰਾਂ 'ਚ ਲੰਗਰ ਦੀ ਪੈਕਿੰਗ ਉਪਰ ਸਖਤ ਪਾਬੰਦੀ ਲਗਾ ਦਿੱਤੀ ਹੈ। ਇਸ ਮੌਕੇ ਭਾਈ ਲੋਗੋਵਾਲ ਨੇ ਸਵ. ਕਾਨੂੰਗੋ ਬਾਲ ਕ੍ਰਿਸ਼ਨ ਜੀ ਦੀ ਮੌਤ ਦੇ ਪਰਿਵਾਰ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਸੋਨੂੰ ਮੜਕਣ, ਸਾਹਿਲ ਮੜਕਣ, ਰਕੇਸ਼ ਮੜਕਣ, ਵੀਜੇ ਕੁਮਾਰ ਮੜਕਣ, ਗੁਰਪ੍ਰੀਤ ਸਿੰਘ ਲੱਖਮੀਰਵਾਲਾ, ਐਡਵੋਕੇਟ ਗੁਰਕੀਰਤ ਸਿੰਘ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।


Shyna

Content Editor

Related News