ਵੋਟਾਂ ਦੇ ਚੱਕਰ 'ਚ ਉਡਾਈਆਂ ਜਾ ਰਹੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

Tuesday, Jan 11, 2022 - 08:52 PM (IST)

ਭਵਾਨੀਗੜ੍ਹ (ਵਿਕਾਸ)-ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਤਹਿਤ ਪੰਜਾਬ ਸਮੇਤ ਹੋਰ ਬਾਕੀ ਸੂਬਿਆਂ 'ਚ ਕਰਵਾਈਆਂ ਜਾਣ ਵਾਲੀਆਂ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਕੋਰੋਨਾ ਗਾਇਡਲਾਇਨਜ਼ ਜਾਰੀ ਕੀਤੀਆਂ ਹੋਈਆਂ ਹਨ। ਜਿਸ ਤਹਿਤ ਚੋਣ ਰੈਲੀਆਂ ਸਮੇਤ ਜਨਤਕ ਇਕੱਠ ਕਰਨ ਆਦਿ ਵਰਗੀਆਂ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ ਪਰਤੂੰ ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਕੁੱਝ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੋਰੋਨਾ ਨਿਯਮਾਂ ਨੂੰ ਸ਼ਰੇਆਮ ਅਣਦੇਖਿਆਂ ਕਰਕੇ ਇਲਾਕੇ ਦੇ ਪਿੰਡਾਂ 'ਚ ਆਪਣੇ ਚੋਣ ਪ੍ਰਚਾਰ ਜਾ ਦੌਰਿਆਂ ਦੌਰਾਨ ਲੋਕਾਂ ਜਾਂ ਵਰਕਰਾਂ ਦੇ ਵੱਡੇ ਇਕੱਠ ਕਰਕੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਚੋਣ ਦਾ ਮੌਸਮ ਸਿਖਰ 'ਤੇ ਹੈ ਜਿਸ ਕਰਕੇ ਰਾਜਨੀਤਿਕ ਲੀਡਰ ਆਪਣੀ ਪਾਰਟੀ ਲਈ ਵੋਟਾਂ 
ਬਟੋਰਨ ਦੇ ਚੱਕਰ 'ਚ ਲੋਕਾਂ 'ਚ ਵੱਡੇ ਪੱਧਰ 'ਤੇ ਵਿਚਰਣ ਲੱਗ ਪਏ ਹਨ ਵੱਡੇ ਇਕੱਠਾਂ 'ਚ ਜਿੱਥੇ ਸ਼ੋਸ਼ਲ ਡਿਸਟੈਂਸਿੰਗ, ਮੂੰਹ 'ਤੇ ਮਾਸਕ ਪਾਉਣ ਵਰਗੀਆਂ ਸਾਵਧਾਨੀਆਂ ਵਰਤਣ ਦਾ ਵੀ ਧਿਆਨ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸਿਹਤ ਮਾਹਿਰਾਂ ਨੇ ਚਿੰਤਾ ਜਤਾਈ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਲੈ ਕੇ ਇਸ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਨੂੰ ਭਾਰੀ ਪੈ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਵੱਲੋਂ ਲਗਾਈਆਂ ਪਾਬੰਦੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਸਖਤੀ ਨਾਲ ਲਾਗੂ ਕਰਵਾਏ ਉੱਥੇ ਹੀ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਭਵਾਨੀਗੜ੍ਹ 'ਚ ਹੋਇਆ ਕੋਰੋਨਾ ਬਲਾਸਟ, ਇਕੋ ਦਿਨ 18 ਕੇਸ ਆਏ
ਇਸ ਸਭ ਦੇ ਵਿਚਕਾਰ ਭਵਾਨੀਗੜ੍ਹ ਬਲਾਕ 'ਚ ਮੰਗਲਵਾਰ ਨੂੰ ਕੋਰੋਨਾ ਧਮਾਕਾ ਹੋਇਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਇਕੱਠੇ 18 ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ। ਜਿਸ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਐੱਸ.ਐੱਮ.ਓ ਭਵਾਨੀਗੜ੍ਹ ਮਹੇਸ਼ ਆਹੂਜਾ ਨੇ ਦੱਸਿਆ ਕਿ ਭਵਾਨੀਗੜ੍ਹ ਸ਼ਹਿਰ 'ਚੋਂ 8 ਅਤੇ ਬਲਾਕ ਦੇ ਵੱਖ-ਵੱਖ ਪਿੰਡਾਂ 'ਚੋਂ 10 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ ਜਿਨ੍ਹਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਈਸੋਲੇਟ ਕੀਤਾ ਗਿਆ। ਡਾ.ਆਹੂਜਾ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਕਰਵਾਉਣ ਤੋਂ ਇਲਾਵਾ ਹੋਰ ਸਾਵਧਾਨੀਆਂ ਜਿਵੇਂ ਮਾਸਕ ਲਗਾ ਕੇ ਰੱਖਣਾ, ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣਾ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਦੀ ਅਪੀਲ ਕੀਤੀ ਹੈ।


Aarti dhillon

Content Editor

Related News