ਐਕਸਾਈਜ਼ ਵਿਭਾਗ ਤੇ ਪੁਲਸ ਪ੍ਰਸ਼ਾਸ਼ਨ ਦੀ ਨੱਕ ਥੱਲ੍ਹੇ ਉਡ ਰਹੀਆਂ ਨੇ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ
Monday, Jun 15, 2020 - 02:33 PM (IST)
ਜਲਾਲਾਬਾਦ(ਸੇਤੀਆ) - ਕੋਰੋਨਾ ਮਹਾਮਾਰੀ ਦੇ ਵੱਧਦੇ ਕਦਮਾਂ ਕਾਰਣ ਸਰਕਾਰ ਵਲੋਂ ਸਮੇਂ-ਸਮੇਂ ਆਪਣੇ ਫੈਸਲਿਆਂ 'ਚ ਤਬਦੀਲੀ ਕਰਨੀ ਪੈ ਰਹੀ ਹੈ। ਹਲਾਤ ਇਹ ਹਨ ਕਿ ਪਹਿਲਾਂ ਕਾਫੀ ਸਮਾਂ ਕਰਫਿਊ/ਤਾਲਾਬੰਦੀ 'ਚ ਰਹਿਣ ਤੋਂ ਬਾਅਦ ਸਰਕਾਰ ਨੇ ਅਨਲਾਕਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਕੋਰੋਨਾ ਦੇ ਵੱਧਦੇ ਮਰੀਜਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਫਿਰ ਤੋਂ ਤਾਲਾਬੰਦੀ ਲਗਾਉਣੀ ਪੈ ਰਹੀ ਹੈ ਅਤੇ ਸਰਕਾਰ ਨੇ ਵੀਕਐਂਡ ਅਤੇ ਪਬਲਿਕ ਹੋਲੀ ਡੇ 'ਤੇ ਪੂਰਨ ਤਾਲਾਬੰਦੀ ਦਾ ਫੈਸਲਾ ਲਿਆ ਹੈ। ਜਿਸ 'ਚ ਜਰੂਰ ਵਸਤਾਂ ਨੂੰ ਛੱਡ ਕੇ ਬਾਜ਼ਾਰ ਬੰਦ ਰੱਖਣ ਸਬੰਧੀ ਆਦੇਸ਼ ਜਾਰੀ ਹਨ।
ਪਰ ਜਲਾਲਾਬਾਦ ਸ਼ਹਿਰ 'ਚ ਰਾਤ 10.30 ਤੱਕ ਸ਼ਰਾਬ ਦੇ ਸਰੇਆਮ ਖੁੱਲੇ ਠੇਕੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਜਦ ਰਾਤ ਕਰੀਬ 10.30 ਵਜੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਨਵਾਂ ਬੱਸ ਸਟੈਂਡ,ਪੁਰਾਣਾ ਬੱਸ ਸਟੈਂਡ, ਦਾਣਾ ਮੰਡੀ ਦੇ ਸਾਮ੍ਹਣੇ,ਗੁਮਾਨੀ ਵਾਲਾ ਚੌਕ ਦਾ ਦੌਰਾ ਕੀਤਾ ਗਿਆ ਤਾਂ ਇਥੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਸਨ। ਗੁਮਾਨੀ ਵਾਲਾ ਚੌਕ ਜਦੋ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਣ 'ਤੇ ਕਰਿੰਦੇ ਨੂੰ ਪੁੱਛਿਆ ਤਾਂ ਉਸਨੇ ਕਿਹਾ ਕੇ ਠੇਕੇਦਾਰ ਨਾਲ ਫੋਨ ਤੇ ਗੱਲ ਕਰੋ,ਪਰ ਜਦੋਂ ਫੋਨ 'ਤੇ ਗੱਲ ਕਰਨ ਤੋਂ ਨਾਂਹ ਕੀਤੀ ਤਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ। ਜਿਸ ਤੋ ਬਾਅਦ ਇਹ ਮਾਮਲਾ ਜਿਲ੍ਹਾ ਫਾਜ਼ਿਲਕਾ ਦੇ ਐਸ.ਐਸ.ਪੀ. ਦੇ ਧਿਆਨ 'ਚ ਲਿਆਂਦਾ ਤਾਂ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਠੇਕਾ ਬੰਦ ਕਰਕੇ ਫਰਾਰ ਹੋ ਗਏ।
ਇਥੇ ਦੱਸ ਦੇਈਏ ਕਿ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਬਜਾਰਾਂ 'ਚ ਕਾਫੀ ਸਖਤੀ ਵਰਤ ਰਿਹਾ ਹੈ। ਸਮਾਬੰਦੀ ਅਨੁਸਾਰ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਨਿਯਮ ਤੋੜਣ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਰਾਤ ਕਰੀਬ 8 ਵਜੇ ਤੱਕ ਸ਼ਰਾਬ ਠੇਕੇਦਾਰਾਂ ਨੂੰ ਦੁਕਾਨਾਂ ਖੋਲਣ ਦੀ ਇਜਾਜ਼ਤ ਹੈ। ਪਰ ਇਧਰ ਪੁਲਸ ਪ੍ਰਸ਼ਾਸਨ ਦੀ ਨਜਰ ਨਹੀਂ ਜਾ ਰਹੀ ਅਤੇ ਨਾ ਹੀ ਐਕਸਾਈਜ ਵਿਭਾਗ ਨਿਯਮਾਂ ਨੂੰ ਲੈ ਕੇ ਸਖਤੀ ਦਿਖਾ ਰਿਹਾ ਹੈ।
ਉਧਰ ਸਮਾਜ ਸੇਵੀ ਜਸਵਿੰਦਰ ਵਰਮਾ ਦਾ ਕਹਿਣਾ ਹੈ ਕਿ ਸਰਕਾਰੀ ਨਿਰਦੇਸ਼ ਸਾਰਿਆਂ ਲਈ ਇਕ ਬਰਾਬਰ ਹੋਣੇ ਚਾਹੀਦੇ ਹਨ। ਪਰ ਆਮ ਦੁਕਾਨਦਾਰ ਦਾ ਧੱਕੇ ਨਾਲ ਸ਼ਟਰ ਬੰਦ ਕਰਵਾ ਦਿੱਤਾ ਜਾਂਦਾ ਹੈ ਪਰ ਸ਼ਰਾਬ ਵੇਚਣ ਵਾਲਿਆਂ ਤੇ ਪੁਲਸ ਮੇਹਰਬਾਨ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ 7 ਵਜੇ ਤੋਂ ਬਾਅਦ ਦੁਕਾਨਾਂ ਬੰਦ ਹੋ ਸਕਦੀਆਂ ਹਨ ਤਾਂ ਫਿਰ 8 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਕਿਉਂ ਨਹੀਂ ਹੋ ਸਕਦੇ ਹਨ। ਉਧਰ ਸ਼ਹਿਰ ਦੇ ਕੁੱਝ ਹੋਰ ਲੋਕਾਂ ਨੇ ਕਿਹਾ ਕਿ ਜੇਕਰ ਸਮਾਬੰਦੀ ਤੋਂ ਬਾਅਦ ਠੇਕੇ ਬੰਦ ਰਹੇ ਤਾਂ ਉਹ ਵੀ ਦੁਕਾਨਾਂ ਖੋਲਣਗੇ ਤੇ ਸਰਕਾਰ ਤੇ ਪ੍ਰਸ਼ਾਸਨ ਦੀ ਪੱਖਪਾਤ ਦੀ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।
ਉਧਰ ਐਕਸਾਈਜ ਵਿਭਾਗ ਦੇ ਏਟੀਸੀ ਰੁਮਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹੇਠਲੇ ਪੱਧਰ ਤੇ ਅਫਸਰਾਂ ਨਾਲ ਗੱਲਬਾਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦੁਕਾਨਾਂ ਬੰਦ ਕਰਵਾਉਣ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ।
ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਆਈ.ਟੀ.ਉ ਜੀਵਨ ਸਿੰਗਲਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਲ ਠੇਕੇਦਾਰਾਂ ਦੀ ਮੀਟਿੰਗ ਬੁਲਾ ਕੇ ਰਾਤ 8 ਵਜੇ ਠੇਕੇ ਬੰਦ ਕਰਨ ਲਈ ਕਿਹਾ ਜਾਵੇਗਾ। ਉਧਰ ਪੁਲਸ ਦੀ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਠੇਕੇ ਬੰਦ ਕਰਵਾਉਣ ਲਈ ਜਾਂਦੇ ਹਨ ਪਰ ਅੱਗੋ ਅਧਿਕਾਰੀਆਂ ਵਲੋਂ ਟੈਕਸ ਕੁਲੈਕਸ਼ਨ ਹਵਾਲਾ ਦੇ ਦਿੱਤਾ ਜਾਂਦਾ ਹੈ ਕਿ ਸਰਕਾਰ ਨੂੰ ਰੈਵਿਨਿਊ ਕਿੱਥੋਂ ਪਹੁੰਚੇਗਾ।