ਖ਼ੁਦ ਨੂੰ ਵਿਜੀਲੈਂਸ ਅਧਿਕਾਰੀ ਦੱਸ ਕੇ ਕਿਸਾਨ ਨਾਲ ਧੋਖਾਧੜੀ ਕਰਨ ਵਾਲਾ ਵਿਜੀਲੈਂਸ ਬਿਊਰੋ ਨੇ ਸਾਥੀਆਂ ਸਣੇ ਕੀਤਾ ਕਾਬੂ

03/01/2024 6:11:18 AM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਕਸਬਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਪਿੰਦਰ ਸੋਢੀ ਨੂੰ ਆਪਣੇ ਆਪ ਨੂੰ ਵਿਜੀਲੈਂਸ ਮੁਲਾਜ਼ਮ ਦੱਸ ਕੇ ਇਕ ਕਿਸਾਨ ਨਾਲ ਧੋਖਾਧੜੀ ਕਰਨ ਦੇ ਮਾਮਲੇ 'ਚ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਸਾਲੂ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵਿੱਚੋਂ 18 ਏਕੜ ਜ਼ਮੀਨ ਵੇਚ ਦਿੱਤੀ ਸੀ। ਇਸ ਉਪਰੰਤ ਉਸ ਨੂੰ ਪੰਚਾਇਤੀ ਜ਼ਮੀਨ ਵੇਚਣ ਸਬੰਧੀ ਇੱਕ ਨੋਟਿਸ ਮਿਲਿਆ, ਜਿਸ ਤੋਂ ਬਾਅਦ 12 ਅਗਸਤ 2023 ਨੂੰ ਤਿੰਨ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਜਿਨ੍ਹਾਂ ਨੇ ਆਪਣੇ-ਆਪ ਨੂੰ ਵਿਜੀਲੈਂਸ ਵਿਭਾਗ, ਸੈਕਟਰ-17 ਚੰਡੀਗੜ੍ਹ ਦਫ਼ਤਰ ਦੇ ਕਰਮਚਾਰੀ ਦੱਸਿਆ।

ਇਹ ਵੀ ਪੜ੍ਹੋ- ਬੰਗਲਾਦੇਸ਼ ਤੋਂ ਆਈ ਮੰਦਭਾਗੀ ਖ਼ਬਰ : ਰੈਸਟਰਾਂ 'ਚ ਲੱਗੀ ਭਿਆਨਕ ਅੱਗ, 43 ਲੋਕਾਂ ਦੀ ਹੋਈ ਦਰਦਨਾਕ ਮੌਤ

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਵੇਚਣ ਦੇ ਮਾਮਲੇ ਨੂੰ ਸੁਲਝਾਉਣ ਲਈ ਉਕਤ ਵਿਅਕਤੀਆਂ ਨੇ ਚੰਡੀਗੜ੍ਹ ਦਫ਼ਤਰ ਵਿਖੇ ਜਾਂਚ ਲੰਬਿਤ ਹੋਣ ਦਾ ਦਾਅਵਾ ਕਰਦਿਆਂ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਧਮਕੀ ਤੋਂ ਡਰਦਿਆਂ ਸ਼ਿਕਾਇਤਕਰਤਾ 25 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਅਤੇ ਉਕਤ ਮੁਲਜ਼ਮਾਂ ਨੇ ਉਸ ਨੂੰ 15 ਲੱਖ ਅਤੇ 10 ਲੱਖ ਰੁਪਏ ਦੇ ਦੋ ਚੈੱਕਾਂ 'ਤੇ ਦਸਤਖ਼ਤ ਕਰਨ ਲਈ ਰਾਜ਼ੀ ਕਰ ਲਿਆ ਅਤੇ 25 ਲੱਖ ਰੁਪਏ ਨਕਦ ਮਿਲਣ 'ਤੇ ਦੋਵੇਂ ਚੈੱਕ ਵਾਪਸ ਕਰਨ ਦੀ ਗਰੰਟੀ ਦਿੱਤੀ। ਉਸ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਉਸ ਦੀ ਜੇਬ ਵਿੱਚੋਂ 27 ਹਜ਼ਾਰ ਰੁਪਏ ਵੀ ਕੱਢ ਕੇ ਲੈ ਗਿਆ ਅਤੇ ਉਸ ਦਾ ਫ਼ੋਨ ਨੰਬਰ ਲੈ ਕੇ ਚਲੇ ਗਏ।

ਇਹ ਵੀ ਪੜ੍ਹੋ- ਘਰ 'ਚ ਹੋਈ ਚੋਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫਾਹਾ ਲੈ ਕੇ ਕਰ ਲਈ ਜੀਵਨਲੀਲਾ ਸਮਾਪਤ

ਬੁਲਾਰੇ ਨੇ ਦੱਸਿਆ ਕਿ ਇਸ ਉਪਰੰਤ ਸ਼ਿਕਾਇਤਕਰਤਾ ਨੂੰ ਉਸਦੇ ਵਟਸਐਪ 'ਤੇ ਧਮਕੀ ਭਰੀ ਕਾਲ ਆਈ ਕਿ ਜੇਕਰ ਉਹ ਵਾਅਦੇ ਮੁਤਾਬਿਕ ਨਕਦ 25 ਲੱਖ ਰੁਪਏ ਨਹੀਂ ਦਿੰਦਾ ਤਾਂ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਮਿਤੀ 28.8.2023 ਨੂੰ ਐੱਫ.ਆਈ.ਆਰ. ਨੰਬਰ 20 ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ 384, 120-ਬੀ ਅਧੀਨ ਪਿੰਡ ਭੈਣੀ ਸਾਲੂ ਨਿਵਾਸੀ ਮਨਜੀਤ ਸਿੰਘ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਪਿੰਡ ਮੇਹਲੋਂ, ਤਹਿਸੀਲ ਸਮਰਾਲਾ ਅਤੇ ਪਰਮਿੰਦਰ ਸਿੰਘ ਵਾਸੀ ਅਕਾਸ਼ ਕਲੋਨੀ, ਹੁਸ਼ਿਆਰਪੁਰ ਸ਼ਹਿਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਪਰ ਮੁੱਖ ਮੁਲਜ਼ਮ ਪਿੰਦਰ ਸੋਢੀ ਅਤੇ ਹਰਦੀਪ ਸਿੰਘ ਵਾਸੀ ਖਮਾਣੋਂ ਕਸਬਾ ਫਰਾਰ ਸਨ ਅਤੇ ਉਨ੍ਹਾਂ ਨੂੰ ਇਸ ਸਾਲ ਜਨਵਰੀ ਵਿੱਚ ਅਦਾਲਤ ਵੱਲੋਂ ਪੀ.ਓ. (ਭਗੌੜੇ ਮੁਜਰਮ) ਐਲਾਨ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਰਾਹਤ ਸਮੱਗਰੀ ਉਡੀਕ ਰਹੇ ਫਲਸਤੀਨੀਆਂ 'ਤੇ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ, 104 ਲੋਕਾਂ ਦੀ ਹੋਈ ਮੌਤ

ਬੁਲਾਰੇ ਨੇ ਦੱਸਿਆ ਕਿ ਮੁੱਖ ਦੋਸ਼ੀ ਪਿੰਦਰ ਸੋਢੀ ਨੂੰ ਬਿਊਰੋ ਦੇ ਮੁਲਾਜ਼ਮਾਂ ਨੇ ਬੜੀ ਮੁਸਤੈਦੀ ਨਾਲ ਸੈਕਟਰ 32, ਬੀ.ਸੀ.ਐੱਮ. ਸਕੂਲ ਨੇੜੇ, ਚੰਡੀਗੜ੍ਹ ਰੋਡ, ਲੁਧਿਆਣਾ ਦੇ ਇੱਕ ਪਾਰਕ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਆਪਣੀ ਮਾਰੂਤੀ ਸਵਿਫਟ ਕਾਰ ਪੀ.ਬੀ.-07 ਸੀ.ਡੀ. -2603 ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਦੀ ਉਕਤ ਕਾਰ ਦੀ ਤਲਾਸ਼ੀ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਈ ਲੋਗੋ, ਤਿੰਨ ਮੋਬਾਈਲ ਫੋਨ, ਯੂ.ਏ.ਈ. ਦੇਸ਼ ਦਾ ਡਰਾਈਵਿੰਗ ਲਾਇਸੰਸ, ਭਾਰਤੀ ਕਰੰਸੀ ਸਮੇਤ 305 ਦਿਰਹਾਮ ਦੇ ਕਰੰਸੀ ਨੋਟ ਬਰਾਮਦ ਹੋਏ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News