ਟ੍ਰੈਫਿਕ ਪੁਲਸ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ
Tuesday, May 06, 2025 - 06:17 PM (IST)

ਪਟਿਆਲਾ (ਬਲਜਿੰਦਰ) : ਸਿਟੀ-2 ਟ੍ਰੈਫਿਕ ਪੁਲਸ ਪਟਿਆਲਾ ਵੱਲੋਂ ਡਾਇਰੈਕਟਰ ਜਨਰਲ ਆਫ ਪੁਲਸ ਗੌਰਵ ਯਾਦਵ, ਏ. ਡੀ. ਜੀ. ਪੀ. ਟ੍ਰੈਫਿਕ ਏ. ਐੱਸ. ਰਾਏ, ਡੀ. ਆਈ. ਜੀ. ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ, ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ, ਐੱਸ. ਪੀ. ਟ੍ਰੈਫਿਕ ਕ੍ਰਿਸ਼ਨ ਕੁਮਾਰ ਪੈਥੇ, ਡੀ. ਐੱਸ. ਪੀ. ਟ੍ਰੈਫਿਕ ਅੱਛਰੂ ਰਾਮ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ-2 ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਜਗਵਿੰਦਰ ਸਿੰਘ ਬੁੱਟਰ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਅਕਾਲ ਐਕਡਮੀ ਰੀਠਖੇੜੀ ਵਿਖੇ ਕੀਤੀ ਗਈ।
ਇਸ ਮੌਕੇ ਇੰਚਾਰਜ ਜਗਵਿੰਦਰ ਬੁੱਟਰ ਨੇ ਅਕਾਲ ਐਕਡਮੀ ਰੀਠਖੇੜੀ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਸਕੂਲੀ ਬੱਸ ’ਚ ਫਸਟ ਏਡ ਬਾਕਸ ਹੋਣਾ ਬਹੁਤ ਜ਼ਰੂਰੀ ਹੈ। ਸਾਰੀਆਂ ਬੱਸਾਂ ’ਚ ਅੱਗ ਬੁਝਾਊ ਜੰਤਰ ਹੋਣਾ ਚਾਹੀਦਾ ਹੈ। ਸਕੂਲੀ ਵਾਹਨਾਂ ਦੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਵ੍ਹੀਕਲਾਂ ਉੱਪਰ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਐਕਸੀਡੈਂਟ ਹੋ ਜਾਂਦੇ ਹਨ ਅਤੇ ਕਈ ਜ਼ਿੰਦਗੀਆਂ ਮੌਤ ਦੇ ਮੂੰਹ ’ਚ ਚੱਲੀਆਂ ਜਾਂਦੀਆਂ ਹਨ। ਹਾਦਸਿਆਂ ਦਾ ਮੁੱਖ ਕਾਰਨ ਨਸ਼ਿਆਂ ਦਾ ਸੇਵਨ ਕਰ ਕੇ ਵ੍ਹੀਕਲਜ਼ ਚਲਾਉਣਾ, ਓਵਰਸਪੀਡ ਅਤੇ ਰਾਤ ਦੇ ਸਮੇਂ ਗੱਡੀਆਂ ਉੱਪਰ ਰਿਫਲੈਕਟਰ ਲੱਗੇ ਨਾ ਹੋਣ ਦਾ ਵੀ ਕਾਰਨ ਬਣਦੇ ਹਨ। ਉਨ੍ਹਾਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਨੌਜਵਾਨਾਂ ਅਤੇ ਪਬਲਿਕ ਨੂੰ ਦੋ ਪਹੀਆਂ ਵਾਹਨ ਉੱਪਰ ਹੈਲਮੇਟ ਪਾਉਣ ਅਤੇ ਚਾਰ ਪਹੀਆ ਵਾਹਨਾਂ ’ਚ ਸੀਟ ਬੈਲਟ ਲਾਉਣ ਲਈ ਅਪੀਲ ਕੀਤੀ।