ਮਨਾਲੀ ਘੁੰਮਣ ਗਿਆ ਇੰਜੀਨੀਅਰ ਦੋਸਤਾਂ ਸਣੇ ਲਾਪਤਾ, ਲਾਸਟ ਲੋਕੇਸ਼ਨ 'ਤੇ ਪੁੱਜੇ ਭਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

Saturday, Jul 15, 2023 - 10:39 PM (IST)

ਮਨਾਲੀ ਘੁੰਮਣ ਗਿਆ ਇੰਜੀਨੀਅਰ ਦੋਸਤਾਂ ਸਣੇ ਲਾਪਤਾ, ਲਾਸਟ ਲੋਕੇਸ਼ਨ 'ਤੇ ਪੁੱਜੇ ਭਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਲੁਧਿਆਣਾ (ਰਿਸ਼ੀ) : ਵਿਕਾਸ ਨਗਰ, ਪੱਖੋਵਾਲ ਰੋਡ ’ਤੇ ਰਹਿਣ ਵਾਲਾ ਨੇਵੀ ਦਾ ਇੰਜੀਨੀਅਰ ਆਪਣੇ 2 ਦੋਸਤਾਂ ਨਾਲ ਘੁੰਮਣ ਲਈ ਮਨਾਲੀ ਗਿਆ ਸੀ ਪਰ 6 ਦਿਨ ਗੁਜ਼ਰ ਜਾਣ ’ਤੇ ਵੀ ਨੰਬਰ ਸਵਿੱਚ ਆਫ ਆ ਰਿਹਾ ਹੈ, ਜਿਸ ਕਾਰਨ ਪਰਿਵਾਰ ਨਾਲ ਕੋਈ ਗੱਲ ਨਹੀਂ ਹੋ ਪਾ ਰਹੀ, ਜਦੋਂਕਿ ਆਪਣੇ ਲੜਕੇ ਨੂੰ ਲੱਭਣ ਲਈ ਪਰਿਵਾਰ ਮਨਾਲੀ ਪੁੱਜ ਗਿਆ ਹੈ ਪਰ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲਗ ਰਿਹਾ। ਮਨਾਲੀ ਲੱਭਣ ਆਏ ਭਰਾ ਰਾਜੇਸ਼ ਸ਼ਰਮਾ ਅਤੇ ਦੋਸਤ ਮੁਨੀਸ਼ ਗੁੰਬਰ ਨੇ ਦੱਸਿਆ ਕਿ ਅਮਨ ਸ਼ਰਮਾ (32) ਨੇਵੀ ਵਿਚ ਬਤੌਰ ਇੰਜੀਨੀਅਰ ਕੰਮ ਕਰਦਾ ਹੈ। ਬੀਤੀ 7 ਜੁਲਾਈ ਨੂੰ ਆਪਣੇ ਨਾਲ ਕੰਮ ਕਰਨ ਵਾਲੇ ਦਿੱਲੀ ਦੇ ਰਹਿਣ ਵਾਲੇ ਨਿਖਿਲ ਅਤੇ ਯੂ. ਪੀ. ਦੇ ਰਹਿਣ ਵਾਲੇ ਅਮਿਤ ਯਾਦਵ ਨਾਲ ਘੁੰਮਣ ਲਈ ਸੇਲਟੋਸ ਕਾਰ ’ਚ ਗਿਆ ਸੀ ਪਰ ਅਜੇ ਤੱਕ ਵਾਪਸ ਨਹੀਂ ਆਏ ਅਤੇ ਨਾ ਹੀ ਨੰਬਰ ਮਿਲ ਰਿਹਾ ਹੈ।

8 ਜੁਲਾਈ ਰਾਤ 1.30 ਵਜੇ ਕਲੱਬ ਤੋਂ ਨਿਕਲੇ ਪਰ ਨਹੀਂ ਪੁੱਜੇ ਹੋਟਲ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੀਤੀ 8 ਜੁਲਾਈ ਦੀ ਰਾਤ ਲਗਭਗ 11.30 ਵਜੇ ਮਾਲ ਰੋਡ ਸਥਿਤ ਹੋਟਲ ਤੋਂ ਕਲੱਬ ਜਾਣ ਲਈ ਨਿਕਲੇ ਸਨ, ਜਿਸ ਤੋਂ ਬਾਅਦ ਕਲੱਬ ਪੁੱਜੇ ਅਤੇ ਉੱਥੋਂ ਰਾਤ 1.30 ਵਜੇ ਵਾਪਸ ਹੋਟਲ ਲਈ ਨਿਕਲੇ ਪਰ ਹੋਟਲ ਨਹੀਂ ਪੁੱਜੇ। ਉਨ੍ਹਾਂ ਦਾ ਸਾਮਾਨ ਹੋਟਲ ਦੇ ਕਮਰਿਆਂ ’ਚ ਪਿਆ ਹੋਇਆ ਹੈ।

ਇਹ ਵੀ ਪੜ੍ਹੋ : ਹੜ੍ਹ ਦੌਰਾਨ ਸਤਲੁਜ ਕੰਢੇ ਝੌਂਪੜੀ ’ਚ ਨਵੀਂ ਜ਼ਿੰਦਗੀ ਨੇ ਲਿਆ ਜਨਮ, ਫਰਿਸ਼ਤਾ ਬਣ ਬਹੁੜੀ ਸ਼੍ਰੋਮਣੀ ਕਮੇਟੀ 

ਪਤਨੀ ਨਾਲ ਰਾਤ 1 ਵਜੇ ਵੀਡੀਓ ਕਾਲ ’ਤੇ ਕੀਤੀ ਗੱਲ
ਅਮਨ ਸ਼ਰਮਾ ਦੀ ਪਤਨੀ ਪਾਇਲ ਸ਼ਰਮਾ ਨਾਲ 5 ਮਹੀਨੇ ਪਹਿਲਾਂ ਲਵ ਮੈਰਿਜ ਹੋਈ ਹੈ। ਬੀਤੀ 8 ਜੁਲਾਈ ਦੀ ਰਾਤ ਲਗਭਗ 1 ਵਜੇ ਉਸ ਨੇ ਪਤਨੀ ਨਾਲ ਵੀਡੀਓ ਕਾਲ ’ਤੇ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਕੀ ਪਤਾ ਸੀ ਕਿ ਆਪਸ ’ਚ ਸੰਪਰਕ ਨਹੀਂ ਹੋ ਸਕੇਗਾ। ਅਮਨ ਇਸ ਸਮੇਂ ਛੁੱਟੀ ’ਤੇ ਆਇਆ ਹੋਇਆ ਸੀ।

ਲਾਸਟ ਲੋਕੇਸ਼ਨ ਵਾਲੀ ਜਗ੍ਹਾ ਤੋਂ ਸੜਕ ਗਾਇਬ
ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਉਨ੍ਹਾਂ ਦੇ ਭਰਾ ਦੇ ਮੋਬਾਇਲ ਦੀ ਲਾਸਟ ਲੋਕੇਸ਼ਨ ਸ਼ੋਅ ਹੋ ਰਹੀ ਹੈ, ਉੱਥੇ ਬਣੀ ਸੜਕ ਹੀ ਗਾਇਬ ਹੋ ਚੁੱਕੀ ਹੈ। ਪਾਣੀ ਦੇ ਵਹਾਅ ਕਾਰਨ ਸੜਕ ਟੁੱਟ ਕੇ ਨਾਲ ਹੀ ਵਹਿ ਗਈ।

10 ਕਿਲੋਮੀਟਰ ਦੂਰੋਂ ਮਿਲੀ ਇਕ ਦੋਸਤ ਦੀ ਲਾਸ਼
ਦਿੱਲੀ ਦੇ ਰਹਿਣ ਵਾਲੇ ਨਿਖਿਲ ਦੀ ਪੁਲਸ ਨੂੰ ਘਟਨਾ ਤੋਂ ਇਕ ਦਿਨ ਬਾਅਦ ਲਗਭਗ 10 ਕਿਲੋਮੀਟਰ ਦੂਰੋਂ ਲਾਸ਼ ਬਰਾਮਦ ਹੋਈ, ਜਿਸ ਨੂੰ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ, ਜਦੋਂਕਿ ਅਮਰ, ਅਮਿਤ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਰਿਹਾ ਅਤੇ ਨਾ ਹੀ ਕਾਰ ਦਾ ਪਤਾ ਲੱਗ ਸਕਿਆ ਹੈ।

ਇਹ ਵੀ ਪੜ੍ਹੋ : 18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News