ਪੇਂਡੂ ਖੇਤਰ ਦੇ ਲੋਕਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਲਈ ਸਾਰ
Monday, Oct 22, 2018 - 06:47 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ,(ਸੁਖਪਾਲ, ਪਵਨ)- ਭਾਵੇਂ ਦੇਸ਼ ਨੂੰ ਅਾਜ਼ਾਦ ਹੋਏ ਨੂੰ 7 ਦਹਾਕੇ ਬੀਤ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਜਿੰਨੀਆਂ ਵੀ ਸਰਕਾਰਾਂ ਨੇ ਪੰਜਾਬ ਵਿਚ ਸੱਤਾ ਸੰਭਾਲੀ ਹੈ, ਸਭ ਨੇ ਇਹੀ ਦਾਅਵੇ ਕੀਤੇ ਕਿ ਅਸੀਂ ਪੇਂਡੁੂ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਾਂਗੇ ਅਤੇ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਵਾਂਗੇ ਪਰ ਇਹ ਗੱਲਾਂ ਸਿਰਫ਼ ਕਾਗਜ਼ਾਂ ਅਤੇ ਦਾਅਵਿਆਂ ਤੱਕ ਹੀ ਸੀਮਤ ਰਹੀਆਂ ਹਨ ਕਿਉਂਕਿ ਪਿੰਡਾਂ ਦੀ ਅਸਲੀ ਤਸਵੀਰ ਤਾਂ ਕੁਝ ਹੋਰ ਹੀ ਹੈ। ਅੱਜ ਵੀ ਅਨੇਕਾਂ ਪਿੰਡਾਂ ’ਚ ਬਹੁਤ ਸਾਰੀਆਂ ਘਾਟਾਂ ਰਡ਼ਕ ਰਹੀਆਂ ਹਨ। ਸਮੇਂ ਦੀਆਂ ਸਰਕਾਰਾਂ, ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਿਰਫ਼ ਆਪੋ-ਆਪਣੀ ਥਾਂ ’ਤੇ ਖਾਨਾਪੂਰਤੀ ਹੀ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ 71 ਸਾਲਾਂ ਦੌਰਾਨ 41 ਸਾਲ ਪੰਜਾਬ ’ਤੇ ਕਾਂਗਰਸ ਪਾਰਟੀ ਨੇ ਰਾਜ ਕੀਤਾ ਹੈ, ਜਦ ਕਿ 25 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਾਜ ਕੀਤਾ ਹੈ ਪਰ ਫਿਰ ਵੀ ਆਮ ਲੋਕਾਂ ਦਾ ਜੀਵਨ ਪੱਧਰ ਕੋਈ ਬਹੁਤਾ ਚੰਗਾ ਨਹੀਂ ਹੈ। ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਪੇਂਡੂ ਖੇਤਰ ਦੇ ਲੋਕ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਇਸ ਗੰਭੀਰ ਸਮੱਸਿਆ ਸਬੰਧੀ ‘ਜਗ ਬਾਣੀ’ ਵੱਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਨੇ ਲੋਕ
ਸ੍ਰੀ ਮੁਕਤਸਰ ਸਾਹਿਬ ਅਧੀਨ ਕਰੀਬ 241 ਪਿੰਡ ਆਉਂਦੇ ਹਨ ਪਰ ਹੈਰਾਨੀ ਭਰੀ ਗੱਲ ਹੈ ਕਿ ਸਿਰਫ 40 ਕੁ ਪਿੰਡਾਂ ਵਿਚ ਹੀ ਪੀਣ ਵਾਲਾ ਪਾਣੀ ਲੋਕਾਂ ਨੂੰ ਸਾਫ਼ ਮਿਲ ਰਿਹਾ ਹੈ, ਜਦਕਿ ਬਾਕੀ ਪਿੰਡਾਂ ਦੇ ਲੋਕਾਂ ਨੂੰ ਤਾਂ ਅਜੇ ਤੱਕ ਪੀਣ ਲਈ ਸਾਫ਼ ਪਾਣੀ ਵੀ ਨਹੀਂ ਨਸੀਬ ਹੋਇਆ ਤੇ ਲੋਕ ਮਾਡ਼ਾ ਪਾਣੀ ਪੀ ਕੇ ਹੀ ਗੁਜ਼ਾਰਾ ਕਰਦੇ ਹਨ। ਇਸ ਕਰ ਕੇ ਲੋਕਾਂ ਨੂੰ ਕਈ ਬੀਮਾਰੀਆਂ ਲੱਗੀਅਾਂ ਹੋਈਆਂ ਹਨ। ਇੱਥੇ ਧਰਤੀ ਹੇਠਲਾ ਪਾਣੀ ਖਾਰਾ ਹੈ ਅਤੇ ਜਿਹਡ਼ੇ ਆਰ. ਓ. ਸਿਸਟਮ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਸਾਫ਼ ਪਾਣੀ ਪੀਣ ਲਈ ਮੁਹੱਈਆ ਕਰਵਾਉਣ ਵਾਸਤੇ ਲਾਏ ਸਨ, ਉਹ ਦਰਜਨਾਂ ਪਿੰਡਾਂ ’ਚ ਪਿਛਲੇ 3-3, 4-4 ਸਾਲਾਂ ਤੋਂ ਬੰਦ ਪਏ ਹਨ। ਜਲਘਰਾਂ ਦਾ ਪਾਣੀ ਵੀ ਬਹੁਤੇ ਪਿੰਡਾਂ ਵਿਚ ਉਹੀ ਲੋਕਾਂ ਨੂੰ ਟੂਟੀਆਂ ਰਾਹੀਂ ਮਿਲ ਰਿਹਾ ਹੈ, ਜਿਹਡ਼ਾ ਪਾਣੀ ਸਿੱਧਾ ਹੀ ਨਹਿਰਾਂ ਅਤੇ ਰਜਬਾਹਿਆਂ ਰਾਹੀਂ ਜਲਘਰਾਂ ਦੀਆਂ ਡਿੱਗੀਆਂ ਵਿਚ ਪੈਂਦਾ ਹੈ।
ਛੱਪਡ਼ਾਂ ’ਚ ਖਡ਼੍ਹੈ ਗੰਦਾ ਪਾਣੀ
ਬਹੁਤੇ ਪਿੰਡ ਅਜਿਹੇ ਹਨ, ਜਿੱਥੋਂ ਦੇ ਛੱਪਡ਼ਾਂ ਵਿਚ ਗੰਦਾ ਪਾਣੀ ਖਡ਼੍ਹਾ ਹੈ ਅਤੇ ਇਸ ਪਾਣੀ ’ਚੋਂ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ। ਇਸ ਕਾਰਨ ਆਸ-ਪਾਸ ਦੇ ਘਰਾਂ ’ਚ ਰਹਿੰਦੇ ਲੋਕ ਬੇਹੱਦ ਤੰਗ ਹਨ ਪਰ ਇਸ ਗੰਭੀਰ ਸਮੱਸਿਆ ਦਾ ਹੱਲ ਕੋਈ ਨਹੀਂ ਕਰ ਰਿਹਾ। ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਮਸਲਾ ਥਾਂ-ਥਾਂ ’ਤੇ ਹੈ।
ਨਹੀਂ ਬਣੀਅਾਂ ਕੱਚੇ ਰਸਤਿਅਾਂ ’ਤੇ ਸਡ਼ਕਾਂ
ਭਾਵੇਂ ਸਰਕਾਰ ਨੇ ਇਹ ਦਾਅਵੇ ਕੀਤੇ ਸਨ ਕਿ ਪਿੰਡਾਂ ਵਿਚ ਢਾਣੀਆਂ ਨੂੰ ਜਾਣ ਵਾਲੇ ਕੱਚੇ ਰਸਤਿਅਾਂ ’ਤੇ ਵੀ ਸਡ਼ਕਾਂ ਬਣਾ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਅਨੇਕਾਂ ਪਿੰਡ ਅਜਿਹੇ ਹਨ, ਜਿੱਥੋਂ ਦੂਜੇ ਪਿੰਡਾਂ ਨੂੰ ਜਾਣ ਵਾਲੇ ਰਸਤੇ ਅਜੇ ਤੱਕ ਕੱਚੇ ਹੀ ਪਏ ਹਨ। ਭਾਗਸਰ ਤੋਂ ਨੰਦਗਡ਼੍ਹ, ਕੋਡ਼ਿਆਂਵਾਲੀ, ਬੱਲਮਗਡ਼੍ਹ, ਬਧਾਈ ਅਤੇ ਚਿੱਬਡ਼ਾਂਵਾਲੀ ਨੂੰ ਜਾਣ ਵਾਲੇ ਰਸਤਿਅਾਂ ’ਤੇ ਅਜੇ ਸਡ਼ਕਾਂ ਨਹੀਂ ਬਣੀਆਂ। ਪਿੰਡ ਖੁੰਡੇ ਹਲਾਲ ਤੋਂ ਦਬਡ਼ਾ, ਭੰਗਚਡ਼੍ਹੀ, ਨਾਨਕਪੁਰਾ ਤੇ ਲਖਮੀਰੇਆਣਾ ਅਤੇ ਨੰਦਗਡ਼੍ਹ ਤੋਂ ਬਾਂਮ ਨੂੰ ਜਾਣ ਵਾਲਾ ਰਸਤਾ ਵੀ ਕੱਚਾ ਹੀ ਪਿਆ ਹੈ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਈ ਸਡ਼ਕਾਂ ਟੁੱਟ ਚੁੱਕੀਆਂ ਹਨ ਤੇ ਵੱਡੇ ਟੋਏ ਪੈ ਚੁੱਕੇ ਹਨ ਪਰ ਸਬੰਧਤ ਵਿਭਾਗ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ, ਜਿਸ ਕਰ ਕੇ ਅਜਿਹੀਅਾਂ ਥਾਵਾਂ ’ਤੇ ਸਡ਼ਕ ਹਾਦਸੇ ਵਾਪਰ ਰਹੇ ਹਨ।
ਅਜੇ ਵੀ ਕਈ ਪਿੰਡ ਵਾਸੀ ਹਨ ਬੱਸਾਂ ਦੀ ਸਹੂਲਤ ਤੋਂ ਵਾਂਝੇ
ਲੋਕਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਦਿੱਤੇ ਜਾਣ ਦੀ ਗੱਲ ਵੀ ਸਰਕਾਰਾਂ ਕਰਦੀਆਂ ਹਨ ਪਰ ਫਿਰ ਵੀ ਕਈ ਪਿੰਡਾਂ ਦੇ ਲੋਕ ਅਜੇ ਵੀ ਅਜਿਹੇ ਹਨ, ਜਿੱਥੇ ਅਜੇ ਤੱਕ ਕੋਈ ਬੱਸ ਹੀ ਨਹੀਂ ਜਾਂਦੀ ਅਤੇ ਲੋਕ ਆਉਣ-ਜਾਣ ਤੋਂ ਤੰਗ-ਪ੍ਰੇਸ਼ਾਨ ਹੋ ਰਹੇ ਹਨ। ਪਿੰਡ ਬਰਕੰਦੀ, ਥਾਂਦੇਵਾਲਾ, ਅਕਾਲਗਡ਼੍ਹ, ਗੰਧਡ਼, ਭੰਗਚਡ਼੍ਹੀ, ਖੁੰਡੇ ਹਲਾਲ ਅਤੇ ਹੋਰ ਕਈ ਅਜਿਹੇ ਪਿੰਡ ਹਨ, ਜਿੱਥੇ ਬੱਸ ਜਾਂਦੀ ਹੀ ਨਹੀਂ ਅਤੇ ਕੁਝ ਪਿੰਡ ਅਜਿਹੇ ਹਨ, ਜਿੱਥੇ ਦਿਨ ਵਿਚ ਸਿਰਫ਼ ਇਕ ਵੇਲੇ ਹੀ ਬੱਸ ਚੱਲਦੀ ਹੈ।
ਕਈ ਪਿੰਡ ਸਿਹਤ ਡਿਸਪੈਂਸਰੀਆਂ ਤੇ ਪਸ਼ੂ ਹਸਪਤਾਲਾਂ ਤੋਂ ਵਾਂਝੇ
ਜ਼ਿਲੇ ਦੇ 241 ਪਿੰਡਾਂ ਵਿਚੋਂ ਦਰਜਨਾਂ ਪਿੰਡ ਅਜਿਹੇ ਵੀ ਹਨ, ਜਿੱਥੇ ਅਜੇ ਤੱਕ ਸਰਕਾਰ ਨੇ ਮਨੁੱਖਾਂ ਦੇ ਇਲਾਜ ਲਈ ਸਰਕਾਰੀ ਸਿਹਤ ਡਿਸਪੈਸਰੀਆਂ ਹੀ ਨਹੀਂ ਬਣਾਈਆਂ ਅਤੇ ਨਾ ਹੀ ਪਸ਼ੂਆਂ ਦੇ ਇਲਾਜ ਲਈ ਸਰਕਾਰੀ ਪਸ਼ੂ ਹਸਪਤਾਲ ਬਣਾਇਆ ਹੈ, ਜਦਕਿ ਕਈ ਪਿੰਡਾਂ ਵਿਚ ਸਿਹਤ ਡਿਸਪੈਂਸਰੀਆਂ ਅਤੇ ਪਸ਼ੂ ਹਸਪਤਾਲ ਚੱਲ ਰਹੇ ਹਨ, ਉਨ੍ਹਾਂ ਵਿਚ ਡਾਕਟਰ ਹੀ ਨਹੀਂ ਹਨ।
ਜ਼ਿਆਦਾਤਰ ਪਿੰਡਾਂ ਦੇ ਸੇਵਾ ਕੇਂਦਰ ਸਰਕਾਰ ਨੇ ਕੀਤੇ ਬੰਦ
ਪੇਂਡੂ ਖੇਤਰ ਦੇ ਲੋਕਾਂ ਨੂੰ ਲਾਭ ਦੇਣ ਲਈ, ਜੋ ਸੇਵਾ ਕੇਂਦਰ ਪਿੰਡਾਂ ਵਿਚ ਬਣਾਏ ਗਏ ਸਨ, ਉਨ੍ਹਾਂ ’ਚੋਂ 5-7 ਸੇਵਾ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੇ ਸੇਵਾ ਕੇਂਦਰ ਸਰਕਾਰ ਨੇ ਬੰਦ ਕਰ ਦਿੱਤੇ ਹਨ। ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਆਪਣੇ ਕਾਗਜ਼ ਪੱਤਰ ਬਣਾਉਣ ਲਈ ਸ਼ਹਿਰਾਂ ਵਿਚ ਆ ਕੇ ਧੱਕੇ ਖਾਣੇ ਪੈਂਦੇ ਹਨ।
ਨਾਲੀਆਂ ਨਾ ਬਣਨ ਕਾਰਨ ਗਲੀਅਾਂ ’ਚ ਹੀ ਇਕੱਠਾ ਹੋ ਜਾਂਦੈ ਗੰਦਾ ਪਾਣੀ
ਭਾਵੇਂ ਗਲੀਆਂ-ਨਾਲੀਆਂ ਬਣਾਉਣ ਦੇ ਨਾਂ ’ਤੇ ਕਰੋਡ਼ਾਂ ਰੁਪਏ ਖਰਚੇ ਤਾਂ ਜਾਂਦੇ ਹਨ ਪਰ ਜੇਕਰ ਪਿੰਡਾਂ ਵਿਚ ਜਾ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਪਿੰਡਾਂ ’ਚ ਗਲੀਆਂ-ਨਾਲੀਆਂ ਅਜੇ ਵੀ ਕੱਚੀਆਂ ਪਈਆਂ ਹਨ ਤੇ ਕਈ ਗਲੀਆਂ ਵਿਚ ਤਾਂ ਨਾਲੀਆਂ ਹੀ ਨਹੀਂ ਬਣੀਆਂ ਅਤੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਹੀ ਇਕੱਠਾ ਹੋ ਜਾਂਦਾ ਹੈ।