ਲੜਕੀ ਦੀ ਲਾਸ਼ ਖੁਰਦ-ਬੁਰਦ ਕਰਨ ਜਾ ਰਹੇ ਪਿਉ-ਪੁੱਤ ਕਾਬੂ
Monday, Oct 08, 2018 - 06:28 AM (IST)
ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ, ਗਗਨਦੀਪ)– ਲਡ਼ਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨਹਿਰ ਵਿਚ ਸੁੱਟਣ ਜਾ ਰਹੇ ਪਿਉ-ਪੁੱਤ ਨੂੰ ਪੁਲਸ ਨੇ ਲਾਸ਼ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਘਡ਼ੂੰਆਂ ਪੁਲਸ ਨੇ ਖਰਡ਼-ਲੁਧਿਆਣਾ ਕੌਮੀ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਕਾਰ ਨੰਬਰ ਪੀ. ਬੀ. 11 ਸੀ. ਐੱਮ. 0094 ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਇਕ ਲਡ਼ਕੀ ਦਿਖਾਈ ਦਿੱਤੀ, ਜਿਸ ਨੂੰ ਚੈੱਕ ਕੀਤਾ ਤਾਂ ਉਸ ਦਾ ਚੁੰਨੀ ਨਾਲ ਗਲਾ ਘੁੱਟਿਆ ਹੋਇਆ ਸੀ ਤੇ ਮੂੰਹ ਵਿਚ ਵੀ ਚੁੰਨੀ ਤੁੰਨੀ ਹੋਈ ਸੀ।
ਪੁਲਸ ਨੇ ਲਡ਼ਕੀ ਨੂੰ ਐਂਬੂਲੈਂਸ ’ਤੇ ਸਿਵਲ ਹਸਪਤਾਲ ਖਰਡ਼ ਵਿਖੇ ਭੇਜਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਾਰ ਸਵਾਰ ਜਸਵਿੰਦਰ ਸਿੰਘ ਤੇ ਉਸ ਦੇ ਪਿਤਾ ਗੁਰਦਾਸ ਸਿੰਘ ਵਾਸੀਆਨ ਪਿੰਡ ਗੁਰਦਿੱਤਪੁਰਾ ਨੱਤਿਆਂ ਜ਼ਿਲਾ ਪਟਿਆਲਾ ਹਾਲ ਵਾਸੀ ਮਕਾਨ ਨੰਬਰ 1081 ਸੈਕਟਰ-69 ਮੋਹਾਲੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ। ਉਕਤ ਮੁਲਜ਼ਮ ਮੋਹਾਲੀ ਵਿਖੇ ਨੰਨੂਆਂ ਟਰਾਂਸਪੋਰਟ ਕੰਪਨੀ ਦੇ ਮਾਲਕ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀਆਂ ਸਕੂਲਾਂ ਵਿਚ ਬੱਸਾਂ ਚਲਦੀਆਂ ਹਨ।
ਲਡ਼ਕੀ ਦੇ ਪਿਤਾ ਹਰਬੰਸ ਸਿੰਘ ਪੁੱਤਰ ਸਵ. ਮੋਤੀ ਰਾਮ ਵਾਸੀ ਪਿੰਡ ਮਾਣਕਪੁਰ ਥਾਣਾ ਬਨੂੰਡ਼ ਜ਼ਿਲਾ ਪਟਿਆਲਾ ਨੇ ਦੱਸਿਆ ਕਿ ਉਸ ਦੀ ਲਡ਼ਕੀ ਰਜਨੀਤ ਕੌਰ, ਜੋ ਤਲਾਕ ਹੋਣ ਤੋਂ ਬਾਅਦ ਆਪਣੇ ਬੱਚਿਆਂ ਸਮੇਤੀ ਉਸ ਕੋਲ ਹੀ ਰਹਿੰਦੀ ਸੀ, ਫੋਰਟਿਸ ਹਸਪਤਾਲ ਮੋਹਾਲੀ ਵਿਖੇ ਕੇਅਰ ਟੇਕਰ ਵਜੋਂ ਨੌਕਰੀ ਕਰਦੀ ਸੀ। ਉਹ 6 ਅਕਤੂਬਰ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਲਡ਼ਕੇ ਨੂੰ ਘਰ ਛੱਡ ਕੇ ਡਿਊਟੀ ’ਤੇ ਚਲੀ ਗਈ ਪਰ ਸ਼ਾਮ ਤਕ ਘਰ ਵਾਪਸ ਨਹੀਂ ਆਈ ਤਾਂ ਉਸ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਲਡ਼ਕੀ ਕੁਝ ਦਿਨਾਂ ਤੋਂ ਜਸਵਿੰਦਰ ਸਿੰਘ ਵਾਸੀ ਮੋਹਾਲੀ ਨੂੰ ਮਿਲ ਰਹੀ ਸੀ।
