ਸਾਂਝਾ ਕਿਸਾਨ ਸੰਘਰਸ਼ : ‘ਲੁਟੇਰੇ ਕਾਰਪੋਰੇਟ ਘਰਾਣੇ ਲੋਕਾਂ ਦੀ ਮੌਤ ਦਾ ਖੌ’

12/04/2020 2:57:37 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ 1 ਕਰੋੜ ਰੁਪਏ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ’ਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਤੀਜੇ ਮਹੀਨੇ ’ਚ ਦਾਖਲ ਹੋਣ ’ਤੇ ਬੁਲਾਰਿਆਂ ਨੇ ਅੱਜ ਦੇ ਦਿਨ 2-3 ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਭੁਪਾਲ ਵਿਖੇ ਅਮਰੀਕੀ ਬਹੁਕੰਮੀ ਕੰਪਨੀ ਯੂਨੀਅਨ ਕਾਰਬਾਈਡ ’ਚੋਂ ਜ਼ਹਿਰੀਲੀ ਗੈਸ ਰਿਸਣ ਨਾਲ ਮੌਤ ਦੇ ਮੂੰਹ ਧੱਕ ਦਿੱਤੇ ਗਏ 8 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਅਤੇ ਸਾਂਝੇ ਕਿਸਾਨ ਮੋਰਚੇ ’ਚ ਦੋ ਹੋਰ ਕਿਸਾਨਾਂ ਨੂੰ ਸਾਂਝੇ ਤੌਰ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਸਾਂਝੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਲੋਕਾਈ ਦੇ ਸਭੇ ਮਿਹਨਤਕਸ਼ ਤਬਕੇ ਇਸ ਸਾਂਝੇ ਕਿਸਾਨ ਨੂੰ ਬਲ ਬਖਸ਼ ਰਹੇ ਹਨ। ਸੂਝਵਾਨ ਸ਼ਖਸੀਅਤਾਂ ਸਾਂਝੇ ਕਿਸਾਨ ਮੋਰਚੇ ’ਚ ਸ਼ਾਮਲ ਵੀ ਹੁੰਦੀਆਂ ਹਨ, ਹਜ਼ਾਰਾਂ ਰੁਪਏ ਫੰਡ ਪੱਖੋਂ ਯੋਗਦਾਨ ਪਾ ਕੇ ਵੱਡਾ ਸਹਾਰਾ ਬਣ ਰਹੇ ਹਨ।

ਅੱਜ ਸੀਨੀਅਰ ਵਕੀਲ ਜਗਜੀਤ ਸਿੰਘ ਢਿੱਲੋਂ ਨੇ ਸ਼ਾਮਲ ਹੋ ਕੇ 10 ਹਜ਼ਾਰ ਦੀ ਸਹਾਇਤਾ ਰਾਸ਼ੀ ਸੰਚਾਲਨ ਕਮੇਟੀ ਨੂੰ ਸੌਂਪੀ। ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੀ ਜੰਗ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਹਰਚਰਨ ਚੰਨਾ, ਕਰਨੈਲ ਸਿੰਘ ਗਾਂਧੀ , ਜਸਪਾਲ ਸਿੰਘ ਚੀਮਾ, ਖੁਸ਼ੀਆ ਸਿੰਘ, ਗੁਰਮੇਲ ਰਾਮ ਸ਼ਰਮਾ , ਗੁਰਚਰਨ ਸਿੰਘ ਐਡਵੋਕਟ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ’ਚ ਦਾਖਲ ਹੋ ਗਿਆ ਹੈ।

ਅੱਜ ਦੇ ਹੀ ਦਿਨ 2-3 ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਦਿਉਕੱਦ ਸਾਮਰਾਜੀ ਕੰਪਨੀ ਯੂਨੀਅਨ ਕਾਰਬਾਈਡ ਦੇ ਭੁਪਾਲ ਯੂਨਿਟ ’ਚ 8 ਹਜ਼ਾਰ ਲੋਕਾਂ ਨੂੰ ਗੈਸ ਰਿਸਣ ਕਾਰਣ ਮੌਤ ਦੇ ਮੂੰਹ ਧੱਕ ਦਿੱਤਾ ਸੀ। ਹਜ਼ਾਰਾਂ ਲੋਕਾਂ ਦੀ ਕਾਤਲ ਯੂਨੀਅਨ ਕਾਰਬਾਈਡ ਦੇ ਮਾਲਕ ਨੂੰ ਉਸ ਸਮੇਂ ਦੀ ਸਰਕਾਰ ਨੇ ਸੁਰੱਖਿਅਤ ਲਾਂਘਾ ਦੇ ਕੇ ਅਮਰੀਕਾ ਜਾਣ ਦਿੱਤਾ ਸੀ। ਦਿੱਲੀ ਸਾਂਝੇ ਕਿਸਾਨ ਮੋਰਚੇ ਦੇ ਰੁਝੇਵੇਂ ਭਰੇ ਪਲਾਂ ’ਚੋਂ ਤੋਂ ਕੁਝ ਜਥੇਬੰਦਕ ਜ਼ਰੂਰੀ ਰੁਝੇਵਿਆਂ ਕਾਰਣ ਵਾਪਸ ਪਰਤੇ ਬੀ. ਕੇ. ਯੂ. ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਸਾਂਝੇ ਤੌਰ ’ਤੇ ਮੋਦੀ ਹਕੂਮਤ ਦੀਆਂ ਪਛਾੜੀਆਂ ਜਾ ਰਹੀਆਂ ਸਾਜ਼ਿਸ਼ਾਂ ਬਾਰੇ ਦੱਸਿਆ। ਸਾਂਝੇ ਕਿਸਾਨ ਸੰਘਰਸ਼ ਦੀ ਢਾਲ ਬਣੇ ਹਰਿਆਣਾ ਦੇ ਕਿਸਾਨਾਂ ਦੇ ਦਲੇਰਾਨਾ ਸ਼ਲਾਘਾਯੋਗ ਉਪਰਾਲੇ ਬਾਰੇ ਵੀ ਦੱਸਿਆ ਕਿ ਦਿੱਲੀ ਦਾ ਨੱਕ ਵਿੱਚ ਦਮ ਕਰਨ ਲਈ ਵੀ ਹਰਿਆਣਾ ਦੇ ਕਿਸਾਨਾਂ ਦਾ ਅਹਿਮ ਯੋਗਦਾਨ ਹੈ। ਪੰਜਾਬ ਦੇ ਕਿਸਾਨ ਚਾਚਾ ਅਜੀਤ ਸਿੰਘ ਦੀ ਪੱਗੜੀ ਸੰਭਾਲ ਜੱਟਾ ਲਹਿਰ, ਸੇਵਾ ਸਿੰਘ ਠੀਕਰੀਵਾਲ ਦੀ ਅਗਵਾਈ ਵਾਲੀ ਪਰਜਾ ਮੰਡਲ ਲਹਿਰ, ਪੈਪਸੂ ਦੀ ਮੁਜਾਰਾ ਲਹਿਰ ਦੇ ਸ਼ਾਨਾਮੱਤੇ ਇਤਿਹਾਸਕ ਵਿਰਸੇ ਨੂੰ ਅੱਗੇ ਤੋਰਦਿਆਂ ਨਵਾਂ ਇਤਿਹਾਸ ਸਿਰਜ ਰਹੇ ਹਨ। ਨੌਜਵਾਨਾਂ ਅਤੇ ਔਰਤਾਂ ਦੀ ਸਾਂਝੇ ਕਿਸਾਨੀ ਸੰਘਰਸ਼ ’ਚ ਸ਼ਮੂਲੀਅਤ ਨੇ ਮੋਦੀ ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਹੋਈਆਂ ਹਨ।

ਆਗੂਆਂ ਨੇ ਸਾਂਝੇ ਕਿਸਾਨ ਮੋਰਚੇ ਦੇ ਸ਼ਹੀਦ ਕਾਹਨ ਸਿੰਘ ਧਨੇਰ ਦੇ 4 ਦਸੰਬਰ ਨੂੰ ਹੋ ਰਹੇ ਸ਼ਰਧਾਂਜਲੀ ਸਮਾਗਮ ਅਤੇ 5 ਦਸੰੰਬਰ ਨੂੰ ਮੋਦੀ-ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਦੇ ਸ਼ਰਮਨਾਕ ਲੁਟੇਰੇ ਗਠਜੋੜ ਵਿਰੁੱਧ ਪੁਤਲੇ ਸਾੜ ਮੁਜ਼ਾਹਰੇ ’ਚ ਵੱਡੀ ਗਿਣਤੀ ਵਿਚ ਕਾਫਲੇ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।


Bharat Thapa

Content Editor

Related News