‘ਪੰਜਾਬ ਮੰਗਦਾ ਜਵਾਬ’ ਰੈਲੀਆਂ ਦੀ ਸਫਲਤਾ ਤੋਂ ਘਬਰਾਈ ਸਰਕਾਰ, ਇਸੇ ਲਈ ਲਾਈ ਪਾਬੰਦੀ : ਡਾ. ਚੀਮਾ
Thursday, Apr 08, 2021 - 01:42 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ 30 ਅਪ੍ਰੈਲ ਤਕ ਸਾਰੇ ਸਿਆਸੀ ਇਕੱਠਾਂ ’ਤੇ ਰੋਕ ਸ਼੍ਰੋਮਣੀ ਅਕਾਲੀ ਦਲ ਦੀਆਂ ‘ਪੰਜਾਬ ਮੰਗਦਾ ਜਵਾਬ’ ਰੈਲੀਆਂ ਦੀ ਅਪਾਰ ਸਫਲਤਾ ਨੂੰ ਵੇਖਦਿਆਂ ਲਾਈ ਗਈ ਹੈ ਅਤੇ ਸਰਕਾਰ ਉਸ ਖ਼ਿਲਾਫ਼ ਲੋਕ ਰੋਹ ਨੂੰ ਹੋਰ ਭੜਕਣ ਤੋਂ ਰੋਕਣ ਦੇ ਯਤਨ ਵਿਚ ਅਜਿਹਾ ਕਰ ਰਹੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਨਤਕ ਮੀਟਿੰਗਾਂ ’ਤੇ ਪਾਬੰਦੀ ਦਾ ਸਬੰਧ ਕੋਰੋਨਾ ਤੋਂ ਵੀ ਜ਼ਿਆਦਾ ਕਾਂਗਰਸ ਪਾਰਟੀ ਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਔਖਿਆਈ ਨਾਲ ਹੈ। ਉਨ੍ਹਾਂ ਕਿਹਾ ਕਿ ਇਕ ਮਗਰੋਂ ਦੂਜੀ ਰੈਲੀ ਕਰ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਵਲੋਂ ਗੁਟਕਾ ਸਾਹਿਬ ਤੇ ਦਸਮ ਪਿਤਾ ਦੀ ਚੁੱਕੀ ਝੂਠੀ ਸਹੁੰ ਬੇਨਕਾਬ ਕਰ ਦਿੱਤੀ ਸੀ। ਇਸ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਯੋਜਨਾਵਾਂ ਵਿਚ ਗੜਬੜ ਹੋ ਗਈ ਤੇ ਉਸ ਵਲੋਂ ਕਾਂਗਰਸ ਪਾਰਟੀ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਜਨਤਕ ਇਕੱਠਾਂ ’ਤੇ ਪਾਬੰਦੀ ਲਾਉਣ ਦਾ ਸੁਝਾਅ ਦਿੱਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀ ਕਰਫ਼ਿਊ ਦੀ ਮਿਆਦ, ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਸੱਚਾਈ ਅਤੇ ਇਸ ਵਲੋਂ ਸਮਾਜ ਦੇ ਹਰ ਵਰਗ ਨਾਲ ਕਿਵੇਂ ਧੋਖਾ ਕੀਤਾ ਗਿਆ ਤੇ ਕਿਵੇਂ ਹਜ਼ਾਰਾਂ ਕਰੋੜਾਂ ਦੇ ਸਕੈਂਡਲਾਂ ਦੀ ਪ੍ਰਧਾਨਗੀ ਕੀਤੀ ਗਈ, ਇਹ ਸਭ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ ਵਿਰੋਧੀ ਧਿਰ ਦੀਆਂ ਰੈਲੀਆਂ ’ਤੇ ਹੀ ਪਾਬੰਦੀ ਨਹੀਂ ਲਾਉਣਾ ਚਾਹੁੰਦੀ, ਸਗੋਂ ਆਪਣੇ ਉਨ੍ਹਾਂ ਮੁਲਾਜ਼ਮਾਂ ’ਤੇ ਵੀ ਪਾਬੰਦੀ ਲਾਉਣਾ ਚਾਹੁੰਦੀ ਹੈ ਜੋ ਸਰਕਾਰ ਖਿਲਾਫ ਸੜਕਾਂ ’ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਸਰਕਾਰ ਇਸ ਦੀਆਂ ਤਾਨਾਸ਼ਾਹੀ ਨੀਤੀਆਂ ਖਿਲਾਫ ਉੱਠੇ ਲੋਕ ਰੋਹ ਨੂੰ ਹੋਰ ਭੜਕਣ ਤੋਂ ਰੋਕਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣਾਂ ਦੀਆਂ ਤਿਆਰੀਆਂ ਸ਼ੁਰੂ, ਗੁਰਦੁਆਰਾ ਚੋਣ ਕਮਿਸ਼ਨ ਦਾ ਦਫ਼ਤਰ ਸੱਜਣ ਲੱਗਾ
ਦੱਸਣਯੋਗ ਹੈ ਕਿ ਸੂਬੇ ’ਚ ਕੋਵਿਡ ਮਾਮਲਿਆਂ ਦੀ ਵਧਦੀ ਰਫ਼ਤਾਰ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪੰਜਾਬ ’ਚ ਨਵੀਂਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਕਰਫਿ਼ਊ ਦੀ ਮਿਆਦ ਵੀ ਵਧਾ ਦਿੱਤੀ ਗਈਹੈ। ਕੈਪਟਨ ਅਮਰਿੰਦਰ ਸਿੰਘ ਨੇ 30 ਅਪਰੈਲ ਤੱਕ ਸਿਆਸੀ ਇਕੱਠ ਕਰਨ 'ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਇਸ ਦੀ ਉਲੰਘਣਾ ਕਰਨ ਵਾਲੇ ਸਮੇਤ ਸਿਆਸੀ ਆਗੂਆਂ 'ਤੇ ਡੀ. ਐੱਮ. ਏ. ਅਤੇ ਮਹਾਮਾਰੀ (ਐਪੀਡੈਮਿਕਸ) ਐਕਟ ਅਧੀਨ ਮੁਕੱਦਮੇ ਦਰਜ ਕੀਤੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ, ਜੋ ਕਿ ਅਜੇ ਤੱਕ 12 ਜ਼ਿਲ੍ਹਿਆਂ ਤੱਕ ਹੀ ਮਹਿਦੂਦ ਸੀ, ਦਾ ਦਾਇਰਾ ਵਧਾਉਂਦੇ ਹੋਏ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਅੰਤਿਮ ਰਸਮਾਂ/ਦਾਹ-ਸਸਕਾਰਾਂ/ਵਿਆਹਾਂ ਮੌਕੇ ਹੋਣ ਵਾਲੇ ਅੰਦਰੂਨੀ ਇਕੱਠ ਲਈ ਵਿਅਕਤੀਆਂ ਦੀ ਗਿਣਤੀ 50 ਅਤੇ ਬਾਹਰੀ ਇਕੱਠ ਲਈ ਇਹ ਗਿਣਤੀ 100 ਤੱਕ ਸੀਮਤ ਕਰਨ ਦੇ ਵੀ ਹੁਕਮ ਦਿੱਤੇ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?