ਦਿੱਲੀ ਤੋਂ ਪਰਤ ਰਹੇ ਵਿਦਿਆਰਥੀ ਨੂੰ ਦਿੱਤੀ ਲਿਫਟ, ਬਣਾਇਆ ਲੁੱਟ ਦਾ ਸ਼ਿਕਾਰ
Thursday, Oct 03, 2019 - 08:28 PM (IST)
ਲੁਧਿਆਣਾ, (ਰਿਸ਼ੀ)— ਦਿੱਲੀ ਤੋਂ ਇੰਟਰਵਿਊ ਦੇ ਕੇ ਪਰਤ ਰਹੇ ਇੰਜੀਨੀਅਰਿੰਗ ਦੇ ਵਿਦਿਆਰਥੀ ਨੂੰ ਪਹਿਲਾਂ ਲਿਫਟ ਦੇਣ ਦੇ ਬਹਾਨੇ ਵਿਅਕਤੀ ਨੇ ਰੇਲਵੇ ਸਟੇਸ਼ਨ ਤੋਂ ਆਪਣੀ ਸਵਿਫਟ ਕਾਰ 'ਚ ਬਿਠਾ ਲਿਆ ਤੇ ਬਾਅਦ 'ਚ ਵੇਸਟਨ ਮਾਲ ਨੇੜੇ ਜਾ ਕੇ ਮੋਬਾਇਲ ਤੇ ਕੈਸ਼ ਲੁੱਟ ਲਿਆ। ਥਾਣਾ ਸਰਾਭਾ ਨਗਰ ਦੀ ਪੁਲਸ ਨੇ 2 ਦਿਨਾਂ 'ਚ ਕੇਸ ਹੱਲ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ। ਉਪਰੋਕਤ ਜਾਣਕਾਰੀ ਏ.ਡੀ.ਸੀ.ਪੀ. ਗੁਰਪ੍ਰੀਤ ਕੌਰ ਪੁਰੇਵਾਲ, ਏ.ਸੀ.ਪੀ. ਸਮੀਰ ਵਰਮਾ ਨੇ ਵੀਰਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਰਣਜੀਤ ਸਿੰਘ ਉਮਰ 29 ਸਾਲ ਨਿਵਾਸੀ ਜਗਰਾਓਂ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੁਕੁਲ ਜੈਸਵਾਲ ਉਮਰ 19 ਸਾਲ ਨੇ ਦੱਸਿਆ ਕਿ ਉਹ ਪਿੰਡ ਦਾਦ ਦਾ ਰਹਿਣ ਵਾਲਾ ਹੈ। ਬੀਤੀ 1 ਅਕਤੂਬਰ ਦੀ ਰਾਤ 2 ਵਜੇ ਉਸ ਦੀ ਟਰੇਨ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪੁੱਜੀ। ਉਹ ਦਿੱਲੀ 'ਚ ਇੰਟਰਵਿਊ ਦੇ ਕੇ ਵਾਪਸ ਆਇਆ ਸੀ, ਉਸੇ ਸਮੇਂ ਰੇਲਵੇ ਸਟੇਸ਼ਨ ਦੇ ਬਾਹਰ ਉਕਤ ਦੋਸ਼ੀ ਮਿਲਿਆ, ਜਿਸ ਨੇ ਗੱਲਾਂ 'ਚ ਲਗਾ ਕੇ ਵੈਸਟਨ ਮਾਲ ਤੱਕ ਲਿਫਟ ਦੇਣ ਦੀ ਗੱਲ ਕਹੀ। ਉਸ ਦੀਆਂ ਗੱਲਾਂ 'ਚ ਆ ਕੇ ਉਹ ਕਾਰ 'ਚ ਬੈਠ ਗਿਆ। ਜਦੋਂ ਉਹ ਮਾਲ ਦੇ ਕੋਲ ਉੱਤਰਨ ਲੱਗਾ ਤਾਂ ਦੋਸ਼ੀ ਉਸ ਨਾਲ ਹੱਥੋਪਾਈ 'ਤੇ ਉੱਤਰ ਆਇਆ ਤੇ ਉਸ ਦਾ ਮੋਬਾਇਲ ਫੋਨ ਤੇ ਜੇਬ 'ਚ ਪਈ 2700 ਰੁਪਏ ਦੀ ਨਕਦੀ ਖੋਹ ਲਈ ਤੇ ਉਸ ਨੂੰ ਕਾਰ ਤੋਂ ਥੱਲੇ ਸੁੱਟ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਵੀਰਵਾਰ ਨੂੰ ਦੋਸ਼ੀ ਨੂੰ ਵੇਰਕਾ ਮਿਲਕ ਪਲਾਂਟ ਦੇ ਕੋਲੋਂ ਦਬੋਚ ਲਿਆ।
ਦੋਸਤ ਤੋਂ ਮੰਗੀ ਕਾਰ 'ਚ ਕੀਤੀ ਵਾਰਦਾਤ, ਪਹਿਲਾ ਵੀ ਫਿਰੌਤੀ ਦਾ ਕੇਸ ਦਰਜ
ਥਾਣਾ ਮੁਖੀ ਐੱਸ.ਆਈ. ਮਧੁਬਾਲਾ ਮੁਤਾਬਕ ਵਰਦਾਤ 'ਚ ਵਰਤੀ ਕਾਰ ਦੋਸ਼ੀ ਦੇ ਦੋਸਤ ਦੀ ਹੈ। ਜਿਸ ਨੂੰ ਵਾਰਦਾਤ ਵਾਲੇ ਦਿਨ ਹੀ ਸਵੇਰ ਆਪਣੇ ਦੋਸਤ ਤੋਂ ਮੰਗ ਕੇ ਲਿਆਇਆ ਸੀ। ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਸ਼ਿਮਲਾਪੁਰੀ 'ਚ ਫਿਰੌਤੀ ਤੇ ਡਵੀਜ਼ਨ ਨੰ. 5 'ਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ 2 ਮੁਕੱਦਮੇ ਦਰਜ ਹਨ। ਜਿਸ 'ਚ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਡਰਾਈਵਰੀ ਕਰਦਾ ਹੈ। ਪੁਲਸ ਦੋਸ਼ੀ ਨੂੰ ਅਦਾਲਤ 'ਚ ਸ਼ੁੱਕਰਵਾਰ ਨੂੰ ਪੇਸ਼ ਕਰਕੇ ਰਿਮਾਂਡ 'ਤੇ ਬਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।