ਵਿਰੋਧੀ ਧਿਰ ਨੂੰ ਸ਼ੱਕ, ਭਾਜਪਾ ਦੇ ਨਾਲ ਜਾਵੇਗਾ ਸ਼੍ਰੋਅਦ, ਇਸੇ ਲਈ ਨਹੀਂ ਦਿੱਤਾ ਬੈਠਕ ਦਾ ਸੱਦਾ : ਪ੍ਰੋ. ਚੰਦੂਮਾਜਰਾ

Monday, Jun 26, 2023 - 06:11 PM (IST)

ਵਿਰੋਧੀ ਧਿਰ ਨੂੰ ਸ਼ੱਕ, ਭਾਜਪਾ ਦੇ ਨਾਲ ਜਾਵੇਗਾ ਸ਼੍ਰੋਅਦ, ਇਸੇ ਲਈ ਨਹੀਂ ਦਿੱਤਾ ਬੈਠਕ ਦਾ ਸੱਦਾ : ਪ੍ਰੋ. ਚੰਦੂਮਾਜਰਾ

ਚੰਡੀਗੜ੍ਹ (ਹਰੀਸ਼ਚੰਦਰ) : ਦੇਸ਼ ਦੇ ਪ੍ਰਮੁੱਖ ਵਿਰੋਧੀ ਦਲਾਂ ਦੀ ਪਟਨਾ ’ਚ ਸ਼ੁੱਕਰਵਾਰ ਨੂੰ ਹੋਈ ਬੈਠਕ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗੈਰ-ਹਾਜ਼ਰ ਰਹਿਣ ਨਾਲ ਸੂਬੇ ਦੀ ਰਾਜਨੀਤੀ ’ਚ ਨਵਾਂ ਮੋੜ ਆ ਗਿਆ ਹੈ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਵਿਰੋਧੀ ਦਲਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਅਕਾਲੀ ਦਲ ਦੇਰ-ਸਵੇਰ ਵਾਪਸ ਐੱਨ. ਡੀ. ਏ. ਵਿਚ ਜਾ ਕੇ ਭਾਜਪਾ ਦੇ ਹੀ ਪਾਲੇ ’ਚ ਖੜ੍ਹਾ ਦਿਸੇਗਾ। ਸ਼ਾਇਦ ਇਹੀ ਕਾਰਨ ਰਿਹਾ ਕਿ ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਇਸ ਅਹਿਮ ਬੈਠਕ ਦਾ ਸੱਦਾ ਤੱਕ ਨਹੀਂ ਦਿੱਤਾ ਗਿਆ। ਅਕਾਲੀ ਨੇਤਾ ਵੀ ਮੰਨਦੇ ਹਨ ਕਿ ਚਾਹੇ ਨਿਤੀਸ਼ ਕੁਮਾਰ, ਮਮਤਾ ਬੈਨਰਜੀ, ਉਮਰ ਅਬਦੁੱਲਾ, ਸ਼ਰਦ ਪਵਾਰ, ਨਵੀਨ ਪਟਨਾਇਕ ਆਦਿ ਨੇਤਾਵਾਂ ਦੇ ਨਾਲ ਉਨ੍ਹਾਂ ਦੇ ਗਰਮਜੋਸ਼ੀ ਵਾਲੇ ਸਬੰਧ ਹਨ ਪਰ ਉਨ੍ਹਾਂ ਨੂੰ ਉਕਤ ਬੈਠਕ ’ਚ ਸ਼ਾਮਲ ਹੋਣ ਲਈ ਕਿਸੇ ਵੀ ਪੱਧਰ ’ਤੇ ਕੋਈ ਰਸਮੀਂ ਸੱਦਾ ਨਹੀਂ ਮਿਲਿਆ ਸੀ। ਕੀ ਅਕਾਲੀ ਦਲ ਨੂੰ ਨਾ ਬੁਲਾਉਣ ਦਾ ਮਤਲਬ ਸੱਚ ’ਚ ਇਹੀ ਹੈ ਕਿ ਭਾਜਪਾ ਨਾਲ ਉਸ ਦਾ ਦੁਬਾਰਾ ਤੋਂ ਗਠਜੋੜ ਹੋਣ ਜਾ ਰਿਹਾ ਹੈ। ਵਿਰੋਧੀ ਦਲਾਂ ਦੇ ਜਿਨ੍ਹਾਂ ਨੇਤਾਵਾਂ ਨੇ ਇਹ ਬੈਠਕ ਕੀਤੀ ਸੀ, ਉਹ ਸਾਰੇ ਸੁਲਝੇ ਹੋਏ ਸਿਆਸਤਦਾਨ ਹਨ, ਸਾਫ਼ ਹੈ ਉਨ੍ਹਾਂ ਨੂੰ ਰਾਜਨੀਤਿਕ ਦਲਾਂ ਦਾ ਤਾਪਮਾਨ ਪਰਖਣ ਦੀ ਸਮਝ ਵੀ ਜ਼ਿਆਦਾ ਹੈ। ਇਹ ਰਾਜਨੀਤਿਕ ਮੌਸਮ ਵਿਗਿਆਨੀ ਜ਼ਰੂਰ ਜਾਣਦੇ ਹੋਣਗੇ ਕਿ ਅਕਾਲੀ ਦਲ ਦੀ ਸਿਆਸੀ ਸੋਚ ਇਸ ਸਮੇਂ ਕੀ ਹੋ ਸਕਦੀ ਹੈ। 1977 ਦੇ ਬਾਅਦ ਤੋਂ ਅਕਾਲੀ ਦਲ ਰਾਸ਼ਟਰੀ ਪੱਧਰ ’ਤੇ ਵਿਰੋਧੀ ਦਲਾਂ ਦੇ ਨਾਲ ਖੜ੍ਹਾ ਦਿਖਾਈ ਦਿੱਤਾ ਹੈ ਪਰ ਇਸ ਵਾਰ ਸ਼ਾਇਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇਸ ਬੈਠਕ ’ਚ ਸ਼ਾਮਲ ਹੋਣ ਕਾਰਨ ਉਸ ਨੇ ਇਸ ਬੈਠਕ ’ਚ ਸ਼ਾਮਲ ਨਾ ਹੋਣ ਦਾ ਇਜ਼ਹਾਰ ਕੀਤਾ। ਉਂਝ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਅਕਾਲੀ ਦਲ ਵਿਰੋਧੀ ਧਿਰ ਤੋਂ ਅਲੱਗ ਖੜ੍ਹਾ ਦਿਖਾਈ ਦਿੱਤਾ ਹੋਵੇ। ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਜਦੋਂ 21 ਪ੍ਰਮੁੱਖ ਵਿਰੋਧੀ ਦਲਾਂ ਨੇ ਬਾਈਕਾਟ ਕੀਤਾ ਸੀ, ਉਦੋਂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਸਮਾਰੋਹ ’ਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ

ਇਹ ਵੀ ਨਹੀਂ ਸਨ ਬੈਠਕ ਵਿਚ
ਉਂਝ ਤਾਂ ਦੇਸ਼ ਦੇ ਕਈ ਹੋਰ ਵਿਰੋਧੀ ਦਲਾਂ, ਜੰਮੂ-ਕਸ਼ਮੀਰ ਦੀ ਪੈਂਥਰਸ ਪਾਰਟੀ, ਹਰਿਆਣਾ ਤੋਂ ਇੰਡੀਅਨ ਨੈਸ਼ਨਲ ਲੋਕਦਲ, ਉੱਤਰ ਪ੍ਰਦੇਸ਼ ਤੋਂ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਅਤੇ ਦੱਖਣ ਤੋਂ ਜਗਨਮੋਹਨ ਅਤੇ ਐੱਮ. ਵੈਂਕਿਆ ਨਾਇਡੂ ਆਦਿ ਨੇ ਵੀ ਇਸ ਬੈਠਕ ’ਚ ਹਿੱਸਾ ਨਹੀਂ ਲਿਆ ਪਰ ਪੰਜਾਬ ਤੋਂ ਅਕਾਲੀ ਦਲ ਦੀ ਗੈਰ-ਮੌਜੂਦਗੀ ਕਈ ਸਵਾਲ ਖੜ੍ਹੇ ਕਰਦੀ ਹੈ।

ਜਿਥੇ ਕਾਂਗਰਸ, ਉੱਥੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ 
ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਉੱਪ-ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਇਸ ਬੈਠਕ ਲਈ ਸੱਦਾ ਵੀ ਦਿੱਤਾ ਜਾਂਦਾ, ਉਦੋਂ ਵੀ ਬੈਠਕ ’ਚ ਜਾਣ ਦਾ ਕੋਈ ਮਤਲਬ ਹੀ ਨਹੀਂ ਸੀ। ਜਿਥੇ ਕਾਂਗਰਸ ਹੋਵੇ, ਉੱਥੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਕਾਲੀ ਦਲ ਪੰਜਾਬ ਅਤੇ ਸਿੱਖਾਂ ਪ੍ਰਤੀ ਕਾਂਗਰਸ ਦੇ ਰਵੱਈਏ ਤੋਂ ਜਾਣੂ ਹੈ। ਇਸ ਲਈ ਉਸ ਨੂੰ ਇਕੱਲੇ ਹੀ ਚੋਣ ਲੜਨਾ ਮਨਜ਼ੂਰ ਹੈ।

ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ

ਇਹ ਹੋ ਸਕਦੈ ਨਾ ਬੁਲਾਉਣ ਦਾ ਕਾਰਨ 
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਉਨ੍ਹਾਂ ਦਲਾਂ ਨੂੰ ਪਟਨਾ ’ਚ ਵਿਰੋਧੀ ਦਲਾਂ ਦੀ ਬੈਠਕ ਲਈ ਇਸ ਲਈ ਸੱਦਾ ਨਹੀਂ ਭੇਜਿਆ ਗਿਆ ਕਿਉਂਕਿ ਇਨ੍ਹਾਂ ਦਲਾਂ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਲੜਨ ਪ੍ਰਤੀ ਆਪਣੀ ਪ੍ਰਤਿਬੱਧਤਾ ਸਪੱਸ਼ਟ ਨਹੀਂ ਕੀਤੀ ਹੈ।
– ਕੇ. ਸੀ. ਤਿਆਗੀ, ਮੁੱਖ ਬੁਲਾਰੇ, ਜਨਤਾ ਦਲ (ਯੂ)

ਭਾਜਪਾ ਰੱਖ ਰਹੀ ਫੂਕ-ਫੂਕ ਕੇ ਕਦਮ, ਨੇਤਾ ਟਿੱਪਣੀ ਤੋਂ ਕਤਰਾ ਰਹੇ 
ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਦਲਾਂ ਦੀ ਪਟਨਾ ਬੈਠਕ ’ਚ ਸੱਦਾ ਨਾ ਦਿੱਤੇ ਜਾਣ ’ਤੇ ਭਾਜਪਾ ਨੇਤਾ ਸਿੱਧੇ ਕੋਈ ਟਿੱਪਣੀ ਕਰਨ ਤੋਂ ਕਤਰਾ ਰਹੇ ਹਨ। ਸੂਬਾ ਭਾਜਪਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਬਾਰੇ ਸੰਪਰਕ ਕੀਤੇ ਜਾਣ ’ਤੇ ਕਿਹਾ ਕਿ ਕਿਸ ਨੂੰ ਬੈਠਕ ’ਚ ਬੁਲਾਉਣਾ ਸੀ ਅਤੇ ਕਿਸ ਨੂੰ ਨਹੀਂ, ਇਹ ਵਿਰੋਧੀ ਦਲਾਂ ਨੇ ਖੁਦ ਤੈਅ ਕਰਨਾ ਸੀ। ਭਾਜਪਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਗਠਜੋੜ ਦੇ ਆਸਾਰ ਦੇ ਸਵਾਲ ’ਤੇ ਰੁਪਾਣੀ ਨੇ ਕਿਹਾ ਕਿ ਉਹ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੇ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਕਹਿੰਦੇ ਹਨ ਕਿ ਇਸ ’ਤੇ ਕੀ ਟਿੱਪਣੀ ਕਰਨੀ? ਇਹ ਭਾਜਪਾ ਦਾ ਮਸਲਾ ਨਹੀਂ ਹੈ। ਅਕਾਲੀ ਦਲ ਅਤੇ ਪਟਨਾ ’ਚ ਜੁੜੇ ਉਹ ਵਿਰੋਧੀ ਦਲ ਹੀ ਇਸ ਬਾਰੇ ਕੋਈ ਪ੍ਰਤੀਕਿਰਿਆ ਦੇ ਸਕਦੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਕਾਗ਼ਜ਼-ਮੁਕਤ ਕਰਨ ਵੱਲ ਇਕ ਹੋਰ ਪੁਲਾਂਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Anuradha

Content Editor

Related News