ਸ਼ੈਲਰ ਮਾਲਕ ਵਲੋਂ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਸੀ ਝੋਨੇ ਦੀ ਖਰੀਦ , ਵਿਭਾਗ ਨੇ ਜਾਂਚ ਦੌਰਾਨ ਪਾਈਆਂ ਭਾਰੀ ਖਾਮੀਆਂ
Sunday, Oct 19, 2025 - 08:44 PM (IST)

ਸ੍ਰੀ ਮੁਕਤਸਰ ਸਾਹਿਬ ,ਮਲੋਟ (ਪਵਨ ਤਨੇਜਾ, ਸ਼ਾਮ ਜੁਨੇਜਾ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਸ਼ੈਲਰ ਮਾਲਕ ਵਲੋਂ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਹਜਾਰਾਂ ਗੱਟੇ ਝੋਨਾ ਖਰੀਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਵਲੋਂ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ,ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਪਨਸਪ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਬਣਾਈ ਟੀਮ ਵਲੋਂ ਕੀਤੀ ਭੋਤਿਕ ਪੜਤਾਲ 'ਤੇ ਵੱਡੇ ਪੱਧਰ ਤੇ ਬੇਨਿਯਮੀਆਂ ਸਾਹਮਣੇ ਆਈਆ ਹਨ। ਜਿਸ ਤੋਂ ਬਾਅਦ ਵਿਭਾਗੀ ਕਾਰਵਾਈ ਜਾਰੀ ਹੈ। ਉਧਰ ਇਸ ਮਾਮਲੇ ਤੇ ਵੱਖ ਵੱਖ ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸਾਸ਼ਨ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਮਾਮਲੇ ਤੇ ਸ਼ੈਲਰ ਮਾਲਕ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਰਾਇਲ ਰਾਈਸ ਮਿੱਲ ਤਾਮਕੋਟ ਵਿਖੇ ਵੱਡੀ ਪੱਧਰ ਤੇ ਬਾਹਰਲੇ ਰਾਜਾਂ ਤੋਂ ਝੋਨਾ ਮੰਗਵਾਉਣ ਅਤੇ ਕਿਸਾਨਾਂ ਤੋਂ ਸਿੱਧੀ ਖਰੀਦ ਕਰਕੇ ਖਾਲੀ ਭਰੀ ਕਰਾਉਣ ਦੀ ਇਕ ਸ਼ਿਕਾਇਤ ਜ਼ਿਲਾ ਪ੍ਰਸਾਸ਼ਨ ਨੂੰ ਮਿਲੀ ਸੀ। ਜਿਸ ਤੋਂ ਬਾਅਦ ਖੁਰਾਕ ਸਪਲਾਈ ਕੰਟਰੋਲਰ ਨੇ ਮਨਿੰਦਰ ਸਿੰਘ ਏ.ਐਫ.ਐਸ.ਓ.ਸ੍ਰੀ ਮੁਕਤਸਰ ਸਾਹਿਬ , ਸੰਦੀਪ ਕੁਮਾਰ ਏ.ਐਫ.ਐਸ.ਓ.ਮਲੋਟ, ਵਰਿੰਦਰ ਕੁਮਾਰ, ਸ਼ਿੰਦਰ ਕੁਮਾਰ ਇੰਸਪੈਕਟਰ, ਖੁਰਾਕ ਤੇ ਸਿਵਲ ਸਪਲਾਈ ਸਮੇਤ 12 ਮੈਂਬਰੀ ਟੀਮ ਵੱਲੋਂ ਇਸ ਸ਼ੈਲਰ ਦੀ ਚੈਕਿੰਗ ਕੀਤੀ।
ਸੂਤਰਾਂ ਅਨੁਸਾਰ ਇਥੇ ਸਟਾਕ ਤੋਂ ਵੱਧ ਬਾਹਰੋ ਬਾਹਰ ਖਰੀਦ ਕੀਤੇ ਹਜਾਰਾਂ ਗੱਟੇ ਝੋਨੇ 2 ਹਜਾਰ ਤੋਂ ਵੱਧ ਗੱਟਾ ਢੋਰੀ ਕੀਤਾ ਝੋਨਾ ਮਿਲਿਆ। ਇਸ ਤੋਂ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਖਰੀਦ ਸਮੇਤ ਬੇਨਿਯਮੀਆਂ ਪਾਈਆਂ ਗਈਆਂ। ਇਸ ਮਾਮਲੇ ਤੇ ਜਦ ਡੀ.ਐਮ.ਪਨਸਪ ਵਿਜੈ ਕੁਮਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਉਧਰ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਹਿਮਾਸ਼ੂ ਕੱਕੜ ਦਾ ਕਹਿਣਾ ਹੈ ਕਿ ਸ਼ੈਲਰ ਦੀ ਭੌਤਿਕ ਜਾਂਚ ਵਿਚ ਖਾਮੀਆਂ ਪਾਈਆਂ ਹਨ ਜਿਸ ਦੇ ਸਹੀ ਅੰਕੜੇ ਉਨ੍ਹਾਂ ਨੂੰ ਨਹੀਂ ਮਿਲੇ ਪਰ ਜ਼ਿਲਾ ਮੈਨੇਜਰ ਪਨਸਪ ਇਸ ਮਾਮਲੇ ਤੇ ਕਾਰਵਾਈ ਕਰ ਰਹੇ ਹਨ।
ਅਧਿਕਾਰੀ ਨੇ ਕਿਹਾ ਕਿ ਉਹ ਇਸ ਕਾਰਵਾਈ ਸਬੰਧੀ ਜਲਦੀ ਜਾਣਕਾਰੀ ਦੇਣਗੇ। ਉਧਰ ਇਸ ਮਾਮਲੇ ਤੇ ਕਿਸਾਨ ਆਗੂ ਇੰਦਰਜੀਤ ਸਿੰਘ ਅਸਪਾਲ, ਬਲਜੀਤ ਸਿੰਘ ਬੋਦੀਵਾਲਾ ਸਮੇਤ ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਅਤੇ ਇਹ ਸ਼ੈਲਰ ਮਾਲਕ ਬਾਹਰਲੇ ਰਾਜਾਂ ਤੋਂ ਸਸਤਾ ਝੋਨਾ ਲਿਆ ਕਿ ਸਰਕਾਰ ਅਤੇ ਕਿਸਾਨਾਂ ਦਾ ਆਰਥਿਕ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿਚ ਸਭ ਕੁਝ ਨੰਗਾ ਹੋਣ ਤੋਂ ਬਾਅਦ ਵੀ ਕੁਝ ਅਧਿਕਾਰੀ ਇਸ ਮਾਮਲੇ ਨੂੰ ਖੁਰਦਬੁਰਦ ਕਰਨ ਦੇ ਚੱਕਰ ਵਿਚ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਸ਼ੈਲਰ ਨੂੰ ਬਲੈਕ ਲਿਸਟ ਕਰਕੇ ਮਾਲਕਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ। ਉਧਰ ਇਸ ਮਾਮਲੇ ਵਿਚ ਜਦੋਂ ਸ਼ੈਲਰ ਮਾਲਕ ਪੱਪੂ ਯਾਦਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਰੁਟੀਨ ਦੀ ਚੈਕਿੰਗ ਸੀ।