ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਨੂੰ ਮਨਾਇਆ ਜਾਵੇਗਾ : ਸਾਮਾ
Thursday, Jul 29, 2021 - 08:05 PM (IST)

ਫ਼ਿਰੋਜ਼ਪੁਰ (ਹਰਚਰਨ ਸਿੰਘ, ਬਿੱਟੂ)-ਜਲ੍ਹਿਆਂਵਾਲੇ ਬਾਗ਼ ਅੰਦਰ ਡੁੱਲ੍ਹੇ ਨਿਰਦੋਸ਼ ਪੰਜਾਬੀਆਂ ਦੇ ਖੂਨ ਦਾ ਬਦਲਾ ਲੈਣ ਵਾਲੇ ਪੰਜਾਬੀ ਯੋਧੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ਭਵਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਲੋੜੀਂਦੇ ਪ੍ਰਬੰਧ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੋਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ । ਉਨ੍ਹਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਬਰਸੀ ਸਮਾਗਮਾਂ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਧਾਰਮਿਕ ਦੀਵਾਨ ਸਜਣਗੇ ।
ਇਹ ਵੀ ਪੜ੍ਹੋ : ਸੀਨੀਅਰ ਕਾਂਗਰਸੀ ਆਗੂ ਹੈਪੀ ਬਾਜਵਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਕਿਹਾ-ਪਾਰਟੀ ਨੇ ਵੀ ਨਹੀਂ ਫੜੀ ਮੇਰੀ ਬਾਂਹ
ਧਾਰਮਿਕ ਸਮਾਗਮਾਂ ’ਚ ਜਿੱਥੇ ਪੰਥ ਦੇ ਉੱਚਕੋਟੀ ਦੇ ਰਾਗੀ ਜਥੇ ਪਹੁੰਚ ਕੇ ਸ਼ਬਦ ਕੀਰਤਨ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ, ਉਥੇ ਹੀ ਨਾਮੀ ਢਾਡੀ ਜਥੇ ਸੂਰਬੀਰ ਯੋਧੇ ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਝਾਤ ਪਾਉਣਗੇ। ਢਾਡੀ ਜਥੇ ਵਾਰਾਂ ਸੁਣਾ ਕੇ ਸੰਗਤ ’ਚ ਜੋਸ਼ ਭਰਨਗੇ। ਸਮਾਗਮ ਉਪਰੰਤ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਐਡਵੋਕੇਟ ਬਲਜੀਤ ਸਿੰਘ ਜਾਗੋਵਾਲੀਆ, ਹਰਭਗਵਾਨ ਸਿੰਘ ਕੰਬੋਜ, ਪ੍ਰਿੰਸ ਭਾਊ ਆਦਿ ਆਗੂ ਵੱਡੀ ਗਿਣਤੀ ’ਚ ਹਾਜ਼ਰ ਸਨ।