70 ਲੱਖ ਦੀ ਹੈਰੋਇਨ ਸਮੇਤ 4 ਨੌਜਵਾਨ ਕਾਬੂ

Saturday, Jan 11, 2020 - 10:49 AM (IST)

70 ਲੱਖ ਦੀ ਹੈਰੋਇਨ ਸਮੇਤ 4 ਨੌਜਵਾਨ ਕਾਬੂ

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ) : ਹਰਵਿੰਦਰ ਚੀਮਾ ਉਪ ਕਪਤਾਨ ਪੁਲਸ ਐੱਸ. ਟੀ. ਐੱਫ. ਪਟਿਆਲਾ ਰੇਂਜ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪ੍ਰੀਤ ਸਿੰਘ ਸਿੱਧੂ ਆਈ. ਪੀ. ਐੱਸ., ਏ. ਡੀ. ਜੀ. ਪੀ., ਐੱਸ. ਟੀ. ਐੱਫ. ਚੀਫ ਪੰਜਾਬ ਅਤੇ ਬਲਕਾਰ ਸਿੰਘ ਸਿੱਧੂ ਇੰਸਪੈਕਟਰ ਜਨਰਲ ਪੁਲਸ ਐੱਸ. ਟੀ. ਐੱਫ. ਪਟਿਆਲਾ ਜ਼ੋਨ ਅਤੇ ਗੁਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲਸ, ਐੱਸ. ਟੀ. ਐੱਫ. ਪਟਿਆਲਾ ਰੇਂਜ, ਪਟਿਆਲਾ ਵੱਲੋਂ ਨਸ਼ੇ ਵੇਚਣ ਵਾਲੇ ਸੌਦਗਾਰਾਂ ਖਿਲਾਫ ਵਿੱਢੀ ਮੁਹਿੰੰਮ ਤਹਿਤ ਐੱਸ.ਟੀ.ਐੱਫ. ਸੰਗਰੂਰ ਵੱਲੋਂ ਚਾਰ ਵਿਅਕਤੀਆਂ ਪਾਸੋਂ 70 ਗ੍ਰਾਮ ਹੈਰੋਇਨ ਸਮੇਤ ਵਰਨਾ ਕਾਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਇੰਸਪੈਕਟਰ ਰਵਿੰਦਰ ਭੱਲਾ ਇੰਚਾਰਜ ਐੱਸ.ਟੀ.ਐੱਫ. ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 09.01.2020 ਨੂੰ ਥਾਣੇਦਾਰ ਕੁਲਜੀਤ ਕੌਰ ਐੱਸ. ਟੀ. ਐੱਫ. ਸੰਗਰੂਰ ਨੇ ਕਰਮਚਾਰੀਆਂ ਨਾਲ ਨਸ਼ਾ ਸਮੱਗਲਰਾਂ ਦੀ ਚੈਕਿੰਗ ਦੇ ਸਬੰਧ ਵਿਚ ਪੁਲ ਸੂਆ ਹਰੇੜੀ ਰੋਡ ਸੰਗਰੂਰ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਨੂੰ ਮੁਖਬਰ ਖਾਸ ਨੇ ਗੁਪਤ ਇਤਲਾਹ ਦਿੱਤੀ ਕਿ ਗਮਦੂਰ ਸਿੰਘ ਉਰਫ ਗਾਮਾ ਪੁੱਤਰ ਮਹਿੰਦਰ ਸਿੰਘ ਵਾਸੀ ਸਾਂਝੀ ਪੱਤੀ ਡਾਕਟਰ ਅੰਬੇਡਕਰ ਨਗਰ ਪਿੰਡ ਭਾਈ ਰੂਪਾ ਥਾਣਾ ਫੂਲ ਜ਼ਿਲਾ ਬਠਿੰਡਾ, ਜਸਕਰਨ ਸਿੰਘ ਉਰਫ ਜੱਸਾ ਪੁੱਤਰ ਰੇਸ਼ਮ ਸਿੰਘ ਵਾਸੀ ਸਾਂਝੀ ਪੱਤੀ ਡਾਕਟਰ ਅੰਬੇਡਕਰ ਨਗਰ ਪਿੰਡ ਭਾਈ ਰੂਪਾ ਥਾਣਾ ਫੂਲ ਜ਼ਿਲਾ ਬਠਿੰਡਾ, ਉਮਕਾਰ ਸਿੰਘ ਉਰਫ ਗੋਰੀ ਪੁੱਤਰ ਬੱਗਾ ਸਿੰਘ ਵਾਸੀਆਨ ਸਾਝੀ ਪੱਤੀ ਡਾਕਟਰ ਅੰਬੇਡਕਰ ਨਗਰ ਪਿੰਡ ਭਾਈ ਰੂਪਾ ਥਾਣਾ ਫੂਲ ਜ਼ਿਲਾ ਬਠਿੰਡਾ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਪਿਆਰਾ ਸਿੰਘ ਵਾਸੀ ਸਾਂਝੀ ਪੱਤੀ ਅਗਵਾੜ ਨਾਮਧਾਰੀਆ ਦਾ ਪਿੰਡ ਭਾਈ ਰੂਪਾ ਥਾਣਾ ਫੂਲ ਜ਼ਿਲਾ ਬਠਿੰਡਾ ਆਪਸ 'ਚ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਅੱਜ ਇਹ ਚਾਰੇ ਜਣੇ ਆਪਣੀ ਵਰਨਾ ਕਾਰ ਨੰਬਰ ਪੀ.ਬੀ 03 ਏ. ਪੀ. 6475 'ਚ ਦਿੱਲੀ ਤੋਂ ਹੈਰੋਇਨ ਲੈ ਕੇ ਸੰਗਰੂਰ ਹੁੰਦੇ ਹੋਏ ਆਪਣੇ ਪਿੰਡ ਜ਼ਿਲਾ ਬਠਿੰਡਾ ਜਾਣਗੇ ਜੋ ਇਸ ਇਤਲਾਹ 'ਤੇ ਉਕਤ ਵਿਅਕਤੀਆਂ ਵਿਰੁੱਧ ਥਾਣਾ ਐੱਸ. ਟੀ. ਐੱਫ. ਮੁਹਾਲੀ ਵਿਖੇ ਮੁਕੱਦਮਾ ਦਰਜ ਕਰਾਇਆ ਗਿਆ।

ਇਸ ਇਤਲਾਹ 'ਤੇ ਕਾਰਵਾਈ ਕਰਦਿਆਂ ਥਾਣੇਦਾਰ ਗੁਰਮੇਲ ਸਿੰਘ ਐੱਸ. ਟੀ. ਐੱਫ. ਸੰਗਰੂਰ ਨੇ ਸਮੇਤ ਐੱਸ. ਟੀ. ਐੱਫ ਦੇ ਹੋਰ ਕਰਮਚਾਰੀਆਂ ਨਾਲ ਟੀ-ਪੁਆਇੰਟ ਸੰਗਰੂਰ ਰੋਡ ਉਭਾਵਾਲ ਬਗੂਆਣਾ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸੰਗਰੂਰ ਸਾਈਡ ਵੱਲੋਂ ਇਕ ਕਾਰ ਵਰਨਾ ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਜਿਵੇਂ ਹੀ ਕਾਰ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪਾਰਟੀ ਨੇ ਕਾਰ ਸਵਾਰ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ।

ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਸਾਰੇ ਵਿਅਕਤੀ ਖੁਦ ਚਿੱਟਾ ਪੀਣ ਦੇ ਆਦੀ ਹਨ ਅਤੇ ਉਹ ਇਹ ਹੈਰੋਇਨ ਦਿੱਲੀ ਤੋਂ ਕਿਸੇ ਨਾਮਾਲੂਮ ਨਾਈਜੀਰੀਅਨ ਤੋਂ ਲੈ ਕੇ ਆਏ ਸਨ। ਇਸ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰੀ ਕੀਮਤ ਲਗਭਗ 70 ਲੱਖ ਰੁਪਏ ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।


author

cherry

Content Editor

Related News