ਰੈਲੀ ''ਚ ਜਾਣ ਤੋਂ ਰੋਕਣ ''ਤੇ ਕਿਸਾਨਾਂ ਨੇ ਫੂਕਿਆ ਸਰਕਾਰ ਦਾ ਪੁਤਲਾ
Sunday, Sep 15, 2019 - 03:47 PM (IST)
![ਰੈਲੀ ''ਚ ਜਾਣ ਤੋਂ ਰੋਕਣ ''ਤੇ ਕਿਸਾਨਾਂ ਨੇ ਫੂਕਿਆ ਸਰਕਾਰ ਦਾ ਪੁਤਲਾ](https://static.jagbani.com/multimedia/2019_9image_15_47_335123727rr.jpg)
ਸੰਗਰੂਰ (ਬੇਦੀ) : ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਦੇ ਸੱਦੇ ਤਹਿਤ ਅੱਜ ਵੱਖ-ਵੱਖ ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਮੋਹਾਲੀ ਵਿਖੇ ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੀ ਹਮਾਇਤ ਅਤੇ ਭਾਜਪਾ ਹਕੁਮਤ ਖਿਲਾਫ ਮੁਜ਼ਾਹਰਾ ਕੀਤਾ ਜਾਣਾ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੇ ਚੰਡੀਗੜ੍ਹ ਪਹੁੰਚਣ 'ਤੇ ਪਾਬੰਦੀ ਲਗਾ ਦਿੱਤੀ ਅਤੇ ਪੁਲਸ ਵੱਲੋਂ ਥਾਂ-ਥਾਂ 'ਤੇ ਚੰਡੀਗੜ੍ਹ ਵੱਲ ਵੱਧ ਰਹੇ ਕਾਫਲਿਆਂ ਨੂੰ ਰੋਕ ਲਿਆ ਗਿਆ।
ਇਸੇ ਤਹਿਤ ਅੱਜ ਜਦੋਂ ਸੰਗਰੂਰ ਦੀਆਂ ਵੱਖ-ਵੱਖ ਜਥੇਬੰਦੀਆਂ ਚੰਡੀਗੜ੍ਹ ਵੱੱਲ ਵੱਧ ਰਹੀਆਂ ਸਨ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਹਿਲਾਂ ਚੌਕ ਵਿਚ ਰੋਕ ਲਿਆ ਗਿਆ, ਜਿਸ 'ਤੇ ਉਨ੍ਹਾਂ ਨੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜਸਵਿੰਦਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਭਗਵਾਨ ਮੁਨਕ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹਾ ਕਰਕੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਧਾਰਾ 370 ਦਾ ਵਿਰੋਧ ਸਿਰਫ ਭਾਜਪਾ ਵਿਰੋਧੀ ਹੈ। ਕਰੀਬ 4 ਘੰਟੇ ਚੱਲੇ ਜਾਮ ਤੋਂ ਬਾਅਦ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦਰਬਾਰਾ ਸਿੰਘ ਛਾਜਲਾ, ਜਸਵਿੰਦਰ ਸਿੰਘ ਲੌਗੋਂਵਾਲ, ਅਜੈਬ ਸਿੰਘ ਲੱਖੇਵਾਲ ਆਦਿ ਹਾਜ਼ਰ ਸਨ।