ਪੰਜਾਬ ’ਚ ਰੇਤ ਮਾਫ਼ੀਆ, ਟ੍ਰਾਂਸਪੋਰਟ ਮਾਫ਼ੀਆ ਅਤੇ ਕੇਵਲ ਨੈਟਵਰਕ ਮਾਫ਼ੀਆ ਪਹਿਲਾ ਵਾਂਗ ਹੀ ਚੱਲ ਰਿਹਾ ਹੈ: ਜਥੇਦਾਰ ਬਚੀ

Thursday, Mar 25, 2021 - 11:42 AM (IST)

ਪੰਜਾਬ ’ਚ ਰੇਤ ਮਾਫ਼ੀਆ, ਟ੍ਰਾਂਸਪੋਰਟ ਮਾਫ਼ੀਆ ਅਤੇ ਕੇਵਲ ਨੈਟਵਰਕ ਮਾਫ਼ੀਆ ਪਹਿਲਾ ਵਾਂਗ ਹੀ ਚੱਲ ਰਿਹਾ ਹੈ: ਜਥੇਦਾਰ ਬਚੀ

ਭਵਾਨੀਗੜ੍ਹ (ਕਾਂਸਲ) : ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਂਵੀ ਵਿਖੇ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਨਵੇਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਅੱਜ ਰੱਖ ਗਏ ਸਨਮਾਨ ਸਮਾਰੋਹ ਦੌਰਾਨ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਜਥੇਦਾਰ ਗੁਰਬਚਨ ਸਿੰਘ ਬਚੀ ਅਤੇ ਸੂਬਾ ਮੀਤ ਪ੍ਰਧਾਨ ਬਣਾਏ ਗਏ ।ਸ. ਗੁਰਤੇਜ ਸਿੰਘ ਝਨੇੜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਦਲ ਦੇ ਸਮੂਹ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਸਲਾਮਤੀ ਅਤੇ ਜਿੱਤ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਪਾਰਟੀ ਵੱਲੋਂ ਬਲਜਿੰਦਰ ਸਿੰਘ ਗੋਗੀ ਚੰਨੋਂ ਨੂੰ ਸਰਕਲ ਨਦਾਮਪੁਰ ਅਤੇ ਨਿਹਾਲ ਸਿੰਘ ਨੰਦਗੜ੍ਹ ਨੂੰ ਸਰਕਲ ਘਰਾਚੋਂ ਦਾ ਪ੍ਰਧਾਨ ਬਣਾਇਆ ਗਿਆ ਤੇ ਦੋਵੇਂ ਆਗੂਆਂ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਚਨ ਸਿੰਘ ਬਚੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਗਦਾਰੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਹਮਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਦੇਸ਼ ’ਚ ਇਕੱਲੇ ਅੰਡਾਨੀ, ਅੰਬਾਨੀ ਹੀ ਕਾਰਪੋਰੇਟ ਘਰਾਣੇ ਨਹੀਂ ਹਨ ਪੰਜਾਬ ’ਚ ਬਾਦਲ ਪਰਿਵਾਰ ਵੀ ਇੱਕ ਵੱਡਾ ਕਾਰਪੋਰੇਟ ਘਿਰਾਣਾ ਹੈ ਜੋ ਕਥਿਤ ਤੌਰ ’ਤੇ ਪੰਜਾਬ ਦੇ ਲੋਕਾਂ ਨੂੰ ਲੁੱਟਦਾ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਹੁਕਮਰਾਨ ਬੇਈਮਾਨ ਹੋ ਗਏ ਹਨ ਜਿਸ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੇਈਮਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਮਿਲੀ ਭੁਗਤ ਹੋਣ ਕਾਰਨ ਹੀ ਪੰਜਾਬ ’ਚ ਰੇਤ ਮਾਫ਼ੀਆ, ਟ੍ਰਾਂਸਪੋਰਟ ਮਾਫ਼ੀਆ ਅਤੇ ਕੇਵਲ ਨੈੱਟਵਰਕ ਮਾਫ਼ੀਆ ਪਹਿਲਾ ਵਾਂਗ ਹੀ ਚੱਲ ਰਿਹਾ ਹੈ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸੀ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪੰਜਾਬ ’ਚੋਂ ਮਾਫ਼ੀਆ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਵੱਡਾ ਬਦਲਾ ਲਿਆਂਦਾ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਡੀ ਵੱਲੋਂ ਲੜੀ ਜਾਣ ਵਾਲੀ ਇਹ ਲੜਾਈ ਸਿਧਾਂਤਕ ਲੜਾਈ ਹੈ ਇਹ ਲੜਾਈ ਨਿੱਜੀ ਨਾ ਹੋ ਕੇ ਪੰਜਾਬ ਦੇ ਲੋਕਾਂ ਦੀ ਲੜਾਈ ਹੈ।

ਉਨ੍ਹਾਂ ਨਵੇਂ ਪੰਜਾਬ ਦੀ ਸਿਰਜਣਾ ਲਈ ਅਤੇ ਲੋਕਤੰਤਰ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਹੋਏ ਕਿਹਾ ਕਿ 4 ਅਪਰੈਲ ਨੂੰ ਪਾਰਟੀ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ ਜਿਸ ’ਚ ਹੁੰਮ-ਹੁੰਮਾ ਕੇ ਪੁਹੰਚਣ ਦੀ ਅਪੀਲ ਕੀਤੀ। ਉਨ੍ਹਾਂ ਸ. ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਦਿਆਂ ਹੋਏ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜ੍ਹੀ, ਜਥੇਦਾਰ ਇੰਦਰਜੀਤ ਸਿੰਘ ਤੂਰ, ਰਾਮ ਸਿੰਘ ਮੱਟਰਾਂ, ਹਰਜੀਤ ਸਿੰਘ ਬੀਟਾ, ਜਗਦੀਸ ਸਿੰਘ ਬਲਿਆਲ, ਧਨਮਿੰਦਰ ਸਿੰਘ, ਸੋਮਾ ਘਰਾਚੋਂ, ਕੇਵਲ ਸਿੰਘ ਜਲਾਨ ਹਾਜ਼ਰ ਸਨ।


author

Shyna

Content Editor

Related News